Punjab State Board PSEB 7th Class Punjabi Book Solutions Chapter 5 ਮਾਂ ਦਾ ਪਿਆਰ Textbook Exercise Questions and Answers.
PSEB Solutions for Class 7 Punjabi Chapter 5 ਮਾਂ ਦਾ ਪਿਆਰ (1st Language)
Punjabi Guide for Class 7 PSEB ਮਾਂ ਦਾ ਪਿਆਰ Textbook Questions and Answers
ਮਾਂ ਦਾ ਪਿਆਰ ਪਾਠ-ਅਭਿਆਸ
1. ਦੱਸੋ :
(ਉ) ਮਾਂ ਆਪਣੀ ਉਲਾਦ ਲਈ ਕੀ-ਕੀ ਕਰਦੀ ਹੈ ?
ਉੱਤਰ :
ਮਾਂ ਔਲਾਦ ਲਈ ਗੁਰੂਆਂ – ਪੀਰਾਂ ਤੇ ਦੇਵੀ – ਦੇਵਤਿਆਂ ਅੱਗੇ ਮੰਨਤਾਂ ਮੰਨਦੀ ਹੈ।
(ਅ) ਮਾਂ ਆਪਣੇ ਬੱਚੇ ਦਾ ਪਾਲਣ-ਪੋਸਣ ਕਿਵੇਂ ਕਰਦੀ ਹੈ ?
ਉੱਤਰ :
ਮਾਂ ਲਾਡ – ਪਿਆਰ ਕਰਦੀ ਹੋਈ ਰੀਝਾਂ ਤੇ ਸਧਰਾਂ ਨਾਲ ਬੱਚੇ ਦਾ ਪਾਲਣ – ਪੋਸ਼ਣ ਕਰਦੀ ਹੈ। ਉਹ ਉਸ ਦੇ ਬਿਮਾਰ ਹੋਣ ਦੀ ਸੂਰਤ ਵਿਚ ਉਸ ਦੇ ਦੁਆ – ਦਾਰੂ ਉੱਤੇ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ।
(ਏ) ਬੱਚੇ ‘ਤੇ ਜੇ ਕੋਈ ਦੁੱਖ ਆ ਜਾਵੇ ਤਾਂ ਮਾਂ ਕੀ ਕਰਦੀ ਹੈ ?
ਉੱਤਰ :
ਜਦੋਂ ਬੱਚੇ ‘ਤੇ ਦੁੱਖ ਆਉਂਦਾ ਹੈ, ਤਾਂ ਮਾਂ ਪੁਕਾਰਦੀ ਹੈ ਕਿ ਕੋਈ ਉਸ ਦਾ ਦੁੱਖ ਦੂਰ ਕਰਨ ਲਈ ਬਹੁੜੇ।ਉਹ ਉਸ ਨੂੰ ਰਾਜੀ – ਖੁਸ਼ੀ ਦੇਖਣ ਲਈ ਉਸ ਦੇ ਦੁਆ – ਦਾਰੂ ਉੱਤੇ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ ਤੇ ਇਸ ਕੰਮ ਵਿਚ ਰਤਾ ਕੰਜੂਸੀ ਨਹੀਂ ਕਰਦੀ।
(ਸ) ਮਾਂ ਨੂੰ ਆਂਦਰਾਂ ਦਾ ਸਾਕ ਕਿਉਂ ਕਿਹਾ ਜਾਂਦਾ ਹੈ ?
ਉੱਤਰ :
ਕਿਉਂਕਿ ਮਾਂ ਨੇ ਬੱਚੇ ਨੂੰ ਆਪਣੇ ਪੇਟ ਵਿਚ ਰੱਖ ਕੇ ਆਪਣੇ ਖੂਨ ਨਾਲ ਪਾਲਿਆ ਤੇ ਫਿਰ ਜਨਮ ਦਿੱਤਾ ਹੁੰਦਾ ਹੈ, ਇਸ ਕਰਕੇ ਉਸ ਨੂੰ ‘ਆਂਦਰਾਂ ਦਾ ਸਾਕ ਕਿਹਾ ਜਾਂਦਾ ਹੈ।
2. ਹੇਠ ਲਿਖੀਆਂ ਕਾਵਿ-ਸਤਰਾਂ ਪਾਠ ਦੇ ਆਧਾਰ ‘ਤੇ ਪੂਰੀਆਂ ਕਰੋ:
(ੳ) ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ,
_____________________
_____________________
(ਅ) ਰੀਝਾਂ, ਸੱਧਰਾਂ ਨਾਲ ਉਹ ਪਾਲਦੀ ਏ,
_____________________
_____________________
(ਏ) ਰਿਦਾ ਵੇਖ ਕੇ, ਖਿੜਦਾ ਏ ਚਿੱਤ ਉਸ ਦਾ,
_____________________
_____________________
(ਸ) ਸੁਣੇ ਵਾਜ ਤੇ, ਸਾਹ ਵਿੱਚ ਸਾਹ ਆਵੇ,
_____________________
_____________________
ਉੱਤਰ :
(ੳ) ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ,
ਲੱਖਾਂ ਮਨ ਵਿਚ, ਮੰਨਤਾਂ ਧਾਰਦੀ ਮਾਂ !
(ਆ) ਰੀਝਾਂ, ਸੱਧਰਾਂ ਨਾਲ ਉਹ ਪਾਲਦੀ ਏ,
ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ।
(ਈ) ਰਿੜ੍ਹਦਾ ਵੇਖ ਕੇ, ਖਿੜਦਾ ਏ ਚਿੱਤ ਉਸਦਾ,
ਫੜ – ਫੜ ਬਾਂਹਵਾਂ ਨੂੰ, ਫੇਰ ਖਲ੍ਹਾਰਦੀ ਮਾਂ॥
(ਸ) ਸੁਣੇ ‘ਵਾਜ ਤੇ ਸਾਹ ਵਿਚ ਸਾਹ ਆਵੇ,
ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ।
3. ਔਖੇ ਸ਼ਬਦਾਂ ਦੇ ਅਰਥ:
- ਔਲਾਦ : ਉਲਾਦ, ਸੰਤਾਨ
- ਸੱਧਰਾਂ : ਇੱਛਾਵਾਂ, ਰੀਝਾਂ
- ਔਕੜਾਂ : ਮੁਸੀਬਤਾਂ, ਮੁਸ਼ਕਲਾਂ
- ਸਦਕੜੇ ਜਾਣਾ : ਵਾਰੇ ਜਾਣਾ, ਕੁਰਬਾਨ ਹੋਣਾ
- ਦੁਲਾਰਦੀ : ਪਿਆਰ ਕਰਦੀ
- ਬਹੁੜੀ : ਮਦਦ ਲਈ ਕੀਤੀ ਪੁਕਾਰ
- ਸਰਫ਼ਾ ਕਰਨਾ : ਕੰਜੂਸੀ ਕਰਨੀ
4. ਹੇਠ ਲਿਖਿਆਂ ਨੂੰ ਵਾਕਾਂ ਵਿੱਚ ਵਰਤੋਂ :
ਚੁੰਮਣਾ-ਚੱਟਣਾ, ਕਲੇਜੇ ਨੂੰ ਠਾਰਨਾ, ਲੋਰੀਆਂ, ਚਾਅ-ਮਲਾਰ, ਡੋਬੂ ਪੈਣਾ, ਆਂਦਰਾਂ ਦਾ ਸਾਕ, ਪਿਆਰ ਦੀ ਪੁਤਲੀ, ਉੱਥੇ ਸਾਹ ਲੈਣਾ
ਉੱਤਰ :
- ਚੁੰਮਣਾ – ਚੱਟਣਾ ਪਿਆਰ ਕਰਨਾ) – ਮਾਂ ਆਪਣੇ ਬੱਚੇ ਨੂੰ ਚੁੰਮ – ਚੱਟ ਕੇ ਪਿਆਰ ਕਰਦੀ ਹੈ।
- ਕਲੇਜੇ ਨੂੰ ਠਾਰਨਾ (ਦਿਲ ਵਿਚ ਠੰਢ ਪੈਣੀ) – ਆਪਣੇ ਬੱਚੇ ਨੂੰ ਹਿੱਕ ਨਾਲ ਲਾ ਕੇ ਮਾਂ ਦਾ ਕਲੇਜਾ ਠਰ ਗਿਆ।
- ਔਕੜਾਂ ਮੁਸ਼ਕਲਾਂ) – ਜੰਗਲ ਦਾ ਰਾਹ ਔਕੜਾਂ ਭਰਿਆ ਸੀ।
- ਲੋਰੀਆਂ (ਬੱਚੇ ਨੂੰ ਸੁਲਾਉਣ ਲਈ ਗਾਇਆ ਜਾਣ ਵਾਲਾ ਗੀਤ) – ਮਾਂ ਆਪਣੇ ਬੱਚੇ ਨੂੰ ਸੁਲਾਉਣ ਲਈ ਲੋਰੀਆਂ ਦੇ ਰਹੀ ਸੀ।
- ਚਾਅ – ਮਲ੍ਹਾਰ ਕਰਨਾ ਪਿਆਰ ਤੇ ਸਧਰਾਂ ਨਾਲ ਭਰੇ ਹੋਣਾ) – ਮਾਂ ਆਪਣੇ ਬੱਚੇ ਨੂੰ ਬੜੇ ਚਾਅ – ਮਲ੍ਹਾਰ ਕਰ ਕੇ ਪਾਲਦੀ ਹੈ।
- ਡੋਬੂ ਪੈਣਾ (ਦਿਲ ਘਟਣਾ, ਹੌਸਲਾ ਟੁੱਟਣਾ) – ਜਦੋਂ ਬੱਚਾ ਸਮੇਂ ਸਿਰ ਘਰ ਨਾ ਆਵੇ, ਤਾਂ ਮਾਂ ਦੇ ਦਿਲ ਨੂੰ ਡੋਬੂ ਪੈਂਦੇ ਹਨ।
- ਆਂਦਰਾਂ ਦਾ ਸਾਕ ਡੂੰਘਾ ਕੁਦਰਤੀ ਰਿਸ਼ਤਾ) – ਮਾਂ ਦਾ ਆਪਣੇ ਬੱਚੇ ਨਾਲ ਆਂਦਰਾਂ ਦਾ ਸਾਕ ਹੁੰਦਾ ਹੈ, ਇਸੇ ਕਰਕੇ ਉਹ ਉਸ ਦਾ ਰਤਾ ਵਿਸਾਹ ਨਹੀਂ ਕਰਦੀ।
- ਪਿਆਰ ਦੀ ਪੁਤਲੀ (ਪਿਆਰ ਦੀ ਪੁਤਲੀ) – ਮਾਂ ਪਿਆਰ ਦੀ ਪੁਤਲੀ ਹੈ। ਉਹ ਆਪਣੇ ਬੱਚੇ ਲਈ ਹਮੇਸ਼ਾ ਪਿਆਰ ਨਾਲ ਭਰੀ ਰਹਿੰਦੀ ਹੈ।
- ਉੱਭੇ ਸਾਹ ਲੈਣਾ (ਹਉਕੇ ਲੈ ਕੇ ਰੋਣਾ – ਮਾਂ ਤੋਂ ਵਿਛੜ ਕੇ ਬੱਚਾ ਉੱਭੇ ਸਾਹ ਲੈ ਕੇ ਰੋ ਰਿਹਾ ਸੀ।
- ਸਰਫਾ ਕਰਨਾ ਕੰਜੂਸੀ ਕਰਨੀ) – ਅੱਜ ਦੇ ਮਹਿੰਗਾਈ ਦੇ ਯੁਗ ਵਿਚ ਸਰਫ਼ਾ ਕਰ ਕੇ ਹੀ ਘਰ ਦੇ ਖ਼ਰਚੇ ਪੂਰੇ ਹੁੰਦੇ ਹਨ।
ਵਿਦਿਆਰਥੀ ਲਈ:
ਵਿਦਿਆਰਥੀ ‘ਮੇਰੇ ਮਾਤਾ ਜੀ ਵਿਸ਼ੇ ‘ਤੇ ਕਵਿਤਾ, ਕਹਾਣੀ ਜਾਂ ਲੇਖ ਲਿਖਣ ਅਤੇ ਆਪਣੀ ਸ਼੍ਰੇਣੀ ਵਿੱਚ ਪੜ੍ਹ ਕੇ ਸੁਣਾਉਣ।
PSEB 7th Class Punjabi Guide ਮਾਂ ਦਾ ਪਿਆਰ Important Questions and Answers
1. ਕਾਵਿ – ਟੋਟਿਆਂ ਦੇ ਸਰਲ ਅਰਥ :
ਪ੍ਰਸ਼ਨ 1.
(i) ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ii) ‘ਮਾਂ ਦਾ ਪਿਆਰ ਕਵਿਤਾ ਦੀਆਂ ਛੇ ਸਤਰਾਂ ਜ਼ਬਾਨੀ ਲਿਖੋ।
(ੳ) ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ,
ਲੱਖਾਂ ਮਨ ਵਿਚ, ਮੰਨਤਾਂ ਧਾਰਦੀ ਮਾਂ ਨੂੰ
ਮੁੜ – ਮੁੜ ਵੇਖਦੀ, ਲਾਡ – ਪਿਆਰ ਕਰਦੀ,
ਚੁੰਮ – ਚੱਟ ਕਲੇਜੇ ਨੂੰ ਠਾਰਦੀ ਮਾਂ !
ਰੀਝਾਂ, ਸੱਧਰਾਂ ਨਾਲ ਉਹ ਪਾਲਦੀ ਏ,
ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ।
ਉੱਤਰ :
(i) ਜੇਕਰ ਤੁਸੀਂ ਸੱਚ ਪੁੱਛਦੇ ਹੋ, ਤਾਂ ਇਹ ਗੱਲ ਠੀਕ ਹੈ ਕਿ ਔਲਾਦ ਦੀ ਪ੍ਰਾਪਤੀ ਲਈ ਮਾਂ ਆਪਣੇ ਮਨ ਵਿਚ ਗੁਰੂਆਂ – ਪੀਰਾਂ ਤੇ ਦੇਵੀ – ਦੇਵਤਿਆਂ ਅੱਗੇ ਲੱਖਾਂ ਮੰਨਤਾਂ ਮੰਨਦੀ ਹੈ। ਉਸ ਦਾ ਆਪਣੀ ਔਲਾਦ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਉਹ ਮੁੜ – ਮੁੜ ਉਸ ਵਲ ਦੇਖਦੀ ਹੋਈ ਉਸ ਦੇ ਦੁਖ – ਸੁਖ ਦਾ ਖ਼ਿਆਲ ਰੱਖਦੀ ਹੈ ਅਤੇ ਲਾਡ – ਪਿਆਰ ਨਾਲ ਚੁੰਮਦੀ ਚੱਟਦੀ ਹੋਈ ਆਪਣੇ ਦਿਲ ਨੂੰ ਠਾਰਦੀ ਹੈ। ਮਾਂ ਔਲਾਦ ਨੂੰ ਰੀਝਾਂ ਤੇ ਸੱਧਰਾਂ ਨਾਲ ਪਾਲਦੀ ਹੋਈ ਆਪਣੇ ਸਿਰ ਉੱਤੇ ਲੱਖਾਂ ਮੁਸ਼ਕਿਲਾਂ ਨੂੰ ਸਹਾਰਦੀ ਹੈ।
(ii) (ਉੱਪਰ ਲਿਖੀਆਂ ਸਤਰਾਂ ਜ਼ਬਾਨੀ ਯਾਦ ਕਰੋ)
ਔਖੇ ਸ਼ਬਦਾਂ ਦੇ ਅਰਥ – ਮੰਨਤਾਂ ਧਾਰਦੀ – ਮੰਨਤਾਂ ਮੰਨਦੀ। ਕਲੇਜੇ ਨੂੰ ਠਾਰਨਾ – ਦਿਲ ਵਿਚ ਠੰਢ ਪੈਣੀ ਸੱਧਰਾਂ ਇੱਛਾਵਾਂ, ਉਮੰਗਾਂ।
ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਅ) ਕਦੀ ਅੱਕਦੀ, ਥੱਕਦੀ ਮੂਲ ਨਾਹੀਂ,
ਦੁੱਖ ਸਹਿਣ ਤੋਂ, ਕਦੀ ਨਾ ਹਾਰਦੀ ਮਾਂ।
ਦੇ – ਦੇ ਲੋਰੀਆਂ, ਬੱਚਾ ਖਿਡਾਉਂਦੀ ਏ,
ਮਨੋਂ ਰਾਜੇ ਦੇ, ਮਹਿਲ ਉਸਾਰਦੀ ਮਾਂ
ਵਾਰੀ, ਘੋਲੀ, ਸਦਕੜੇ, ਲੱਖ ਵਾਰੀ,
ਆਖ – ਆਖ ਕੇ ਮੁੰਹੋਂ ਪੁਕਾਰਦੀ ਮਾਂ।
ਉੱਤਰ :
ਮਾਂ ਆਪਣੀ ਔਲਾਦ ਦੀ ਪਾਲਣਾ ਕਰਦੀ ਹੋਈ ਕਦੀ ਅੱਕਦੀ – ਥੱਕਦੀ ਨਹੀਂ ਅਤੇ ਨਾ ਹੀ ਇਸ ਖ਼ਾਤਰ ਦੁੱਖ ਸਹਿਣ ਤੋਂ ਪਿੱਛੇ ਹਟਦੀ ਹੈ। ਉਹ ਲੋਰੀਆਂ ਦੇ – ਦੇ ਕੇ ਬੱਚੇ ਨੂੰ ਖਿਡਾਉਂਦੀ ਹੈ ਅਤੇ ਆਪਣੇ ਦਿਲ ਵਿਚ ਆਪਣੇ ਬੱਚੇ ਨੂੰ ਇਕ ਰਾਜੇ ਦਾ ਰੂਪ ਦੇ ਕੇ ਉਸ ਲਈ ਸਧਰਾਂ ਦੇ ਮਹਿਲ ਉਸਾਰਦੀ ਰਹਿੰਦੀ ਹੈ। ਮਾਂ ਆਪਣੇ ਬੱਚੇ ਨੂੰ “ਵਾਰੀ, ਘੋਲੀ’ ਤੇ ‘ਸਦਕੇ’ ਸ਼ਬਦ ਵਾਰ – ਵਾਰ ਕਹਿ ਕੇ ਉਸ ਦੀ ਪਾਲਣਾ ਕਰਦੀ ਹੈ।
ਔਖੇ ਸ਼ਬਦਾਂ ਦੇ ਅਰਥ – ਵਾਰੀ, ਘੋਲੀ, ਸਦਕੜੇ – ਕੁਰਬਾਨ ਜਾਣਾ।
ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਈ) ਰਿੜ੍ਹਦਾ ਵੇਖ ਕੇ, ਖਿੜਦਾ ਏ ਚਿੱਤ ਉਸ ਦਾ,
ਫੜ – ਫੜ ਬਾਹਵਾਂ ਨੂੰ, ਫੇਰ ਖਲ੍ਹਾਰਦੀ ਮਾਂ
ਦਿਨੇ ਰਾਤ ਹੀ, ਚਾਅ – ਮਲ੍ਹਾਰ ਕਰਦੀ,
ਖਿੜ – ਖਿੜ ਹੱਸਦੀ, ਜਦੋਂ ਦੁਲਾਰਦੀ ਮਾਂ
ਸਮਾਂ ਪਾ ਕੇ ਜਦੋਂ ਫਿਰਨ – ਤੁਰਨ ਲੱਗੇ,
ਜੱਫੀ ਪਾਣ ਲਈ ਬਾਂਹਵਾਂ ਪਸਾਰਦੀ ਮਾਂ।
ਉੱਤਰ :
ਜਦੋਂ ਬੱਚਾ ਰਿੜ੍ਹਨਾ ਸ਼ੁਰੂ ਕਰਦਾ ਹੈ, ਤਾਂ ਮਾਂ ਦਾ ਮਨ ਖਿੜ ਜਾਂਦਾ ਹੈ। ਫਿਰ ਉਹ ਉਸ ਨੂੰ ਬਾਂਹਾਂ ਤੋਂ ਫੜ ਕੇ ਖੜ੍ਹਾ ਹੋਣਾ ਸਿਖਾਉਂਦੀ ਹੈ। ਉਸ ਨੂੰ ਵਧਦਾ – ਫੁਲਦਾ ਦੇਖ ਕੇ ਉਸ ਨੂੰ ਪਿਆਰ ਕਰਦੀ ਹੋਈ ਉਹ ਖਿੜ – ਖਿੜ ਕੇ ਹੱਸਦੀ ਹੈ। ਕੁੱਝ ਸਮੇਂ ਮਗਰੋਂ ਜਦੋਂ ਬੱਚਾ ਫਿਰਨ – ਤੁਰਨ ਲਗਦਾ ਹੈ, ਤਾਂ ਮਾਂ ਉਸ ਨੂੰ ਜੱਫੀ ਪਾਉਣ ਲਈ ਬਾਂਹਾਂ ਪਸਾਰਨ ਲਗਦੀ ਹੈ।
ਔਖੇ ਸ਼ਬਦਾਂ ਦੇ ਅਰਥ – ਖਿੜਦਾ ਏ ਚਿਤ – ਮਨ ਖੁਸ਼ ਹੋ ਜਾਂਦਾ ਖਲਾਰਦੀ – ਖੜ੍ਹਾ ਕਰਦੀ। ਦੁਲਾਰਦੀ – ਪਿਆਰ ਕਰਦੀ !
ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਖੇਡਣ ਜਾਣ ਲਈ, ਜਦੋਂ ਤਿਆਰ ਹੋਵੇ,
ਪਾ – ਪਾ ਕੱਪੜੇ, ਮੁੰਹ ਸੁਆਰਦੀ ਮਾਂ।
ਕਦੀ ਘੜੀ ਜੇ, ਉਸ ਨੂੰ ਦੇਰ ਲੱਗੇ,
ਵਿਚ ਫ਼ਿਕਰ ਦੇ ਸਮਾਂ ਗੁਜ਼ਾਰਦੀ ਮਾਂ।
ਉੱਥੇ ਸਾਹ ਲੈਂਦੀ, ਡੋਬੂ ਪੈਣ ਆ ਕੇ,
ਮੁੜ – ਮੁੜ ਬਾਰੀ ’ਚੋਂ ਝਾਤੀਆਂ ਮਾਰਦੀ ਮਾਂ।
ਸੁਣੇ ’ਵਾਜ ਤੇ, ਸਾਹ ਵਿਚ ਸਾਹ ਆਵੇ,
ਮਿਰਚਾਂ ਲੈ ਕੇ ਸਿਰ ਤੋਂ ਵਾਰਦੀ, ਮਾਂ !
ਉੱਤਰ :
ਵਧ – ਫੁਲ ਰਿਹਾ ਬੱਚਾ ਜਦੋਂ ਬਾਹਰ ਖੇਡਣ ਜਾਣ ਲਈ ਤਿਆਰ ਹੁੰਦਾ ਹੈ, ਤਾਂ ਮਾਂ ਉਸ ਦਾ ਮੂੰਹ ਸੁਆਰ ਕੇ ਉਸ ਦੇ ਕੱਪੜੇ ਪਾਉਂਦੀ ਹੈ। ਜੇਕਰ ਉਸ ਨੂੰ ਬਾਹਰੋਂ ਆਉਣ ਵਿਚ ਕੁੱਝ ਦੇਰ ਹੋ ਜਾਵੇ, ਤਾਂ ਉਹ ਸਾਰਾ ਸਮਾਂ ਫ਼ਿਕਰਾਂ ਵਿਚ ਗੁਜ਼ਾਰਦੀ ਹੋਈ ਉੱਤੇ ਸਾਹ ਲੈਂਦੀ ਹੈ। ਉਸ ਦੇ ਦਿਲ ਨੂੰ ਡੋਬੂ ਪੈਂਦੇ ਹਨ ਤੇ ਮੁੜ – ਮੁੜ ਬਾਰੀ ਵਿਚ ਬਾਹਰ ਝਾਤੀਆਂ ਮਾਰਦੀ ਹੋਈ ਮਾਂ ਆਪਣੇ ਬੱਚੇ ਦੀ ਉਡੀਕ ਕਰਦੀ ਹੈ। ਇਸ ਸਮੇਂ ਉਡੀਕਦੀ ਮਾਂ ਨੂੰ ਜਦੋਂ ਕਿਧਰੋਂ ਬੱਚੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਤਾਂ ਉਸ ਦੇ ਸਾਹ ਵਿਚ ਸਾਹ ਆਉਂਦਾ ਹੈ। ਉਹ ਆਪਣੇ ਬੱਚੇ ਦੀ ਨਜ਼ਰ ਉਤਾਰਨ ਲਈ ਉਸ ਦੇ ਸਿਰ ਉੱਤੋਂ ਮਿਰਚਾਂ ਵਾਰ ਕੇ ਸਾੜਦੀ ਹੈ।
ਔਖੇ ਸ਼ਬਦਾਂ ਦੇ ਅਰਥ – ਉੱਭੇ ਸਾਹ ਲੈਣੇ – ਹਉਕੇ ਲੈ ਕੇ ਰੋਣਾ ! ਡੋਬੂ ਪੈਣੇ – ਦਿਲ ਘਟਣਾ ਸਾਹ ਵਿਚ ਸਾਹ ਆਉਣਾ ਫ਼ਿਕਰ ਘਟਣਾ, ਮਨ ਨੂੰ ਸ਼ਾਂਤੀ ਮਿਲਣੀ।
ਪ੍ਰਸ਼ਨ 5.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਹ) ਦੁੱਖ – ਰੋਗ, ਜੇ ਕਦੇ ਕੋਈ ਆਣ ਲੱਗੇ,
‘ਬਹੁੜੀ ਕਰੋਂ ਕੋਈ, ਫੇਰ ਪੁਕਾਰਦੀ ਮਾਂ॥
ਦੌਲਤ ਪਾਣੀ ਦੇ, ਵਾਂਗਰਾਂ ਰੋੜ ਦੇਂਦੀ,
ਸਰਫ਼ਾ ਕਰੇ ਨਾ, ਓਸ ਦੁਖਿਆਰ ਦੀ
ਮਾਂ ਨੂੰ ਭਾਵੇਂ ਕਿੱਡਾ ਹੀ, ਬੱਚਾ ਨਾਲਾਇਕ ਹੋਵੇ,
ਉਹਨੂੰ ਫੇਰ ਵੀ, ਨਹੀਂ ਦੁਰਕਾਰਦੀ ਮਾਂ॥
“ਅੰਮ੍ਰਿਤ’ ਸੱਚਾ ਹੈ, ਸਾਕ ਇਹ ਆਂਦਰਾਂ ਦਾ,
ਸੱਚ – ਮੁੱਚ ਹੀ ਪੁਤਲੀ, ਪਿਆਰ ਦੀ ਮਾਂ।
ਉੱਤਰ :
ਅੰਮ੍ਰਿਤ ਕਹਿੰਦੀ ਹੈ ਕਿ ਜੇਕਰ ਬੱਚੇ ਨੂੰ ਕੋਈ ਦੁੱਖ – ਤਕਲੀਫ਼ ਆ ਲੱਗੇ, ਤਾਂ ਮਾਂ ਕਿਸੇ ਦੁੱਖ ਦੂਰ ਕਰਨ ਵਾਲੇ ਨੂੰ ਬਹੁੜਨ ਲਈ ਪੁਕਾਰਦੀ ਹੈ। ਉਹ ਆਪਣੇ ਬੱਚੇ ਦਾ ਦੁੱਖ ਦੂਰ ਕਰਨ ਲਈ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ ਤੇ ਰਤਾ ਵੀ ਕੰਜੂਸੀ ਨਹੀਂ ਕਰਦੀ। ਮਾਂ ਆਪਣੇ ਬੱਚੇ ਨੂੰ ਭਾਵੇਂ ਉਹ ਕਿੰਨਾ ਵੀ ਨਾਲਾਇਕ ਹੋਵੇ, ਕਦੇ ਬੁਰੇ ਸ਼ਬਦ ਨਹੀਂ ਬੋਲਦੀ। ਮਾਂ ਦਾ ਬੱਚੇ ਲਈ ਪਿਆਰ ਆਂਦਰਾਂ ਦਾ ਸੱਚਾ ਪਿਆਰ ਹੈ। ਇਸ ਪਿਆਰ ਨੂੰ ਦੇਖ ਕੇ ਮਾਂ ਸਚਮੁੱਚ ਹੀ ਪਿਆਰ ਦੀ ਪੁਤਲੀ ਜਾਪਦੀ ਹੈ।
ਔਖੇ ਸ਼ਬਦਾਂ ਦੇ ਅਰਥ – ਬਹੁੜੀ ਕਰੋ – ਕੋਈ ਉਸ ਦਾ ਦੁੱਖ ਦੂਰ ਕਰਨ ਵਿਚ ਸਹਾਇਤਾ ਕਰੇ। ਸਰਫ਼ਾ – ਕੰਜੂਸੀ, ਬੱਚਤ। ਦੁਰਕਾਰਦੀ – ਬੁਰੇ ਸ਼ਬਦ ਕਹਿਣਾ ਸਾਕ ਇਹ ਆਂਦਰਾਂ ਦਾ – ਅੰਦਰ ਦਾ ਪਿਆਰ, ਦਿਲੀ ਪਿਆਰ।
2. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
“ਮੇਰੇ ਮਾਤਾ ਜੀ ਵਿਸ਼ੇ ਉੱਤੇ ਕਵਿਤਾ/ਕਹਾਣੀ/ਲੇਖ ਲਿਖੋ।
ਉੱਤਰ :
ਨੋਟ – (ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਲੇਖ – ਰਚਨਾ ਵਾਲਾ ਭਾਗ॥
3. ਵਿਆਕਰਨ
ਪ੍ਰਸ਼ਨ –
ਹੇਠ ਲਿਖੀਆਂ ਸਤਰਾਂ ਵਿਚੋਂ ਨਾਂਵ ਤੇ ਪੜਨਾਂਵ ਸ਼ਬਦ ਚੁਣ ਕੇ ਲਿਖੋ
ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ , ਲੱਖਾਂ ਮਨ ਵਿਚ, ਮੰਨਤਾਂ ਧਾਰਦੀ ਮਾਂ॥ ਮੁੜ – ਮੁੜ ਵੇਖਦੀ, ਲਾਡ – ਪਿਆਰ ਕਰਦੀ। ਚੁੰਮ – ਚੱਟ ਕਲੇਜੇ ਨੂੰ ਠਾਰਦੀ ਮਾਂ। ਰੀਝਾਂ, ਸੱਧਰਾਂ ਨਾਲ ਉਹ ਪਾਲ਼ਦੀ ਏ, ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ।
ਉੱਤਰ :
ਨਾਂਵ – ਸੱਚ, ਔਲਾਦ, ਮਨ, ਮੰਨਤਾਂ, ਲਾਡ – ਪਿਆਰ, ਕਲੇਜੇ, ਰੀਝਾਂ, ਸੱਧਰਾਂ, ਸਿਰ, ਔਕੜਾਂ।
ਪੜਨਾਂਵ – ਏ, ਉਹ।