Punjab State Board PSEB 7th Class Social Science Book Solutions Civics Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ Textbook Exercise Questions, and Answers.
PSEB Solutions for Class 7 Social Science Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ
Social Science Guide for Class 7 PSEB ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ Textbook Questions, and Answers
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਲਿਖੋ –
ਪ੍ਰਸ਼ਨ 1.
ਸਰਵ-ਵਿਆਪਕ ਮਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਮਤ ਦੇਣ ਦਾ ਅਧਿਕਾਰ ਹੁੰਦਾ ਹੈ, ਤਾਂ ਉਸਨੂੰ ਸਰਵ-ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ । ਮਤ ਦਾ ਅਧਿਕਾਰ ਦਿੰਦੇ ਸਮੇਂ ਲਿੰਗ, ਜਾਤੀ, ਧਰਮ, ਸੰਪੱਤੀ ਆਦਿ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ।
ਪ੍ਰਸ਼ਨ 2.
ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰੋ ।
ਉੱਤਰ-
- ਚੋਣਾਂ ਦੀ ਤਰੀਕ ਦਾ ਐਲਾਨ-ਸਾਡੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜਾਂ ਵਿਚ ਰਾਜਪਾਲ ਲੋਕਾਂ ਲਈ ਚੋਣਾਂ ਦਾ ਆਦੇਸ਼ ਜਾਰੀ ਕਰਦੇ ਹਨ, ਜਿਸਦੇ ਆਧਾਰ ‘ਤੇ ਚੋਣ ਕਮਿਸ਼ਨ ਚੋਣਾਂ ਦੀ ਤਰੀਕ ਦਾ ਐਲਾਨ ਕਰਦਾ ਹੈ ।
- ਉਮੀਦਵਾਰਾਂ ਦੀ ਚੋਣ-ਵੱਖ-ਵੱਖ ਰਾਜਨੀਤਿਕ ਦਲ ਆਪਣੇ ਉਨ੍ਹਾਂ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਹਨ ਜਿਹੜੇ ਉਨ੍ਹਾਂ ਦੇ ਵਿਚਾਰ ਨਾਲ ਕਿਸੇ ਵਿਸ਼ੇਸ਼ ਖੇਤਰ ਤੋਂ ਜਿੱਤ ਸਕਦੇ ਹਨ । ਕਦੇ-ਕਦੇ ਸੁਤੰਤਰ ਉਮੀਦਵਾਰ ਵੀ ਖੜ੍ਹੇ ਹੋ ਜਾਂਦੇ ਹਨ ਅਤੇ ਰਾਜਨੀਤਿਕ ਦਲ ਉਨ੍ਹਾਂ ਦੀ ਸਹਾਇਤਾ ਕਰਦੇ ਹਨ ।
ਪ੍ਰਸ਼ਨ 3.
ਪ੍ਰਤੀਨਿਧੀ ਸਰਕਾਰ ਕਿਹੜੀ ਸਰਕਾਰ ਨੂੰ ਕਿਹਾ ਜਾਂਦਾ ਹੈ ?
ਉੱਤਰ-
ਲੋਕਤੰਤਰ ਵਿਚ ਨਾਗਰਿਕ ਆਪਣੇ ਪ੍ਰਤੀਨਿਧੀ ਚੁਣਦੇ ਹਨ ਜਿਹੜੇ ਸਰਕਾਰ ਬਣਾਉਂਦੇ ਹਨ । ਇਹੀ ਪ੍ਰਤੀਨਿਧੀ ਨੀਤੀਆਂ ਦਾ ਨਿਰਮਾਣ ਕਰਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ | ਅਜਿਹੀ ਸਰਕਾਰ ਨੂੰ ਹੀ ਪ੍ਰਤੀਨਿਧੀ ਸਰਕਾਰ ਕਹਿੰਦੇ ਹਨ ।
ਪ੍ਰਸ਼ਨ 4.
ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਜਨਤਾ ਦਾ ਸ਼ਾਸਨ ਹੁੰਦਾ ਹੈ | ਪਰ ਆਧੁਨਿਕ ਰਾਜਾਂ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਸਾਰੇ ਨਾਗਰਿਕ ਸ਼ਾਸਨ ਵਿਚ ਸਿੱਧੇ ਹਿੱਸਾ ਨਹੀਂ ਲੈ ਸਕਦੇ ਹਨ । ਇਸ ਲਈ ਉਹ ਆਪਣੇ ਪ੍ਰਤੀਨਿਧੀ ਚੁਣਦੇ ਹਨ, ਜੋ ਸਰਕਾਰ ਦਾ ਨਿਰਮਾਣ ਕਰਦੇ ਹਨ । ਇਹ ਅਸਿੱਧੇ ਅਪ੍ਰਤੱਖ ਤੌਰ ‘ਤੇ ਜਨਤਾ ਦਾ ਆਪਣਾ ਹੀ ਸ਼ਾਸਨ ਹੁੰਦਾ ਹੈ ।
ਪ੍ਰਸ਼ਨ 5.
ਭਾਰਤ ਵਿਚ ਵੋਟ ਪਾਉਣ ਦਾ ਅਧਿਕਾਰ ਕਿਸਨੂੰ ਹੁੰਦਾ ਹੈ ?
ਉੱਤਰ-
ਭਾਰਤ ਵਿਚ 18 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਹਰੇਕ ਔਰਤ-ਮਰਦ ਨੂੰ ਵੋਟ ਪਾਉਣ ਦਾ ਅਧਿਕਾਰ ਹੈ । ਇਸ ਨੂੰ ਸਰਵ-ਵਿਆਪਕ ਮਤ ਅਧਿਕਾਰ ਕਹਿੰਦੇ ਹਨ ।
ਪ੍ਰਸ਼ਨ 6.
ਆਮ ਚੋਣਾਂ ਅਤੇ ਮੱਧਕਾਲੀਨ ਚੋਣਾਂ ਵਿਚ ਕੀ ਫ਼ਰਕ ਹੈ ?
ਉੱਤਰ-
ਆਮ ਚੋਣਾਂ ਉਹ ਚੋਣਾਂ ਹਨ ਜੋ ਹਰ ਪੰਜ ਸਾਲ ਦੇ ਬਾਅਦ ਨਿਯਮਿਤ ਰੂਪ ਨਾਲ ਹੁੰਦੀਆਂ ਹਨ । ਇਸ ਦੇ ਉਲਟ ਜੇਕਰ ਵਿਧਾਨਪਾਲਿਕਾ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਭੰਗ ਕਰ ਦਿੱਤੀ ਜਾਏ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ ਤਾਂ ਉਨ੍ਹਾਂ ਨੂੰ ਮੱਧਕਾਲੀਨ ਚੋਣਾਂ ਕਹਿੰਦੇ ਹਨ ।
ਪ੍ਰਸ਼ਨ 7, ਦੋ-ਦਲੀ ਅਤੇ ਬਹੁ-ਦਲੀ ਦਲ ਪ੍ਰਣਾਲੀ ਵਿਚ ਕੀ ਅੰਤਰ ਹੈ ?
ਉੱਤਰ-
ਜਦੋਂ ਕਿਸੇ ਦੇਸ਼ ਵਿਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸਨੂੰ ਦੋ-ਦਲੀ ਪ੍ਰਣਾਲੀ ਕਹਿੰਦੇ ਹਨ । ਅਮਰੀਕਾ ਅਤੇ ਇੰਗਲੈਂਡ ਵਿਚ ਦੋ-ਦਲੀ ਪ੍ਰਣਾਲੀ ਹੈ । ਬਹੁ-ਦਲੀ ਪ੍ਰਣਾਲੀ ਵਿਚ ਕਈ ਰਾਜਨੀਤਿਕ ਦਲ ਹੁੰਦੇ ਹਨ | ਭਾਰਤ ਵਿਚ ਇਹੀ ਵਿਵਸਥਾ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿਚ ਲਿਖੋ –
ਪ੍ਰਸ਼ਨ 1.
ਰਾਜਨੀਤਿਕ ਦਲਾਂ ਦਾ ਪ੍ਰਤੀਨਿਧੀ ਲੋਕਤੰਤਰ ਵਿਚ ਕੀ ਮਹੱਤਵ ਹੈ ?
ਉੱਤਰ-
ਰਾਜਨੀਤਿਕ ਦਲਾਂ ਦਾ ਪ੍ਰਤੀਨਿਧੀ ਲੋਕਤੰਤਰ ਵਿਚ ਬਹੁਤ ਮਹੱਤਵ ਹੈ । ਜ਼ਿਆਦਾਤਰ ਲੋਕਾਂ ਦਾ ਵਿਚਾਰ ਹੈ ਕਿ ਲੋਕਤੰਤਰ ਰਾਜਨੀਤਿਕ ਦਲਾਂ ਦੇ ਬਿਨਾਂ ਸੰਭਵ ਨਹੀਂ ਹੈ । ਲੋਕਤੰਤਰ ਵਿਚ ਹਰੇਕ ਰਾਜਨੀਤਿਕ ਦਲ ਆਪਣੀ ਸਰਕਾਰ ਬਣਾਉਣ ਦਾ ਯਤਨ ਕਰਦਾ ਹੈ । ਇਹ ਦਲ ਲੋਕਾਂ ਦੇ ਸਾਹਮਣੇ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਰੱਖਦੇ ਹਨ । ਜਿਹੜੇ ਦਲ ਦੀ ਸਰਕਾਰ ਬਣਦੀ ਹੈ, ਉਹ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਨੂੰ ਲਾਗੂ ਕਰਦਾ ਹੈ ਪਰ ਵਿਰੋਧੀ ਦਲ ਉਸਦੇ ਕੰਮਾਂ ਦੀ ਆਲੋਚਨਾ ਕਰਦਾ ਹੈ । ਇਸ ਤਰ੍ਹਾਂ ਲੋਕਤੰਤਰ ਵਿਚ ਵਿਰੋਧੀ ਦਲ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
ਪ੍ਰਸ਼ਨ 2.
ਗੁਪਤ ਮਤਦਾਨ ਕੀ ਹੁੰਦਾ ਹੈ ? ਇਸਦਾ ਕੀ ਮਹੱਤਵ ਹੈ ?
ਉੱਤਰ-
ਗੁਪਤ ਮਤਦਾਨ ਲੋਕਤੰਤਰੀ ਚੋਣਾਂ ਦਾ ਮਹੱਤਵਪੂਰਨ ਆਧਾਰ ਹੈ । ਲੋਕ ਆਪਣੇ ਪ੍ਰਤੀਨਿਧੀ ਚੁਣਨ ਦੇ ਅਧਿਕਾਰ ਵਿਚ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਨਹੀਂ ਚਾਹੁੰਦੇ । ਇਸ ਲਈ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਕਿਸੇ ਦੂਜੇ ਨੂੰ ਇਹ ਪਤਾ ਚੱਲੇ ਕਿ ਉਸਨੇ ਕਿਹੜੇ ਪਤੀਨਿਧੀ ਦੇ ਪੱਖ ਵਿਚ ਵੋਟ ਪਾਇਆ ਹੈ । ਇਸ ਲਈ ਹੀ ਸਤੰਤਰ ਅਤੇ ਨਿਰਪੱਖ ਚੋਣਾਂ ਲਈ ਗੁਪਤ ਮਤਦਾਨ ਦਾ ਪ੍ਰਬੰਧ ਕੀਤਾ ਗਿਆ ਹੈ । ਭਾਰਤ ਵਿਚ ਹਰੇਕ ਵੋਟਰ ਦਾ ਇਕ ਵੋਟ ਹੁੰਦਾ ਹੈ । ਜਦੋਂ ਕੋਈ ਵੋਟਰ ਪੋਲਿੰਗ ਬੂਥ ‘ਤੇ ਆਪਣਾ ਵੋਟ ਪਾਉਂਦਾ ਹੈ ਤਾਂ ਉਸਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਸਨੇ ਕਿਸ ਨੂੰ ਆਪਣਾ ਵੋਟ ਦਿੱਤਾ ਹੈ । ਇਸ ਨੂੰ ਹੀ ਗੁਪਤ ਮਤਦਾਨ ਕਿਹਾ ਜਾਂਦਾ ਹੈ । ਗੁਪਤ ਮਤਦਾਨ ਦੁਆਰਾ ਬਿਨਾਂ ਕਿਸੇ ਬੁਰੇ ਵਿਚਾਰ ਅਤੇ ਨਕਾਰਾਤਮਕ ਸੋਚ ਦੇ ਸਰਕਾਰ ਵਿਚ ਪਰਿਵਰਤਨ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਲੋਕਤੰਤਰ ਵਿਚ ਵਿਰੋਧੀ ਦਲ ਦੀ ਭੂਮਿਕਾ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਵਿਧਾਨਪਾਲਿਕਾ ਵਿਚ ਜੋ ਰਾਜਨੀਤਿਕ ਦਲ ਬਹੁਮਤ ਵਿਚ ਨਹੀਂ ਹੁੰਦੇ, ਉਹ ਸਰਕਾਰ ਨਹੀਂ ਬਣਾ ਪਾਉਂਦੇ ।ਉਹ ਦਲ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ ।
ਲੋਕਤੰਤਰ ਵਿਚ ਵਿਰੋਧੀ ਦਲ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਜੇਕਰ ਵਿਰੋਧੀ ਦਲ ਨਸ਼ਟ ਜਾਂ ਕਮਜ਼ੋਰ ਹੋ ਜਾਵੇ ਤਾਂ ਲੋਕਤੰਤਰ ਪ੍ਰਣਾਲੀ ਹੀ ਖ਼ਤਮ ਹੋ ਜਾਂਦੀ ਹੈ । ਇਸਦੇ ਉਲਟ ਜੇਕਰ ਵਿਰੋਧੀ ਦਲ ਨੂੰ ਸਹੀ ਅਤੇ ਲੋਕਤੰਤਰਿਕ ਢੰਗ ਨਾਲ ਕੰਮ ਕਰਨ ਦਿੱਤਾ ਜਾਏ ਤਾਂ ਲੋਕਤੰਤਰ ਮਜ਼ਬੂਤ ਹੁੰਦਾ ਹੈ । ਅਸਲ ਵਿਚ ਵਿਰੋਧੀ ਦਲ ਸ਼ਾਸਕ ਦਲ ਦੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਪ੍ਰਗਟ ਕਰਦਾ ਹੈ । ਵਿਰੋਧੀ ਦਲ ਸੰਸਦ ਵਿਚ ਸਰਕਾਰ ਦੀ ਸਿਰਫ਼ ਆਲੋਚਨਾ ਹੀ ਨਹੀਂ ਕਰਦਾ, ਬਲਕਿ ਲੋਕਮਤ ਦੇ ਹਿੱਤ ਵਿਚ ਵੀ ਕੰਮ ਕਰਦਾ ਹੈ । ਇਸਦੀ ਆਲੋਚਨਾ ਦੇ ਬਿਨਾਂ ਸਰਕਾਰ ਗ਼ੈਰ-ਜ਼ਿੰਮੇਵਾਰ ਅਤੇ ਤਾਨਾਸ਼ਾਹ ਵੀ ਬਣ ਸਕਦੀ ਹੈ ।ਵਿਰੋਧੀ ਦਲ ਨਵੀਆਂ ਚੋਣਾਂ ਹੋਣ ਤਕ ਸਰਕਾਰ ਨੂੰ ਮਨਮਾਨੀ ਨਹੀਂ ਕਰਨ ਦਿੰਦਾ ਅਤੇ ਉਸ ‘ਤੇ ਲਗਾਤਾਰ ਨਿਯੰਤਰਨ ਬਣਾਈ ਰੱਖਦਾ ਹੈ । ਇਸ ਤਰ੍ਹਾਂ ਵਿਰੋਧੀ ਦਲ ਸਰਕਾਰ ਦੁਆਰਾ ਨਾਗਰਿਕਾਂ ਦੇ ਅਧਿਕਾਰਾਂ ਦਾ ਨੁਕਸਾਨ ਨਹੀਂ ਹੋਣ ਦਿੰਦਾ ।
ਪ੍ਰਸ਼ਨ 4.
ਵਿਰੋਧੀ ਦਲ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਵਿਰੋਧੀ ਦਲ ਲੋਕਤੰਤਰ ਦੀ ਆਤਮਾ ਹੁੰਦੀ ਹੈ । ਇਹ ਇਕ ਪਾਸੇ ਸ਼ਾਸਕ ਦਲ ਦੀ ਤਾਨਾਸ਼ਾਹੀ ਨੂੰ ਰੋਕਦਾ ਹੈ ਤਾਂ ਦੂਜੇ ਪਾਸੇ ਸਰਕਾਰ ਦੇ ਕੰਮਾਂ ‘ਤੇ ਨਿਯੰਤਰਨ ਰੱਖਦਾ ਹੈ ।
ਸੰਖੇਪ ਵਿਚ ਵਿਰੋਧੀ ਦਲ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ –
- ਸ਼ਾਸਕ ਦਲ ‘ਤੇ ਨਿਯੰਤਰਨ-ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਦੇ ਬਾਅਦ ਬਹੁਮਤ ਪ੍ਰਾਪਤ ਦਲ ਸਰਕਾਰ ਦਾ ਗਠਨ ਕਰਦਾ ਹੈ । ਵੋਟਰ ਪੰਜ ਸਾਲ ਤਕ ਸਰਕਾਰ ‘ਤੇ ਨਿਯੰਤਰਨ ਨਹੀਂ ਰੱਖ ਸਕਦੇ । ਸਰਕਾਰ ‘ਤੇ ਨਿਯੰਤਰਨ ਰੱਖਣ ਦਾ ਕੰਮ ਵਿਰੋਧੀ ਦਲ ਹੀ ਕਰਦੇ ਹਨ ।
- ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਣਾ-ਕਦੇ-ਕਦੇ ਸ਼ਾਸਕ ਦਲ ਆਪਣੇ ਬਹੁਮਤ ਕਾਰਨ ਤਾਨਾਸ਼ਾਹੀ ਕੰਮ ਕਰਦਾ ਹੈ । ਇਸ ਨਾਲ ਨਾਗਰਿਕਾਂ ਦੇ ਅਧਿਕਾਰਾਂ ਦਾ ਨੁਕਸਾਨ ਹੁੰਦਾ ਹੈ । ਇਨ੍ਹਾਂ ਮੌਕਿਆਂ ‘ਤੇ ਵਿਰੋਧੀ ਦਲ ਸਰਕਾਰ ਦੀ ਸਦਨ ਦੇ ਅੰਦਰ ਤੇ ਬਾਹਰ ਆਲੋਚਨਾ ਕਰਦੇ ਹਨ, ਅਤੇ ਸਰਕਾਰ ਨੂੰ ਤਾਨਾਸ਼ਾਹ ਨਹੀਂ ਬਣਨ ਦਿੰਦੇ ।
- ਕਾਨੂੰਨ ਬਣਾਉਣ ਵਿਚ ਸਹਿਯੋਗ-ਸਰਕਾਰ ਕਾਨੂੰਨ ਬਣਾਉਣ ਲਈ ਬਿਲ ਪੇਸ਼ ਕਰਦੀ ਹੈ । ਵਿਰੋਧੀ ਦਲ ਬਿਲਾਂ ਨਾਲ ਸੰਬੰਧਤ ਮਾਮਲਿਆਂ ‘ਤੇ ਵਾਦ-ਵਿਵਾਦ ਕਰਦੇ ਹਨ ਅਤੇ ਯਤਨ ਕਰਦੇ ਹਨ ਜੋ ਕਾਨੂੰਨ ਬਣੇ, ਉਹ ਦੇਸ਼ ਦੇ ਹਿੱਤ ਵਿਚ ਹੋਣ ।
- ਬਜਟ ਪਾਸ ਕਰਨਾ-ਹਰੇਕ ਸਾਲ ਸ਼ਾਸਕ ਦਲ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਵਿਧਾਨ ਮੰਡਲ ਵਿਚ ਬਜਟ ਪੇਸ਼ ਕਰਦਾ ਹੈ । ਇਹ ਇਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਵਿਰੋਧੀ ਦਲ ਸਰਕਾਰ ਦੀ ਸੰਪੂਰਨ ਨੀਤੀ ਦੀ ਆਲੋਚਨਾ ਕਰ ਸਕਦਾ ਹੈ । ਵਿਰੋਧੀ ਦਲ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰ ਸਕਦੇ ਹਨ ਕਿ ਉਹ ਕਰਾਂ ਦੀ ਦਰ ਘੱਟ ਕਰੇ ।
- ਕਾਰਜਪਾਲਿਕਾ ‘ਤੇ ਨਿਯੰਤਰਨ-ਵਿਰੋਧੀ ਦਲ ਅਵਿਸ਼ਵਾਸ ਪ੍ਰਸਤਾਵ, ਧਿਆਨ ਖਿੱਚ ਪ੍ਰਸਤਾਵ ਅਤੇ ਕਈ ਤਰ੍ਹਾਂ ਨਾਲ ਸਰਕਾਰ ‘ਤੇ ਨਿਯੰਤਰਨ ਰੱਖਦਾ ਹੈ । ਪ੍ਰਸ਼ਨ ਕਾਲ ਵਿਚ ਪ੍ਰਸ਼ਨ ਪੁੱਛ ਕੇ ਵਿਰੋਧੀ ਦਲ ਦੇ ਮੈਂਬਰ ਮੰਤਰੀਆਂ ਨੂੰ ਚੌਕੰਨਾ ਰੱਖਦੇ ਹਨ ।
ਪ੍ਰਸ਼ਨ 5.
ਰਾਜਨੀਤਿਕ ਦਲਾਂ ਦੇ ਕੋਈ ਦੋ ਕੰਮ ਲਿਖੋ ।
ਉੱਤਰ-
ਰਾਜਨੀਤਿਕ ਦਲ ਮੁੱਖ ਤੌਰ ‘ਤੇ ਹੇਠ ਲਿਖੇ ਕੰਮ ਕਰਦੇ ਹਨ –
1. ਚੋਣਾਂ ਲੜਨਾ ਅਤੇ ਸਰਕਾਰ ਬਣਾਉਣਾ-ਰਾਜਨੀਤਿਕ ਦਲ ਦਾ ਸਭ ਤੋਂ ਮਹੱਤਵਪੂਰਨ ਕੰਮ ਚੋਣਾਂ ਲੜਨਾ ਹੈ । ਇਸਦਾ ਉਦੇਸ਼ ਸ਼ਾਸਨ ਸ਼ਕਤੀ ਪ੍ਰਾਪਤ ਕਰਨਾ ਹੈ । ਇਹ ਦਲ ਚੋਣਾਂ ਲੜਨ ਲਈ ਆਪਣੇ ਉਮੀਦਵਾਰ ਚੁਣਦੇ ਹਨ । ਉਹ ਚੋਣਾਂ ਜਿੱਤਣ ਲਈ ਚੋਣ ਮੁਹਿੰਮ ਚਲਾਉਂਦੇ ਹਨ । ਇਹ ਦਲ ਜਨਤਾ ਨੂੰ ਰਾਸ਼ਟਰੀ ਮਾਮਲਿਆਂ ਅਤੇ ਆਪਣੀ ਸਰਕਾਰ ਦੀ ਭੂਮਿਕਾ ਦੀ ਜਾਣਕਾਰੀ ਦਿੰਦੇ ਹਨ । ਇਸ ਨਾਲ ਲੋਕਮਤ ਦਾ ਨਿਰਮਾਣ ਹੁੰਦਾ ਹੈ । ਜਿਹੜਾ ਦਲ ਚੋਣਾਂ ਜਿੱਤ ਜਾਂਦਾ ਹੈ, ਉਹ ਸਰਕਾਰ ਅਤੇ ਆਪਣੇ ਕੰਮਾਂ ਲਈ ਲੋਕਾਂ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਜਿਹੜੇ ਦਲ ਸਰਕਾਰ ਨਹੀਂ ਬਣਾ ਪਾਉਂਦੇ ਹਨ, ਉਹ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ ।
2. ਜਨਤਾ ਦੇ ਹਿੱਤਾਂ ਦੀ ਰੱਖਿਆ ਕਰਨਾ-ਉਹ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਧਾਰਨ ਦੇ ਸੁਝਾਅ ਦਿੰਦੇ ਹਨ । ਇਸ ਲਈ ਕਿਹਾ ਜਾਂਦਾ ਹੈ ਕਿ ਵਿਰੋਧੀ ਦਲ ਲੋਕਤੰਤਰ ਵਿਚ ਜਨਤਾ ਦੇ ਹਿੱਤਾਂ ਦਾ ਰੱਖਿਅਕ ਹੁੰਦਾ ਹੈ ।
ਪ੍ਰਸ਼ਨ 6.
ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਕੋਈ ਦੋ ਨੀਤੀਆਂ ਲਿਖੋ ।
ਉੱਤਰ-
ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਮੁੱਖ ਨੀਤੀਆਂ ਹੇਠ ਲਿਖੀਆਂ ਹਨ
- ਇਸ ਦਲ ਦੀ ਸਭ ਤੋਂ ਵੱਧ ਮਹੱਤਵਪੂਰਨ ਨੀਤੀ ਅਮੀਰੀ-ਗਰੀਬੀ ਵਿਚ ਅੰਤਰ ਘੱਟ ਕਰਨਾ ਹੈ । ਦੂਜੇ ਸ਼ਬਦਾਂ ਵਿਚ ਇਹ ਦਲ ਲੋਕਤੰਤਰੀ ਸਮਾਜਵਾਦ ਚਾਹੁੰਦਾ ਹੈ ।
- ਇਸ ਦਲ ਦੇ ਅਨੁਸਾਰ ਧਰਮ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ | ਸਾਰੇ ਧਰਮਾਂ ਦਾ ਸਮਾਨ ਰੂਪ ਨਾਲ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
- ਇਹ ਦਲ ਖੇਤੀਬਾੜੀ ‘ਤੇ ਆਧਾਰਿਤ ਕਾਰਖ਼ਾਨਿਆਂ ਦੇ ਵਿਕਾਸ ਵਿਚ ਵਿਸ਼ਵਾਸ ਰੱਖਦਾ ਹੈ । ਖੇਤੀਬਾੜੀ ਦੇ ਵਿਕਾਸ ਲਈ ਸਿੰਜਾਈ ਦੇ ਸਾਧਨਾਂ ਵਿਚ ਸੁਧਾਰ ਕਰਨਾ ਵੀ ਇਸ ਦਲ ਦੀ ਨੀਤੀ ਹੈ ।
- ਪੇਂਡੂ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਤਾਂਕਿ ਗ਼ਰੀਬੀ ਨੂੰ ਘੱਟ ਕੀਤਾ ਜਾ ਸਕੇ ।
- ਵਿਦੇਸ਼ਾਂ ਨਾਲ ਮਿੱਤਰਤਾ ਭਰੇ ਸੰਬੰਧ ਕਾਇਮ ਕਰਨਾ ਅਤੇ ਵਿਦੇਸ਼ਾਂ ਨਾਲ ਆਪਣੇ ਮਤਭੇਦ ਸ਼ਾਂਤੀਪੂਰਨ ਢੰਗ ਨਾਲ ਦੂਰ ਕਰਨਾ ।
- ਭਾਰਤ ਦੀ ਆਰਥਿਕ ਸਥਿਤੀ ਦੇ ਸੁਧਾਰ ਲਈ ਵਿਦੇਸ਼ੀ ਵਪਾਰ ਨੂੰ ਉਤਸ਼ਾਹ ਦੇਣਾ । ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਦੋ ਲਿਖਣ ।
ਪ੍ਰਸ਼ਨ 7.
ਲੋਕਤੰਤਰ ਵਿਚ ਚੋਣਾਂ ਦਾ ਕੀ ਮਹੱਤਵ ਹੈ ?
ਉੱਤਰ-
ਚੋਣਾਂ ਲੋਕਤੰਤਰ ਦਾ ਆਧਾਰ ਹਨ । ਲੋਕਤੰਤਰ ਵਿਚ ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ
- ਸਾਰੇ ਨਾਗਰਿਕ ਰਾਜ ਪ੍ਰਬੰਧ ਨੂੰ ਇਕ ਸਾਥ ਚਲਾ ਨਹੀਂ ਸਕਦੇ । ਇਸ ਲਈ ਉਨ੍ਹਾਂ ਨੂੰ ਪ੍ਰਤੀਨਿਧੀ ਚੁਣਨੇ ਪੈਂਦੇ ਹਨ, ਜੋ ਚੋਣਾਂ ਦੁਆਰਾ ਚੁਣੇ ਜਾਂਦੇ ਹਨ ।
- ਚੋਣਾਂ ਦੁਆਰਾ ਹੀ ਲੋਕ ਸਰਕਾਰ ਨੂੰ ਬਦਲ ਸਕਦੇ ਹਨ ।
- ਚੋਣਾਂ ਦੁਆਰਾ ਹੀ ਕਾਰਜਪਾਲਿਕਾ ਬਣਦੀ ਹੈ ।
- ਚੋਣਾਂ ਦੁਆਰਾ ਸ਼ਾਸਨ ਪ੍ਰਣਾਲੀ ਵਿਚ ਸਥਿਰਤਾ ਆਉਂਦੀ ਹੈ । ਸੱਚ ਤਾਂ ਇਹ ਹੈ ਕਿ ਚੋਣਾਂ ਦੀ ਘਾਟ ਵਿਚ ਲੋਕਤੰਤਰ ਸੰਭਵ ਨਹੀਂ ਹੈ ।
(ਈ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਸਾਡੇ ਭਾਰਤ ਵਿਚ ………. ਲੋਕਤੰਤਰ ਪ੍ਰਣਾਲੀ ਹੈ ।
ਉੱਤਰ-
ਪ੍ਰਤੀਨਿਧੀ
ਪ੍ਰਸ਼ਨ 2.
ਭਾਰਤ ਵਿਚ ਚੋਣ ਪ੍ਰਕਿਰਿਆ ਲਈ ਇਕ ਸੁਤੰਤਰ ਸੰਸਥਾ ……..ਬਣਾਈ ਗਈ ਹੈ।
ਉੱਤਰ-
ਚੋਣ ਕਮੀਸ਼ਨ
ਪ੍ਰਸ਼ਨ 3.
ਭਾਰਤ ਵਿਚ ਘੱਟੋ-ਘੱਟ ……… ਸਾਲ ਦੇ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ।
ਉੱਤਰ-
18
ਪ੍ਰਸ਼ਨ 4.
………. ਅਤੇ ………. ਵਿਚ ਦੋ ਦਲੀ ਅਤੇ ………. ਬਹੁਦਲੀ ਪ੍ਰਣਾਲੀ ਹੈ।
ਉੱਤਰ-
ਇੰਗਲੈਂਡ, ਅਮਰੀਕਾ, ਭਾਰਤ
ਪ੍ਰਸ਼ਨ 5.
ਇਕ ਨਾਗਰਿਕ ਇਕ ਵੋਟ ਨਾਗਰਿਕਾਂ ਦੀ ………….. ਤੇ ਆਧਾਰਿਤ ਹੈ ।
ਉੱਤਰ-
ਸਮਾਨਤਾ ।
(ਸ) ਬਹੁ-ਵਿਕਲਪੀ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਭਾਰਤ ਵਿਚ ਬਾਲਗ ਹੋਣ ਦੀ ਉਮਰ ਕਿੰਨੀ ਹੈ ?
(ਉ) 18 ਸਾਲ
(ਅ) 24 ਸਾਲ
(ਈ) 22 ਸਾਲ |
ਉੱਤਰ-
(ੳ) 18 ਸਾਲ,
ਪ੍ਰਸ਼ਨ 2.
ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ?
(ਉ) ਚਾਰ ਸਾਲ
(ਅ) 2 ਸਾਲ
(ਇ) ਪੰਜ ਸਾਲ |
ਉੱਤਰ-
(ਈ) ਪੰਜ ਸਾਲ
ਪ੍ਰਸ਼ਨ 3.
ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ ?
(ਉ) 1920
(ਅ) 1885
(ਈ) 1960.
ਉੱਤਰ-
(ਅ) 1885.
(ਹ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ –
ਪ੍ਰਸ਼ਨ 1.
ਭਾਰਤ ਦੇਸ਼ ਵਿਚ ਇਸ ਸਮੇਂ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ ।
ਉੱਤਰ-
(✓)
ਪ੍ਰਸ਼ਨ 2.
ਭਾਰਤ ਵਿਚ ਦੋ-ਦਲ ਰਾਜਨੀਤਿਕ ਦਲ ਪ੍ਰਣਾਲੀ ਹੈ ।
ਉੱਤਰ-
(✗)
ਪ੍ਰਸ਼ਨ 3.
ਵਿਰੋਧੀ ਦਲ ਸੰਸਦ ਵਿਚ ਸਰਕਾਰ ਦੀ ਆਲੋਚਨਾ ਹੀ ਨਹੀਂ ਕਰਦੇ ਬਲਕਿ ਲੋਕਮਤ ਜਾਂ ਲੋਕ ਰਾਇ ਵੀ ਬਣਾਉਂਦੇ ਹਨ ।
ਉੱਤਰ-
(✓)
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਚੋਣ ਕਮਿਸ਼ਨ ਜਾਂ ਚੋਣ ਆਯੋਗ ‘ਤੇ ਇਕ ਟਿੱਪਣੀ ਲਿਖੋ ।
ਉੱਤਰ-
ਭਾਰਤ ਵਿਚ ਚੋਣ ਪ੍ਰਕਿਰਿਆ ਲਈ ਇਕ ਸੁਤੰਤਰ ਸੰਸਥਾ ਬਣਾਈ ਗਈ ਹੈ । ਇਸਨੂੰ ਚੋਣ ਕਮਿਸ਼ਨ ਜਾਂ ਚੋਣ ਆਯੋਗ ਕਹਿੰਦੇ ਹਨ । ਸੰਸਥਾ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਂਦੀ ਹੈ । ਇਸਦਾ ਮੁਖੀ ਚੋਣ ਕਮਿਸ਼ਨਰ ਹੁੰਦਾ ਹੈ, ਜਿਸਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ । ਚੋਣ ਕਮਿਸ਼ਨ ਦੇਸ਼ ਵਿਚ ਹਰ ਪੱਧਰ ‘ਤੇ ਅਰਥਾਤ ਸੰਸਦ, ਰਾਜ ਵਿਧਾਨ ਸਭਾਵਾਂ ਅਤੇ ਸਥਾਨਿਕ ਨਗਰਪਾਲਿਕਾਵਾਂ ਅਤੇ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਹੁੰਦਾ ਹੈ ।
ਪ੍ਰਸ਼ਨ 2.
“ਇਕ ਵਿਅਕਤੀ-ਇਕ ਵੋਟ ਤੋਂ ਕੀ ਭਾਵ ਹੈ ?
ਉੱਤਰ-
“ਇਕ ਵਿਅਕਤੀ-ਇਕ ਵੋਟ -ਸਰਵ-ਵਿਆਪਕ ਮਤ ਅਧਿਕਾਰ ਦਾ ਇਕ ਮਹੱਤਵਪੂਰਨ ਨਿਯਮ ਹੈ । ਇਹ ਨਾਗਰਿਕਾਂ ਦੀ ਸਮਾਨਤਾਂ ‘ਤੇ ਆਧਾਰਿਤ ਹੈ ।ਇਸਦੇ ਅਨੁਸਾਰ ਪੜ੍ਹੇ-ਲਿਖੇ ਅਤੇ ਅਨਪੜ੍ਹ ਨੂੰ ਸਮਾਨ ਮੰਨਿਆ ਜਾਂਦਾ ਹੈ । ਇਸ ਤਰ੍ਹਾਂ ਸਮਾਨਤਾ ਦਾ ਸਿਧਾਂਤ ਸਾਡੇ ਸਰਵ-ਵਿਆਪਕ ਬਾਲਗ ਮਤ ਅਧਿਕਾਰ ਵਿਚ ਪੂਰਨ ਤੌਰ ‘ ਤੇ ਅਪਣਾਇਆ ਗਿਆ ਹੈ ।
ਪ੍ਰਸ਼ਨ 3.
ਸਰਵ-ਵਿਆਪਕ ਬਾਲਗ ਮਤ ਅਧਿਕਾਰ ਦੇ ਮਜ਼ਬੂਤ ਆਧਾਰ ਕੀ ਹਨ ?
ਉੱਤਰ-
ਸਰਵ-ਵਿਆਪਕ ਮਤ ਅਧਿਕਾਰ ਦੇ ਹੇਠ ਲਿਖੇ ਮਜ਼ਬੂਤ ਆਧਾਰ ਹਨ
- ਇਹ ਅਧਿਕਾਰ ਰਾਜਨੀਤਿਕ ਸਮਾਨਤਾ ‘ਤੇ ਆਧਾਰਿਤ ਹੈ ।
- ਇਹ ਸੱਚੇ ਲੋਕਤੰਤਰ ਲਈ ਜ਼ਰੂਰੀ ਹੈ ।
- ਇਹ ਸਰਕਾਰ ਨੂੰ ਸਾਰਿਆਂ ਪ੍ਰਤੀ ਜ਼ਿੰਮੇਵਾਰ ਬਣਾਉਂਦਾ ਹੈ ।
ਪ੍ਰਸ਼ਨ 4.
ਉਪ-ਚੋਣਾਂ ਕੀ ਹੁੰਦੀਆਂ ਹਨ ?
ਉੱਤਰ-
ਕਦੇ-ਕਦੇ ਸੰਸਦ ਜਾਂ ਰਾਜ ਵਿਧਾਨਪਾਲਿਕਾ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਣ ਜਾਂ ਉਸਦੇ ਦੁਆਰਾ ਅਸਤੀਫ਼ਾ ਦੇਣ ਨਾਲ ਉਸਦੀ ਸੀਟ ਖ਼ਾਲੀ ਹੋ ਜਾਂਦੀ ਹੈ । ਇਸ ਸੀਟ ਨੂੰ ਭਰਨ ਲਈ ਜੋ ਚੋਣਾਂ ਕਰਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਉਪ-ਚੋਣਾਂ ਕਹਿੰਦੇ ਹਨ ।
ਪ੍ਰਸ਼ਨ 5.
ਮਤਦਾਨ ਕਿਸ ਤਰ੍ਹਾਂ ਹੁੰਦਾ ਹੈ ?
ਜਾਂ
ਨਾਗਰਿਕ ਆਪਣੀ ਵੋਟ ਕਿਸ ਤਰ੍ਹਾਂ ਪਾਉਂਦੇ ਹਨ ?
ਉੱਤਰ-
ਚੋਣਾਂ ਦੇ ਸਮੇਂ ਹਰੇਕ ਖੇਤਰ ਤੋਂ ਪ੍ਰਤੀਨਿਧੀ ਚੁਣਨ ਲਈ ਚੋਣ ਬੂਥ ਬਣਾਏ ਜਾਂਦੇ ਹਨ । ਇੱਥੇ ਇਕ ਰਿਟਰਨਿੰਗ ਅਫ਼ਸਰ ਦੇ ਅਧੀਨ ਮਤਦਾਨ ਹੁੰਦਾ ਹੈ । ਬਾਲਗ ਨਾਗਰਿਕਾਂ ਦੇ ਨਾਂ ਮਤਦਾਤਾ ਸੂਚੀ ਵਿਚ ਹੁੰਦੇ ਹਨ । ਉਹ ਵਾਰੀ ਨਾਲ ਬੂਥ ‘ਤੇ ਜਾ ਕੇ ਆਪਣੇ ਵੋਟ ਪਛਾਣ-ਪੱਤਰ ਦਿਖਾਉਂਦੇ ਹਨ | ਤਦ ਆਪਣੀ ਉਂਗਲ ‘ਤੇ ਨਿਸ਼ਾਨ ਲਗਾ ਕੇ ਮਤ-ਪੱਤਰ ਵਿਚ ਆਪਣੇ ਮਨਚਾਹੇ ਉਮੀਦਵਾਰ ਦੇ ਨਾਂ ‘ਤੇ ਮੋਹਰ ਲਗਾਉਂਦੇ ਹਨ ਅਤੇ ਮਤ-ਪੱਤਰ ਨੂੰ ਵੋਟ ਬਾਕਸ ਵਿਚ ਪਾ ਦਿੰਦੇ ਹਨ |ਜੇਕਰ ਉਸਨੂੰ ਕੋਈ ਵੀ ਉਮੀਦਵਾਰ ਪਸੰਦ ਨਾ ਹੋਵੇ ਤਾਂ ਨੋਟਾ’ ਦੇ ਸਾਹਮਣੇ ਦਿੱਤੇ ਗਏ ਨਿਸ਼ਾਨ ‘ਤੇ ਮੋਹਰ ਲਗਾ ਸਕਦਾ ਹੈ । ਵੋਟ ਬਾਕਸ ਵਿਚ ਵੋਟ ਪਾਉਂਦੇ ਸਮੇਂ ਕਿਸੇ ਦੂਜੇ ਨੂੰ ਪਤਾ ਨਹੀਂ ਚਲਦਾ ਕਿ ਵੋਟ ਕਿਸ ਦੇ ਪੱਖ ਵਿਚ ਪਾਇਆ ਗਿਆ ਹੈ । ਹੁਣ ਇਹ ਕੰਮ ਵੋਟਿੰਗ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ | ਸਾਧਾਰਨ ਬਹੁਮਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਚੋਣ ਪ੍ਰਕਿਰਿਆ ਨਾਲ ਸੰਬੰਧਿਤ ਹੇਠ ਲਿਖੀਆਂ ਸਟੇਜਾਂ ਦੀ ਸੰਖੇਪ ਜਾਣਕਾਰੀ ਦਿਓ ।
1. ਨਾਮਜ਼ਦਗੀ ਪੱਤਰ ਭਰਨਾ ਅਤੇ ਨਾਮਜ਼ਦਗੀ ਵਾਪਸ ਲੈਣਾ ।
2. ਚੋਣ ਨਿਸ਼ਾਨ ਪ੍ਰਦਾਨ ਕਰਨਾ ।
3. ਚੋਣ ਪੱਤਰ (ਘੋਸ਼ਣਾ ਪੱਤਰ ਜਾਰੀ ਕਰਨਾ ।
4. ਚੋਣ ਮੁਹਿੰਮ ।
5. ਵੋਟਾਂ ਦੀ ਗਿਣਤੀ ਅਤੇ ਨਤੀਜੇ ।
ਉੱਤਰ-
1. ਨਾਮਜ਼ਦਗੀ ਪੱਤਰ ਭਰਨਾ ਅਤੇ ਨਾਮਜ਼ਦਗੀ ਵਾਪਸ ਲੈਣਾ-ਰਾਜਨੀਤਿਕ ਦਲਾਂ ਦੁਆਰਾ ਚੁਣੇ ਹੋਏ ਮੈਂਬਰ ਆਪਣੇ ਨਾਮਜ਼ਦਗੀ ਪੱਤਰ ਭਰਦੇ ਹਨ ।
ਇਨ੍ਹਾਂ ਦੀ ਰਿਟਰਨਿੰਗ ਅਫ਼ਸਰ ਦੁਆਰਾ ਪੜਤਾਲ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕੀਤਾ ਜਾਂਦਾ ਹੈ । ਮਨਜ਼ੂਰ ਕੀਤੇ ਉਮੀਦਵਾਰ ਇਕ ਨਿਸ਼ਚਿਤ ਤਰੀਕ ਤਕ ਆਪਣਾ ਨਾਂ ਵਾਪਸ ਲੈ ਸਕਦੇ ਹਨ ।ਉਸਦੇ ਬਾਅਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਕੀਤੀ ਜਾਂਦੀ ਹੈ,
ਜਿਸ ਦੇ ਆਧਾਰ ‘ਤੇ ਵੋਟ ਪੱਤਰ ਮਤ ਪੱਤਰ ਅਤੇ ਉਮੀਦਵਾਰਾਂ ਦੇ ਚੋਣ ਚਿੰਨ੍ਹ ਛਾਪੇ ਜਾਂਦੇ ਹਨ ।
2. ਚੋਣ ਚਿੰਨ੍ਹ ਪ੍ਰਦਾਨ ਕਰਨਾ-ਰਾਸ਼ਟਰੀ ਦਲਾਂ ਦੇ ਨਿਸਚਿਤ ਚੋਣ ਚਿੰਨ੍ਹ ਹੁੰਦੇ ਹਨ, ਜਿਸਦੇ ਆਧਾਰ ‘ਤੇ ਵੋਟਰ ਉਨ੍ਹਾਂ ਚਿੰਨ੍ਹਾਂ ‘ਤੇ ਮੋਹਰ ਲਗਾ ਕੇ ਵੋਟ ਪਾਉਂਦੇ ਹਨ । ਇਨ੍ਹਾਂ ਚੋਣ ਨਿਸ਼ਾਨਾਂ ਦੀ ਹੋਂਦ ਅਨਪੜ੍ਹ ਲੋਕਾਂ ਲਈ ਜ਼ਰੂਰੀ ਹੈ ।
3. ਚੋਣ-ਪੱਤਰ ਜਾਰੀ ਕਰਨਾ-ਹਰੇਕ ਰਾਜਨੀਤਿਕ ਦਲ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਇਕ ਚੋਣ-ਪੱਤਰ ਜਾਰੀ ਕਰਦਾ ਹੈ । ਇਸ ਵਿਚ ਉਨ੍ਹਾਂ ਦੇ ਪ੍ਰੋਗਰਾਮ ਅਤੇ ਵਚਨ ਹੁੰਦੇ ਹਨ, ਜੋ ਵੋਟਰ ਨੂੰ ਪ੍ਰਭਾਵਿਤ ਕਰਦੇ ਹਨ । ਇਨ੍ਹਾਂ ਨੂੰ ਪੜ੍ਹ ਕੇ ਵੋਟਰਾਂ ਨੂੰ ਜਿੱਤ ਦੇ ਬਾਅਦ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦੇ ਵਿਸ਼ੇ ਬਾਰੇ ਪਤਾ ਚਲਦਾ ਹੈ ।
4. ਚੋਣ ਮੁਹਿੰਮ-ਉਮੀਦਵਾਰਾਂ ਨੂੰ ਜਿਤਾਉਣ ਲਈ ਰਾਜਨੀਤਿਕ ਦਲ ਪੋਸਟਰ ਆਦਿ ਛਪਵਾ ਕੇ ਲੋਕਾਂ ਵਿਚ ਵੰਡਦੇ ਹਨ । ਇਸਦੇ ਇਲਾਵਾ ਚੋਣ ਮੁਹਿੰਮ ਵਿਚ ਜਲੂਸ ਆਦਿ ਕੱਢਣਾ, ਕਾਨਫਰੰਸ ਕਰਨਾ, ਘਰ-ਘਰ ਜਾ ਕੇ ਵੋਟਰ ਨੂੰ ਪ੍ਰਭਾਵਿਤ ਕਰਨਾ, ਵੋਟਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਚਨ ਦੇਣਾ ਅਤੇ ਵੋਟ ਦੇਣ ਲਈ ਆਖਣਾ ਆਦਿ ਗੱਲਾਂ ਸ਼ਾਮਲ ਹਨ । ਚੋਣ ਮੁਹਿੰਮ ਨੂੰ ਮਤਦਾਨ ਦੇ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬੰਦ ਕਰਨਾ ਲਾਜ਼ਮੀ ਹੁੰਦਾ ਹੈ ।
5. ਵੋਟਾਂ ਦੀ ਗਿਣਤੀ ਅਤੇ ਸਿੱਟੇ-ਹਰੇਕ ਖੇਤਰ ਵਿਚ ਮਤਦਾਨ ਦੇ ਬਾਅਦ ਮਤ-ਪੇਟੀਆਂ ਨੂੰ ਇਕ ਸੈਂਟਰ ਵਿਚ ਇਕੱਠਾ ਕਰਨਾ ਹੁੰਦਾ ਹੈ । ਨਿਸਚਿਤ ਕੀਤੇ ਸਮੇਂ ਤੇ ਰਾਜਨੀਤਿਕ ਦਲਾਂ ਦੇ ਜਾਂ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਵੋਟਾਂ ਦੀ ਗਿਣਤੀ ਹੁੰਦੀ ਹੈ । ਸਭ ਤੋਂ ਵੱਧ ਵੋਟ ਪ੍ਰਾਪਤ ਕਰਨ ਵਾਲੋਂ ਉਮੀਦਵਾਰ ਨੂੰ ਜੇਤੂ ਐਲਾਨ ਕਰ ਦਿੱਤਾ ਜਾਂਦਾ ਹੈ ।
ਪ੍ਰਸ਼ਨ 7.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਲੋਕਾਂ ਦਾ ਇਕ ਅਜਿਹਾ ਸਮੂਹ, ਜਿਸਦੀ ਦੇਸ਼ ਦੇ ਰਾਜਨੀਤਿਕ ਉਦੇਸ਼ਾਂ ਦੇ ਵਿਸ਼ੇ ਵਿਚ ਇੱਕੋ ਜਿਹੀ ਵਿਚਾਰਧਾਰਾ ਹੋਵੇ, ਰਾਜਨੀਤਿਕ ਦਲ ਅਖਵਾਉਂਦਾ ਹੈ । ਕਿਸੇ ਵੀ ਵਿਅਕਤੀ ਨੂੰ ਕਿਸੇ ਰਾਜਨੀਤਿਕ ਦਲ ਵਿਸ਼ੇਸ਼ ਵਿਚ ਮੈਂਬਰ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ । ਕਿਸੇ ਦਲ ਦਾ ਮੈਂਬਰ ਬਣਨਾ ਵਿਅਕਤੀ ਦੀ ਆਪਣੀ ਇੱਛਾ ‘ਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 8.
ਭਾਰਤ ਵਿਚ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਰਾਜਨੀਤਿਕ ਦਲ ਹਨ ?
ਜਾਂ
ਰਾਸ਼ਟਰੀ ਦਲ ਅਤੇ ਖੇਤਰੀ ਦਲ ਵਿਚ ਅੰਤਰ ਦੱਸੋ ।
ਉੱਤਰ-
ਭਾਰਤ ਵਿਚ ਦਲ ਦੋ ਤਰ੍ਹਾਂ ਦੇ ਹਨ-ਰਾਸ਼ਟਰੀ ਦਲ ਅਤੇ ਖੇਤਰੀ ਦਲ ਕਾਂਗਰਸ ਦਲ, ਭਾਰਤੀ ਜਨਤਾ ਦਲ ਅਤੇ ਕਮਿਉਨਿਸਟ ਦਲ ਰਾਸ਼ਟਰੀ ਦਲ ਹਨ ।ਇਹ ਸਾਰੇ ਭਾਰਤ ਵਿਚ ਕੰਮ ਕਰਦੇ ਹਨ | ਜੇਕਰ ਕੋਈ ਦਲ ਚਾਰ ਜਾਂ ਪੰਜ ਰਾਜਾਂ ਵਿਚ ਵਿਸ਼ੇਸ਼ ਪ੍ਰਭਾਵ ਰੱਖਦਾ ਹੈ, ਤਾਂ ਉਸਨੂੰ ਚੋਣ ਕਮਿਸ਼ਨ ਰਾਸ਼ਟਰੀ ਦਲ ਦਾ ਪੱਧਰ ਦੇ ਦਿੰਦਾ ਹੈ । ਇਸਦੇ ਉਲਟ ਜਿਹੜੇ ਦਲਾਂ ਦਾ ਪ੍ਰਭਾਵ ਇਕ ਦੋ ਰਾਜਾਂ ਤਕ ਸੀਮਿਤ ਹੋਵੇ, ਉਨ੍ਹਾਂ ਨੂੰ ਖੇਤਰੀ ਦਲ ਕਿਹਾ ਜਾਂਦਾ ਹੈ, ਜਿਵੇਂ ਪੰਜਾਬ ਵਿਚ ਅਕਾਲੀ ਦਲ ।
ਪ੍ਰਸ਼ਨ 9.
ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਿਹੜਾ ਹੈ ? ਇਸ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਇੰਡੀਅਨ ਨੈਸ਼ਨਲ ਕਾਂਗਰਸ ਹੈ । ਇਸਦੀ ਸਥਾਪਨਾ 1885 ਈ: ਵਿਚ ਹੋਈ ਸੀ ।
ਪ੍ਰਸ਼ਨ 10.
ਸੰਯੁਕਤ ਸਰਕਾਰ ਕੀ ਹੁੰਦੀ ਹੈ ?
ਉੱਤਰ-
ਜੇਕਰ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਕਿਸੇ ਦਲ ਨੂੰ ਬਹੁਮਤ ਪ੍ਰਾਪਤ ਨਾ ਹੋਵੇ, ਤਾਂ ਮੁੱਖ ਦਲ ਦੂਜੇ ਦਲਾਂ ਦੀ ਸਹਾਇਤਾ ਅਤੇ ਸਹਿਯੋਗ ਲੈਂਦਾ ਹੈ | ਕਈ ਦਲਾਂ ਦੇ ਪ੍ਰਤੀਨਿਧੀਆਂ ਨਾਲ ਬਣਾਈ ਗਈ ਅਜਿਹੀ ਸਰਕਾਰ ਸੰਯੁਕਤ ਸਰਕਾਰ ਅਖਵਾਉਂਦੀ ਹੈ । ਭਾਰਤ ਵਿਚ ਇਸ ਤਰ੍ਹਾਂ ਦੀ ਸਰਕਾਰ ਸਭ ਤੋਂ ਪਹਿਲਾਂ 1977 ਵਿਚ ਬਣਾਈ ਗਈ ਸੀ । 1999 ਤੋਂ 2004 ਤਕ ਵੀ 13 ਦਲਾਂ ਦੀ ਸੰਯੁਕਤ ਸਰਕਾਰ ਬਣਾਈ ਗਈ ਸੀ । ਸੰਯੁਕਤ ਸਰਕਾਰ ਵਿਚ ਵੱਖ-ਵੱਖ ਦਲਾਂ ਦੇ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ, ਜੋ ਕਿ ਆਮ ਹਾਲਤ ਵਿਚ ਸੰਭਵ ਨਹੀਂ ਹੁੰਦਾ ।
ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ
1. ਸਰਵਵਿਆਪਕ ਬਾਲਗ਼ ਮਤ ਅਧਿਕਾਰ | (i) ਸੁਤੰਤਰ ਅਤੇ ਉੱਚਿਤ ਚੋਣਾਂ |
2. ਰਾਜਨੀਤਿਕ ਦਲ | (ii) ਘੱਟ ਤੋਂ ਘੱਟ 18 ਸਾਲ ਦੀ ਉਮਰ |
3. ਗੁਪਤ ਮਤਦਾਨ | (iii) ਲੋਕਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ |
4. ਬਾਲਗ਼ ਨਾਗਰਿਕ | (iv) ਸਮਾਨਤਾ ਦਾ ਸਿਧਾਂਤ | |
ਉੱਤਰ-
1. ਸਰਵਵਿਆਪਕ ਬਾਲਗ਼ ਮਤ ਅਧਿਕਾਰ | (iv) ਸਮਾਨਤਾ ਦਾ ਸਿਧਾਂਤ |
2. ਰਾਜਨੀਤਿਕ ਦਲ | (iii) ਲੋਕਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ |
3. ਗੁਪਤ ਮਤਦਾਨ | (ii) ਸੁਤੰਤਰ ਅਤੇ ਉੱਚਿਤ ਚੋਣਾਂ |
4. ਬਾਲਗ ਨਾਗਰਿਕ | (i) ਘੱਟ ਤੋਂ ਘੱਟ 18 ਸਾਲ ਦੀ ਉਮਰ । |