Punjab State Board PSEB 7th Class Punjabi Book Solutions Punjabi Grammar Muhavare te Vaka-Asa ਮੁਹਾਵਰੇ ਤੇ ਵਾਕ-ਅੰਸ਼ Textbook Exercise Questions and Answers.
PSEB 7th Class Punjabi Grammar ਮੁਹਾਵਰੇ ਤੇ ਵਾਕ-ਅੰਸ਼
1. ਉਂਗਲਾਂ ‘ਤੇ ਨਚਾਉਣਾ (ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ-ਚਲਾਕ ਹੈ ਕਿ ਆਪਣੀ ਨੂੰਹ ਨੂੰ ਉਂਗਲਾਂ ‘ਤੇ ਨਚਾਉਂਦੀ ਹੈ ।
2. ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ । ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ ।
3. ਉੱਲੂ ਸਿੱਧਾ ਕਰਨਾ (ਆਪਣਾ ਸੁਆਰਥ ਪੂਰਾ ਕਰਨਾ) – ਅੱਜ-ਕਲ੍ਹ ਆਪੋ-ਧਾਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ ।
4. ਉੱਨੀ-ਇੱਕੀ ਦਾ ਫ਼ਰਕ (ਬਹੁਤ ਥੋੜਾ ਜਿਹਾ ਫ਼ਰਕ) – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ-ਇੱਕੀ ਦਾ ਹੀ ਫ਼ਰਕ ਹੈ ।ਉਂਝ ਦੋਵੇਂ ਇੱਕੋ ਜਿਹੇ ਲਗਦੇ ਹਨ ।
5. ਉੱਲੂ ਬੋਲਣੇ (ਸੁੰਨ-ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ ।
6. ਉੱਚਾ-ਨੀਵਾਂ ਬੋਲਣਾ (ਨਿਰਾਦਰ ਕਰਨਾ) – ਤੁਹਾਨੂੰ ਆਪਣੇ ਮਾਪਿਆਂ ਸਾਹਮਣੇ ਉੱਚਾਨੀਵਾਂ ਨਹੀਂ ਬੋਲਣਾ ਚਾਹੀਦਾ ।
7. ਉੱਸਲਵੱਟੇ ਭੰਨਣੇ (ਪਾਸੇ ਮਾਰਨਾ) – ਅੱਜ ਸਾਰੀ ਰਾਤ ਉੱਸਲਵੱਟੇ ਭੰਨਦਿਆਂ ਹੀ ਬੀਤੀ, . ਰਤਾ ਨੀਂਦ ਨਹੀਂ ਆਈ ।
8. ਅੱਖਾਂ ਵਿਚ ਰੜਕਣਾ (ਭੈੜਾ ਲਗਣਾ) – ਜਦੋਂ ਦੀ ਉਸ ਨੇ ਕਚਹਿਰੀ ਵਿਚ ਮੇਰੇ ਖ਼ਿਲਾਫ ਝੂਠੀ ਗੁਆਹੀ ਦਿੱਤੀ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ ।
9. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ-ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੁਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ ।
10. ਅੱਖਾਂ ਚੁਰਾਉਣਾ (ਸ਼ਰਮਿੰਦਗੀ ਮਹਿਸੂਸ ਕਰਨੀ) – ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸੀ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਦੇਖ ਲੈਂਦਾ ਸੀ ।
11. ਅੱਖਾਂ ਉੱਤੇ ਬਿਠਾਉਣਾ (ਆਦਰ-ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏਂ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
12. ਅੰਗੂਠਾ ਦਿਖਾਉਣਾ (ਇਨਕਾਰ ਕਰਨਾ, ਸਾਥ ਛੱਡ ਦੇਣਾ) – ਮਤਲਬੀ ਮਿੱਤਰ ਔਖੇ ਸਮੇਂ ਵਿਚ ਅੰਗੂਠਾ ਦਿਖਾ ਜਾਂਦੇ ਹਨ ।
13. ਅੰਗ ਪਾਲਣਾ (ਸਾਥ ਦੇਣਾ) – ਸਾਨੂੰ ਮੁਸ਼ਕਿਲ ਸਮੇਂ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ ।
14. ਅਕਲ ਦਾ ਵੈਰੀ (ਮੂਰਖ) – ਸੁਰਜੀਤ ਤਾਂ ਅਕਲ ਦਾ ਵੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ ।
15. ਅੱਖਾਂ ਮੀਟ ਜਾਣਾ (ਮਰ ਜਾਣਾ) – ਕਲ੍ਹ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ ।
16. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ ।
17. ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ) – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮਝੀ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ ।
18. ਅੱਡੀ ਚੋਟੀ ਦਾ ਜ਼ੋਰ ਲਾਉਣਾ (ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ ।
19. ਅਲਖ ਮੁਕਾਉਣੀ (ਜਾਨੋ ਮਾਰ ਦੇਣਾ) – ਅਜੀਤ ਸਿੰਘ ਸੰਧਾਵਾਲੀਏ ਨੇ ਤਲਵਾਰ ਦੇ ਇੱਕੋ ਵਾਰ ਨਾਲ ਰਾਜੇ ਧਿਆਨ ਸਿੰਘ ਦੀ ਅਲਖ ਮੁਕਾ ਦਿੱਤੀ ।
20. ਇਕ ਅੱਖ ਨਾਲ ਦੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ ।
21. ਈਦ ਦਾ ਚੰਦ ਹੋਣਾ (ਬਹੁਤ ਦੇਰ ਬਾਅਦ ਮਿਲਣਾ) – ਮਨਜੀਤ ਤੂੰ ਤਾਂ ਈਦ ਦਾ ਚੰਦ ਹੋ ਗਿਆ ਏ ।
22. ਈਨ ਮੰਨਣੀ (ਹਾਰ ਮੰਨਣੀ) – ਸ਼ਿਵਾ ਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ ।
23. ਇੱਟ ਨਾਲ ਇੱਟ ਖੜਕਾਉਣੀ ; ਇੱਟ-ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ।
24. ਇਕ-ਮੁੱਠ ਹੋਣਾ (ਏਕਤਾ ਹੋ ਜਾਣੀ) – ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ-ਮੁੱਠ ਹੋ ਕੇ ਕਰਨਾ ਚਾਹੀਦਾ ਹੈ ।
25. ਇੱਟ ਕੁੱਤੇ ਦਾ ਵੈਰ (ਪੱਕਾ ਵੈਰ, ਬਹੁਤੀ ਦੁਸ਼ਮਣੀ) – ਪਹਿਲਾਂ ਤਾਂ ਦੋਹਾਂ ਗੁਆਂਢੀਆਂ ਵਿਚ ਬਥੇਰਾ ਪਿਆਰ ਸੀ ਪਰ ਅੱਜ-ਕਲ੍ਹ ਇੱਟ ਕੁੱਤੇ ਦਾ ਵੈਰ ਹੈ ।
26. ਸਿਰ ‘ਤੇ ਪੈਣੀ (ਕੋਈ ਔਕੜ ਆ ਪੈਣੀ) – ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ ।
27. ਸਿਰੋਂ ਪਾਣੀ ਲੰਘਣਾ (ਹੱਦ ਹੋ ਜਾਣੀ) – ਮੈਂ ਤੇਰੀਆਂ ਵਧੀਕੀਆਂ ਬਹੁਤ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ ।
28. ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ ਕਰਨੀ) – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
29. ਸੱਤੀਂ ਕੱਪੜੀਂ ਅੱਗ ਲੱਗਣੀ (ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ।
30. ਸਰ ਕਰਨਾ (ਜਿੱਤ ਲੈਣਾ) – ਬਾਬਰ ਨੇ 1526 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ‘ ਕੀਤਾ ਸੀ ।
31. ਸਿਰ ਪੈਰ ਨਾ ਹੋਣਾ (ਗੱਲ ਦੀ ਸਮਝ ਨਾ ਪੈਣੀ) – ਉਸ ਦੀਆਂ ਗੱਲਾਂ ਦਾ ਕੋਈ ਸਿਰ-ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।
32. ਸਿਰ ਫੇਰਨਾ (ਇਨਕਾਰ ਕਰਨਾ) – ਜਦੋਂ ਮੈਂ ਉਸ ਤੋਂ ਪੰਜ ਸੌ ਰੁਪਏ ਉਧਾਰ ਮੰਗੇ ਤਾਂ ਉਸ ਨੇ ਸਿਰ ਫੇਰ ਦਿੱਤਾ ।
33. ਹੱਥੀਂ ਛਾਂਵਾਂ ਕਰਨੀਆਂ (ਆਓ-ਭਗਤ ਕਰਨੀ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ ।
34. ਹੱਥ ਤੰਗ ਹੋਣਾ (ਗਰੀਬੀ ਆ ਜਾਣੀ) – ਮਹਿੰਗਾਈ ਦੇ ਜ਼ਮਾਨੇ ਵਿਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ ।
35. ਹੱਥ-ਪੈਰ ਮਾਰਨਾ (ਕੋਸ਼ਿਸ਼ ਕਰਨੀ) – ਉਸ ਨੇ ਵਿਦੇਸ਼ ਜਾਣ ਲਈ ਬਥੇਰੇ ਹੱਥ-ਪੈਰ . ਮਾਰੇ, ਪਰ ਗੱਲ ਨਾ ਬਣੀ ।
36. ਹਰਨ ਹੋ ਜਾਣਾ (ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ ।
37. ਹੱਥ ਅੱਡਣਾ (ਮੰਗਣਾ) – ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ ।
38. ਹੱਥ ਵਟਾਉਣਾ (ਮੱਦਦ ਕਰਨਾ) – ਦਰਾਣੀ-ਜਠਾਨੀ ਘਰ ਦੇ ਕੰਮਾਂ ਵਿਚ ਇਕ-ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ ।
39. ਹੱਥ ਪੀਲੇ ਕਰਨੇ (ਵਿਆਹ ਕਰਨਾ) – 20 ਨਵੰਬਰ, 2008 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ ।
40. ਕੰਨ ਕੁਨੇ (ਠੱਗ ਲੈਣਾ) – ਉਹ ਬਨਾਰਸੀ ਠੱਗ ਹੈ, ਉਸ ਤੋਂ ਬਚ ਕੇ ਰਹਿਣਾ । ਉਹ ਤਾਂ ਚੰਗੇ-ਭਲੇ ਸਿਆਣੇ ਦੇ ਕੰਨ ਕੁਤਰ ਲੈਂਦਾ ਹੈ ।
41. ਕੰਨੀ ਕਤਰਾਉਣਾ (ਪਰੇ-ਪਰੇ ਰਹਿਣਾ) – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ ।
42. ਕਲਮ ਦਾ ਧਨੀ (ਪ੍ਰਭਾਵਸ਼ਾਲੀ ਲਿਖਾਰੀ) – ਲਾਲਾ ਧਨੀ ਰਾਮ ਚਾਤ੍ਰਿਕ ਕਲਮ ਦਾ ਧਨੀ ਸੀ ।
43. ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ) – ਸ਼ਾਮ ਚੋਰੀ ਕਰਦਾ ਫੜਿਆ ਗਿਆ ਤੇ ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਉਸ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ ।
44. ਕੰਨਾਂ ਦਾ ਕੱਚਾ ਹੋਣਾ (ਲਾਈ-ਲੱਗ ਹੋਣਾ) – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ।
45. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ ।
46, ਖਿਚੜੀ ਪਕਾਉਣਾ (ਲਕ ਕੇ ਕਿਸੇ ਦੇ ਵਿਰੁੱਧ ਸਲਾਹ ਕਰਨੀ) – ਕਲ ਦੋਹਾਂ ਮਿੱਤਰਾਂ ਨੇ ਇਕੱਲੇ ਅੰਦਰ ਬਹਿ ਕੇ ਪਤਾ ਨਹੀਂ ਕੀ ਖਿਚੜੀ ਪਕਾਈ ਕਿ ਅੱਜ ਉਨ੍ਹਾਂ ਨੇ ਮਿਲ ਕੇ ਆਪਣੇ ਦੁਸ਼ਮਣ ਜੀਤੇ ਦਾ ਸਿਰ ਲਾਹ ਦਿੱਤਾ ।
47. ਖੂਨ ਖੌਲਣਾ (ਜੋਸ਼ ਆ ਜਾਣਾ) – ਮੁਗ਼ਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਖੋਲਣਾ ਸ਼ੁਰੂ ਹੋ ਗਿਆ ।
48. ਖਿੱਲੀ ਉਡਾਉਣਾ (ਮਖੌਲ ਉਡਾਉਣਾ) – ਕੁੱਝ ਮਨ-ਚਲੇ ਨੌਜਵਾਨ ਇਕ ਅਪਾਹਜ ਦੀ ਖਿੱਲੀ ਉਡਾ ਰਹੇ ਸਨ ।
49. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ-ਚਾਚੇ ਦੇ ਸਾਰੇ ਪੁੱਤਰ ਖੰਡ-ਖੀਰ ਹੋ ਕੇ ਰਹਿੰਦੇ ਹਾਂ ।
50. ਖ਼ਾਰ ਖਾਣੀ (ਈਰਖਾ ਕਰਨੀ) – ਮੇਰੇ ਕਾਰੋਬਾਰ ਦੀ ਤਰੱਕੀ ਦੇਖ ਕੇ ਉਹ ਮੇਰੇ ਨਾਲ ਬੜੀ ਖ਼ਾਰ ਖਾਂਦਾ ਹੈ ।
51. ਖੁੰਬ ਠੱਪਣੀ (ਆਕੜ ਭੰਨਣੀ) – ਮੈਂ ਉਸ ਨੂੰ ਖ਼ਰੀਆਂ-ਖ਼ਰੀਆਂ ਸੁਣਾ ਕੇ ਉਸ ਦੀ ਖੂਬਖੁੰਬ ਠੱਪੀ ।
52. ਖੇਰੂੰ-ਖੇਰੂੰ ਹੋ ਜਾਣਾ (ਆਪੋ ਵਿਚ ਪਾ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੁ ਬੁਰਛਾਗਰਦੀ ਕਾਰਨ ਖੇਰੂੰ-ਖੇਰੂੰ ਹੋ ਗਿਆ |
53. ਗਲ ਪਿਆ ਢੋਲ ਵਜਾਉਣਾ (ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ ।
54. ਗਲਾ ਭਰ ਆਉਣਾ (ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ ।
55. ਗਲ ਪੈਣਾ (ਲੜਨ ਨੂੰ ਤਿਆਰ ਹੋ ਜਾਣਾ) – ਮੈਂ ਸ਼ਾਮ ਨੂੰ ਕੁੱਝ ਵੀ ਨਹੀਂ ਸੀ ਕਿਹਾ, ਉਹ ਐਵੇਂ ਹੀ ਮੇਰੇ ਗਲ ਪੈ ਗਿਆ ।
56. ਗੋਦੜੀ ਦਾ ਲਾਲ (ਗੁੱਝਾ ਗੁਣਵਾਨ) – ਇਸ ਰਿਕਸ਼ੇ ਵਾਲੀ ਦਾ ਮੁੰਡਾ ਤਾਂ ਗੋਦੜੀ ਦਾ ਲਾਲ ਨਿਕਲਿਆ, ਜੋ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰ ਗਿਆ ।
57. ਗੁੱਡੀ ਚੜ੍ਹਨਾ (ਤੇਜ ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ ।
58. ਘਿਓ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ) – ਲਾਟਰੀ ਨਿਕਲਣ ਦੀ ਖ਼ੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ ।
59. ਘੋੜੇ ਵੇਚ ਕੇ ਸੌਣਾ (ਬੇਫ਼ਿਕਰ ਹੋਣਾ) – ਦੇਖ, ਮਨਜੀਤ ਕਿਸ ਤਰ੍ਹਾਂ ਘੋੜੇ ਵੇਚ ਕੇ ਸੁੱਤਾ ਪਿਆ ਹੈ, ਗਿਆਰਾਂ ਵੱਜ ਗਏ ਹਨ, ਅਜੇ ਤਕ ਉੱਠਿਆ ਹੀ ਨਹੀਂ ।
60. ਘਰ ਕਰਨਾ (ਦਿਲ ਵਿਚ ਬੈਠ ਜਾਣਾ) – ਗੁਰੂ ਜੀ ਦੀ ਸਿੱਖਿਆ ਮੇਰੇ ਦਿਲ ਵਿਚ ਘਰ ਕਰ ਗਈ ।
61. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ-ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ ।
62. ਚਰਨ ਧੋ ਕੇ ਪੀਣਾ (ਬਹੁਤ ਆਦਰ ਕਰਨਾ) – ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ ।
63. ਛੱਕੇ ਛੁਡਾਉਣੇ (ਭਾਜੜ ਪਾ ਦੇਣੀ) – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ।
64. ਚਾਦਰ ਦੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ ਖ਼ਰਚ ਤੋਂ ਬਚਣਾ ਚਾਹੀਦਾ ਹੈ ।
65. ਛਾਤੀ ਨਾਲ ਲਾਉਣਾ (ਪਿਆਰ ਕਰਨਾ) – ਕੁਲਦੀਪ ਨੂੰ ਪ੍ਰੀਖਿਆ ਵਿਚੋਂ ਫ਼ਸਟ ਰਿਹਾ ਜਾਣ ਕੇ ਮਾਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ ।
66. ਛਿੱਲ ਲਾਹੁਣੀ (ਲੁੱਟ ਲੈਣਾ) – ਅੱਜ-ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ-ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ ।
67. ਜਾਨ ‘ਤੇ ਖੇਡਣਾ (ਜਾਨ ਵਾਰ ਦੇਣੀ) – ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ ।
68. ਜ਼ਬਾਨ ਦੇਣੀ (ਇਕਰਾਰ ਕਰਨਾ) – ਮੈਂ ਜੇ ਜ਼ਬਾਨ ਦੇ ਦਿੱਤੀ ਹੈ, ਤਾਂ ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ ।
69. ਜ਼ਬਾਨ ਫੇਰ ਲੈਣੀ (ਮੁੱਕਰ ਜਾਣਾ) – ਤੂੰ ਝੱਟ-ਪੱਟ ਹੀ ਆਪਣੀ ਜ਼ਬਾਨ ਫੇਰ ਲੈਂਦਾ ਏਂ, ਇਸੇ ਕਰਕੇ ਹੀ ਤੂੰ ਮੇਰਾ ਵਿਸ਼ਵਾਸ-ਪਾਤਰ ਨਹੀਂ ਰਿਹਾ ।
70.ਜਾਨ ਤਲੀ ‘ਤੇ ਧਰਨੀ (ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ ।
71.ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ ।
72. ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ-ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ ।
73. ਟਾਲ-ਮਟੋਲ ਕਰਨਾ (ਬਹਾਨੇ ਬਣਾਉਣੇ) – ਰਾਮ ! ਜੇ ਤੂੰ ਕਿਤਾਬ ਦੇਣੀ ਹੈ, ਤਾਂ ਦੇਹ, ਨਹੀਂ ਤਾਂ ਐਵੇਂ ਫ਼ਜ਼ਲ ਟਾਲ-ਮਟੋਲ ਨਾ ਕਰ ।
74. ਠੰਢੀਆਂ ਛਾਵਾਂ ਮਾਨਣਾ (ਸੁਖ ਮਾਨਣਾ) – ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆਂ ਕਿਹਾ, “ ਆਪਣੇ ਘਰ ਠੰਢੀਆਂ ਛਾਵਾਂ ਮਾਣੇ।’
75. ਡਕਾਰ ਜਾਣਾ (ਹਜ਼ਮ ਕਰ ਜਾਣਾ) – ਅੱਜ-ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ ।
76. ਢਿੱਡ ਵਿੱਚ ਚੂਹੇ ਨੱਚਣਾ (ਬਹੁਤ ਭੁੱਖ ਲੱਗਣੀ) – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ ।
77. ਢੇਰੀ (ਢਿੱਗੀ) ਢਾਹੁਣੀ (ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ (ਢਿੱਗੀ) ਨਹੀਂ ਢਾਹੁਣੀ ਚਾਹੀਦੀ ।
78. ਤੱਤੀ ਵਾ ਨਾ ਲੱਗਣੀ (ਕੋਈ ਦੁੱਖ ਨਾਂ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ ।
79.ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ ।
80. ਤਾਹ ਨਿਕਲਣਾ (ਅਚਾਨਕ ਡਰ ਜਾਣਾ) – ਆਪਣੇ ਕਮਰੇ ਵਿਚ ਸੱਪ ਨੂੰ ਦੇਖ ਮੇਰਾ ਤਾਹ ਨਿਕਲ ਗਿਆ ।
81.ਤਖ਼ਤਾ ਉਲਟਾਉਣਾ (ਇਨਕਲਾਬ ਲਿਆਉਣਾ) – ਗ਼ਦਰ ਪਾਰਟੀ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣਾ ਚਾਹੁੰਦੀ ਸੀ ।
82. ਤੂਤੀ ਬੋਲਣੀ (ਪ੍ਰਸਿੱਧੀ ਹੋਣੀ) – ਅੱਜ-ਕੱਲ੍ਹ ਸਕੂਲਾਂ ਵਿਚ ਐੱਮ.ਬੀ.ਡੀ. ਦੀਆਂ ਪੁਸਤਕਾਂ ਦੀ ਤੂਤੀ ਬੋਲਦੀ ਹੈ ।
83. ਬੁੱਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ । ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ ।
84. ਥਰ-ਥਰ ਕੰਬਣਾ (ਬਹੁਤ ਡਰ ਜਾਣਾ) – ਪੁਲਿਸ ਨੂੰ ਦੇਖ ਕੇ ਜੁਆਰੀਏ ਥਰ-ਥਰ ਕੰਬਣ ਲੱਗ ਪਏ ।
85. ਦਿਨ ਫਿਰਨੇ (ਭਾਗ ਜਾਗਣੇ) – ਉਸ ਦੇ ਘਰ ਵਿਚ ਬੜੀ ਗ਼ਰੀਬੀ ਸੀ, ਪਰ ਜਦੋਂ ਦਾ ਉਸਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸਦੇ ਦਿਨ ਫਿਰ ਗਏ ਹਨ ।
86. ਦੰਦ ਪੀਹਣੇ (ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ ।
87. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ।
88. ਧੱਕਾ ਕਰਨਾ (ਅਨਿਆਂ ਕਰਨਾ) – ਪੰਚਾਇਤ ਦਾ ਕੰਮ ਕਿਸੇਂ ਨਾਲ ਧੱਕਾ ਕਰਨਾ ਨਹੀਂ, ਸਗੋਂ ਸਭ ਨੂੰ ਨਿਆਂ ਦੇਣਾ ਹੈ। |
89. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ) – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਹਨਾਂ ਦੇ ਧੌਲਿਆਂ ਦੀ ਲਾਜ ਰੱਖੇ। |
90. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।
91. ਨੱਕ ਰਗੜਨਾ (ਤਰਲੇ ਕਰਨਾ) – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਰਿੰਡੈਂਟ ਅੱਗੇ ਨੱਕ ਰਗੜ ਕੇ ਛੁੱਟਾ ।
92. ਪਿੱਠ ਠੋਕਣਾ (ਹੱਲਾ-ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ ।
93. ਪੁੱਠੀਆਂ ਛਾਲਾਂ ਮਾਰਨਾ (ਬਹੁਤ ਖੁਸ਼ ਹੋਣਾ) – ਉਸ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਉਹ ਪੁੱਠੀਆਂ ਛਾਲਾਂ ਮਾਰਨ ਲੱਗਾ ।
94. ਪਾਜ ਖੁੱਲ੍ਹ ਜਾਣਾ (ਭੇਦ ਖੁੱਲ੍ਹ ਜਾਣਾ) – ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਪਾਜ ਖੋਲ੍ਹ ਦਿੱਤਾ ।
95. ਪੈਰਾਂ ਹੇਠੋਂ ਜ਼ਮੀਨ ਖਿਸਕਣਾ (ਘਬਰਾ ਜਾਣਾ) – ਜਦੋਂ ਮੈਂ ਨਵ-ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ।
96. ਪਾਪੜ ਵੇਲਣਾ (ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ ।
97.ਫੁੱਲੇ ਨਾ ਸਮਾਉਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖੁਸ਼ੀ ਵਿਚ ਫੁੱਲੀ ਨਾ ਸਮਾਈ।
98. ਫਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ ।
99. ਫੁੱਟੀ ਅੱਖ ਨਾ ਭਾਉਣਾ (ਬਿਲਕੁਲ ਹੀ ਚੰਗਾ ਨਾ ਲੱਗਣਾ) – ਪਾਕਿਸਤਾਨ ਨੂੰ ਭਾਰਤ ਦੀ ਤਰੱਕੀ ਫੁੱਟੀ ਅੱਖ ਨਹੀਂ ਭਾਉਂਦੀ ।
100. ਬਾਂਹ ਭੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸ ਨੇ ਕਿਹਾ, “ਮੇਰੀ ਤਾਂ ਅੱਜ ਬਾਂਹ ਭੱਜ ਗਈ ।”
101. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ) – ਜਦੋਂ ਮੈਂ ਭਰੀ ਪੰਚਾਇਤ ਵਿਚ ਉਸ ਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸ ਨੇ ਬੁੱਕਲ ਵਿਚ ਮੂੰਹ ਦੇ ਲਿਆ ।
102. ਭੰਡੀ ਕਰਨੀ (ਬੁਰਾਈ ਕਰਨੀ) – ਜੋਤੀ ਹਮੇਸ਼ਾ ਗਲੀ ਵਿਚ ਆਪਣੀ ਦਰਾਣੀ ਦੀ ਭੰਡੀ ਕਰਦੀ ਰਹਿੰਦੀ ਹੈ ।
103. ਮੁੱਠੀ ਗਰਮ ਕਰਨੀ (ਵਿੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ ।
104. ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ) – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੁ-ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ ।
105. ਮੂੰਹ ਦੀ ਖਾਣੀ (ਬੁਰੀ ਤਰ੍ਹਾਂ ਹਾਰ ਖਾਣੀ) – ਪਾਕਿਸਤਾਨ ਨੇ ਜਦੋਂ ਵੀ ਭਾਰਤ ‘ਤੇ ਹਮਲਾ ਕੀਤਾ ਹੈ, ਉਸ ਨੇ ਮੂੰਹ ਦੀ ਖਾਧੀ ਹੈ ।
106. ਮੱਖਣ ਵਿਚੋਂ ਵਾਲ ਵਾਂਗੂ ਕੱਢਣਾ (ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ ।
107. ਯੱਕੜ ਮਾਰਨੇ (ਗੱਪਾਂ ਮਾਰਨੀਆਂ) – ਬਲਜੀਤ ਸਾਰਾ ਦਿਨ ਵਿਹਲਿਆਂ ਦੀ ਢਾਣੀ ਵਿਚ ਬਹਿ ਕੇ ਯੱਕੜ ਮਾਰਦਾ ਰਹਿੰਦਾ ਹੈ ।
108. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ-ਚੜ੍ਹਾ ਕੇ ਕਰਨੀ) – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ ।
109. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬ-ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ ।
110. ਲੜ ਫੜਨਾ (ਸਹਾਰਾ ਦੇਣਾ) – ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਲੜ ਫੜਿਆ ।
111. ਰੰਗ ਉੱਡ ਜਾਣਾ (ਘਬਰਾ ਜਾਣਾ) – ਪੁਲਿਸ ਨੂੰ ਦੇਖ ਕੇ ਚੋਰਾਂ ਦੇ ਰੰਗ ਉੱਡ ਗਏ ।
112. ਲਹੂ ਘਰਨਾ (ਪਿਆਰ ਜਾਗ ਪੈਣਾ) – ਆਪਣੇ ਭਾਵੇਂ ਬੁਰਾ ਵੀ ਕਰਨ ਪਰੰਤੂ ਉਨ੍ਹਾਂ ਨੂੰ ਦੇਖ ਕੇ ਲਹੂ ਪੰਘਰ ਹੀ ਜਾਂਦਾ ਹੈ ।
113. ਲਹੂ ਸੁੱਕਣਾ (ਫ਼ਿਕਰ ਹੋਣਾ) – ਮੇਰਾ ਤਾਂ ਇਹ ਸੋਚ ਕੇ ਲਹੂ ਸੁੱਕਾ ਰਹਿੰਦਾ ਹੈ ਕਿ ਮੈਂ ਕਿਤੇ ਫੇਲ੍ਹ ਹੀ ਨਾ ਹੋ ਜਾਵਾਂ ।
14. ਵਾਲ ਵਿੰਗਾ ਨਾ (ਹੋਣਾ ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ।
115. ਵੇਲੇ ਨੂੰ ਰੋਣਾ (ਸਮਾਂ ਗੁਆ ਕੇ ਪਛਤਾਉਣਾ) – ਮੈਂ ਤੈਨੂੰ ਕਹਿੰਦੀ ਹਾਂ ਕਿ ਕੰਮ ਦੀ ਇਹੋ ਹੀ ਉਮਰ ਹੈ, ਪਰ ਤੂੰ ਮੇਰੀ ਗੱਲ ਮੰਨਦਾ ਹੀ ਨਹੀਂ । ਯਾਦ ਰੱਖ, ਵੇਲੇ ਨੂੰ ਰੋਵੇਂਗਾ ।