Punjab State Board PSEB 7th Class Punjabi Book Solutions Chapter 3 ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ Textbook Exercise Questions and Answers.
PSEB Solutions for Class 7 Punjabi Chapter 3 ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ (1st Language)
Punjabi Guide for Class 7 PSEB ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ Textbook Questions and Answers
ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ ਪਾਠ-ਅਭਿਆਸ
1. ਦੱਸੋ :
(ੳ) ਸੁਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
ਉੱਤਰ :
ਸੁਰਿੰਦਰ ਕੌਰ ਦਾ ਜਨਮ 25 ਨਵੰਬਰ, 1929 ਨੂੰ ਲਾਹੌਰ ਵਿਚ ਹੋਇਆ।
(ਅ) ਸੁਰਿੰਦਰ ਕੌਰ ਨੇ ਕਿਹੜੇ-ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ ?
ਉੱਤਰ :
ਸੁਰਿੰਦਰ ਕੌਰ ਨੇ ਗਾਇਕੀ ਦੀ ਸਿੱਖਿਆ ਬਹੁਤ ਸਾਰੇ ਉਸਤਾਦਾਂ ਤੋਂ ਲਈ। ਉਸ ਨੇ ਬੜੇ ਗੁਲਾਮ ਅਲੀ ਖ਼ਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ। ਪਟਿਆਲਾ ਘਰਾਣੇ ਦੇ ਸੰਗੀਤ ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ, ਗ਼ਜ਼ਲ ਤੇ ਠੁਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਕਾਫ਼ੀਆਂ ਗਾਉਣ ਦਾ ਹੁਨਰ ਉਸ ਨੇ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ।
(ਏ) ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਸਿੱਧੀ ਵਧੀ, ਦੱਸੋ ਕਿਵੇਂ ?
ਉੱਤਰ :
ਸੁਰਿੰਦਰ ਕੌਰ ਨੂੰ 12 – 13 ਸਾਲਾਂ ਦੀ ਉਮਰ ਵਿਚ ਹੀ ਲਾਹੌਰ ਰੇਡੀਓ ਸਟੇਸ਼ਨ ‘ਤੇ ਬੱਚਿਆਂ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉਸ ਦੀ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਪ੍ਰਬੰਧਕਾਂ ਨੇ ਉਸ ਤੋਂ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਸ ਦੀ ਪ੍ਰਸਿੱਧੀ ਇੰਨੀ ਵਧ ਗਈ ਸੀ ਕਿ ‘ਹਿਜ਼ ਮਾਸਟਰਜ਼ ਵਾਇਸ ਕੰਪਨੀ ਵਾਲਿਆਂ ਨੇ ਤੇ ਫ਼ਿਲਮ ਇੰਡਸਟਰੀ ਵਾਲਿਆਂ ਨੇ ਉਸਨੂੰ ਗਾਉਣ ਲਈ ਬੁਲਾਇਆ। ਨਵੰਬਰ, 1943 ਵਿਚ ਉਸ ਦਾ ਪਹਿਲਾਂ ਗੀਤ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ ਰਿਕਾਰਡ ਹੋਇਆ। ਇਸ ਪ੍ਰਕਾਰ ਛੋਟੀ ਉਮਰ ਵਿਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਵਧਣ ਲੱਗੀ ਸੀ।
(ਸ) ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ ?
ਉੱਤਰ :
ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਦੱਸਿਆ ਕਿ ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਉਸ ਦਾ ਵਿਸ਼ਵਾਸ ਸੀ ਕਿ ਇਹ ਸ਼ੌਕ ਉਸ ਨੂੰ ਰੱਬ ਨੇ ਆਪ ਹੀ ਆਪਣੀ ਅਪਾਰ ਕਿਰਪਾ ਨਾਲ ਲਾਇਆ ਸੀ ਤੇ ਉਸ ਦੀ ਹੀ ਅਪਾਰ ਕਿਰਪਾ ਨਾਲ ਇਹ ਪੂਰਾ ਹੋਇਆ ਹੈ ਤੇ ਹੁੰਦਾ ਰਹੇਗਾ।
(ਹ) ਸੁਰਿੰਦਰ ਕੌਰ ਦੇ ਗਾਏ ਗੀਤਾਂ ਵਿੱਚੋਂ ਕਿਹੜੇ-ਕਿਹੜੇ ਗੀਤ ਵੱਧ ਹਰਮਨ-ਪਿਆਰੇ ਹੋਏ ?
ਉੱਤਰ :
ਸੁਰਿੰਦਰ ਕੌਰ ਦੇ ਗਾਏ ਗੀਤਾਂ ਵਿਚੋਂ ਹੇਠ ਲਿਖੇ ਗੀਤ ਵਧੇਰੇ ਹਰਮਨ – ਪਿਆਰੇ ਹੋਏ
(ਉ) ਸੜਕੇ – ਸੜਕੇ ਜਾਂਦੀਏ ਮੁਟਿਆਰੇ ਨੀ,
ਕੰਡਾ ਚੁੱਭਾ ਤੇਰੇ ਪੈਰ, ਬਾਂਕੀਏ ਨਾਰੇ ਨੀ….।
(ਅ) ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ….
(ਈ) ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉਡ ਜਾਣਾ।
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ…..!
(ਸ) ਲੱਠੇ ਦੀ ਚਾਦਰ, ਉੱਤੇ ਸਲੇਟੀ ਰੰਗ ਮਾਹੀਆ……
(ਕ) “ਸਾਡਾ ਚਿੜੀਆਂ ਦਾ ਚੰਬਾ ਗੀਤ ਸੁਰਿੰਦਰ ਕੌਰ ਦੇ ਪਰਿਵਾਰ ਦੇ ਜੀਆਂ ਵਿੱਚੋਂ ਹੋਰ ਕਿਸ-ਕਿਸ ਨੇ ਗਾਇਆ ?
ਉੱਤਰ :
ਇਹ ਗੀਤ ਸੁਰਿੰਦਰ ਕੌਰ ਦੇ ਪਰਿਵਾਰ ਵਿਚ ਉਸ ਦੇ ਨਾਲ ਹੀ ਉਸਦੀਆਂ ਦੋਹਾਂ ਭੈਣਾਂ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਨੇ ਗਾਇਆ। ਫਿਰ ਇਹੋ ਗੀਤ ਉਸ ਦੀ ਧੀ ਡੌਲੀ ਗੁਲੇਰੀਆ ਅਤੇ ਉਸ ਦੀ ਦੋਹਤੀ ਸੁਨੈਨਾ ਨੇ ਗਾਇਆ।
(ਖ) ਸੁਰਿੰਦਰ ਕੌਰ ਦੇ ਪਤੀ ਨੇ ਉਹਨਾਂ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ ?
ਉੱਤਰ :
ਸੁਰਿੰਦਰ ਕੌਰ ਦੇ ਪਤੀ ਜੁਗਿੰਦਰ ਸਿੰਘ ਸੋਢੀ ਨੇ ਉਸ ਦੇ ਇਕ ਸਿਰਕੱਢ ਗਾਇਕਾ ਬਣਨ ਵਿਚ ਭਰਪੂਰ ਹਿੱਸਾ ਪਾਇਆ।ਉਹ ਉਸ ਲਈ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਤੇ ਫਿਰ ਉਨ੍ਹਾਂ ਬੋਲਾਂ ਨੂੰ ਸੰਗੀਤ ਦੀਆਂ ਧੁਨਾਂ ਤੇ ਗਾਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ। ਉਹ ਉਸ ਨੂੰ ਰੋਜ਼ਾਨਾ ਰਿਆਜ਼ ਕਰਨ ਲਈ ਵੀ ਕਹਿੰਦੇ।
(ਗ) ਕੀ ਕਾਰਨ ਸੀ ਕਿ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ ਪ੍ਰਿਆਂ ਨੂੰ ਕੀਲ ਲੈਂਦੀ ਸੀ ?
ਉੱਤਰ :
ਸੁਰਿੰਦਰ ਕੌਰ ਦੁਆਰਾ ਗੀਤ ਪੇਸ਼ ਕਰਨ ਸਮੇਂ ਸ੍ਰੋਤਿਆਂ ਨੂੰ ਕੀਲ ਲੈਣ ਪਿੱਛੇ ਉਸ ਦਾ ਵਰਿਆਂ ਦਾ ਰਿਆਜ਼ ਕੰਮ ਕਰਦਾ ਸੀ। ਉਸ ਦਾ ਹੱਥਾਂ ਵਿਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਤੇ ਉੱਚੀ ਹੇਕ ਇਸ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਸਨ। ਇਸ ਦੇ ਨਾਲ ਹੀ ਉਹ ਸਧਾਰਨ ਲੋਕ – ਸਾਜ਼ਾਂ ਦੀ ਵਰਤੋਂ ਕਰਦੀ ਸੀ।
(ਘ) ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਥਾਂਵਾਂ ‘ਤੇ ਗੀਤ ਪੇਸ਼ ਕੀਤੇ ?
ਉੱਤਰ :
ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਬਹੁਤ ਸਾਰੇ ਮਹਾਂਨਗਰਾਂ ਮੁੰਬਈ, ਕੋਲਕਾਤਾ, ਪੂਨਾ, ਚੇਨੱਈ, ਬੰਗਲੌਰ, ਪਟਨਾ ਤੇ ਦਿੱਲੀ ਆਦਿ ਵਿਚ ਗਾਇਆ। ਇਸ ਤੋਂ ਇਲਾਵਾ ਉਸ ਨੇ ਭਾਰਤ ਤੋਂ ਬਾਹਰ ਚੀਨ, ਰੂਸ, ਇੰਗਲੈਂਡ, ਕੈਨੇਡਾ, ਅਮਰੀਕਾ ਤੇ ਅਫ਼ਰੀਕਾ ਆਦਿ ਦੇਸ਼ਾਂ ਵਿਚ ਵੀ ਜਾ ਕੇ ਗਾਇਆ।
2. ਔਖੇ ਸ਼ਬਦਾਂ ਦੇ ਅਰਥ :
- ਸੁਰੀਲੀ : ਮਿੱਠੀ ਸੁਰ ਵਿੱਚ
- ਸ਼ੁਹਰਤ : ਸਿੱਧੀ, ਮਸ਼ਹੂਰੀ
- ਪ੍ਰਬਲ ਇੱਛਾ : ਤੀਬਰ ਇੱਛਾ
- ਇਲਾਹੀ ਸਰੂਰ : ਰੱਬੀ ਮਸਤੀ
- ਅਪਾਰ ਕਿਰਪਾ : ਅਤਿਅੰਤ ਮਿਹਰ
- ਦਹਾਕਾ : ਦਸ ਵਰਿਆਂ ਦਾ ਸਮਾਂ
- ਉਸਤਾਦ : ਸਿੱਖਿਅਕ, ਕੋਈ ਹੁਨਰ ਸਿਖਾਉਣ ਵਾਲਾ
- ਰਿਆਜ਼ : ਅਭਿਆਸ, ਮੁਹਾਰਤ
- ਸੋਤੋ : ਸੁਣਨ ਵਾਲੇ
- ਸਮਰੱਥਾ : ਯੋਗਤਾ, ਤਾਕਤ, ਬਲ, ਸ਼ਕਤੀ
- ਸਮਰਪਿਤ : ਅਰਪਣ ਕੀਤਾ ਹੋਇਆ, ਭੇਟਾ ਚੜਿਆ
- ਭਰਪੂਰ : ਭਰਿਆ ਹੋਇਆ, ਪੂਰਨ
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਕਲਾਕਾਰ, ਅੰਤਰਰਾਸ਼ਟਰੀ, ਪ੍ਰਭਾਵਿਤ, ਹਰਮਨ-ਪਿਆਰੇ, ਸਿਰਕੱਢ, ਹਿੰਦੁਸਤਾਨ, ਸੱਭਿਆਚਾਰ, ਸੁਹਾਗ।
ਉੱਤਰ :
- ਕਲਾਕਾਰ ਹੁਨਰਮੰਦ, ਸੰਗੀਤਕਾਰ, ਗਾਇਕ ਆਦਿ) – ਸ: ਸੋਭਾ ਸਿੰਘ ਇਕ ਬਹੁਤ ਵੱਡਾ ਕਲਾਕਾਰ ਸੀ। ਉਸ ਨੇ ਬਹੁਤ ਸਾਰੇ ਚਿਤਰ ਬਣਾਏ।
- ਅੰਤਰ – ਰਾਸ਼ਟਰੀ ਬਹੁਤ ਸਾਰੇ ਦੇਸ਼ਾਂ ਤੇ ਕੌਮਾਂ ਨਾਲ ਸੰਬੰਧਿਤ) – ਯੂ.ਐੱਨ.ਓ. ਇਕ ਅੰਤਰ – ਰਾਸ਼ਟਰੀ ਸੰਸਥਾ ਹੈ।
- ਪ੍ਰਭਾਵਿਤ (ਜਿਸ ਉੱਤੇ ਅਸਰ ਹੋਵੇ) – ਸੰਗੀਤਕਾਰ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋਏ ਸੋਤੇ ਝੂਮਣ ਲੱਗ ਪਏ।
- ਹਰਮਨ – ਪਿਆਰੇ ਹਰ ਇਕ ਦੇ ਪਿਆਰੇ) – ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀਆਂ ਵਿਚ ਬਹੁਤ ਹਰਮਨ ਪਿਆਰੇ ਹਨ।
- ਸਿਰ – ਕੱਢ (ਉੱਚੇ ਕੱਦ ਵਾਲਾ, ਉੱਚੇ ਦਰਜੇ ਤੇ ਪੁੱਜਾ ਹੋਇਆ) – ਸ਼ਹੀਦ ਭਗਤ ਸਿੰਘ ਇਕ ਸਿਰ – ਕੱਢ ਇਨਕਲਾਬੀ ਸੀ।
- ਗਾਇਕਾ ਗਾਉਣ ਵਾਲੀ) – ਸੁਰਿੰਦਰ ਕੌਰ ਪੰਜਾਬੀ ਦੀ ਹਰਮਨ – ਪਿਆਰੀ ਗਾਇਕਾ ਸੀ। 7. ਹਿੰਦੁਸਤਾਨ (ਭਾਰਤ) – ਅੰਗਰੇਜ਼ਾਂ ਨੇ ਢਾਈ ਸੌ ਸਾਲ ਹਿੰਦੁਸਤਾਨ ‘ਤੇ ਰਾਜ ਕੀਤਾ।
- ਸਭਿਆਚਾਰ (ਕਿਸੇ ਇਲਾਕੇ ਦੇ ਲੋਕਾਂ ਦਾ ਰਹਿਣ – ਸਹਿਣ, ਜੀਵਨ – ਜਾਚ, ਮਨੋਰੰਜਨ ਦੇ ਸਾਧਨ ਅਤੇ ਰਸਮਾਂ – ਰੀਤਾਂ ਆਦਿ – ਲੋਕ – ਗੀਤ ਸਭਿਆਚਾਰ ਦਾ ਦਰਪਣ ਹੁੰਦੇ ਹਨ।
- ਸੁਹਾਗ (ਕੁੜੀ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਗੀਤ) – ਕੁੜੀ ਦੇ ਵਿਆਹ ਵਾਲੇ ਘਰ ਸੁਹਾਗ ਦੇ ਗੀਤ ਗਾਏ ਜਾ ਰਹੇ ਸਨ।
- ਘੋੜੀਆਂ ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਗੀਤ – ਮੁੰਡੇ ਦੇ ਵਿਆਹ ਵਾਲੇ ਘਰ ਤੀਵੀਆਂ ਇਕੱਠੀਆਂ ਹੋ ਕੇ ਘੋੜੀਆਂ ਗਾ ਰਹੀਆਂ ਸਨ।
- ਅਮੁੱਲ (ਜਿਸ ਦਾ ਮੁੱਲ ਨਾ ਪਾਇਆ ਜਾ ਸਕੇ) – ਉੱਚਾ ਚਰਿੱਤਰ ਅਮੁੱਲ ਵਸਤੁ ਹੈ !
- ਇਲਾਹੀ (ਰੱਬੀ) – ਗੁਰਦੁਆਰੇ ਵਿਚ ਗੁਰੂ ਸਾਹਿਬਾਂ ਦੀ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਸੀ।
- ਸ਼ੁਹਰਤ ਪ੍ਰਸਿੱਧੀ – ਸੁਰਿੰਦਰ ਕੌਰ ਨੂੰ ਆਪਣੀ ਸੁਰੀਲੀ ਗਾਇਕੀ ਕਾਰਨ ਪੰਜਾਬ ਵਿਚ ਬਹੁਤ ਸ਼ੁਹਰਤ ਪ੍ਰਾਪਤ ਹੋਈ।
- ਕੀਲ ਕੇ ਬਿਠਾਉਣਾ ਵਿੱਸ ਵਿੱਚ ਕਰ ਲੈਣਾ, ਬੰਨ੍ਹ ਕੇ ਬਿਠਾ ਲੈਣਾ) – ਜਦੋਂ ਸੁਰਿੰਦਰ ਕੌਰ ਸਟੇਜ ਉੱਤੇ ਗਾਉਂਦੀ ਸੀ, ਤਾਂ ਉਹ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਂਦੀ ਸੀ।
- ਉਸਤਾਦ (ਗੁਰੂ) – ਸੁਰਿੰਦਰ ਕੌਰ ਨੇ ਬਹੁਤ ਸਾਰੇ ਉਸਤਾਦਾਂ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ।
- ਅਪਾਰ (ਜਿਸ ਦਾ ਕੋਈ ਹਿਸਾਬ – ਕਿਤਾਬ ਨਾ ਲੱਗੇ) – ਸੁਰਿੰਦਰ ਕੌਰ ਉੱਤੇ ਪਰਮਾਤਮਾ ਦੀ ਅਪਾਰ ਬਖ਼ਸ਼ਿਸ਼ ਸੀ।
- ਦਹਾਕਾ (ਦਸ ਸਾਲ) – ਇਹ ਘਟਨਾ ਅੱਜ ਤੋਂ ਦੋ ਦਹਾਕੇ ਪਹਿਲਾਂ ਵਾਪਰੀ।
- ਮਿਸਾਲ ਉਦਾਹਰਨ) – ਸੁਰਿੰਦਰ ਕੌਰ ਦੀ ਗਾਇਕੀ ਲਾ – ਮਿਸਾਲ ਸੀ।
- ਵਿਰਸਾ (ਪਿਓ – ਦਾਦਿਆਂ ਤੋਂ ਮਿਲੀ ਵਸਤੂ – ਮਨਜੀਤ ਨੂੰ ਬਹੁਤ ਸਾਰੀ ਜ਼ਮੀਨ ਵਿਰਸੇ ਵਿਚੋਂ ਹੀ ਮਿਲੀ।
- ਸਮਰਪਿਤ ਅਰੰਪਿਤ, ਭੇਟ – ਸ: ਭਗਤ ਸਿੰਘ ਦਾ ਸਾਰਾ ਜੀਵਨ ਦੇਸ਼ – ਕੌਮ ਲਈ ਸਮਰਪਿਤ ਸੀ।
4. ਅਧਿਆਪਕ ਦੀ ਮਦਦ ਨਾਲ ਇਸ ਪਾਠ ਵਿੱਚੋਂ ਪੜਨਾਂਵ-ਸ਼ਬਦਾਂ ਦੀ ਸੂਚੀ ਤਿਆਰ ਕਰੋ।
5. ਵਿਆਕਰਨ :
ਕਿਰਿਆ: ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਸਹਿਣਾ ਕਾਲ ਸਹਿਤ ਪਾਇਆ ਜਾਵੇ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ, ਜਿਵੇਂ: ਗਾਉਣਾ, ਖਾਣਾ, ਜਾਣਾ, ਹੱਸਣਾ, ਬੋਲਣਾ ਆਦਿ।
ਕਿਰਿਆ ਦੀ ਪਹਿਲੀ ਕਿਸਮ ਦੀ ਪ੍ਰਕਾਰ-ਵੰਡ:
1. ਅਕਰਮਕ ਕਿਰਿਆ: ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ।
(ੳ) ਸੁਰਿੰਦਰ ਕੌਰ ਗਾਉਂਦੀ ਸੀ।
(ਅ) ਤਾ ਸੁਣਦਾ ਹੈ।
(ੲ) ਸੁਨੈਨਾ ਵੀ ਕਦੇ-ਕਦੇ ਗਾਉਂਦੀ ਹੈ।
(ਸ) ਵਰਦਾ ਹੈ।
ਉੱਤਰ :
(ੳ) ਗਾਉਂਦੀ ਸੀ
(ਅ) ਸੁਣਦਾ ਹੈ
(ਈ) ਗਾਉਂਦੀ ਹੈ
(ਸ) ਵਰਦਾ ਹੈ।
ਉਪਰੋਕਤ ਵਾਕਾਂ ਵਿੱਚ ਸੁਰਿੰਦਰ ਕੌਰ, ਤਾ ਅਤੇ ਸੁਨੈਨਾ ਸ਼ਬਦ ਕਰਤਾ ਹਨ ਤੇ ਗਾਉਂਦੀ ਸੀ, ਗਾਇਆ ਸੀ ਤੇ ਗਾਉਂਦੀ ਹੈ, ਅਕਰਮਕ ਕਿਰਿਆਵਾਂ ਹਨ।
ਜਿਹੜੇ ਵਾਕ ਵਿੱਚ ਕਿਰਿਆਦਾ ਕਰਤਾ ਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ, ਉਦਾਹਰਨ
(ੳ) ਸੁਰਿੰਦਰ ਕੌਰ ਨੇ ਲਾਹੌਰ ਵਿਖੇ ਵੀ ਗਾਇਆ।
(ਅ) ਉਸ ਨੇ ਵਧੇਰੇ ਕਰਕੇ ਲੋਕ-ਗੀਤ ਗਾਏ।
(ਏ) ਮੈਂ ਅਕਸਰ ਰੇਡੀਓ ਸੁਣਦਾ ਹਾਂ।
(ਸ) ਖਾਧੀ ਹੈ।
ਉੱਤਰ :
(ਉ) ਗਾਇਆ
(ਅ) ਗਾਏ
(ਈ) ਸੁਣਦਾ ਹਾਂ
(ਸ) ਖਾਧੀ ਹੈ।
ਉਪਰੋਕਤ ਵਾਕਾਂ ਵਿੱਚ ‘ਸੁਰਿੰਦਰ ਕੌਰ’, ਉਸ ਨੇ ਤੇ ‘ਮੇਂ ਸ਼ਬਦ ਕਰਤਾ ਹਨ। ‘ਲੋਕ-ਗੀਤ’, ‘ਰੇਡੀਓ’ ਤੇ “ਲਾਹੌਰ’ ਸ਼ਬਦ ਕਰਮ ਹਨ। ਇਸ ਲਈ‘ਗਾਇਆ’, ‘ਗਾਏ ਅਤੇ ਸੁਣਦਾ ਹਾਂ ਸ਼ਬਦ ਸਕਰਮਕ ਕਿਰਿਆਵਾਂ ਹਨ।
ਅਧਿਆਪਕ ਲਈ
ਵਿਦਿਆਰਥੀਆਂ ਨੂੰ ਅਜੋਕੀ ਪੰਜਾਬੀ ਦੀ ਮਾੜੀ ਦਸ਼ਾ-ਦਿਸ਼ਾ ਤੋਂ ਜਾਣੂ ਕਰਵਾਇਆ ਜਾਵੇ ਅਤੇ ਪੁਰਾਤਨ ਲੋਕ-ਗੀਤਾਂ ਨੂੰ ਸੁਣਨ ਤੇ ਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
PSEB 7th Class Punjabi Guide ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ Important Questions and Answers
ਪ੍ਰਸ਼ਨ –
“ਪੰਜਾਬ ਦੀ ਲੋਕ – ਗਾਇਕਾ : ਸੁਰਿੰਦਰ ਕੌਰ ਲੇਖ’ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸੁਰਿੰਦਰ ਕੌਰ ਅੰਤਰ – ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਪੰਜਾਬੀ ਗਾਇਕਾ ਸੀ। ਉਹ ਆਪਣੀ ਸੁਰੀਲੀ ਅਵਾਜ਼ ਕਰਕੇ ਪੰਜਾਬੀਆਂ ਦੇ ਦਿਲਾਂ ਉੱਤੇ ਛਾਈ ਰਹੀ। ਭਾਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਤਿੰਨੇ ਭੈਣਾਂ ਹੀ ਗਾਉਂਦੀਆਂ ਸਨ, ਪਰੰਤੂ ਜੋ ਪ੍ਰਸਿੱਧੀ ਸੁਰਿੰਦਰ ਕੌਰ ਨੂੰ ਪ੍ਰਾਪਤ ਹੋਈ, ਉਹ ਬੇਮਿਸਾਲ ਹੈ।
ਸੁਰਿੰਦਰ ਕੌਰ ਦਾ ਜਨਮ 25 ਨਵੰਬਰ, 1929 ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਤਾ ਮਾਇਆ ਦੇਵੀ ਦੀ ਕੁੱਖੋਂ ਹੋਇਆ। ਉਸ ਦਾ ਬਚਪਨ ਤੋਂ ਹੀ ਲੋਕ – ਸੰਗੀਤ ਤੇ ਸ਼ਾਸਤਰੀ ਸੰਗੀਤ ਦੋਹਾਂ ਵਿਚ ਲਗਾਓ ਸੀ। ਸੰਗੀਤ ਦੇ ਖੇਤਰ ਵਿਚ ਉਸ ਦੇ ਬਹੁਤ ਸਾਰੇ ਉਸਤਾਦ ਸਨ। ਉਸ ਨੇ ਬੜੇ ਗੁਲਾਮ ਅਲੀ ਖ਼ਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ। ਪਟਿਆਲਾ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ, ਗ਼ਜ਼ਲ ਤੇ ਠੁਮਰੀ ਦੀ ਸਿੱਖਿਆ ਪ੍ਰਾਪਤ ਕੀਤੀ।
ਕਾਫ਼ੀਆਂ ਗਾਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ। ਇਸ ਤਰ੍ਹਾਂ ਉਸ ਨੇ ਸੰਗੀਤ ਸਿੱਖਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੱਤਾ ਸੁਰਿੰਦਰ ਕੌਰ 12 – 13 ਸਾਲ ਦੀ ਉਮਰ ਵਿਚ ਹੀ ਲਾਹੌਰ ਰੇਡੀਓ ਸਟੇਸ਼ਨ ਤੋਂ ਬੱਚਿਆਂ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਲੱਗੀ। ਉਸ ਦੀ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੇ ਪ੍ਰਬੰਧਕਾਂ ਨੇ ਉਸ ਤੋਂ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ।
ਛੇਤੀ ਹੀ ਉਸ ਦੀ ਪ੍ਰਸਿੱਧੀ ਇੰਨੀ ਵਧ ਗਈ ਕਿ ‘ਹਿਜ਼ ਮਾਸਟਰਜ਼ ਵਾਇਸ ਕੰਪਨੀ ਵਾਲਿਆਂ ਨੇ ਤੇ ਫ਼ਿਲਮ ਇੰਡਸਟਰੀ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ। ਨਵੰਬਰ 1943 ਵਿਚ ਉਸ ਦਾ ਪਹਿਲਾ ਗੀਤ “ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਰਿਕਾਰਡ ਹੋਇਆ।
ਸੁਰਿੰਦਰ ਕੌਰ ਦਾ ਵਿਆਹ 1948 ਵਿਚ ਸ: ਜੁਗਿੰਦਰ ਸਿੰਘ ਸੋਢੀ ਨਾਲ ਹੋਇਆ। ਉਸ ਨੇ ਕੁੱਝ ਸਮਾਂ ਮੁੰਬਈ ਰਹਿ ਕੇ ਫ਼ਿਲਮਾਂ ਲਈ ਵੀ ਗੀਤ ਗਾਏ, ਪਰ 1951 ਵਿਚ ਉਹ ਮੁੰਬਈ ਛੱਡ ਕੇ ਦਿੱਲੀ ਆ ਗਈ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦੇ ਗਲੇ ਵਿਚ ਰੱਬ ਵਸਦਾ ਹੈ ਤੇ ਸੰਗੀਤ ਉਸ ਦਾ ਦੁੱਖ – ਸੁਖ ਦਾ ਸਾਥੀ ਸੀ। ਉਹ ਦੱਸਦੀ ਹੈ ਕਿ ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ ਤੇ ਇਹ ਸ਼ੌਕ ਉਸ ਨੂੰ ਰੱਬ ਨੇ ਲਾਇਆ ਹੈ। ਰੱਬ ਦੀ ਅਪਾਰ ਕਿਰਪਾ ਨਾਲ ਹੀ ਇਹ ਸ਼ੌਕ ਪੂਰਾ ਹੋਇਆ ਤੇ ਹੁੰਦਾ ਰਿਹਾ ਇਸ ਸ਼ੌਕ ਨੂੰ ਸੁਰਿੰਦਰ ਕੌਰ ਨੇ ਪੂਰੇ ਸੱਤ ਦਹਾਕੇ ਨਿਭਾਇਆ।
ਸੁਰਿੰਦਰ ਕੌਰ ਨੇ ਬਹੁਤਾ ਕਰਕੇ ਲੋਕ – ਗੀਤ ਗਾਏ, ਪਰ ਇਸ ਤੋਂ ਇਲਾਵਾ ਉਸ ਨੇ ਗ਼ਜ਼ਲਾਂ ਤੇ ਸਾਹਿਤਕ ਗੀਤ ਵੀ ਗਾਏ। ਉਸ ਦੇ ਗਾਏ ਗੀਤ ਪਿੰਡ – ਪਿੰਡ, ਸ਼ਹਿਰ – ਸ਼ਹਿਰ ਤੇ ਦੇਸ – ਪਰਦੇਸ ਵਿਚ ਪਹੁੰਚ ਗਏ। ਜਿੱਥੇ ਕਿਤੇ ਵੀ ਪੰਜਾਬੀ ਵਸਦੇ ਸਨ, ਉੱਥੇ ਸੁਰਿੰਦਰ ਕੌਰ ਦੀ ਅਵਾਜ਼ ਸੁਣਾਈ ਦਿੰਦੀ ਹੈ। ਕਿਸੇ ਘਰ ਵਿਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਦੋਂ ਤਕ ਪੂਰਾ ਨਹੀਂ ਹੁੰਦਾ, ਜਦੋਂ ਤਕ ਸੁਰਿੰਦਰ ਕੌਰ ਦੇ ਗੀਤ ‘ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, “ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ ਵਰਗੇ ਗੀਤ ਨਾ ਗਾਏ ਜਾਣ।
ਸੁਰਿੰਦਰ ਕੌਰ ਨੇ ਬਹੁਤ ਸਾਰੇ ਗੀਤ ਗਾਏ, ਪਰ ਉਸ ਦੇ ਵਧੇਰੇ ਹਰਮਨ – ਪਿਆਰੇ ਗੀਤਾਂ ਦੇ ਬੋਲ ਇਹ ਹਨ
- ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ….।
- ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ……।
- ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ…..
- ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ……।
‘ਸਾਡਾ ਚਿੜੀਆਂ ਦਾ ਚੰਬਾ’ ਗੀਤ ਤਿੰਨਾਂ ਭੈਣਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਨੇ ਗਾਇਆ। ਫਿਰ ਮਗਰੋਂ, ਇਹ ਗੀਤ ਤਿੰਨ ਪੀੜੀਆਂ – ਸੁਰਿੰਦਰ ਕੌਰ, ਉਸ ਦੀ ਧੀ ਡੌਲੀ ਅਤੇ ਦੋਹਤੀ ਸੁਨੈਨਾ ਨੇ ਗਾਇਆ। “ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ਵਾਲਾ ਗੀਤ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਗਾਇਆ।
ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸਭਿਆਚਾਰ ਦੀ ਮੂੰਹੋਂ ਬੋਲਦੀ ਤਸਵੀਰ ਹਨ। ਸੁਰਿੰਦਰ ਕੌਰ ਦੀ ਗਾਇਕੀ ਬਹੁਤ ਸਾਫ਼ – ਸੁਥਰੀ ਹੈ। ਉਸ ਨੇ ਹਰ ਗੀਤ ਰੂਹ ਨਾਲ ਗਾਇਆ ਹੈ। ਉਸ ਨੇ ਸੁਹਾਗ, ਘੋੜੀਆਂ ਤੇ ਹੋਰਨਾਂ ਲੋਕ – ਗੀਤਾਂ ਤੋਂ ਇਲਾਵਾ ਸਾਹਿਤਕ ਗੀਤ ਵੀ ਗਾਏ ਹਨ। ਉਸ ਨੂੰ ਇਕ ਸਿਰਕੱਢ ਗਾਇਕਾ ਬਣਾਉਣ ਵਿਚ ਉਸ ਦੇ ਪਤੀ ਦਾ ਵੀ ਹੱਥ ਹੈ। ਉਹ ਉਸ ਲਈ ਵਧੀਆ ਕਵਿਤਾ ਲੱਭ ਕੇ ਲਿਆਉਂਦੇ ਤੇ ਉਸ ਨੂੰ ਗਾਉਣ ਲਈ ਉਤਸ਼ਾਹਿਤ ਕਰਦੇ।
ਉਸ ਨੇ ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਆਪਣੀ ਸੁਰੀਲੀ ਅਵਾਜ਼ ਵਿਚ ਗਾਇਆ। ਉਸ ਦੁਆਰਾ ਸ਼ਿਵ ਕੁਮਾਰ ਦਾ ਗੀਤ ‘ਲੰਘ ਆ ਜਾਂ ਪੱਤਣ ਝਨਾਂ ਦਾ ਇਸ ਢੰਗ ਨਾਲ ਗਾਇਆ ਗਿਆ ਹੈ ਕਿ ਉਹ ਹਮੇਸ਼ਾ ਲੋਕ – ਮਨਾਂ ਵਿਚ ਵਸ ਗਿਆ। ਉਸ ਦੀ ਅਵਾਜ਼ ਸਰੋਤਿਆਂ ਨੂੰ ਕੀਲਣ ਦੀ ਸ਼ਕਤੀ ਰੱਖਦੀ ਹੈ ਤੇ ਇਹ ਉਸ ਦੇ ਵਰਿਆਂ ਦੇ ਰਿਆਜ਼ ਦਾ ਸਿੱਟਾ ਹੈ। ਉਸ ਦਾ ਹੱਥਾਂ ਵਿਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ ਸੀ। ਉਹ ਸਧਾਰਨ ਲੋਕ – ਸਾਜ਼ਾਂ ਦੀ ਵਰਤੋਂ ਕਰਦੀ ਸੀ।
ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਬਹੁਤ ਸਾਰੇ ਵੱਡੇ – ਵੱਡੇ ਸ਼ਹਿਰਾਂ ਤੇ ਵਿਦੇਸ਼ਾਂ ਵਿਚ ਵੀ ਗਾਇਆ। 2006 ਵਿਚ ਉਹ ਪੰਜਾਬੀ ਜਗਤ ਨੂੰ ਸਦੀਵੀਂ ਵਿਛੋੜਾ ਦੇ ਗਈ। ਉਸ ਦੀਆਂ ਤਿੰਨ ਧੀਆਂ ਹਨ – ਡੌਲੀ ਗੁਲੇਰੀਆ, ਨੰਦਨੀ ਤੇ ਪ੍ਰਮੋਦਨੀ। ਡੌਲੀ ਗੁਲੇਰੀਆਂ ਨੂੰ ਗਾਉਣ ਦੀ ਦਾਤ ਵਿਰਸੇ ਵਿੱਚੋਂ ਮਿਲੀ ਹੈ। ਡੌਲੀ ਦੀ ਧੀ ਸੁਨੈਨਾ ਵੀ ਗਾ ਲੈਂਦੀ ਹੈ। ਪਰ ਸੁਰਿੰਦਰ ਕੌਰ ਆਪਣੀ ਮਿਸਾਲ ਆਪ ਸੀ।
- ਔਖੇ ਸ਼ਬਦਾਂ ਦੇ ਅਰਥ – ਕਲਾਕਾਰ – ਕਲਾ ਦੇ ਮਾਹਿਰ
- ਅਮੁੱਲ – ਬਹੁਮੁੱਲਾ
- ਅੰਤਰ – ਰਾਸ਼ਟਰੀ – ਦੁਨੀਆ ਦੇ ਸਾਰੇ ਦੇਸ਼ਾਂ ਨਾਲ ਸੰਬੰਧਿਤ
- ਹਾਸਲ – ਪ੍ਰਾਪਤ
- ਸੁਰੀਲੀ – ਮਿੱਠੀ ਸੁਰ।
- ਸ਼ੁਹਰਤ – ਪ੍ਰਸਿੱਧੀ
- ਬੇਮਿਸਾਲ – ਜਿਸ ਦੀ ਹੋਰ ਮਿਸਾਲ ਜਾਂ ਬਰਾਬਰੀ ਨਾ ਹੋਵੇ।ਸ਼ਾਸਤਰੀ
- ਸੰਗੀਤ – ਪੱਕੇ ਨਿਯਮਾਂ ਵਿਚ ਬੱਝਾ ਹੋਇਆ ਰਾਗ।
- ਉਸਤਾਦ – ਗੁਰੂ।
- ਗ਼ਜ਼ਲ/ਕਾਫ਼ੀ – ਕਵਿਤਾ ਦੇ ਰੂਪ
- ਠੁਮਰੀ – ਗਾਇਕੀ ਦਾ ਇਕ ਰੂਪ, ਦੋ ਬੋਲਾਂ ਦਾ ਗੀਤ
- ਅਕਸਰ – ਆਮ ਕਰਕੇ।
- ਇਲਾਹੀ – ਰੱਬੀ। ਸਰੂਰ ਮਸਤੀ।
- ਅਪਾਰ – ਬੇਅੰਤ।
- ਸੱਤ ਦਹਾਕੇ – 70 ਸਾਲ।
- ਸਾਹਿਤਕ – ਖ਼ਾਸ ਸਾਹਿਤਕਾਰਾਂ ਜਾਂ ਕਵੀਆਂ ਦੇ ਰਚੇ ਹੋਏ।
- ਸਭਿਆਚਾਰ – ਕਿਸੇ ਇਲਾਕੇ ਦੇ ਲੋਕਾਂ ਦਾ
- ਰਹਿਣ – ਸਹਿਣ,
- ਜੀਵਨ – ਜਾਚ,
- ਰਸਮਾਂ – ਰੀਤਾਂ, ਵਿਸ਼ਵਾਸ ਤੇ ਦਿਲ ਪਰਚਾਵੇ ਦੇ ਸਾਧਨ ਆਦਿ।
- ਮਾਨਵੀ – ਮਨੁੱਖੀ
- ਤਰਜ਼ਮਾਨੀ – ਕਿਸੇ ਹੋਰ ਰੂਪ ਵਿਚ ਅਰਥ ਦੇਣਾ।
- ਯੋਗਦਾਨ – ਹਿੱਸਾ। ਰਿਆਜ਼ ਅਭਿਆਸ।
- ਸੋਤਿਆਂ – ਸੁਣਨ ਵਾਲਿਆਂ।
- ਦਰਸ਼ਕਾਂ – ਦੇਖਣ ਵਾਲਿਆਂ।
- ਕੀਲ ਕੇ – ਮਸਤ ਕਰ ਕੇ ਰੱਖਣਾ, ਵੱਸ ਕਰ ਕੇ ਰੱਖਣਾ
- ਮੁਲਕਾਂ – ਦੇਸ਼ਾਂ।
- ਦਾਤ – ਬਖ਼ਸ਼ਿਸ਼।
- ਵਿਰਸਾ – ਪਿਓ – ਦਾਦਿਆਂ ਤੋਂ ਮਿਲੀ ਚੀਜ਼
- ਸਮਰਪਿਤ – ਅਰਪਣ, ਭੇਟ॥
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਪੰਜਾਬੀ, ਵਿਰਸੇ, ਅਮੁੱਲ, 1948, ਲੋਕ – ਗੀਤ, ਲੋਕ ਸਾਜ਼ਾਂ
(ਉ) ਕਲਾਕਾਰ ਕਿਸੇ ਕੌਮ ਦਾ ………………………….. ਸਰਮਾਇਆ ਹੁੰਦੇ ਹਨ।
(ਅ) ਸੁਰਿੰਦਰ ਕੌਰ ਦਾ ਵਿਆਹ ਸ: ਸੁਰਿੰਦਰ ਸਿੰਘ ਸੋਢੀ ਨਾਲ ………………………….. ਵਿਚ ਹੋਇਆ।
(ਈ) ਸੁਰਿੰਦਰ ਕੌਰ ਨੇ ਬਹੁਤਾ ਕਰ ਕੇ ………………………….. ਗਾਏ
(ਸ) ਸੁਰਿੰਦਰ ਕੌਰ ਦੇ ਗਾਏ ਗੀਤ ………………………….. ਸਭਿਆਚਾਰ ਦੀ ਮੂੰਹੋਂ ਬੋਲਦੀ ਤਸਵੀਰ ਹਨ।
(ਹ) ਉਹ ਸਧਾਰਨ ………………………….. ਦੀ ਵਰਤੋਂ ਕਰਦੀ ਸੀ।
(ਕ) ਡੌਲੀ ਗੁਲੇਰੀਆ ਨੂੰ ਗਾਉਣ ਦੀ ਦਾਤ ………………………….. ਵਿਚ ਮਿਲੀ ਹੈ।
ਉੱਤਰ :
(ੳ) ਕਲਾਕਾਰ ਕਿਸੇ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ।
(ਅ) ਸੁਰਿੰਦਰ ਕੌਰ ਦਾ ਵਿਆਹ ਸ: ਜੁਗਿੰਦਰ ਸਿੰਘ ਸੋਢੀ ਨਾਲ 1948 ਵਿਚ ਹੋਇਆ।
(ਈ) ਸੁਰਿੰਦਰ ਕੌਰ ਨੇ ਬਹੁਤਾ ਕਰ ਕੇ ਲੋਕ – ਗੀਤ ਗਾਏ।
(ਸ) ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸਭਿਆਚਾਰ ਦੀ ਮੂੰਹੋਂ ਬੋਲਦੀ ਤਸਵੀਰ ਹਨ।
(ਹ) ਉਹ ਸਧਾਰਨ ਲੋਕ ਸਾਜ਼ਾਂ ਦੀ ਵਰਤੋਂ ਕਰਦੀ ਸੀ।
(ਕ) ਡੌਲੀ ਗੁਲੇਰੀਆ ਨੂੰ ਗਾਉਣ ਦੀ ਦਾਤ ਵਿਰਸੇ ਵਿਚ ਮਿਲੀ ਹੈ।
2. ਵਿਆਕਰਨ
ਪ੍ਰਸ਼ਨ 1.
“ਪੰਜਾਬ ਦੀ ਲੋਕ – ਗਾਇਕਾ ਸੁਰਿੰਦਰ ਕੌਰ ਪਾਠ ਵਿਚੋਂ ਪੜਨਾਂਵਾਂ ਦੀ ਸੂਚੀ ਤਿਆਰ ਕਰੋ।
ਉੱਤਰ :
ਉਹ, ਉਸ, ਆਪ, ਕੁੱਝ, ਮੈਨੂੰ, ਮੈਂ, ਸਾਡਾ, ਅਸਾਂ, ਸਾਡੀ।
ਪਸ਼ਨ 2.
ਕਿਰਿਆ ਕੀ ਹੁੰਦੀ ਹੈ ? ਇਸ ਦੀ ਕਾਰ ਵੰਡ ਕਰੋ।
ਉੱਤਰ :
ਜਿਸ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਉਹ ਕਿਰਿਆ ਅਖਵਾਉਂਦਾ ਹੈ; ਜਿਵੇਂ
(ਉ) ਉਹ ਆਪਣੀ ਸੁਰੀਲੀ ਅਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ‘ਤੇ ਛਾਈ ਰਹੀ।
(ਅ) ਸੁਰਿੰਦਰ ਕੌਰ ਨੇ ਬੜੇ ਗੁਲਾਮ ਅਲੀ ਖ਼ਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ।
(ਈ) ਉਸ ਨੇ ਕੁੱਝ ਸਮਾਂ ਮੁੰਬਈ ਰਹਿ ਕੇ ਫ਼ਿਲਮਾਂ ਲਈ ਗੀਤ ਵੀ ਗਾਏ !
ਇਨ੍ਹਾਂ ਵਾਕਾਂ ਵਿਚ ‘ਛਾਈ ਰਹੀ, ਲਈ, ਗਾਏ ਸ਼ਬਦ ਕਿਰਿਆ ਹਨ।
ਕਿਰਿਆ ਸ਼ਬਦਾਂ ਦੀ ਵੰਡ ਚਾਰ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਪਹਿਲੀ ਪ੍ਰਕਾਰ ਦੀ ਵੰਡ ਇਸ ਤਰ੍ਹਾਂ ਹੈ।
- ਅਕਰਮਕ ਕਿਰਿਆ।
- ਸਕਰਮਕ ਕਿਰਿਆ।
(i) ਅਕਰਮਕ ਕਿਰਿਆ – ਵਾਕ ਵਿਚ ਬਿਨਾਂ ਕਰਮ ਤੋਂ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ; ਜਿਵੇਂ
- ਸੁਰਿੰਦਰ ਕੌਰ ਗਾਉਂਦੀ ਸੀ।
- ਸੋਤਾ ਸੁਣਦਾ ਹੈ।
- ਸੁਨੈਨਾ ਵੀ ਕਦੇ – ਕਦੇ ਗਾਉਂਦੀ ਹੈ।
- ਮੀਂਹ ਵਰਦਾ ਹੈ।
(ii) ਸਕਰਮਕ ਕਿਰਿਆ – ਸਕਰਮਕ ਕਿਰਿਆ ਵਾਲੇ ਵਾਕਾਂ ਵਿਚ ਕਰਮ ਹੁੰਦਾ ਹੈ; ਜਿਵੇਂ
- ਸੁਰਿੰਦਰ ਕੌਰ ਨੇ ਲਾਹੌਰ ਵਿਖੇ ਵੀ ਗੀਤ ਗਾਇਆ।
- ‘ਸੁਰਿੰਦਰ ਕੌਰ ਨੇ ਵਧੇਰੇ ਕਰਕੇ ਲੋਕ ਗੀਤ ਗਾਏ।
- ਮੈਂ ਅਕਸਰ ਰੇਡਿਓ ਸੁਣਦਾ ਹਾਂ।
- ਮੈਂ ਰੋਟੀ ਖਾਧੀ ਹੈ।
ਨੋਟ – ਕਿਰਿਆ ਦੀ ਵੰਡ ਦੇ ਹੋਰ ਤਰੀਕਿਆਂ ਪ੍ਰਕਾਰਾਂ) ਲਈ ਅਗਲੇ ਪਾਠਾਂ ਵਿਚ ਪੜੋ।
3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਸੁਰਿੰਦਰ ਕੌਰ ਦਾ ਜਨਮ 25 ਨਵੰਬਰ, 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਂ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ। ਉਸ ਨੂੰ ਬਚਪਨ ਤੋਂ ਹੀ ਲੋਕ – ਸੰਗੀਤ ਤੇ ਸ਼ਾਸਤਰੀ – ਸੰਗੀਤ ਦੋਹਾਂ ਨਾਲ ਲਗਾਅ ਸੀ। ਸੰਗੀਤ ਦੇ ਖੇਤਰ ਵਿਚ ਉਸ ਦੇ ਬਹੁਤ ਉਸਤਾਦ ਸਨ ਸੁਰਿੰਦਰ ਕੌਰ ਨੇ ਬੜੇ – ਗੁਲਾਮ ਅਲੀ ਖ਼ਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ – ਸੰਗੀਤ ਦੀ ਸਿੱਖਿਆ ਲਈ।
ਪਟਿਆਲੇ ਘਰਾਣੇ ਦੇ ਸੰਗੀਤ – ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ, ਗਜ਼ਲ ਅਤੇ ਠੁਮਰੀ ਦੀ ਸਿੱਖਿਆ ਗ੍ਰਹਿਣ ਕੀਤੀ। ਕਾਫ਼ੀਆਂ ਗਾਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ। ਸੁਰਿੰਦਰ ਕੌਰ ਨੂੰ 12 – 13 ਸਾਲ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ ਤੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਉੱਥੇ ਉਸਨੇ ਪਹਿਲਾ ਗੀਤ ਗਾਇਆ। ਛੇਤੀ ਹੀ ਉਸ ਦੀ ਪ੍ਰਸਿੱਧੀ ਏਨੀ ਵਧ ਗਈ ਕਿ ‘ਹਿਜ਼ ਮਾਸਟਰਜ਼ ਵਾਇਸ ਕੰਪਨੀ ਵਾਲਿਆਂ ਨੇ ਤੇ ਫ਼ਿਲਮ ਇੰਡਸਟਰੀ ਵਾਲਿਆਂ ਨੇ ਉਸਨੂੰ ਗਾਉਣ ਲਈ ਬੁਲਾਇਆ ਨਵੰਬਰ, 1943 ਈਸਵੀਂ ਵਿੱਚ ਉਸਦਾ ਪਹਿਲਾ ਗੀਤ “ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਰਿਕਾਰਡ ਹੋਇਆ।
1. ਸੁਰਿੰਦਰ ਕੌਰ ਦਾ ਜਨਮ ਕਦੋਂ ਹੋਇਆ ?
(ਉ) 25 ਨਵੰਬਰ, 1939 ਈਸਵੀਂ
(ਅ) 25 ਨਵੰਬਰ, 1920 ਈਸਵੀਂ
(ਈ) 25 ਨਵੰਬਰ, 1929 ਈਸਵੀਂ
(ਸ) 25 ਨਵੰਬਰ, 1927 ਈਸਵੀਂ॥
ਉੱਤਰ :
(ਈ) 25 ਨਵੰਬਰ, 1929 ਈਸਵੀਂ
2. ਸੁਰਿੰਦਰ ਕੌਰ ਦਾ ਜਨਮ ਕਿੱਥੇ ਹੋਇਆ ?
(ਉ) ਪੰਜਾਬ
(ਅ) ਲਾਹੌਰ
(ਈ) ਅੰਮ੍ਰਿਤਸਰ
(ਸ) ਪਟਿਆਲਾ।
ਉੱਤਰ :
(ਅ) ਲਾਹੌਰ
3. ਸੁਰਿੰਦਰ ਕੌਰ ਦੇ ਪਿਤਾ ਦਾ ਨਾਮ ਕੀ ਸੀ ?
(ਉ) ਬਿਸ਼ਨ ਸਿੰਘ
(ਅ) ਦੀਵਾਨ ਸਿੰਘ
(ੲ) ਅੰਮ੍ਰਿਤਸਰ
(ਸ) ਬਿਸ਼ਨ ਸਿੰਘ ਬੇਦੀ॥
ਉੱਤਰ :
(ਉ) ਬਿਸ਼ਨ ਸਿੰਘ
4. ਸੁਰਿੰਦਰ ਕੌਰ ਦੀ ਮਾਤਾ ਦਾ ਨਾਮ ਕੀ ਸੀ ?
(ਉ) ਗੁਰਿੰਦਰ ਕੌਰ
(ਅ) ਮਾਇਆ ਦੇਵੀ
(ਇ) ਪ੍ਰਕਾਸ਼ ਕੌਰ
(ਸ) ਸ਼ੰਕੁਤਲਾ ਦੇਵੀ।
ਉੱਤਰ :
(ਅ) ਮਾਇਆ ਦੇਵੀ
5. ਸੁਰਿੰਦਰ ਕੌਰ ਨੇ ਕਾਫ਼ੀਆਂ ਗਾਉਣ ਦਾ ਹੁਨਰ ਕਿਸ ਤੋਂ ਸਿੱਖਿਆ ?
(ਉ) ਕੁੰਦਨ ਲਾਲ ਵਰਮਾ
(ਅ) ਕੁੰਦਨ ਸਿੰਘ
(ਈ) ਗੁਲਾਮ ਅਲੀਖ਼ਾਨ
(ਸ) ਕੁੰਦਨ ਲਾਲ ਸ਼ਰਮਾ।
ਉੱਤਰ :
(ਸ) ਕੁੰਦਨ ਲਾਲ ਸ਼ਰਮਾ।
6. ਸੁਰਿੰਦਰ ਕੌਰ ਨੇ ਪਹਿਲਾ ਗੀਤ ਕਿਹੜੇ ਰੇਡੀਓ ਸਟੇਸ਼ਨ ‘ਤੇ ਗਾਇਆ ?
(ਉ) ਪਟਿਆਲਾ
(ਅ) ਲਾਹੌਰ
(ਇ) ਜਲੰਧਰ
(ਸ) ਦਿੱਲੀ।
ਉੱਤਰ :
(ਅ) ਲਾਹੌਰ
7. ਸੁਰਿੰਦਰ ਕੌਰ ਨੇ ਗਜ਼ਲ ਗਾਉਣ ਦੀ ਸਿੱਖਿਆ ਕਿਹੜੇ ਘਰਾਣੇ ਤੋਂ ਪ੍ਰਾਪਤ ਕੀਤੀ ?
(ਉ) ਲੁਧਿਆਣਾ
(ਅ) ਪਟਿਆਲਾ
(ੲ) ਲਾਹੌਰ
(ਸ) ਅੰਮ੍ਰਿਤਸਰ।
ਉੱਤਰ :
(ਅ) ਪਟਿਆਲਾ
8. ਸੁਰਿੰਦਰ ਕੌਰ ਦਾ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ?
(ਉ) ਨਵੰਬਰ, 1943 ਈਸਵੀਂ।
(ਅ) ਦਸੰਬਰ, 1943 ਈਸਵੀਂ
(ੲ) ਅਕਤੂਬਰ, 1943 ਈਸਵੀਂ
(ਸ) ਅੰਮ੍ਰਿਤਸਰ।
ਉੱਤਰ :
(ਉ) ਨਵੰਬਰ, 1943 ਈਸਵੀਂ।
9. ਸੁਰਿੰਦਰ ਕੌਰ ਨੇ ਅਨਾਇਤ ਹੁਸੈਨ ਤੋਂ ਕਿਸ ਪ੍ਰਕਾਰ ਦੀ ਸਿੱਖਿਆ ਪ੍ਰਾਪਤ ਕੀਤੀ ?
(ਉ) ਸ਼ਾਸਤਰੀ ਸੰਗੀਤ
(ਅ) ਲੋਕ – ਸੰਗੀਤ
(ਈ) ਕਾਫ਼ੀ
(ਸ) ਗਜ਼ਲ।
ਉੱਤਰ :
(ਉ) ਸ਼ਾਸਤਰੀ ਸੰਗੀਤ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(1) ਸੁਰਿੰਦਰ ਕੌਰ, ਬਿਸ਼ਨ ਸਿੰਘ, ਮਾਇਆ ਦੇਵੀ, ਲੋਕ – ਸੰਗੀਤ, ਕਾਫ਼ੀਆ।
(ii) ਉਸ।
(iii) ਦੋਹਾਂ, ਦੀਵਾਨ, ਬਹੁਤ, ਸ਼ਾਸਤਰੀ, ਪਹਿਲਾ।
(iv) ਹੋਇਆ, ਮੰਨਦੀ ਸੀ, ਲਈ, ਕੀਤੀ, ਸਿੱਖਿਆ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਉਸਤਾਦ ਦਾ ਵਿਰੋਧੀ ਸ਼ਬਦ ਚੁਣੋ।
(ਉ) ਸ਼ਗਿਰਦ
(ਅ) ਚੇਲਾ
(ਈ) ਬੱਚਾ
(ਸ) ਵਿਦਿਆਰਥੀ।
ਉੱਤਰ :
(ਉ) ਸ਼ਗਿਰਦ
(ii) “ਉੱਥੇ ਉਸਨੇ ਪਹਿਲਾ ਗੀਤ ਗਾਇਆ ਵਿਚੋਂ ਪੜਨਾਂਵ ਚੁਣੋ।
(ੳ) ਉੱਥੇ
(ਅ) ਉਸ
(ਈ) ਨੇ
(ਸ) ਪਹਿਲਾ।
ਉੱਤਰ :
(ਅ) ਉਸ
(iii) “ਮਾਂਵਾਂ ਤੇ ਧੀਆਂ ਰਲ ਬੈਠੀਆਂ ਵਿਚ ਕਿੰਨੇ ਨਾਂਵ ਹਨ ?
(ੳ) ਇਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਅ) ਦੋ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਕੁੱਖੋਂ
(ii) ਲੋਕ – ਸੰਗੀਤ
(iii) ਸ਼ਾਸਤਰੀ ਸੰਗੀਤ
(iv) ਉਸਤਾਦ
(v) ਪ੍ਰਸਿੱਧੀ
ਉੱਤਰ :
(1) ਕੁੱਖੋਂ – ਪੇਟੋ, ਢਿੱਡੋ।
(ii) ਲੋਕ – ਸੰਗੀਤ – ਆਮ ਲੋਕਾਂ ਦੁਆਰਾ ਗਾਇਆ ਜਾਣ ਵਾਲਾ ਰਾਗ (ਧਨ)
(iii) ਸ਼ਾਸਤਰੀ ਸੰਗੀਤ – ਨਿਯਮਬੱਧ ਸੁਰਾਂ ਵਿਚ ਬੱਝਾ ਰਾਗ (ਧੁਨ)
(iv) ਉਸਤਾਦ – ਗੁਰੂ
(v) ਪ੍ਰਸਿੱਧੀ – ਮਸ਼ਹੂਰੀ।
4. ਰਚਨਾਤਮਕ ਕਾਰਜ
ਪ੍ਰਸ਼ਨ –
ਅਜੋਕੀ ਪੰਜਾਬੀ ਗਾਇਕੀ ਦੀ ਮਾੜੀ ਦਸ਼ਾ – ਦਿਸ਼ਾ ਤੋਂ ਜਾਣੂ ਕਰਾਓ।
ਉੱਤਰ :
ਅੱਜ – ਕਲ੍ਹ ਵਿਆਹਾਂ ਅਤੇ ਖ਼ੁਸ਼ੀ ਦੇ ਮੌਕਿਆਂ ਉੱਤੇ ਘਰਾਂ ਵਿਚ, ਟੈਲੀਵਿਯਨ ਉੱਤੇ, ਢਾਬਿਆਂ, ਸੜਕਾਂ ਉੱਤੇ ਪੈਦਲ ਲੰਘਦਿਆਂ, ਬੱਸ ਵਿਚ ਸਫ਼ਰ ਕਰਦਿਆਂ ਜਾਂ ਬੱਸ ਅੱਡੇ ਉੱਤੇ ਖਲੋਤਿਆਂ, ਨਾ ਕੇਵਲ ਸਾਡੇ ਕੰਨਾਂ ਵਿਚ ਗੰਦੇ ਤੇ ਲਚਰ ਗੀਤਾਂ ਦੀ ਅਵਾਜ਼ ਸੁਣਾਈ ਦਿੰਦੀ ਹੈ, ਸਗੋਂ ਮੈਰਿਜ ਪੈਲਿਸਾਂ ਤੇ ਹੋਰਨਾਂ ਸਮਾਗਮਾਂ ਤੇ ਘੱਟ ਕੱਪੜੇ ਪਾ ਕੇ ਨੱਚਦੀਆਂ ਤੇ ਬੇਸ਼ਰਮੀ ਭਰੀਆਂ ਹਰਕਤਾਂ ਕਰਦੀਆਂ ਕੁੜੀਆਂ ਤੇ ਨਾਲ ਹੀ ਮੁੰਡਿਆਂ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲਦੇ ਹਨ, ਜੋ ਸਾਡੀ ਸ਼ਿਸ਼ਟਤਾ ਤੇ ਇਖ਼ਲਾਕ ਦਾ ਮਖੌਲ ਉਡਾਉਂਦੇ ਹਨ। ਇਨ੍ਹਾਂ ਨਾਟਕੀ ਜਾਂ ਸੁਣਨ ਵਾਲੇ ਬਹੁਤੇ ਗੀਤਾਂ ਦੇ ਸ਼ਬਦ ਦੇ ਅਰਥ ਬੜੇ ਅਸ਼ਲੀਲ ਤੇ ਕਾਮਕ ਹੁੰਦੇ ਹਨ, ਜਿਨਾਂ ਨੂੰ ਸੁਣਦਿਆਂ ਬੰਦੇ ਨੂੰ ਆਪਣੇ – ਆਪ ਵਿਚ ਹੀ ਸ਼ਰਮ ਆਉਂਦੀ ਹੈ।
ਜਿਵੇਂ “ਲੱਕ ਟਵੰਟੀ ਏਟ ਕੁੜੀ ਦਾ, ਫੋਟੀ ਸੈਵਨ ਵੇਟ ਕੁੜੀ ਦਾ, ਜਾਂ ‘ਮੈਂ ਹੂੰ ਬਲਾਤਕਾਰੀ ਆਦਿ। ਜੇਕਰ ਕਿਤੇ ਧੀਆਂ – ਭੈਣਾਂ ਕੋਲ ਬੈਠੀਆਂ ਜਾਂ ਖਲੋਤੀਆਂ ਹੋਣ, ਤਾਂ ਇਹ ਬੇਸ਼ਰਮੀ ਬਰਦਾਸ਼ਤ ਕਰਨੀ ਬਹੁਤ ਹੀ ਔਖੀ ਹੋ ਜਾਂਦੀ ਹੈ। ਅੱਜ ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਅਜਿਹਾ ਮਸਾਲਾ ਜ਼ਬਰਦਸਤੀ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਸ ਕਿਸੇ ਵਿਆਹ – ਸ਼ਾਦੀ ਦੇ ਪ੍ਰਬੰਧਕ, ਗਾਇਕ ਟੋਲੀ, ਬੱਸ – ਡਰਾਈਵਰ ਜਾਂ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਰੋਕੇ।
ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਾਡੇ ਸਮਾਜ ਦਾ ਕੱਚੀ ਸੋਚ ਵਾਲਾ ਨੌਜਵਾਨ ਵਰਗ ਇਨ੍ਹਾਂ ਨੂੰ ਪਸੰਦ ਕਰਦਾ ਹੈ ਤੇ ਮਨੋਰੰਜਕ ਸਾਮਗਰੀ ਦਾ ਵਪਾਰੀਕਰਨ ਕਰਨ ਵਾਲੇ ਚਾਹੁੰਦੇ ਹਨ ਕਿ ਉਹ ਅਜਿਹੀ ਸਾਮਗਰੀ ਪੇਸ਼ ਕਰਨ, ਜਿਸ ਤੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਕਮਾਈ ਹੋਵੇ। ਇਸ ਵਰਤਾਰੇ ਦਾ ਸਮਾਜ ਦੇ ਸ਼ਿਸ਼ਟ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ ਹੈ। ਇਨ੍ਹਾਂ ਨਾਲ ਧੁਨੀ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ, ਤੇ ਨਾਲ ਹੀ ਇਹ ਮਨਾਂ ਵਿਚ ਨਰੋਏ ਵਿਚਾਰਾਂ ਨੂੰ ਪੈਦਾ ਹੋਣੋ ਰੋਕ ਕੇ ਨੌਜਵਾਨ ਨੂੰ ਕੁਰਾਹੇ ਪਾਉਣ ਵਾਲੇ ਭੜਕਾਊ ਵਿਚਾਰਾਂ ਦੇ ਸ਼ਿਕਾਰ ਬਣਾਉਂਦਾ ਹੈ, ਜੋ ਕਿ ਸਮਾਜ ਦੇ ਸਿਹਤਮੰਦ ਵਿਕਾਸ ਦੇ ਰਾਹ ਵਿਚ ਟੋਏ ਪੁੱਟਣ ਵਾਲੀ ਗੱਲ ਹੈ।
ਨੌਜਵਾਨਾਂ ਵਿਚ ਵਧ ਰਹੀ ਨਸ਼ੇਬਾਜ਼ੀ, ਹਥਿਆਰਾਂ ਨਾਲ ਕੀਤੀ ਜਾਂਦੀ ਗੁੰਡਾਗਰਦੀ, ਨਿੱਤ ਹੋ ਰਹੇ ਬਲਾਤਕਾਰ ਤੇ ਵਧ ਰਹੀ ਔਰਤਾਂ ਤੇ ਕੁੜੀਆਂ ਦੀ ਅਸੁਰੱਖਿਆ ਇਨ੍ਹਾਂ ਗੀਤਾਂ ਦੀ ਹੀ ਉਪਜ ਹੈ, ਜਿਸ ਵਿਚ ਨੰਗੇਜ਼, ਬਦਮਾਸ਼ੀ, ਸ਼ਰਾਬਨੋਸ਼ੀ, ਨਸ਼ੇਬਾਜ਼ੀ ਤੇ ਹਥਿਆਰ ਰੱਖਣ ਤੇ ਚਲਾਉਣ ਦੇ ਸੋਹਿਲੇ ਗਾਏ ਜਾਂਦੇ ਹਨ। ਸਾਡੇ ਸਮਾਜ ਵਿਚ ਪੈਦਾ ਹੋਈ ਇਸ ਰੁਚੀ ਨੂੰ ਖ਼ਤਮ ਕਰਨ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪੱਧਰ ‘ਤੇ ਅਜਿਹੇ ਗੀਤ ਗਾਉਣ ਜਾਂ ਵਜਾਉਣ ਵਾਲਿਆਂ ਨੂੰ ਉਤਸ਼ਾਹਿਤ ਨਾ ਕਰੀਏ।
ਇਹ ਲੋਕ ਸਮਾਜ ਪਰਿਵਾਰਾਂ ਤੇ ਧੀਆਂ – ਭੈਣਾਂ ਦੇ ਦੁਸ਼ਮਣ ਹਨ। ਵਿਆਹਾਂ ਤੇ ਹੋਰ ਖ਼ੁਸ਼ੀ ਦੇ ਮੌਕਿਆਂ ਉੱਤੇ ਅਜਿਹੇ ਗਾਇਕਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਅਜਿਹੀਆਂ ਦੁਕਾਨਾਂ ਵਿਚ ਚਾਹ ਪੀਣ ਨਾ ਬੈਠਿਆ ਜਾਵੇ ਤੇ ਅਜਿਹੀਆਂ ਬੱਸਾਂ ਵਿਚ ਬੈਠਣ ਤੋਂ ਵੀ ਸੰਕੋਚ ਕੀਤਾ ਜਾਵੇ, ਜਿੱਥੇ ਅਜਿਹੇ ਗੀਤ ਵਜਾਏ ਜਾਂਦੇ ਹੋਣ ਸਾਨੂੰ ਆਪ ਵੀ ਗੰਦੇ ਗੀਤਾਂ ਦੇ ਵੀਡੀਓ ਨਹੀਂ ਖ਼ਰੀਦਣੇ ਚਾਹੀਦੇ। ਸਾਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਉੱਚੀ ਪੱਧਰ ਦੀਆਂ ਸੱਭਿਆਚਾਰਕ ਸਰਗਰਮੀਆਂ ਜਾਰੀ ਕਰ ਕੇ ਲੋਕਾਂ ਦਾ ਦਿਲ – ਪਰਚਾਵਾ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਕੋਮਲ ਰੁਚੀਆਂ ਨੂੰ ਟੁੱਬ ਕੇ ਉਨ੍ਹਾਂ ਵਿਚ ਚੰਗੇ ਗੀਤਾਂ ਪ੍ਰਤੀ ਪਿਆਰ ਪੈਦਾ ਕਰਨਾ ਚਾਹੀਦਾ ਹੈ।