Punjab State Board PSEB 7th Class Punjabi Book Solutions Chapter 24 ਜਾਗੋ Textbook Exercise Questions and Answers.
PSEB Solutions for Class 7 Punjabi Chapter 24 ਜਾਗੋ (1st Language)
Punjabi Guide for Class 7 PSEB ਜਾਗੋ Textbook Questions and Answers
ਜਾਗੋ ਪਾਠ-ਅਭਿਆਸ
1. ਦੱਸੋ :
(ਉ) ਬੱਚੇ ਵਿਆਹ ਤੇ ਜਾਣ ਲਈ ਕਿਉਂ ਤਿਆਰ ਹੋ ਗਏ ?
ਉੱਤਰ :
ਬੱਚੇ ਇਸ ਕਰਕੇ ਵਿਆਹ ਉੱਤੇ ਜਾਣ ਲਈ ਤਿਆਰ ਹੋ ਗਏ, ਕਿਉਂਕਿ ਉਨ੍ਹਾਂ ਦੀ ਮੰਮੀ ਨੇ ਦੱਸਿਆ ਸੀ ਕਿ ਉੱਥੇ ਜਾਗੋ ਕੱਢੀ ਜਾਵੇਗੀ ਤੇ ਬੱਚੇ ਇਹ ਦੇਖਣਾ ਚਾਹੁੰਦੇ ਸਨ ਕਿ ਵਿਆਹ ਉੱਤੇ ਜਾਗੋ ਕਿਸ ਤਰ੍ਹਾਂ ਕੱਢੀ ਜਾਂਦੀ ਹੈ।
(ਅ) ਨਾਨਕਾ-ਮੇਲ ਕੀ ਹੁੰਦਾ ਹੈ ਤੇ ਉਸ ਦਾ ਸੁਆਗਤ ਕਿਵੇਂ ਕੀਤਾ ਜਾਂਦਾ ਹੈ ?
ਉੱਤਰ :
“ਨਾਨਕਾ – ਮੇਲ” ਵਿਆਂਹਦੜ ਦੀ ਮਾਂ ਦੇ ਮਾਪਿਆਂ ਨਾਲ ਸੰਬੰਧਿਤ ਨਾਨਾ, ਨਾਨੀ, ਮਾਮਾ, ਮਾਮੀ ਤੇ ਹੋਰ ਰਿਸ਼ਤੇਦਾਰਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ। ਨਾਨਕਾ – ਮੇਲ ਦਾ ਸੁਆਗਤ ਵਿਆਹ ਵਾਲੇ ਘਰ ਦੀਆਂ ਔਰਤਾਂ ਦੁਆਰਾ ਗੀਤ ਗਾ ਕੇ ਕੀਤਾ ਜਾਂਦਾ ਹੈ।
(ੲ) ਮਾਈਏਂ ਪਾਉਣ ਦੀ ਰਸਮ ਕੀ ਹੁੰਦੀ ਹੈ ?
ਉੱਤਰ :
ਵਿਆਹ ਤੋਂ ਕੁੱਝ ਦਿਨ ਪਹਿਲਾਂ ਵਿਆਂਹਦੜ ਮੁੰਡੇ ਜਾਂ ਕੁੜੀ ਨੂੰ ਮਾਈਏਂ ਪਾਇਆ ਜਾਂਦਾ ਹੈ। ਇਸ ਲਈ ਹਲਦੀ, ਤੇਲ ਤੇ ਵੇਸਣ ਦੇ ਮਿਸ਼ਰਨ ਦਾ ਵਟਣਾ ਤਿਆਰ ਕਰ ਕੇ ਵਿਆਂਹਦੜ ਦੇ ਪਿੰਡੇ ਉੱਤੇ ਮਲਿਆ ਜਾਂਦਾ ਹੈ, ਜਿਸ ਨਾਲ ਉਸ ਦਾ ਪਿੰਡਾ ਨਿੱਖਰ ਜਾਂਦਾ ਹੈ।
(ਸ) ਜਾਗੋ ਕਿਵੇਂ ਤਿਆਰ ਕਰਕੇ ਕੱਢੀ ਜਾਂਦੀ ਹੈ ?
ਉੱਤਰ :
ਜਾਗੋ ਵਿਆਹ ਤੋਂ ਇਕ ਦਿਨ ਪਹਿਲਾਂ ਨਾਨਕਿਆਂ ਵਲੋਂ ਕੱਢੀ ਜਾਂਦੀ ਹੈ। ਰਾਤ ਦੀ ਰੋਟੀ ਮਗਰੋਂ ਜਾਗੋ ਤਿਆਰ ਕੀਤੀ ਜਾਂਦੀ ਹੈ। ਇਕ ਗਾਗਰ ਵਿਚ ਥੋੜ੍ਹਾ ਜਿਹਾ ਪਾਣੀ ਭਰ ਕੇ ਉਸ ਦੇ ਗਲਮੇ ਉੱਪਰ ਚੁਫ਼ੇਰੇ ਗੁੰਨਿਆ ਹੋਇਆ ਆਟਾ ਲਾ ਕੇ ਉੱਤੇ ਥਾਲੀ ਟਿਕਾ ਕੇ ਉਸ ਉੱਪਰ ਦੀਵੇ ਜਗਾ ਕੇ ਟਿਕਾਏ ਜਾਂਦੇ ਹਨ। ਇਸ ਦੇ ਨਾਲ ਹੀ ਗਾਗਰ ਦੇ ਗਲਮੇ ਹੇਠ ਚਾਰ – ਚੁਫ਼ੇਰੇ ਵਧੇ ਹੋਏ ਪੇਂਦੇ ਦੇ ਚੁਫ਼ੇਰੇ ਗੁਨਿਆ ਆਟਾ ਲਾ ਕੇ ਉਸ ਉੱਪਰ ਵੀ ਦੀਵੇ ਟਿਕਾ ਕੇ ਉਨ੍ਹਾਂ ਨੂੰ ਤੇਲ ਪਾ ਕੇ ਜਗਾਇਆ ਜਾਂਦਾ ਹੈ।
ਇਸ ਪਿੱਛੋਂ ਸਭ ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ, ਭੈਣਾਂ ਤੇ ਭਰਜਾਈਆਂ ਇਕੱਠੀਆਂ ਹੋ ਜਾਂਦੀਆਂ ਹਨ। ਜਿਉਂ ਹੀ ਇਕ ਮੁਟਿਆਰ ਮਾਮੀ ਗਾਗਰ ਨੂੰ ਸਿਰ ਉੱਤੇ ਚੁੱਕਦੀ ਹੈ, ਤਾਂ ਔਰਤਾਂ ਗਾਉਣ ਤੇ ਨੱਚਣ ਲੱਗ ਪੈਂਦੀਆਂ ਹਨ। ਉਹ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚੋਂ ਜਗਦੇ ਦੀਵੇ ਦਾ ਚਾਨਣ ਫੈਲਾਉਂਦੀਆਂ ਹੋਈਆਂ ਲੰਘਦੀਆਂ ਹਨ ਤੇ ਜਿੱਥੇ ਕਿਤੇ ਵੀ ਥਾਂ ਮਿਲਦੀ ਹੈ, ਉੱਥੇ ਹੀ ਉਹ ਬੜੇ ਜੋਸ਼ ਨਾਲ ਗਿੱਧਾ ਪਾ ਕੇ ਨੱਚਣ ਲੱਗ ਪੈਂਦੀਆਂ ਹਨ।
ਆਲੇ – ਦੁਆਲੇ ਦੇ ਲੋਕ ਕੋਠਿਆਂ ਉੱਤੇ ਚੜ੍ਹ ਕੇ ਇਸ ਨਜ਼ਾਰੇ ਨੂੰ ਦੇਖਦੇ ਹਨ। ਜਿਸ ਵੀ ਜਾਣੂ ਘਰ ਦੇ ਅੱਗਿਓਂ ਜਾਗੋ ਲੈ ਕੇ ਔਰਤਾਂ ਲੰਘਦੀਆਂ ਹਨ, ਉਸ ਘਰ ਦੇ ਮੁਖੀਏ ਦਾ ਨਾਂ ਲੈ ਕੇ ਉਸ ਨੂੰ ਆਪਣੀ ਘਰ ਵਾਲੀ ਨੂੰ ਜਗਾਉਣ ਲਈ ਹਾਸੇ ਠੱਠੇ ਵਾਲੇ ਬੋਲ ਬੋਲਦੀਆਂ ਹਨ –
ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਆ।
ਚੁੱਪ ਕਰ ਬੀਬੀ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਲੋਰੀ ਦੇ ਕੇ ਪਾਈ ਆ,
ਮਸਾਂ ਸੁਵਾਈ ਐ,
ਜਾਗੋ ਆਈ ਆ !
……………………..
ਪਿੰਡ ਵਿਚੋਂ ਲੰਘਦੀਆਂ ਔਰਤਾਂ ਕਿਸੇ ਘਰ ਦਾ ਓਟਾ, ਕਿਸੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਖ਼ਰਮਸਤੀ ਕਰਦੀਆਂ ਹਨ, ਪਰ ਕੋਈ ਬੁਰਾ ਨਹੀਂ ਮਨਾਉਂਦਾ।
(ਕ) ਔਰਤਾਂ ਜਾਗੋ ਦਾ ਪ੍ਰਦਰਸ਼ਨ ਕਿਵੇਂ ਕਰਦੀਆਂ ਹਨ ?
ਉੱਤਰ :
ਜਾਗੋ ਲਈ ਗਾਗਰ ਉੱਤੇ ਦੀਵੇ ਜਗਾਉਣ ਮਗਰੋਂ ਇਕ ਮੁਟਿਆਰ ਮਾਮੀ ਉਸ ਨੂੰ ਸਿਰ ਉੱਤੇ ਚੁੱਕ ਲੈਂਦੀ ਹੈ ਤੇ ਬਾਕੀ ਔਰਤਾਂ ਨੱਚਣ ਤੇ ਗਾਉਣ ਲੱਗ ਪੈਂਦੀਆਂ ਹਨ।ਫਿਰ ਉਹ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚੋਂ ਲੰਘਦੀਆਂ ਹਨ ਅਤੇ ਜਿੱਥੇ ਕਿਤੇ ਥਾਂ ਮਿਲਦੀ ਹੈ, ਉੱਥੇ ਹੀ ਉਹ ਬੜੇ ਜੋਸ਼ ਨਾਲ ਗਿੱਧਾ ਪਾ ਕੇ ਨੱਚਣ ਲੱਗ ਪੈਂਦੀਆਂ ਹਨ। ਜਿਸ ਵੀ ਜਾਣੂ ਘਰ ਦੇ ਅੱਗਿਓਂ ਉਹ ਲੰਘਦੀਆਂ ਹਨ, ਉਹ ਉਸ ਘਰ ਦੇ ਮੁਖੀਏ ਦਾ ਨਾਂ ਲੈ ਕੇ ਉਸ ਨੂੰ ਆਪਣੀ ਘਰ ਵਾਲੀ ਨੂੰ ਜਗਾਉਣ ਲਈ ਹਾਸੇ – ਠੱਠੇ ਭਰੇ ਗੀਤ ਗਾਉਂਦੀਆਂ ਹਨ :
ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਆ।
ਚੁੱਪ ਕਰ ਬੀਬੀ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਲੋਰੀ ਦੇ ਕੇ ਪਾਈ ਐ,
ਮਸਾਂ ਸੁਵਾਈ ਐ,
ਜਾਗੋ ਆਈ ਆ
……………………
ਜਿਸ ਘਰ ਅੱਗਿਓ ਜਾਗੋ ਵਿਚ ਸ਼ਾਮਲ ਔਰਤਾਂ ਦਾ ਸਮੂਹ ਗਾਉਂਦਾ ਹੋਇਆ ਲੰਘਦਾ ਹੈ, ਉਸ ਘਰ ਦੇ ਬੰਦੇ ਦੀਵਿਆਂ ਵਿਚ ਤੇਲ ਪਾ ਕੇ ਆਪਣੇ ਆਪ ਨੂੰ ਇਸ ਰਸਮ ਵਿਚ ਸ਼ਾਮਲ ਕਰਦੇ ਹਨ। ਪਿੰਡ ਵਿਚੋਂ ਲੰਘਦੀਆਂ ਹੋਈਆਂ ਉਹ ਕਿਸੇ ਦੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੋਂ ਕਿਸੇ ਦਾ ਚੁੱਲਾ ਢਾਹ ਦਿੰਦੀਆਂ ਹਨ, ਪਰ ਕੋਈ ਇਤਰਾਜ਼ ਨਹੀਂ ਕਰਦਾ।
(ਖ) ਜਾਗੋ ਕੱਢਣ ਸਮੇਂ ਔਰਤਾਂ ਮਸਤੀ ਕਿਵੇਂ ਕਰਦੀਆਂ ਹਨ ?
ਉੱਤਰ :
ਜਾਗੋ ਕੱਢਣ ਵਾਲੀਆਂ ਔਰਤਾਂ ਪਿੰਡ ਦੀਆਂ ਗਲੀਆਂ ਵਿਚੋਂ ਲੰਘਦੀਆਂ ਹੋਈਆਂ ਕਿਸੇ ਦੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਮਸਤੀ ਕਰਦੀਆਂ ਹਨ।
(ਗ) ਜਾਗੋ ਦੀ ਇਸ ਰਸਮ ਦਾ ਇਹ ਨਾਂ ਕਿਵੇਂ ਪਿਆ ?
ਉੱਤਰ :
ਜਾਗੋ ਦੀ ਇਸ ਰਸਮ ਦਾ ਇਹ ਨਾਂ ਇਸ ਕਰਕੇ ਪਿਆ, ਕਿਉਂਕਿ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਾਈ ਜਾਂਦੀ ਸੀ ਤੇ ਔਰਤਾਂ ਸਾਰੀ – ਸਾਰੀ ਰਾਤ ਗੀਤ ਗਾਉਂਦੀਆਂ ਰਹਿੰਦੀਆਂ ਸਨ। ਇਹ ਜਾਗਣ ਦੀ ਰਸਮ ਹੀ ਜਾਗੋ ਦੇ ਨਾਂ ਨਾਲ ਪ੍ਰਚਲਿਤ ਹੋਈ।
2. ਔਖੇ ਸ਼ਬਦਾਂ ਦੇ ਅਰਥ
- ਅੰਗ-ਸਾਕ : ਰਿਸ਼ਤੇਦਾਰ
- ਮਖੌਲੀਆ : ਮਜ਼ਾਕੀਆ
- ਪਰਿਕਰਮਾ : ਚਾਰੇ ਪਾਸੇ ਚੱਕਰ ਕੱਟਣਾ
- ਜਾਗ੍ਰਿ : ਚੇਤੰਨ
- ਭਾਵਨਾਵਾਂ : ਇੱਛਾਵਾਂ, ਇਰਾਦੇ, ਖ਼ਾਹਸ਼ਾਂ
- ਖ਼ਰਮਸਤੀ : ਸ਼ਰਾਰਤ, ਅੱਥਰਾਪਣ
- ਸੁਮੇਲ : ਸੁਜੋੜ, ਚੰਗਾ ਮੇਲ
- ਧਮਕ : ਖੜਕਾ, ਪੈਰਾਂ ਦੀ ਅਵਾਜ਼
- ਬੰਧਨ : ਬੰਣ ਦੀ ਕਿਰਿਆ, ਜੰਜਾਲ, ਰੋਕ, ਰੁਕਾਵਟ
3. ਵਾਕਾਂ ਵਿੱਚ ਵਰਤੋਂ:
ਚਾਈਂ-ਚਾਈਂ, ਨਾਨਕਾ-ਮੇਲ, ਮੁਖੀਆ, ਨੇਪਰੇ ਚਾੜ੍ਹਨਾ, ਪਹਿਲ-ਕਦਮੀ, ਸੂਚਕ, ਨਿਹੋਰੇ, ਦੂਣ-ਸਵਾਇਆ
ਉੱਤਰ :
- ਚਾਈਂ – ਚਾਈਂ ਚਾਅ ਨਾਲ ਭਰ ਕੇ) – ਅਸੀਂ ਸਾਰੇ ਚਾਈਂ – ਚਾਈਂ ਮੇਲਾ ਦੇਖਣ ਗਏ।
- ਨਾਨਕਾ – ਮੇਲ (ਨਾਨਕਿਆਂ ਨਾਲ ਸੰਬੰਧਿਤ ਲੋਕ – ਜੀਤੋ ਦੇ ਨਾਨਕਾ – ਮੇਲ ਵਿਚ ਉਸ ਦੇ ਛੋਟੇ ਮਾਮੇ ਤੋਂ ਬਿਨਾਂ ਹੋਰ ਸਾਰੇ ਆਏ।
- ਸੁਆਗਤ (ਆਓ – ਭਗਤ – ਪੰਡਾਲ ਵਿਚ ਬੈਠੇ ਦਰਸ਼ਕਾਂ ਨੇ ਮੁੱਖ ਪ੍ਰਾਹੁਣੇ ਦਾ ਤਾੜੀਆਂ ਮਾਰ ਕੇ ਸੁਆਗਤ ਕੀਤਾ।
- ਮੁਖੀਆ ਮੁਖੀ, ਪ੍ਰਧਾਨ) – ਤੁਹਾਡੇ ਪਰਿਵਾਰ ਦਾ ਮੁਖੀਆ ਕੌਣ ਹੈ ?
- ਨੇਪਰੇ ਚਾੜ੍ਹਨਾ (ਸਿਰੇ ਚਾੜ੍ਹਨਾ) – ਮੈਂ ਬੈਂਕ ਤੋਂ ਕਰਜ਼ਾ ਲੈ ਕੇ ਮਕਾਨ – ਉਸਾਰੀ ਦਾ ਕੰਮ ਨੇਪਰੇ ਚਾੜਿਆ
- ਪਹਿਲ – ਕਦਮੀ ਕੰਮ ਕਰਨ ਵਿਚ ਪਹਿਲ ਕਰਨੀ – ਤੁਹਾਡੀ ਪਹਿਲ – ਕਦਮੀ ਨਾਲ ਹੀ ਹੋਰ ਸਾਰੇ ਬੰਦੇ ਪਿੰਡ ਦੇ ਵਿਕਾਸ ਦੇ ਕੰਮ ਵਿਚ ਜੁੱਟ ਗਏ।
- ਸੂਚਕ (ਸੂਚਨਾ ਦੇਣ ਵਾਲਾ, ਇਸ਼ਾਰਾ ਕਰਨ ਵਾਲਾ) – ਚੌਕ ਵਿਚ ਲਾਲ ਬੱਤੀ ਆਵਾਜਾਈ ਲਈ ਰੁਕਣ ਦੀ ਸੂਚਕ ਹੁੰਦੀ ਹੈ।
- ਨਿਹੋਰੇ ਗਿਲੇ – ਵਿਆਹ – ਸ਼ਾਦੀ ਵਿਚ ਨਾਨਕੀਆਂ – ਦਾਦਕੀਆਂ ਦੇ ਗੀਤ ਇਕ – ਦੂਜੇ ਦੇ ਵਿਹਾਰ ਪ੍ਰਤੀ ਨਿਹੋਰਿਆਂ ਨਾਲ ਭਰੇ ਹੁੰਦੇ ਹਨ।
- ਦੂਣ – ਸਵਾਇਆ (ਬਹੁਤਾ) – ਜਾਗੋ ਦੀ ਰਸਮ ਵਿਆਹ ਦੇ ਚਾਵਾਂ ਨੂੰ ਦੂਣ – ਸਵਾਇਆ ਕਰ ਦਿੰਦੀ ਹੈ।
- ਇਰਾਦਾ ਇੱਛਾ) – ਮੈਂ ਇਹ ਪ੍ਰੀਖਿਆ ਪਾਸ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।
- ਮਖੌਲੀਆ ਮਖੌਲ ਕਰਨ ਵਾਲਾ) – ਬੀਰਬਲ ਅਕਬਰ ਦਾ ਇਕ ਮਖੌਲੀਆ ਦਰਬਾਰੀ ਸੀ।
- ਮਿਸ਼ਰਨ (ਕੁੱਝ ਚੀਜ਼ਾਂ ਦਾ ਮਿਲਿਆ ਹੋਣਾ) – ਇਸ ਚੂਰਨ ਵਿਚ ਕਈ ਚੀਜ਼ਾਂ ਦਾ ਮਿਸ਼ਰਨ ਹੈ।
- ਇਤਰਾਜ਼ (ਵਿਰੋਧ, ਸ਼ਿਕਾਇਤ, ਸ਼ੰਕਾ) – ਜਾਗੋ ਕੱਢਣ ਵਾਲੀਆਂ ਇਸਤਰੀਆਂ ਕਿਸੇ ਘਰ ਦਾ ਓਟਾ, ਕਿਸੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹ ਦਿੰਦੀਆਂ ਹਨ, ਪਰ ਇਸ ਵਿਰੁੱਧ ਕੋਈ ਇਤਰਾਜ਼ ਨਹੀਂ ਕਰਦਾ।
- ਪ੍ਰਮਾਣ (ਸਬੂਤ) – ਕੱਪੜਿਆਂ ਦਾ ਜਲਦੀ ਨਾ ਮੁੱਕਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਵਾਤਾਵਰਨ ਵਿਚ ਵਧੇਰੇ ਨਮੀ ਹੈ।
- ਸੁਮੇਲ (ਸੋਹਣਾ ਮੇਲ) – ਇਸ ਕਹਾਣੀ ਵਿਚ ਅਸਲੀਅਤ ਤੇ ਕਲਪਨਾ ਦਾ ਸੁਮੇਲ ਹੈ।
- ਕਾਇਆ (ਸਰੀਰ) – ਇਹ ਦਵਾਈ ਤੁਹਾਡਾ ਕਾਇਆ ਕਲਪ ਕਰ ਕੇ ਤੁਹਾਨੂੰ ਅਰੋਗ ਬਣਾ ਦੇਵੇਗੀ।
- ਸਮਾਈ ਵਸੀ, ਰਚੀ) – ਕਸ਼ਮੀਰ ਦੀ ਸੁੰਦਰਤਾ ਵਿਚ ਕੋਈ ਰੱਬੀ ਰਮਜ਼ ਸਮਾਈ ਹੋਈ ਹੈ।
4. ਹੇਠ ਲਿਖੇ ਸ਼ਬਦਾਂ ਨਾਲ਼ ਪਿਛੇਤਰ ਜਾਂ ਸ਼ਬਦਾਂਸ਼ ਲਾ ਕੇ ਨਵੇਂ ਸ਼ਬਦ ਬਣਾਓ:
- ਨਾਨਕੇ ________________
- ਪੇਕੇ ________________
- ਮਖੌਲ ________________
- ਦੀਵਾ ________________
- ਹਨੇਰੀ ________________
- ਘਰ ________________
- ਭਾਈ ________________
ਉੱਤਰ :
- ਨਾਨਕੇ – ਨਾਨਕਿਓਂ/ਨਾਨਕਿਆਂ
- थेवे – ਪੇਕਿਆਂ/ਪੇਕਿਓਂ
- ਮਖੌਲ – ਮਖੌਲੀਆ
- ਦੀਵਾ – ਦੀਵੇ
- ਹਨੇਰੀ – ਹਨੇਰੀਆਂ
- ਘਰੇ – ਘਰੇਲੂ
- ਭਾਈ – ਭਾਈਵੰਦੀ/ਭਾਈਆਣੀ !
ਵਿਦਿਆਰਥੀਆਂ ਲਈ
ਆਪਣੇ ਅੱਖੀਂ ਡਿੱਠੇ ਵਿਆਹ ਸੰਬੰਧੀ ਅਤੇ ਉਸ ਦੌਰਾਨ ਨਿਭਾਏ ਗਏ ਰਸਮਾਂ-ਰਿਵਾਜਾਂ ਬਾਰੇ ਆਪਣੀ ਸਹੇਲੀ/ਮਿੱਤਰ ਨੂੰ ਇੱਕ ਪੱਤਰ ਲਿਖੋ।
PSEB 7th Class Punjabi Guide ਜਾਗੋ Important Questions and Answers
ਪ੍ਰਸ਼ਨ –
‘ਜਾਗੋ ਲੇਖ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਮਤਿਹਾਨ ਨੇੜੇ ਹੋਣ ਕਰਕੇ ਰਾਜੂ ਤੇ ਉਸ ਦੀ ਛੋਟੀ ਭੈਣ ਨਿੱਕੀ ਦਾ ਪਿੰਡ ਜਾਣ ਦਾ ਕੋਈ ਇਰਾਦਾ ਨਹੀਂ ਸੀ, ਪਰੰਤੂ ਜਦੋਂ ਉਨ੍ਹਾਂ ਨੂੰ ਮੰਮੀ ਤੋਂ ਪਤਾ ਲੱਗਾ ਕਿ ਪਿੰਡ ਵਿਚ ਉਨ੍ਹਾਂ ਦੇ ਮਾਮੇ ਦੇ ਵਿਆਹ ਉੱਤੇ ਜਾਗੋ ਕੱਢੀ ਜਾਵੇਗੀ, ਤਾਂ ਉਹ ਵਿਆਹ ਉੱਤੇ ਜਾਣ ਲਈ ਤਿਆਰ ਹੋ ਗਏ। ਮੰਮੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਾਗੋ ਵਿਆਹ ਤੋਂ ਇਕ ਦਿਨ ਪਹਿਲਾਂ ਨਾਨਕਿਆਂ ਵਲੋਂ ਕੱਢੀ ਜਾਂਦੀ ਹੈ।
ਪਿੰਡ ਜਾ ਕੇ ਉਨ੍ਹਾਂ ਦੇਖਿਆ ਕਿ ਸਾਰਾ ਟੱਬਰ ਨਾਨਕਾ – ਮੇਲ ਨੂੰ ਉਡੀਕ ਰਿਹਾ ਸੀ। ਰਾਜੂ ਦੇ ਪੁੱਛਣ ‘ਤੇ ਮਾਮੀ ਨੇ ਦੱਸਿਆ ਕਿ “ਨਾਨਕਾ – ਮੇਲ ਮਾਂ ਦੇ ਮਾਪਿਆਂ ਨਾਲ ਸੰਬੰਧਿਤ ਰਿਸ਼ਤੇਦਾਰਾਂ ਨੂੰ ਕਿਹਾ ਜਾਂਦਾ ਹੈ। ਕੁੱਝ ਸਮੇਂ ਮਗਰੋਂ ਨਾਨਕਾ – ਮੇਲ ਘਰ ਆ ਪੁੱਜਾ। ਵਿਆਹ ਵਾਲੇ ਘਰ ਦੀਆਂ ਤੀਵੀਆਂ ਨੇ ਉਨ੍ਹਾਂ ਦਾ ਗੀਤਾਂ ਨਾਲ ਸੁਆਗਤ ਕੀਤਾ, ਜੋ ਕਿ ਕੁੱਝ ਮਖੌਲੀਆ ਸੁਰ ਵਾਲੇ ਸਨ। ਉਨ੍ਹਾਂ ਦੀ ਮੰਮੀ ਨੇ ਦੱਸਿਆ ਕਿ ਇਸ ਸਮੇਂ ਇਕ ਤਾਂ ਮਾਮੇ ਨੇ ਲਾੜੇ ਜਾਂ ਲਾੜੀ ਨੂੰ ਖ਼ਾਰੇ ਚਾੜ੍ਹਨਾ ਹੁੰਦਾ ਹੈ ਅਤੇ ਦੂਸਰੇ ਵਿਆਹ ਦੀਆਂ ਕਈ ਰਸਮਾਂ ਸਮੇਂ ਮਾਮੇ – ਮਾਮੀ ਜਾਂ ਨਾਨੇ – ਨਾਨੀ ਦੀ ਲੋੜ ਹੁੰਦੀ ਹੈ।
ਇਸ ਕਰਕੇ ਨਾਨਕਿਆਂ ਪ੍ਰਤੀ ਨਿਹੋਰੇ ਵਾਲੇ ਗੀਤ ਗਾਏ ਜਾਂਦੇ ਹਨ। ਰਾਜੁ ਤੇ ਉਸ ਦੀ ਭੈਣ ਨੇ ਖਾਰੇ ਚੜ੍ਹਨ ਦੀ ਰਸਮ ਨੂੰ ਬੜੇ ਚਾ ਨਾਲ ਦੇਖਿਆ। ਉਨ੍ਹਾਂ ਦੀ ਮੰਮੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਆਹ ਵਾਲੇ ਮੁੰਡੇ ਨੂੰ ਮਾਈਏਂ ਪਾਉਣ ਦੀ ਰਸਮ ਵੇਲੇ ਉਸ ਦੇ ਪਿੰਡੇ ਉੱਤੇ ਹਲਦੀ, ਤੇਲ ਤੇ ਵੇਸਣ ਦੇ ਮਿਸ਼ਰਨ ਤੋਂ ਬਣਿਆ ਵਟਣਾ ਮਲਿਆ ਗਿਆ ਸੀ। ਵਟਣੇ ਨਾਲ ਪਿੰਡਾ ਨਿੱਖਰ ਆਉਂਦਾ ਹੈ। ਵਿਆਹ ਦੇ ਬਹੁਤ ਨੇੜਲੇ ਦਿਨਾਂ ਵਿਚ ਵਿਆਂਹਦੜ ਮੁੰਡਾ – ਕੁੜੀ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੇ ਹਨ।
ਖਾਰੇ ਚਾੜ੍ਹਨ ਦੀ ਰਸਮ ਸਮੇਂ ਲਾੜੇ ਨੂੰ ਪਟੜੀ ਉੱਤੇ ਬਿਠਾ ਕੇ ਦਹੀਂ ਨਾਲ ਨੁਹਾਇਆ ਗਿਆ। ਨੁਹਾਉਣ ਸਮੇਂ ਕੁੱਝ ਔਰਤਾਂ ਨੇ ਉਸ ਦੇ ਸਿਰ ਉੱਤੇ ਫੁਲਕਾਰੀ ਤਾਣ ਲਈ ਤੇ ਨਾਨਕਿਆਂ ਨੂੰ ਸੰਬੋਧਿਤ ਗੀਤ ਗਾਏ।
‘ਰਾਤ ਦੀ ਰੋਟੀ ਮਗਰੋਂ ਜਾਗੋ ਕੱਢਣ ਦੀ ਤਿਆਰੀ ਹੋਈ। ਇਕ ਗਾਗਰ ਵਿਚ ਥੋੜ੍ਹਾ ਜਿਹਾ ਪਾਣੀ ਭਰ ਕੇ ਉਸ ਦੇ ਗਲਮੇ ਦੇ ਚੁਫ਼ੇਰੇ ਗੁੰਨਿਆਂ ਹੋਇਆ ਆਟਾ ਲਾ ਕੇ ਉੱਪਰ ਇੱਕ ਥਾਲੀ ਟਿਕਾਈ ਗਈ, ਜਿਸ ਵਿਚ ਦੀਵੇ ਬਾਲ ਕੇ ਰੱਖੇ ਗਏ। ਗਾਗਰ ਦੇ ਗਲਮੇ ਥੱਲੇ ਵਧੇ ਹੋਏ ਪੇਂਦੇ ਦੁਆਲੇ ਵੀ ਗੁੰਨਿਆਂ ਹੋਇਆ ਆਟਾ ਲਾ ਕੇ ਦੀਵੇ ਟਿਕਾਏ ਗਏ, ਜਿਨ੍ਹਾਂ ਨੂੰ ਤੇਲ ਪਾ ਕੇ ਜਗਾਇਆ ਗਿਆ। ਇਸ ਸਮੇਂ ਸਾਰੀਆਂ ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ, ਭੈਣਾਂ ਤੇ ਭਰਜਾਈਆਂ ਇਕੱਠੀਆਂ ਹੋ ਗਈਆਂ।
ਫਿਰ ਦੀਵਿਆਂ ਨਾਲ ਜਗਦੀ ਗਾਗਰ ਨੂੰ ਮੁਟਿਆਰ ਮਾਮੀ ਨੇ ਸਿਰ ‘ਤੇ ਚੁੱਕ ਲਿਆ ਤੇ ਨਾਲ ਹੀ ਔਰਤਾਂ ਦੇ ਗੀਤ ਤੇ ਨਾਚ ਸ਼ੁਰੂ ਹੋ ਗਏ। ਜਾਗੋ ਕੱਢਣ ਵਾਲੀਆਂ ਔਰਤਾਂ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚ ਜਾਗੋ ਨਾਲ ਗੇੜਾ ਕੱਢਣ ਨਿਕਲ ਪਈਆਂ। ਜਿੱਥੇ ਕਿਤੇ ਥਾਂ ਮਿਲਦੀ, ਉਹ ਉੱਥੇ ਹੀ ਬੜੇ ਜੋਸ਼ ਨਾਲ ਗਿੱਧਾ ਪਾ – ਪਾ ਕੇ ਨੱਚਣ ਲਗਦੀਆਂ ਚਾਰੇ ਪਾਸੇ ਲੋਕ ਕੋਠਿਆਂ ਉੱਤੇ ਚੜ੍ਹ – ਚੜ੍ਹ ਕੇ ਵੇਖ ਰਹੇ ਸਨ।
ਜਿਸ ਵੀ ਵਾਕਫ਼ ਘਰ ਦੇ ਅੱਗੋਂ ਔਰਤਾਂ ਜਾਗੋ ਲੈ ਕੇ ਲੰਘਦੀਆਂ, ਉਹ ਉਸ ਘਰ ਦੇ ਮੁਖੀ ਦਾ ਨਾਂ ਲੈ ਕੇ ਉਸ ਨੂੰ ਆਪਣੀ ਘਰ ਵਾਲੀ ਨੂੰ ਜਗਾਉਣ ਲਈ ਹਾਸੇ – ਠੱਠੇ ਭਰੇ ਬੋਲ ਬੋਲਦੀਆਂ :
ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਐ।
ਚੁੱਪ ਕਰ ਬੀਬੀ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਲੋਰੀ ਦੇ ਕੇ ਪਾਈ ਐ,
ਮਸਾਂ ਸੁਵਾਈ ਐ,
ਜਾਗੋ ਆਈ ਐ।
ਸੁੱਤੀ ਨੂੰ ਜਗਾ ਲੈ,
ਰੁੱਸੀ ਨੂੰ ਮਨਾ ਲੈ,
ਸੋਨ – ਚਿੜੀ ਗਲ ਲਾ ਲੈ ਵੇ,
ਹੁਣ ਜਾਗੋ ਆਈ ਐ।
ਜਿਸ ਘਰ ਅੱਗੇ ਜਾਗੋ ਵਿਚ ਸ਼ਾਮਲ ਔਰਤਾਂ ਦਾ ਇਕੱਠ ਗੀਤ ਗਾਉਂਦਾ ਹੋਇਆ ਨੱਚਦਾ, ਉਸ ਘਰ ਵਾਲੇ ਦੀਵਿਆਂ ਵਿਚ ਤੇਲ ਪਾ ਕੇ ਇਸ ਚਾਨਣ ਵੰਡਣ ਦੀ ਰਸਮ ਵਿਚ ਆਪਣਾ ਹਿੱਸਾ ਪਾ ਕੇ ਖੁਸ਼ੀ ਪ੍ਰਗਟ ਕਰਦੇ।
ਪਿੰਡ ਵਿੱਚੋਂ ਲੰਘਦੀਆਂ ਹੋਈਆਂ ਔਰਤਾਂ ਕਿਸੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਖ਼ਰਮਸਤੀ ਕਰਦੀਆਂ, ਪਰ ਕੋਈ ਵੀ ਇਤਰਾਜ਼ ਨਾ ਕਰਦਾ।
ਰਾਜੁ ਤੇ ਨਿੱਕੀ ਦੀ ਮੰਮੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਾਗੋ ਅਸਲ ਵਿਚ ਇਸਤਰੀ ਮਨ ਦੀਆਂ ਦੱਬੀਆਂ – ਘੁੱਟੀਆਂ ਭਾਵਨਾਵਾਂ ਨੂੰ ਗੀਤਾਂ ਰਾਹੀਂ ਪ੍ਰਗਟ ਕਰਨ ਦੀ ਰਸਮ ਹੈ। ਚੁੱਲ੍ਹੇ – ਚੌਂਕੇ ਢਾਹੁਣਾ ਵੀ ਉਸ ਦਾ ਇਕ ਤਰ੍ਹਾਂ ਬੰਧਨ – ਮੁਕਤ ਹੋਣ ਦਾ ਪ੍ਰਗਟਾਵਾ ਹੈ। ਸਿਰ ’ਤੇ ਜਾ ਚੁੱਕ ਕੇ ਜਾਗਣ ਦਾ ਹੋਕਾ ਦੇਣਾ ਵੀ ਇਕ ਤਰ੍ਹਾਂ ਹਨੇਰੇ ਨੂੰ ਦੂਰ ਕਰਨ ਦੀ ਦਲੇਰੀ ਤੇ ਪਹਿਲ – ਕਦਮੀ ਦਾ ਚਿੰਨ੍ਹ ਹੈ !
ਉਨ੍ਹਾਂ ਦੀ ਮੰਮੀ ਨੇ ਗਾਗਰ ਵਿਚ ਪਾਣੀ ਪਾ ਕੇ ਦੀਵੇ ਜਗਾਉਣ ਸੰਬੰਧੀ ਦੱਸਿਆ ਕਿ ਗਾਗਰ ਨੂੰ ਸਰੀਰ ਦਾ, ਦੀਵੇ ਨੂੰ ਚਾਨਣ ਦਾ ਤੇ ਪਾਣੀ ਨੂੰ ਪਵਿੱਤਰ ਸ਼ਕਤੀ ਦਾ ਰੂਪ ਸਮਝਿਆ ਜਾਂਦਾ ਹੈ। ਇਸ ਰਸਮ ਦਾ ਨਾਂ ਜਾਗੋ ਇਸ ਕਰਕੇ ਪਿਆ ਹੈ, ਕਿਉਂਕਿ ਵਿਆਹ ਤੋਂ ਇਕ ਦਿਨ ਪਹਿਲਾਂ ਜਦੋਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਾਈ ਜਾਂਦੀ ਹੈ, ਤਾਂ ਔਰਤਾਂ ਗੀਤ ਗਾਉਂਦੀਆਂ ਹੋਈਆਂ ਸਾਰੀ – ਸਾਰੀ ਰਾਤ ਜਾਗਦੀਆਂ ਰਹਿੰਦੀਆਂ ਹਨ। ਇਹ ਜਾਗਣ ਦੀ ਰਸਮ ਹੀ ‘ਜਾਗੋ’ ਨਾਂ ਨਾਲ ਪ੍ਰਚਲਿਤ ਹੋਈ।
ਵਿਆਹ ਵੇਲੇ ਜਾਗੋ ਕੱਢਣੀ ਚਾਵਾਂ ਨੂੰ ਦੂਣਾ – ਸਵਾਇਆ ਕਰਦੀ ਹੈ। ਆਪਣੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਘਰ ਜਾਗੋ ਲੈ ਕੇ ਜਾਣ ਦਾ ਮੰਤਵ ਇਹ ਵੀ ਸੀ ਕਿ ਆਪਣੇ ਸਾਰੇ ਭਾਈਚਾਰੇ ਨੂੰ ਅਗਲੇ ਦਿਨ ਦੇ ਕੰਮਾਂ ਬਾਰੇ ਸੂਚਨਾ ਦਿੱਤੀ ਜਾਵੇ, ਕਿਉਂਕਿ ਵਿਆਹ ਦੇ ਕੰਮ ਸਾਰੇ ਭਾਈਚਾਰੇ ਨੇ ਮਿਲ ਕੇ ਹੀ ਸਿਰੇ ਚਾੜ੍ਹਨੇ ਹੁੰਦੇ ਹਨ। ਇਸ ਤਰ੍ਹਾਂ ਰਾਜੂ ਨੇ ਮਹਿਸੂਸ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਸ ਰਸਮ ਵਿਚ ਸ਼ਾਮਲ ਹੋਣ ਦਾ ਮੌਕਾ ਨਾ ਮਿਲਦਾ, ਤਾਂ ਉਹ ਜਾਗੋ ਬਾਰੇ ਕਦੇ ਵੀ ਇੰਨਾ ਕੁੱਝ ਨਾ ਜਾਣ ਸਕਦੇ।
- ਔਖੇ ਸ਼ਬਦਾਂ ਦੇ ਅਰਥ – ਇਰਾਦਾ – ਪੱਕੀ ਇੱਛਾ।
- ਜਾਗੋ – ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਇਕ ਪ੍ਰਕਾਰ ਦੀ ਰਸਮ॥
- ਚਾਈਂ – ਚਾਈਂ – ਚਾਵਾਂ ਨਾਲ।
- ਨਾਨਕਾ – ਮੇਲ – ਨਾਨਕਿਆਂ ਦੇ
- ਆਦਮੀਆਂ – ਤੀਵੀਆਂ ਦਾ ਇਕੱਠ, ਜਿਨ੍ਹਾਂ ਵਿਚ ਨਾਨਾ, ਨਾਨੀ, ਮਾਮੇ, ਮਾਮੀਆਂ ਤੇ ਉਨ੍ਹਾਂ ਦੇ ਹੋਰ ਸੰਬੰਧੀ ਸ਼ਾਮਲ ਹੁੰਦੇ ਹਨ
- ਅੰਗਾਂ – ਸਾਕਾਂ – ਰਿਸ਼ਤੇਦਾਰਾਂ।
- ਸੁਆਗਤ – ਆਓ – ਭਗਤ।
- ਮਖੌਲੀਆ – ਹਾਸੇ – ਠੱਠੇ ਵਾਲੀ।
- ਸੁਰ – ਲਹਿਜ਼ਾ
- ਲਾੜਾ, ਲਾੜੀ – ਉਹ
- ਮੁੰਡਾ – ਕੁੜੀ, ਜਿਨ੍ਹਾਂ ਦਾ ਵਿਆਹ ਹੋ ਰਿਹਾ ਹੁੰਦਾ ਹੈ।
- ਖਾਰੇ ਚੜ੍ਹਨਾ – ਵਿਆਂਹਦੜ ਨੂੰ ਮਾਈਆਂ ਲਾ ਕੇ ਨਹਾਉਣ ਸਮੇਂ ਖਾਰੇ ਚਾੜ੍ਹਿਆ ਜਾਂਦਾ ਹੈ।
- ਤਿ – ਸੰਬੰਧੀ। ਨਿਹੋਰੇ ਅਹਿਸਾਨ, ਗਿਲੇ।
- ਮਿਸ਼ਰਨ – ਕੁੱਝ ਚੀਜ਼ਾਂ ਮਿਲਾ ਕੇ ਬਣੀ ਚੀਜ਼, ਇਕ ਪ੍ਰਕਾਰ ਦਾ ਗੁਤਾਵਾ
- ਵਟਣਾ – ਹਲਦੀ, ਤੇਲ ਤੇ ਵੇਸਣ ਦਾ ਮਿਸ਼ਰਨ।
- ਫੁਲਕਾਰੀ – ਸਿਰ ਤੇ ਲੈਣ ਵਾਲਾ ਲਾਲ ਰੰਗ ਦਾ ਖੱਦਰ ਦਾ ਕੱਪੜਾ, ਜਿਸ ਉੱਤੇ ਰੇਸ਼ਮ ਦੇ ਧਾਗੇ ਨਾਲ ਫੁੱਲ ਕੱਢੇ ਹੁੰਦੇ ਹਨ
- ਗਾਗਰ – ਪਿੱਤਲ ਦਾ ਘੜਾ
- ਪੈਂਦੇ – ਦੁਆਲੇ, ਵਧੇ ਹੋਏ ਚੁਫ਼ੇਰੇ ਦੁਆਲੇ।
- ਪਰਕਰਮਾ – ਆਲੇ – ਦੁਆਲੇ ਸ਼ਰਧਾ ਨਾਲ ਗੇੜਾ ਕੱਢਣਾ
- ਸੁਵਾਈ – ਸੁਲਾਈ।
- ਸਮੂਹ – ਇਕੱਠ।
- ਓਟਾ – ਓਹਲਾ ਕਰਨ
- ਲਈ ਲੱਕ – ਲੱਕ ਬਣੀ ਮਿੱਟੀ ਜਾਂ ਇੱਟਾਂ ਦੀ ਕੰਧ।
- ਖ਼ਰਮਸਤੀ – ਸ਼ਰਾਰਤਾਂ।
- ਇਤਰਾਜ਼ – ਨਰਾਜ਼ਗੀ, ਸ਼ਿਕਾਇਤ।
- ਬੰਧਨਾਂ – ਰੁਕਾਵਟਾਂ।
- ਮੁਕਤ – ਅਜ਼ਾਦ।
- ਵਲਗਣ – ਚਾਰ – ਦੀਵਾਰੀ, ਵਾੜ।
- ਦਲੇਰੀ – ਹੌਸਲਾ।
- ਪਹਿਲ – ਕਦਮੀ – ਕਿਸੇ ਕੰਮ ਨੂੰ ਕਰਨ ਲਈ ਮੋਹਰੇ ਹੋਣਾ ਸੂਚਕ ਚਿੰਨ੍ਹ, ਇਸ਼ਾਰਾ
- ਬੁਝਾਰਤ – ਬੁੱਝਣ ਵਾਲੀ ਬਾਤ ਜਾਂ ਗੱਲ।
- ਕਾਇਆ – ਸਰੀਰ।
- ਸੁਮੇਲ – ਸੋਹਣਾ ਮੇਲ !
- ਪ੍ਰਮਾਣ – ਸਬੂਤ
- ਤੀਮਤਾਂ – ਇਸਤਰੀਆਂ
- ਭਾਈਚਾਰੇ – ਭਰਾਵਾਂ – ਭਾਈਆਂ ਦੇ ਰਿਸ਼ਤੇ ਵਿਚ ਬੱਝੇ ਲੋਕ।
- ਨੇਪਰੇ ਚਾੜ੍ਹਨਾ – ਸਿਰੇ ਚਾੜ੍ਹਨਾ ਧਮਕ ਖੜਾਕਾ, ਖੜਾਕ
- ਸਮਾਈ – ਰਚੀ, ਵਸਦੀ।
1. ਪਾਠ – ਅਭਿਆਸ ਪ੍ਰਸ਼ਨ –
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਪਟੜੀ, ਚਾਵਾਂ, ਨਾਨਕਾ – ਮੇਲ, ਪ੍ਰਮਾਣ, ਮਖੌਲੀਆ)
(ਉ) ……………………….. ਮਾਂ ਦੇ ਪੇਕਿਆਂ ਨਾਲ ਸੰਬੰਧਿਤ ਅੰਗਾਂ – ਸਾਕਾਂ ਨੂੰ ਕਹਿੰਦੇ ਹਨ।
(ਅ) ਮੈਨੂੰ ਲੱਗਾ ਕਿ ਗੀਤਾਂ ਦੇ ਬੋਲ ਕੁੱਝ – ਕੁੱਝ ……………………….. ਸੁਰ ਵਾਲੇ ਹਨ।
(ਇ) ਖਾਰੇ ਦੀ ਰਸਮ ਸਮੇਂ ਲਾੜੇ ਨੂੰ ……………………….. ਤੇ ਬਿਠਾ ਕੇ ਦਹੀਂ ਨਾਲ ਨੁਹਾਇਆ ਜਾਂਦਾ ਹੈ।
(ਸ) ਵਿਆਹ ਦੇ ਮੌਕੇ ਨਾਨਕਿਆਂ ਤੇ ਦਾਦਕਿਆਂ ਦੇ ਪਰਿਵਾਰ ਇਕੱਠੇ ਹੋਣ ਦਾ ……………………….. ਵੀ ਦਿੰਦੇ ਹਨ।
(ਹ) ਵਿਆਹ ਵੇਲੇ ਜਾਗੋ ਕੱਢਣੀ ……………………….. ਨੂੰ ਦੂਣ ਸਵਾਇਆ ਕਰਦੀ ਹੈ।
ਉੱਤਰ :
(ਉ) ਨਾਨਕਾ – ਮੇਲ ਮਾਂ ਦੇ ਪੇਕਿਆਂ ਨਾਲ ਸੰਬੰਧਿਤ ਅੰਗਾਂ – ਸਾਕਾਂ ਨੂੰ ਕਹਿੰਦੇ ਹਨ।
(ਅ) ਮੈਨੂੰ ਲੱਗਾ ਕਿ ਗੀਤਾਂ ਦੇ ਬੋਲ ਕੁੱਝ – ਕੁੱਝ ਮਖੌਲੀਆ ਸੁਰ ਵਾਲੇ ਹਨ।
(ਇ) ਖਾਰੇ ਦੀ ਰਸਮ ਸਮੇਂ ਲਾੜੇ ਨੂੰ ਪਟੜੀ ‘ਤੇ ਬਿਠਾ ਕੇ ਦਹੀਂ ਨਾਲ ਨੁਹਾਇਆ ਜਾਂਦਾ ਹੈ।
(ਸ) ਵਿਆਹ ਦੇ ਮੌਕੇ ਨਾਨਕਿਆਂ ਅਤੇ ਦਾਦਕਿਆਂ ਦੇ ਇਕੱਠੇ ਹੋਣ ਦਾ ਪ੍ਰਮਾਣ ਵੀ ਦਿੰਦੇ ਹਨ।
(ਹ) ਵਿਆਹ ਵੇਲੇ ਜਾਗੋ ਕੱਢਣੀ ਚਾਵਾਂ ਨੂੰ ਦੂਣ – ਸਵਾਇਆ ਕਰਦੀ ਹੈ।
3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
ਇਮਤਿਹਾਨ ਬਿਲਕੁਲ ਨੇੜੇ ਸਨ। ਮੇਰਾ ਅਤੇ ਮੇਰੀ ਛੋਟੀ ਭੈਣ ਨਿੱਕੀ ਦਾ ਪਿੰਡ ਜਾਣ ਦਾ ਕੋਈ ਇਰਾਦਾ ਨਹੀਂ ਸੀ। ਜਦੋਂ ਸਾਨੂੰ ਆਪਣੇ ਮਾਤਾ ਜੀ ਤੋਂ ਪਤਾ ਲੱਗਾ ਕਿ ਮਾਮੇ ਦੇ ਵਿਆਹ ‘ਤੇ ਜਾਗੋ ਕੱਢੀ ਜਾਵੇਗੀ, ਤਾਂ ਅਸੀਂ ਦੋਵੇਂ ਭੈਣ – ਭਰਾ, ਚਾਈਂ ਚਾਈਂ ਵਿਆਹ ‘ਤੇ ਜਾਣ ਲਈ ਤਿਆਰ ਹੋ ਗਏ। ਸਾਡੀ ਮਾਂ ਨੇ ਦੱਸਿਆ ਕਿ ਜਾਗੋ ਵਿਆਹ ਤੋਂ ਇੱਕ ਦਿਨ ਪਹਿਲਾਂ ਨਾਨਕਿਆਂ ਵਲੋਂ ਕੱਢੀ ਜਾਂਦੀ ਹੈ। ਪਿੰਡ ਜਾ ਕੇ ਅਸੀਂ ਵੇਖਿਆ ਕਿ ਸਾਰਾ ਟੱਬਰ ਨਾਨਕਾ – ਮੇਲ ਨੂੰ ਉਡੀਕ ਰਿਹਾ ਸੀ। ‘‘ਨਾਨਕਾ – ਮੇਲ ਕੀ ਹੁੰਦੈ ?” ਮਾਤਾ ਜੀ ਤੋਂ ਮੈਂ ਪੁੱਛਿਆ। “ਰਾਜੂ ਬੇਟੇ, ਨਾਨਕਾ – ਮੇਲ ਮਾਂ ਦੇ ਪੇਕਿਆਂ ਨਾਲ ਸੰਬੰਧਿਤ ਅੰਗਾਂ – ਸਾਕਾਂ ਨੂੰ ਕਹਿੰਦੇ ਹਨ, ਜਿਵੇਂ: ਮਾਮਾ – ਮਾਮੀ, ਨਾਨਾ – ਨਾਨੀ ਆਦਿ।”
ਥੋੜ੍ਹੀ ਦੇਰ ਮਗਰੋਂ ਜਿਵੇਂ ਹੀ ਨਾਨਕਾ – ਮੇਲ ਘਰ ਨੇੜੇ ਪੁੱਜਾ, ਆਂਢ – ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ। ਵਿਆਹ ਵਾਲੇ ਘਰ ਦੀਆਂ ਔਰਤਾਂ ਨੇ ਗੀਤ ਗਾ ਕੇ ਉਹਨਾਂ ਦਾ ਸੁਆਗਤ ਕੀਤਾ। ਮੈਨੂੰ ਲੱਗਾ ਕਿ ਗੀਤਾਂ ਦੇ ਬੋਲ ਕੁੱਝ – ਕੁੱਝ ਮਖੌਲੀਆ ਸੁਰ ਵਾਲੇ ਸਨ। ਮਾਤਾ ਜੀ ਨੇ ਦੱਸਿਆ ਕਿ ਇਸ ਸਮੇਂ ਇੱਕ ਤਾਂ ਮਾਮੇ ਨੇ ਲਾੜੇ ਜਾਂ ਲਾੜੀ ਨੂੰ ਖਾਰੇ ਚਾੜ੍ਹਨਾ ਹੁੰਦਾ ਹੈ। ਦੂਜਾ, ਵਿਆਹ ਦੀਆਂ ਕਈ ਰਸਮਾਂ ਸਮੇਂ ਮਾਮੇ – ਮਾਮੀ ਜਾਂ ਨਾਨੇ – ਨਾਨੀ ਦੀ ਲੋੜ ਹੁੰਦੀ ਹੈ, ਇਸ ਲਈ ਨਾਨਕਿਆਂ ਪ੍ਰਤੀ ਨਿਹੋਰੇ ਵਾਲੇ ਗੀਤ ਗਾਏ ਜਾਂਦੇ ਹਨ।
1. ਮਾਮੇ ਦੇ ਵਿਆਹ ਉੱਤੇ ਕੀ ਕੱਢਿਆ ਜਾਣਾ ਸੀ ?
(ਉ) ਜਲੂਸ
(ਅ) ਜਾਗੋ
(ਈ) ਗੁੱਸਾ – ਗਿਲਾ
(ਸ) ਮਨ ਦੀ ਭਾਫ਼।
ਉੱਤਰ :
(ਅ) ਜਾਗੋ
2. ਜਾਗੋ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕੱਢੀ ਜਾਂਦੀ ਹੈ ?
(ੳ) ਇਕ ਦਿਨ
(ਅ) ਦੋ ਦਿਨ
(ਈ) ਤਿੰਨ ਦਿਨ
(ਸ) ਕੁੱਝ ਦਿਨ।
ਉੱਤਰ :
(ੳ) ਇਕ ਦਿਨ
3. ਜਾਗੋ ਕਿਨ੍ਹਾਂ ਵਲੋਂ ਕੱਢੀ ਜਾਂਦੀ ਹੈ ?
(ਉ) ਨਾਨਕਿਆਂ ਵਲੋਂ
(ਅ) ਦਾਦਕਿਆਂ ਵਲੋਂ
(ਇ) ਸਹੁਰਿਆਂ ਵਲੋਂ
(ਸ) ਪੇਕਿਆਂ ਵਲੋਂ।
ਉੱਤਰ :
(ਉ) ਨਾਨਕਿਆਂ ਵਲੋਂ
4. ਪਿੰਡ ਵਿਚ ਸਾਰਾ ਟੱਬਰ ਕਿਸਦੀ ਉਡੀਕ ਕਰ ਰਿਹਾ ਸੀ ?
(ਉ) ਦਾਦਕਾ ਮੇਲ ਦੀ
(ਅ) ਨਾਨਕਾ ਮੇਲ ਦੀ
(ਇ) ਜੰਟ ਦੀ
(ਸ) ਪ੍ਰਾਹੁਣਿਆਂ ਦੀ।
ਉੱਤਰ :
(ਅ) ਨਾਨਕਾ ਮੇਲ ਦੀ
5. ਨਾਨਕਾ ਮੇਲ ਵਿਚ ਕਿਹੜੇ ਅੰਗ – ਸੰਗ ਸ਼ਾਮਿਲ ਹੁੰਦੇ ਹਨ ?
(ਉ) ਮਾਂ ਦੇ ਪੇਕਿਆਂ ਦੇ ਨਾਨਕਿਆਂ ਦੇ
(ਅ) ਮਾਂ ਦੇ ਨਾਨਕਿਆਂ ਦੇ
(ਈ) ਦਾਦਕਿਆਂ ਦੇ
(ਸ) ਆਂਢ – ਗੁਆਂਢ ਦੇ।
ਉੱਤਰ :
(ਉ) ਮਾਂ ਦੇ ਪੇਕਿਆਂ ਦੇ ਨਾਨਕਿਆਂ ਦੇ
6. ਪੈਰੇ ਵਿਚ ਵਿਆਹ ਦੇਖਣ ਗਏ ਭੈਣ – ਭਰਾ ਵਿਚੋਂ ਭਰਾ ਦਾ ਨਾਂ ਕੀ ਹੈ ?
(ਉ) ਰਾਜੂ
(ਆ) ਬਿੱਲੂ
(ਈ) ਕਿੱਟੂ
(ਸ) ਗੋਰਾ।
ਉੱਤਰ :
(ਉ) ਰਾਜੂ
7. ਵਿਆਹ ਵਾਲੇ ਘਰ ਦੀਆਂ ਔਰਤਾਂ ਨੇ ਨੇੜੇ ਪੁੱਜੇ ਨਾਨਕਾ – ਮੇਲ ਦਾ ਕਿਸ ਤਰ੍ਹਾਂ ਸੁਆਗਤ ਕੀਤਾ ?
(ੳ) ਉੱਠ ਕੇ
(ਅ) ਨੱਚ ਕੇ।
(ਈ) ਹੱਸ ਕੇ
(ਸ) ਗੀਤ ਗਾ ਕੇ॥
ਉੱਤਰ :
(ਸ) ਗੀਤ ਗਾ ਕੇ॥
8. ਗੀਤਾਂ ਦੀ ਸੁਰ ਕਿਹੋ ਜਿਹੀ ਸੀ ?
(ਉ) ਕੁੱਝ – ਕੁੱਝ ਮਖੌਲੀਆ
(ਅ) ਧਾਰਮਿਕ
(ਇ) ਖੁਸ਼ੀ ਭਰੀ
(ਸ) ਪਿਆਰ ਭਰੀ।
ਉੱਤਰ :
(ਉ) ਕੁੱਝ – ਕੁੱਝ ਮਖੌਲੀਆ
9. ਮਾਮੇ ਨੇ ਲਾੜੇ ਜਾਂ ਲਾੜੀ ਨੂੰ ਕੀ ਕਰਨਾ ਹੁੰਦਾ ਹੈ ?
(ਉ) ਪਿਆਰ ਕਰਨਾ
(ਅ) ਅਸ਼ੀਰਵਾਦ ਦੇਣਾ
(ਈ) ਖ਼ਾਰੇ ਚਾੜ੍ਹਨਾ
(ਸ) ਨਹਾਉਣਾ।
ਉੱਤਰ :
(ਈ) ਖ਼ਾਰੇ ਚਾੜ੍ਹਨਾ
10. ਵਿਆਹ ਦੀਆਂ ਕਈ ਰਸਮਾਂ ਵਿਚ ਕਿਸਦੀ ਜ਼ਰੂਰਤ ਹੁੰਦੀ ਹੈ ?
(ਉ) ਨਾਨੇ – ਨਾਨੀ ਦੀ।
(ਅ) ਪ੍ਰਾਹੁਣਿਆਂ ਦੀ
(ਈ) ਗੁਆਂਢੀਆਂ ਦੀ।
(ਸ) ਗਾਇਕਾਂ ਦੀ।
ਉੱਤਰ :
(ਉ) ਨਾਨੇ – ਨਾਨੀ ਦੀ।
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਇਮਤਿਹਾਨ, ਭੈਣ, ਇਰਾਦਾ, ਮਾਤਾ, ਮਾਮੇ।
(ii) ਮੇਰਾ, ਮੇਰੀ, ਅਸੀਂ, ਸਾਡੀ, ਕੀ।
(iii) ਛੋਟੀ, ਦੋਵੇਂ, ਇਕ, ਸਾਰਾ, ਮਖੌਲੀਆ।
(iv) ਹੋ ਗਏ, ਕੱਢੀ ਜਾਵੇਗੀ, ਉਡੀਕ ਰਿਹਾ ਸੀ, ਗਾਏ ਜਾਂਦੇ ਹਨ, ਕੀਤਾ।
ਪ੍ਰਸ਼ਨ 3.
ਉਪਰੋਕਤ ਪੈਰਿਆਂ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਨਾਨਕਿਆਂ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਨਾਨੇ
(ਅ) ਨਾਨੀਆਂ
(ਈ) ਦਾਦਕੇ
(ਸ) ਦਾਦਕਿਆਂ।
ਉੱਤਰ :
(ਸ) ਦਾਦਕਿਆਂ।
(ii) “ਨਾਨਕਾ ਮੇਲ ਕੀ ਹੁੰਦੈ ?” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਨਾਨਕਾ
(ਅ) ਮੇਲ
(ਈ) ਕੀ
(ਸ) ਹੁੰਦੈ।
ਉੱਤਰ :
(ਈ) ਕੀ
(iii) ‘‘ਗੀਤਾਂ ਦੇ ਬੋਲ ਕੁੱਝ – ਕੁੱਝ ਮਖੌਲੀਆ ਸੁਰ ਵਾਲੇ ਸਨ।’ ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ
ਪ੍ਰਸ਼ਨ 4,
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ –
(i) ਚਾਈਂ – ਚਾਈਂ
(ii) ਅੰਗ – ਸਾਕ
(iii) ਨਿਹੋਰੇ
(iv) ਖਾਰੇ ਚਾੜ੍ਹਨਾ
ਉੱਤਰ :
(i) ਚਾਈਂ – ਚਾਈਂ – ਚਾਵਾਂ ਨਾਲ ਭਰੇ ਹੋਏ।
(ii) ਅੰਗ – ਸਾਕ – ਰਿਸ਼ਤੇਦਾਰ।
(iii) ਨਿਹੋਰੇ – ਗਿਲੇ।
(iv) ਖਾਰੇ ਚਾੜ੍ਹਨਾ – ਟੋਕਰੇ ਉੱਤੇ ਬਿਠਾਉਣਾ।
4. ਰਚਨਾਤਮਕ ਕਾਰਜ
ਪ੍ਰਸ਼ਨ –
ਆਪਣੇ ਅੱਖੀਂ ਡਿੱਠੇ ਵਿਆਹ ਸੰਬੰਧੀ ਅਤੇ ਉਸ ਦੌਰਾਨ ਨਿਭਾਏ ਗਏ ਰਸਮਾਂ – ਰਿਵਾਜਾਂ ਬਾਰੇ ਆਪਣੀ ਸਹੇਲੀ ਮਿੱਤਰ ਨੂੰ ਇਕ ਪੱਤਰ ਲਿਖੋ।
ਪਿੰਡ ਤੇ ਡਾ: ਹਰਜੋਆਲ,
ਜ਼ਿਲ੍ਹਾ ਕਪੂਰਥਲਾ।
12 ਦਸੰਬਰ, 20…..
ਪਿਆਰੀ ਮਿੱਤਰ ਮਨਜੀਤ,
ਮੈਂ ਇਸ ਪੱਤਰ ਰਾਹੀਂ ਆਪਣੇ ਨੇੜੇ ਦੇ ਪਿੰਡ ਵਿਚ ਹੋਏ ਇਕ ਸਾਦਾ ਤੇ ਆਦਰਸ਼ ਵਿਆਹ ਦਾ ਹਾਲ ਲਿਖ ਰਿਹਾ ਹਾਂ। ਕਿਰਪਾ ਕਰ ਕੇ ਆਪ ਇਸ ਨੂੰ ਆਪਣੀ ਅਖ਼ਬਾਰ ਵਿਚ ਛਾਪ ਦੇਣਾ, ਤਾਂ ਜੋ ਸਾਡੇ ਲੋਕਾਂ ਨੂੰ ਵਿਆਹਾਂ ਵਿਚ ਸਾਦਗੀ ਤੇ ਕਮ – ਖ਼ਰਚੀ ਨੂੰ ਅਪਣਾਉਣ ਦੀ ਪ੍ਰੇਰਨਾ ਮਿਲ ਸਕੇ।
ਪਿੰਡ ਤਲਵੰਡੀ, ਜ਼ਿਲ੍ਹਾ ਕਪੂਰਥਲਾ ਵਿਚ ਪਿਛਲੇ ਦਿਨੀਂ ਹੋਏ ਇਕ ਸਾਦਾ ਅਤੇ ਆਦਰਸ਼ ਵਿਆਹ ਨੇ ਇਲਾਕੇ ਦੇ ਲੋਕਾਂ ਵਿਚ ਸਾਦਗੀ ਅਤੇ ਕਮ – ਖ਼ਰਚੀ ਦੀ ਮਿਸਾਲ ਕਾਇਮ ਕਰ ਦਿੱਤੀ ਹੈ। ਇਸ ਵਿਆਹ ਨੂੰ ਅਜਿਹਾ ਰੂਪ ਦੇਣ ਵਿਚ ਬਹੁਤਾ ਹੱਥ ਵਿਆਂਹਦੜ ਮੁੰਡੇ ਤੇ ਕੁੜੀ ਦਾ ਸੀ, ਜੋ ਕਿ ਪੜ੍ਹੇ – ਲਿਖੇ ਤੇ ਅਗਾਂਹ – ਵਧੂ ਵਿਚਾਰਾਂ ਦੇ ਧਾਰਨੀ ਸਨ। ਵਿਆਹ ਦੀ ਗੱਲ ਦਸ ਕੁ ਦਿਨ ਪਹਿਲਾਂ ਤੇ ਹੋਈ ਅਤੇ ਇਸ ਵਿਚ ਨਿਰਨਾ ਲੈਣ ਵਾਲੇ ਕੇਵਲ ਲੜਕਾ – ਲੜਕੀ ਤੇ ਉਨ੍ਹਾਂ ਦੇ ਮਾਤਾ – ਪਿਤਾ ਸਨ।
ਲੜਕੇ ਦੀ ਧਿਰ ਵਲੋਂ ਨਾ ਕੋਈ ਸ਼ਰਤਾਂ ਰੱਖੀਆਂ ਗਈਆਂ ਤੇ ਨਾ ਹੀ ਮੰਗਾਂ। ਦੋਹਾਂ ਧਿਰਾਂ ਨੇ ਦੇਖਿਆ ਕਿ ਦੋਵੇਂ ਮੁੰਡਾ ਤੇ ਕੁੜੀ ਡਾਕਟਰੀ ਪਾਸ ਹਨ। ਉਨ੍ਹਾਂ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਲੜਕੇ ਤੇ ਲੜਕੀ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ। ਜਦੋਂ ਉਨ੍ਹਾਂ ਦੇ ਮਾਤਾ – ਪਿਤਾ ਵਿਆਹ ਪੱਕਾ ਕਰਨ ਦੀ ਗੱਲ – ਬਾਤ ਕਰਨ ਲੱਗੇ, ਤਾਂ ਲੜਕੇ ਨੇ ਸਪੱਸ਼ਟ ਕਹਿ ਦਿੱਤਾ ਕਿ ਉਹ ਵਿਆਹ ਬਿਲਕੁਲ ਸਾਦਾ ਕਰਨਾ ਚਾਹੁੰਦਾ ਹੈ ਤੇ ਦਾਜ, ਵਿਖਾਵਿਆਂ, ਸਜਾਵਟਾਂ ਤੇ ਹੋਰ ਰਸਮਾਂ ਉੱਪਰ ਖ਼ਰਚ ਨੂੰ ਬਿਲਕੁਲ ਪਸੰਦ ਨਹੀਂ ਕਰਦਾ।
ਲੜਕੀ ਨੇ ਵੀ ਉਸ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਦੋਹਾਂ ਦੇ ਮਾਪੇ ਸਮਝਦਾਰ ਸਨ ਤੇ ਉਨ੍ਹਾਂ ਨੇ ਦੋਹਾਂ ਦੀ ਤਜਵੀਜ਼ ਅਨੁਸਾਰ ਵਿਆਹ ਨੂੰ ਸਾਦਾ ਤੇ ਆਦਰਸ਼ ਢੰਗ ਨਾਲ ਕਰਨ ਦਾ ਫ਼ੈਸਲਾ ਕਰ ਲਿਆ। ਬੱਸ ਇਸ ਫ਼ੈਸਲੇ ਅਨੁਸਾਰ ਪਿਛਲੇ ਐਤਵਾਰ ਇਹ ਵਿਆਹ ਹੋਇਆ। ਜੰਞ ਵਿਚ ਕੁੱਲ ਪੰਜ ਆਦਮੀ ਸ਼ਾਮਲ ਸਨ। ਲੜਕਾ, ਉਸ ਦਾ ਪਿਤਾ, ਭਰਾ ਤੇ ਇਕ ਭੈਣ ਉਹ ਆਪਣੀ ਇਕ ਕਾਰ ਵਿਚ ਆਮ ਪਾਹੁਣਿਆਂ ਵਾਂਗ ਆਏ। ਕੇਵਲ ਵਿਆਂਹਦੜ ਦੇ ਗਲ ਵਿਚ ਹਾਰ ਸੀ। ਵਾਜੇ – ਗਾਜੇ ਦਾ ਕੋਈ ਰੌਲਾ – ਰੱਪਾ ਨਹੀਂ ਸੀ।
ਲੜਕੀ ਵਾਲਿਆਂ ਦੇ ਘਰ ਕੋਈ ਸਜਾਵਟ ਆਦਿ ਨਾ ਕੀਤੀ ਗਈ ਤੇ ਨਾ ਹੀ ਲਾਊਡ ਸਪੀਕਰ ਦੀ ਵਰਤੋਂ। ਲੜਕੀ ਵਾਲਿਆਂ ਨੇ ਜੰਦ ਨੂੰ ਗੁਆਂਢੀ ਘਰ ਦੀ ਇਕ ਬੈਠਕ ਵਿਚ ਹੀ ਉਤਾਰ ਲਿਆ। ਸਾਦੇ ਚਾਹ – ਪਾਣੀ ਮਗਰੋਂ ਲੜਕੀ ਵਾਲਿਆਂ ਦੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਆਨੰਦ ਕਾਰਜ ਦੀ ਰਸਮ ਅਦਾ ਹੋਈ। ਲਾਵਾਂ ਸਮੇਂ ਲੜਕੀ ਬਹੁਤੇ ਕੱਪੜਿਆਂ ਵਿਚ ਨਹੀਂ ਸੀ ਲਪੇਟੀ ਹੋਈ ਤੇ ਨਾ ਹੀ ਉਸ ਨੇ ਘੁੰਡ ਕੱਢਿਆ ਹੋਇਆ ਸੀ ਆਨੰਦ ਕਾਰਜ ਮਗਰੋਂ ਇਕ ਵਿਅਕਤੀ ਨੇ ਉੱਠ ਕੇ ਸੰਸਾਰ ਵਿਚ ਵਿਆਹੁਤਾ ਜੀਵਨ ਦੀ ਮਹਾਨਤਾ ਦੱਸਦਿਆਂ ਨਵ – ਵਿਆਹੇ ਜੋੜੇ ਨੂੰ ਸੁਖੀ ਜੀਵਨ ਲਈ ਸ਼ੁਭ – ਇੱਛਾਵਾਂ ਭੇਟ ਕੀਤੀਆਂ। ਇਸ ਸਮੇਂ ਕੋਈ ਸਿਹਰਾ ਜਾਂ ਸਿੱਖਿਆ ਨਾ ਪੜੀ ਗਈ।
ਆਨੰਦ ਕਾਰਜ ਮਗਰੋਂ ਲੜਕੀ ਵਾਲਿਆਂ ਨੇ ਜਾਂਵੀਆਂ ਨੂੰ ਆਪਣੀ ਬੈਠਕ ਵਿਚ ਬਿਠਾਇਆ ਤੇ ਫਿਰ ਨਵੀਂ ਵਿਆਹੀ ਜੋੜੀ ਸਮੇਤ ਦੋਹਾਂ ਪਰਿਵਾਰਾਂ ਨੇ ਮਿਲ ਕੇ ਦੁਪਹਿਰ ਦਾ ਖਾਣਾ ਖਾਧਾ। ਲੜਕੀ ਵਾਲਿਆਂ ਦੇ ਘਰ ਵੀ ਮੇਲ ਦੀ ਬਹੁਤੀ ਭੀੜ ਨਹੀਂ ਸੀ ਖਾਣੇ ਤੋਂ ਅੱਧਾ ਘੰਟਾ ਪਿੱਛੋਂ ਲੜਕੀ ਵਾਲਿਆਂ ਨੇ ਭਿੱਜੀਆਂ ਅੱਖਾਂ ਨਾਲ ਲੜਕੀ ਨੂੰ ਤੋਰ ਦਿੱਤਾ। ਕੋਈ ਮੰਨ – ਮਨੌਤੀਆਂ ਨਾ ਹੋਈਆਂ ਤੇ ਨਾ ਹੀ ਕੋਈ ਦਾਜ ਦਿੱਤਾ ਗਿਆ, ਨਾ ਸ਼ਰਾਬ ਉੱਡੀ, ਨਾ ਭੰਗੜੇ ਪਾਏ ਗਏ, ਨਾ ਹੀ ਲਾਊਡ ਸਪੀਕਰ ਨੇ ਕੰਨ ਖਾਧੇ ਤੇ ਵਿਆਹ ਦਾ ਕੰਮ ਵੀ ਕੋਈ ਤਿੰਨ ਕੁ ਘੰਟਿਆਂ ਵਿਚ ਹੀ ਸਮਾਪਤ ਹੋ ਗਿਆ।
ਇਸ ਪ੍ਰਕਾਰ ਦਾਜ – ਦਹੇਜ ਤੇ ਫ਼ਜ਼ੂਲ – ਖ਼ਰਚੀ ਤੋਂ ਬਿਨਾਂ ਰਸਮਾਂ ਨੂੰ ਤੋੜ ਕੇ ਘੱਟ ਸਮੇਂ ਤੇ ਕਮ – ਖ਼ਰਚ ਨਾਲ ਹੋਏ ਇਸ ਵਿਆਹ ਦੀ ਸਾਡੇ ਇਲਾਕੇ ਵਿਚ ਬੜੀ ਚਰਚਾ ਹੈ। ਇਸ ਵਿਆਹ ਨੂੰ ਅਸੀਂ ਇਕ ਆਦਰਸ਼ ਵਿਆਹ ਕਹਿ ਸਕਦੇ ਹਾਂ। ਅਜਿਹੇ ਵਿਆਹਾਂ ਦੀ ਸਾਡੇ ਵਰਤਮਾਨ ਸਮਾਜ ਵਿਚ ਬਹੁਤ ਮਹਾਨਤਾ ਹੈ ! ਪੜ੍ਹੇ – ਲਿਖੇ ਸਮਾਜ ਨੂੰ ਦਾਜ – ਪ੍ਰਥਾ ਤੇ ਉਸ ਦੀਆਂ ਬੁਰਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਧੰਨਵਾਦ ਸਹਿਤ।
ਡੇਰਾ ਮਿੱਤਰ,
ਗੁਰਚਰਨ ਸਿੰਘ॥