Punjab State Board PSEB 7th Class Agriculture Book Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ Textbook Exercise Questions, and Answers.
PSEB Solutions for Class 7 Agriculture Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ
Agriculture Guide for Class 7 PSEB ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਫ਼ਸਲਾਂ ਲਈ ਲੋੜੀਂਦੇ ਕੋਈ ਦੋ ਮੁੱਖ ਖ਼ੁਰਾਕੀ ਤੱਤਾਂ ਦੇ ਨਾਮ ਲਿਖੋ ।
ਉੱਤਰ-
ਫ਼ਾਸਫੋਰਸ, ਨਾਈਟਰੋਜਨ, ਕਾਰਬਨ, ਆਕਸੀਜਨ, ਹਾਈਡਰੋਜਨ ਆਦਿ ।
ਪ੍ਰਸ਼ਨ 2.
ਫ਼ਸਲਾਂ ਲਈ ਲੋੜੀਂਦੇ ਕੋਈ ਦੋ ਲਘੂ ਤੱਤਾਂ ਦੇ ਨਾਮ ਲਿਖੋ ।
ਉੱਤਰ-
ਜ਼ਿੰਕ, ਮੈਂਗਨੀਜ਼ ।
ਪ੍ਰਸ਼ਨ 3.
ਨਾਈਟਰੋਜਨ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਪੀਲਾ ।
ਪ੍ਰਸ਼ਨ 4.
ਬੂਟੇ ਨੂੰ ਬੀਮਾਰੀਆਂ ਨਾਲ ਟਾਕਰਾ ਕਰਨ ਵਿਚ ਸਹਾਈ ਕਿਸੇ ਇਕ ਖ਼ੁਰਾਕੀ ਤੱਤ ਦਾ ਨਾਮ ਲਿਖੋ ।
ਉੱਤਰ-
ਫ਼ਾਸਫੋਰਸ ਤੱਤ, ਪੋਟਾਸ਼ੀਅਮ ਤੱਤ ।
ਪ੍ਰਸ਼ਨ 5.
ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੇ ਬੂਟਿਆਂ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ?
ਉੱਤਰ-
ਬੂਟੇ ਦੇ ਪੱਤੇ ਪਹਿਲਾਂ ਪੀਲੇ ਤੇ ਕੁੱਝ ਸਮੇਂ ਬਾਅਦ ਭੂਸਲੇ ਹੋ ਜਾਂਦੇ ਹਨ ।
ਪ੍ਰਸ਼ਨ 6.
ਬੂਟਿਆਂ ਅੰਦਰ ਸੈੱਲ ਬਣਾਉਣ ਵਿਚ ਸਹਾਈ ਖ਼ੁਰਾਕੀ ਤੱਤ ਦਾ ਨਾਮ ਲਿਖੋ ।
ਉੱਤਰ-
ਫ਼ਾਸਫੋਰਸ ਤੱਤ ਬੂਟੇ ਅੰਦਰ ਨਵੀਆਂ ਕੋਸ਼ਿਕਾਵਾਂ ਬਣਾਉਣ ਵਿੱਚ ਸਹਾਈ ਹੈ ।
ਪ੍ਰਸ਼ਨ 7.
ਨਾਈਟਰੋਜਨ ਦੀ ਘਾਟ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਕੋਈ ਦੋ ਰਸਾਇਣਿਕ ਖਾਦਾਂ ਦੇ ਨਾਮ ਲਿਖੋ ।
ਉੱਤਰ-
ਯੂਰੀਆ, ਕੈਨ, ਅਮੋਨੀਅਮ ਕਲੋਰਾਈਡ ।
ਪ੍ਰਸ਼ਨ 8.
ਫ਼ਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਲਈ ਬੂਟਿਆਂ ਨੂੰ ਕਿਹੜੀ ਖਾਦ ਪਾਈ ਜਾ ਸਕਦੀ ਹੈ ?
ਉੱਤਰ-
ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰ ਫਾਸਫੇਟ ।
ਪ੍ਰਸ਼ਨ 9.
ਰੇਤਲੀਆਂ ਜ਼ਮੀਨਾਂ ਮੈਂਗਨੀਜ਼ ਦੀ ਘਾਟ ਨਾਲ ਕਿਹੜੀ ਫ਼ਸਲ ਵੱਧ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਣਕ ਦੀ ਫ਼ਸਲ ॥
ਪ੍ਰਸ਼ਨ 10.
ਗੰਧਕ ਦੀ ਘਾਟ ਆਉਣ ਤੇ ਕਿਹੜੀ ਖਾਦ ਵਰਤੀ ਜਾਂਦੀ ਹੈ ?
ਉੱਤਰ-
ਜਿਪਸਮ, ਸੁਪਰਫਾਸਫੇਟ ਖਾਦ ਵਿੱਚ ਫ਼ਾਸਫੋਰਸ ਦੇ ਨਾਲ ਗੰਧਕ ਤੱਤ ਵੀ ਮਿਲ ਜਾਂਦਾ ਹੈ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਫ਼ਸਲਾਂ ਲਈ ਲੋੜੀਂਦੇ ਮੁੱਖ ਤੱਤ ਅਤੇ ਲਘੂ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਮੁੱਖ ਤੱਤ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਗੰਧਕ, ਆਕਸੀਜਨ, ਫ਼ਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ । ਲਘੂ ਤੱਤ-ਲੋਹਾ, ਜ਼ਿੰਕ, ਮੈਂਗਨੀਜ਼, ਬੋਰੋਨ, ਕਲੋਰੀਨ, ਮਾਲੀਬਡੀਨਮ, ਕੋਬਾਲਟ, ਤਾਂਬਾ ।
ਪ੍ਰਸ਼ਨ 2.
ਬੂਟੇ ਵਿੱਚ ਜ਼ਿੰਕ ਕਿਹੜੇ-ਕਿਹੜੇ ਮੁੱਖ ਕੰਮ ਕਰਦਾ ਹੈ ?
ਉੱਤਰ-
ਜ਼ਿੰਕ ਐਨਜ਼ਾਈਮਾਂ ਦਾ ਜ਼ਰੂਰੀ ਹਿੱਸਾ ਹੁੰਦਾ ਹੈ ਜੋ ਬੂਟੇ ਦੇ ਵਾਧੇ ਵਿਚ ਸਹਾਈ ਹੁੰਦੇ ਹਨ, ਇਹ ਵਧੇਰੇ ਸਟਾਰਚ ਅਤੇ ਹਾਰਮੋਨਜ਼ ਬਣਨ ਵਿਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 3.
ਬੂਟੇ ਵਿੱਚ ਮੈਂਗਨੀਜ਼ ਦੇ ਕੀ ਕੰਮ ਹਨ ?
ਉੱਤਰ-
ਇਹ ਵਧੇਰੇ ਕਲੋਰੋਫਿਲ ਬਣਾਉਣ ਵਿਚ ਮੱਦਦ ਕਰਦਾ ਹੈ । ਇਹ ਕਈ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਵੀ ਹੈ ।
ਪ੍ਰਸ਼ਨ 4.
ਫ਼ਾਸਫੋਰਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ।
ਉੱਤਰ-
ਘਾਟ ਕਾਰਨ ਪੱਤੇ ਪਹਿਲਾਂ ਗੂੜ੍ਹੇ ਹਰੇ ਤੇ ਕੁੱਝ ਸਮੇਂ ਬਾਅਦ ਪੁਰਾਣੇ ਪੱਤਿਆਂ ਦਾ ਰੰਗ ਬੈਂਗਣੀ ਹੋ ਜਾਂਦਾ ਹੈ ।
ਪ੍ਰਸ਼ਨ 5.
ਝੋਨੇ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਆਉਣ ਤੇ ਕਿਸ ਤਰ੍ਹਾਂ ਦੇ ਲੱਛਣ ਵਿਖਾਈ ਦਿੰਦੇ ਹਨ ?
ਉੱਤਰ-
ਪੁਰਾਣੇ ਪੱਤਿਆਂ ਵਿੱਚ ਪੀਲਾਪਣ ਆ ਜਾਂਦਾ ਹੈ ਤੇ ਕਿਤੇ-ਕਿਤੇ ਪੀਲੇ ਤੋਂ ਭੂਸਲੇ ਧੱਬੇ ਵਿਖਾਈ ਦਿੰਦੇ ਹਨ । ਇਹ ਧੱਬੇ ਮਿਲ ਕੇ ਵੱਡੇ ਹੋ ਜਾਂਦੇ ਹਨ । ਇਹਨਾਂ ਦਾ ਰੰਗ ਗੂੜ੍ਹਾ ਭੂਸਲਾ, ਜਿਵੇਂ ਲੋਹੇ ਨੂੰ ਜੰਗ ਲੱਗਿਆ ਹੋਵੇ, ਹੋ ਜਾਂਦਾ ਹੈ । ਪੱਤੇ ਛੋਟੇ ਰਹਿ ਜਾਂਦੇ ਹਨ ਤੇ ਸੁੱਕ ਕੇ ਝੜ ਜਾਂਦੇ ਹਨ । ਫ਼ਸਲ ਦੇਰ ਨਾਲ ਪੱਕਦੀ ਹੈ ਤੇ ਝਾੜ ਬਹੁਤ ਘੱਟ ਜਾਂਦਾ ਹੈ ।
ਪ੍ਰਸ਼ਨ 6.
ਲੋਹੇ ਦੀ ਘਾਟ ਆਉਣ ਦੇ ਕੀ ਕਾਰਨ ਹਨ ?
ਉੱਤਰ-
ਜੇ ਜ਼ਮੀਨ ਦੀ ਪੀ. ਐੱਚ. 6 ਤੋਂ 6.5 ਦੇ ਵਿੱਚ ਨਾ ਹੋਵੇ ਤਾਂ ਬੂਟੇ ਲੋਹੇ ਨੂੰ ਪ੍ਰਾਪਤ ਨਹੀਂ ਕਰ ਸਕਦੇ । ਖਾਰੀਆਂ ਜ਼ਮੀਨਾਂ ਜਿਹਨਾਂ ਦੀ ਪੀ. ਐੱਚ. 6.5 ਤੋਂ ਵੱਧ ਹੋਵੇ ਵਿੱਚ ਇਹ ਸਮੱਸਿਆ ਹੁੰਦੀ ਹੈ । ਸੇਮ ਵਾਲੀਆਂ ਜ਼ਮੀਨਾਂ ਵਿੱਚ ਵੀ ਲੋਹੇ ਦੀ ਘਾਟ ਹੋ ਜਾਂਦੀ ਹੈ । ਜੇ ਹੋਰ ਤੱਤਾਂ ਵਾਲੀਆਂ ਖਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਵੇ ਤਾਂ ਵੀ ਲੋਹਾ ਬੂਟਿਆਂ ਨੂੰ ਪ੍ਰਾਪਤ ਨਹੀਂ ਹੁੰਦਾ ।
ਪ੍ਰਸ਼ਨ 7.
ਕਣਕ ਵਿੱਚ ਮੈਂਗਨੀਜ਼ ਦੀ ਘਾਟ ਆਉਣ ਨਾਲ ਕਿਹੋ ਜਿਹੇ ਲੱਛਣ ਦਿਖਾਈ ਦਿੰਦੇ ਹਨ ?
ਉੱਤਰ-
ਪੱਤੇ ਦੇ ਹੇਠਲੇ ਹਿੱਸੇ ਦੀਆਂ ਨਾੜੀਆਂ ਦੇ ਵਿਚਕਾਰਲੇ ਹਿੱਸਿਆਂ ਤੇ ਪੀਲਾਪਣ ਦਿਖਾਈ ਦਿੰਦਾ ਹੈ ਜੋ ਕਿ ਸਿਰੇ ਵੱਲ ਵੱਧਦਾ ਹੈ । ਘਾਟ ਪਹਿਲਾਂ ਪੱਤੇ ਦੇ ਹੇਠਾਂ ਦੇ ਦੋ-ਤਿਆਹੀ ਹਿੱਸੇ ਤੇ ਸੀਮਿਤ ਰਹਿੰਦੀ ਹੈ | ਪੱਤਿਆਂ ਉੱਪਰ ਬਰੀਕ ਸਲੇਟੀ ਭੂਰੇ ਰੰਗ ਦੇ ਦਾਣੇਦਾਰ ਦਾਗ ਪੈ ਜਾਂਦੇ ਹਨ ਜੋ ਵਧੇਰੇ ਘਾਟ ਹੋਣ ਤੇ ਵੱਧ ਜਾਂਦੇ ਹਨ ਅਤੇ ਨਾੜੀਆਂ ਵਿਚਕਾਰ ਲਾਲ ਭੂਸਲੀਆਂ ਧਾਰੀਆਂ ਪੈ ਜਾਂਦੀਆਂ ਹਨ । ਨਾੜੀਆਂ ਹਰੀਆਂ ਰਹਿੰਦੀਆਂ ਹਨ । ਸਿੱਟੇ ਬਹੁਤ ਘੱਟ ਨਿਕਲਦੇ ਹਨ ਅਤੇ ਦਾਤੀ ਵਾਂਗ ਮੁੜੇ ਹੋਏ ਨਜ਼ਰ ਆਉਂਦੇ ਹਨ |
ਪ੍ਰਸ਼ਨ 8.
ਕਣਕ ਵਿੱਚ ਮੈਂਗਨੀਜ਼ ਤੱਤ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਦੋ-ਤਿੰਨ ਵਾਰ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ | ਕਣਕ ਵਿੱਚ ਇੱਕ ਛਿੜਕਾਅ ਪਹਿਲਾ ਪਾਣੀ ਲਾਉਣ ਤੋਂ ਦੋਤਿੰਨ ਦਿਨ ਪਹਿਲਾਂ ਕਰੋ ਅਤੇ ਦੋ-ਤਿੰਨ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ।
ਪ੍ਰਸ਼ਨ 9.
ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੀਆਂ ਮੁੱਖ ਫ਼ਸਲਾਂ ਦੇ ਨਾਮ ਲਿਖੋ ।
ਉੱਤਰ-
ਕਣਕ, ਝੋਨਾ, ਆਲੂ, ਟਮਾਟਰ, ਸੇਬ, ਗੋਭੀ ਆਦਿ ।
ਪ੍ਰਸ਼ਨ 10.
ਲੋਹੇ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਉੱਪਰ ਛਿੜਕਣਾ ਚਾਹੀਦਾ ਹੈ । ਇਸ ਤਰ੍ਹਾਂ 2-3 ਵਾਰ ਛਿੜਕਾਅ ਕਰਨਾ ਚਾਹੀਦਾ ਹੈ । ਪੌਦੇ ਵਲੋਂ ਜ਼ਮੀਨ ਵਿੱਚੋਂ ਲੋਹੇ ਦੀ ਪ੍ਰਾਪਤੀ ਅਸਰਦਾਰ ਨਹੀਂ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਬੁਟਿਆਂ ਵਿਚ ਨਾਈਟਰੋਜਨ ਤੱਤ ਦੇ ਮੁੱਖ ਕੰਮ ਦੱਸੋ ।
ਉੱਤਰ-
ਨਾਈਟਰੋਜਨ ਦੇ ਬੂਟਿਆਂ ਵਿੱਚ ਮੁੱਖ ਕੰਮ ਇਸ ਤਰ੍ਹਾਂ ਹਨ –
- ਨਾਈਟਰੋਜਨ ਬੂਟੇ ਵਿਚਲੀ ਕਲੋਰੋਫਿਲ ਅਤੇ ਪ੍ਰੋਟੀਨ ਦਾ ਜ਼ਰੂਰੀ ਅੰਗ ਹੈ ।
- ਨਾਈਟਰੋਜਨ ਦੀ ਠੀਕ ਮਾਤਰਾ ਕਾਰਨ ਬੂਟਿਆਂ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ।
- ਕਾਰਬੋਹਾਈਡਰੇਟਸ (Carbohydrates) ਦੀ ਵਰਤੋਂ ਠੀਕ ਤਰ੍ਹਾਂ ਕਰਨ ਵਿਚ ਸਹਾਇਕ ਹੈ ।
- ਫ਼ਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਸਹੀ ਵਰਤੋਂ ਕਰਨ ਵਿਚ ਸਹਾਇਤਾ ਕਰਦੀ ਹੈ ।
ਪ੍ਰਸ਼ਨ 2.
ਫ਼ਸਲਾਂ ਵਿੱਚ ਨਾਈਟਰੋਜਨ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ।
ਉੱਤਰ-
ਨਾਈਟਰੋਜਨ ਤੱਤ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਹੇਠਲੇ ਪੱਤਿਆਂ ਵਿਚ ਦਿਖਾਈ ਦਿੰਦੀ ਹੈ । ਪੁਰਾਣੇ ਪੱਤੇ ਨੋਕਾਂ ਵੱਲੋਂ ਹੇਠਾਂ ਵੱਲ ਨੂੰ ਪੀਲੇ ਪੈਣ ਲੱਗ ਜਾਂਦੇ ਹਨ । ਜੇ ਘਾਟ ਬਣੀ ਰਹੇ ਤਾਂ ਪੀਲਾਪਣ ਉੱਪਰਲੇ ਪੱਤਿਆਂ ਵੱਲ ਵੱਧ ਜਾਂਦਾ ਹੈ । ਟਾਹਣੀਆਂ ਘੱਟ ਫੁੱਟਦੀਆਂ ਹਨ ਤੇ ਬੂਟੇ ਬੂਝਾ ਵੀ ਘੱਟ ਮਾਰਦੇ ਹਨ ।
ਪੋਰੀਆਂ, ਬੱਲੀਆਂ ਜਾਂ ਛੱਲੀਆਂ ਛੋਟੀਆਂ ਰਹਿ ਜਾਂਦੀਆਂ ਹਨ । ਇਸ ਕਾਰਨ ਝਾੜ ਘੱਟਦਾ ਹੈ ।
ਪ੍ਰਸ਼ਨ 3.
ਫ਼ਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਫ਼ਾਸਫੋਰਸ ਤੱਤ ਦੀ ਘਾਟ ਪੂਰੀ ਕਰਨ ਲਈ ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰਫਾਸਫੇਟ ਖਾਦ ਦੀ ਲੋੜ ਅਨੁਸਾਰ ਸਿਫ਼ਾਰਿਸ਼ ਕੀਤੀ ਮਾਤਰਾ ਨੂੰ ਬੀਜ ਬੀਜਣ ਸਮੇਂ ਹੀ ਡਰਿਲ ਕਰ ਦਿੱਤਾ ਜਾਂਦਾ ਹੈ । ਇਹ ਤਤ ਜ਼ਮੀਨ ਵਿਚ ਇੱਕ ਥਾਂ ਤੋਂ ਦੂਸਰੀ ਥਾਂ ਤੇ ਚੱਲਣ ਦੇ ਸਮਰਥ ਨਹੀਂ ਹੈ । ਇਸ ਤੱਤ ਦੀ ਪੂਰਤੀ ਲਈ ਮਿਸ਼ਰਤ ਖਾਦਾਂ ਜਿਵੇਂ ਸੁਪਰਫਾਸਫੇਟ, ਐਨ.ਪੀ.ਕੇ., ਡੀ.ਏ.ਪੀ. ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਹਾੜ੍ਹੀ ਦੀਆਂ ਫ਼ਸਲਾਂ ਉੱਪਰ ਇਸ ਤੱਤ ਵਾਲੀ ਖਾਦ ਦਾ ਵਧੇਰੇ ਅਸਰ ਹੁੰਦਾ ਹੈ ।
ਪ੍ਰਸ਼ਨ 4.
ਫ਼ਸਲਾਂ ਵਿੱਚ ਜ਼ਿੰਕ ਦੀ ਘਾਟ ਆਉਣ ਦੇ ਮੁੱਖ ਕਾਰਨ ਅਤੇ ਪੁਰਤੀ ਬਾਰੇ ਦੱਸੋ ।
ਉੱਤਰ-
ਘਾਟ ਦੇ ਕਾਰਨ-ਜਿਹੜੀਆਂ ਜ਼ਮੀਨਾਂ ਵਿੱਚ ਫ਼ਾਸਫੋਰਸ ਤੱਤ ਅਤੇ ਕਾਰਬੋਨੇਟ ਦੀ ਮਾਤਰਾ ਵੱਧ ਹੁੰਦੀ ਹੈ । ਉਹਨਾਂ ਜ਼ਮੀਨਾਂ ਵਿੱਚ ਜ਼ਿੰਕ ਦੀ ਘਾਟ ਆਮ ਕਰਕੇ ਦੇਖੀ ਜਾਂਦੀ ਹੈ । ਜ਼ਿੰਕ ਦੀ ਪੂਰਤੀ-ਜ਼ਮੀਨ ਵਿੱਚ ਜ਼ਿੰਕ ਦੀ ਘਾਟ ਦੀ ਪੂਰਤੀ ਕਰਨ ਲਈ ਜ਼ਿੰਕ ਸਲਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇ ਜ਼ਿੰਕ ਦੀ ਘਾਟ ਵਧੇਰੇ ਹੋਵੇ ਤਾਂ ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 5.
ਫ਼ਸੰਲਾਂ ਵਿਚ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ਅਤੇ ਇਸਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਲੋਹੇ ਦੀ ਘਾਟ ਦੇ ਲੱਛਣ ਜਾਂ ਨਿਸ਼ਾਨੀਆਂ-
1. ਲੋਹੇ ਦੀ ਘਾਟ ਦੇ ਲੱਛਣ ਪਹਿਲਾਂ ਨਵੇਂ ਪੱਤਿਆਂ ਤੇ ਦਿਖਾਈ ਦਿੰਦੇ ਹਨ ।
2. ਪਹਿਲਾਂ ਨਾੜੀਆਂ ਦੇ ਵਿਚਕਾਰਲੇ ਹਿੱਸੇ ਤੇ ਪੀਲਾਪਣ ਨਜ਼ਰ ਆਉਂਦਾ ਹੈ ਤੇ ਬਾਅਦ ਵਿੱਚ ਨਾੜੀਆਂ ਵੀ ਪੀਲੀਆਂ ਹੋ ਜਾਂਦੀਆਂ ਹਨ ।
3. ਜੇਕਰ ਵਧੇਰੇ ਘਾਟ ਹੋਵੇ ਤਾਂ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ ਤੇ ਇਹ ਚਿੱਟੇ ਹੋ ਜਾਂਦੇ ਹਨ । ਘਾਟ ਦੀ ਪੂਰਤੀ-ਲੋਹੇ ਦੀ ਘਾਟ ਦੀ ਪੂਰਤੀ ਹੇਠ ਲਿਖੇ ਅਨੁਸਾਰ ਕਰੋ ।
ਜਦੋਂ ਪੀਲੇਪਣ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫ਼ਸਲ ਨੂੰ ਜਲਦੀ-ਜਲਦੀ ਭਰਵੇਂ ਪਾਣੀ ਦਿਉ । ਇਕ ਹਫ਼ਤੇ ਦੇ ਫ਼ਰਕ ਤੇ ਇੱਕ ਪ੍ਰਤੀਸ਼ਤ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਤੇ ਛਿੜਕਾਅ ਕਰਨਾ ਚਾਹੀਦਾ ਹੈ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ ।
PSEB 7th Class Agriculture Guide ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੌਦੇ ਦੇ ਜ਼ਰੂਰੀ ਖ਼ੁਰਾਕੀ ਤੱਤਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
ਪੌਦੇ ਦੇ ਜ਼ਰੂਰੀ ਖ਼ੁਰਾਕੀ ਤੱਤਾਂ ਦੀ ਗਿਣਤੀ 17 ਹੈ ।
ਪ੍ਰਸ਼ਨ 2.
ਬੂਟਿਆਂ ਦਾ ਰੰਗ ਕਿਸ ਤੱਤ ਕਾਰਨ ਗੂੜ੍ਹਾ ਹੁੰਦਾ ਹੈ ?
ਉੱਤਰ-
ਨਾਈਟਰੋਜਨ ਕਲੋਰੋਫਿਲ ਦਾ ਜ਼ਰੂਰੀ ਅੰਗ ਹੈ । ਇਸ ਨਾਲ ਪੌਦਿਆਂ ਦਾ ਰੰਗ ਗੂੜ੍ਹਾ ਹਰਾ ਹੋ ਜਾਂਦਾ ਹੈ ।
ਪਸ਼ਨ 3.
ਕੁੱਝ ਤੱਤਾਂ ਦੇ ਨਾਂ ਦੱਸੋ ਜੋ ਜ਼ਰੂਰੀ ਤੱਤ ਤਾਂ ਨਹੀਂ ਪਰ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨ ਲਈ ਇਹਨਾਂ ਦੀ ਹੋਂਦ ਜ਼ਰੂਰੀ ਹੈ ?
ਉੱਤਰ-
ਅਜਿਹੇ ਤੱਤ ਹਨ-ਸੋਡੀਅਮ, ਸਿਲੀਕੋਨ, ਫਲੋਰੀਨ, ਆਇਓਡੀਨ, ਸਟਰਾਂਸ਼ੀਅਮ ਅਤੇ ਬੇਰੀਅਮ ॥
ਪ੍ਰਸ਼ਨ 4.
ਪੌਦਿਆਂ ਵਿਚ ਕਿੰਨੇ ਤੱਤ ਹੁੰਦੇ ਹਨ ?
ਉੱਤਰ-
ਪੌਦਿਆਂ ਵਿਚ ਤੱਤਾਂ ਦੀ ਗਿਣਤੀ 90 ਜਾਂ ਇਸ ਤੋਂ ਵੱਧ ਹੁੰਦੀ ਹੈ ।
ਪ੍ਰਸ਼ਨ 5.
ਪੌਦਿਆਂ ਵਿੱਚ ਕਾਰਬੋਹਾਈਡਰੇਟਸ ਦੀ ਵਰਤੋਂ ਠੀਕ ਢੰਗ ਨਾਲ ਕਰਨ ਵਿੱਚ ਕਿਹੜਾ ਤੱਤ ਸਹਾਇਕ ਹੈ ?
ਉੱਤਰ-
ਨਾਈਟਰੋਜਨ ।
ਪ੍ਰਸ਼ਨ 6.
ਸੂਖ਼ਮ ਜਾਂ ਲਘੂ ਖੁਰਾਕੀ ਤੱਤ ਕੀ ਹੁੰਦੇ ਹਨ ?
ਉੱਤਰ-
ਪੌਦਿਆਂ ਨੂੰ ਕੁੱਝ ਖ਼ੁਰਾਕੀ ਤੱਤਾਂ ਦੀ ਲੋੜ ਘੱਟ ਮਾਤਰਾ ਵਿਚ ਹੁੰਦੀ ਹੈ । ਅਜਿਹੇ ਤੱਤਾਂ ਨੂੰ ਸੂਖ਼ਮ ਜਾਂ ਲਘੂ ਖੁਰਾਕੀ ਤੱਤ ਕਹਿੰਦੇ ਹਨ ।
ਪ੍ਰਸ਼ਨ 7.
ਲਘੂ ਖੁਰਾਕੀ ਤੱਤ ਕਿੰਨੇ ਹਨ ?
ਉੱਤਰ-
ਲਘੂ ਖ਼ੁਰਾਕੀ ਤੱਤ ਗਿਣਤੀ ਵਿਚ 8 ਹਨ ।
ਪ੍ਰਸ਼ਨ 8.
ਕਿਸ ਤੱਤ ਦੀ ਘਾਟ ਕਾਰਨ ਪੌਦੇ ਛੋਟੇ ਰਹਿ ਜਾਂਦੇ ਹਨ ?
ਉੱਤਰ-
ਨਾਈਟਰੋਜਨ ਅਤੇ ਫ਼ਾਸਫ਼ੋਰਸ ਦੀ ਕਮੀ ਨਾਲ ਪੌਦੇ ਦਾ ਕੱਦ ਛੋਟਾ ਰਹਿ ਜਾਂਦਾ ਹੈ ।
ਪ੍ਰਸ਼ਨ 9.
ਐਨਜ਼ਾਈਮਾਂ ਨੂੰ ਕਿਹੜੇ ਤੱਤ ਕਿਰਿਆਸ਼ੀਲ ਬਣਾਉਂਦੇ ਹਨ ?
ਉੱਤਰ-
ਲੋਹਾ, ਮੈਂਗਨੀਜ਼, ਜ਼ਿੰਕ, ਮਾਲਬਡੀਨਮ ਤੱਤ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹਨ, ਜੋ ਬੂਟੇ ਵਿਚ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ ਲਿਆਉਂਦੇ ਹਨ ।
ਪ੍ਰਸ਼ਨ 10.
ਮੈਗਨੀਸ਼ੀਅਮ ਦੀ ਘਾਟ ਕਾਰਨ ਪੱਤਿਆਂ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਮੈਗਨੀਸ਼ੀਅਮ ਦੀ ਘਾਟ ਨਾਲ ਪੱਤਿਆਂ ਦਾ ਰੰਗ ਹਲਕਾ ਹਰਾ ਜਾਂ ਪੀਲਾ ਹੋ ਜਾਂਦਾ ਹੈ ।
ਪ੍ਰਸ਼ਨ 11.
ਦੋ ਸੂਖਮ ਖ਼ੁਰਾਕੀ ਤੱਤਾਂ ਦੇ ਨਾਂ ਦੱਸੋ ।
ਉੱਤਰ-
ਜ਼ਿੰਕ ਅਤੇ ਲੋਹਾ ।
ਪ੍ਰਸ਼ਨ 12.
ਫ਼ਲੀਦਾਰ ਫ਼ਸਲਾਂ ਲਈ ਹਵਾ ਵਿਚਲੀ ਨਾਈਟਰੋਜਨ ਇਕੱਠੀ ਕਰਨ ਲਈ ਕਿਹੜਾ ਤੱਤ ਲਾਹੇਵੰਦ ਹੈ ?
ਉੱਤਰ-
ਫਲੀਦਾਰ ਫ਼ਸਲਾਂ ਲਈ ਹਵਾ ਵਿਚਲੀ ਨਾਈਟਰੋਜਨ ਇਕੱਠੀ ਕਰਨ ਲਈ ਫ਼ਾਸਫ਼ੋਰਸ ਤੱਤ ਲਾਹੇਵੰਦ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ 1.
ਪੌਦਿਆਂ ਲਈ ਜ਼ਿੰਕ ਦੇ ਲਾਭ ਦੱਸੋ ।
ਉੱਤਰ-
ਜ਼ਿੰਕ ਬਹੁਤ ਸਾਰੇ ਐਨਜ਼ਾਈਮਾਂ ਦਾ ਇਕ ਹਿੱਸਾ ਹੈ, ਜੋ ਬੂਟੇ ਦਾ ਵਾਧਾ ਤੇਜ਼ ਕਰਦੇ ਹਨ, ਵਧੇਰੇ ਸਟਾਰਚ ਅਤੇ ਹਾਰਮੋਨਜ਼ ਬਣਨ ਵਿਚ ਸਹਾਇਕ ਹੁੰਦੇ ਹਨ ।
ਪ੍ਰਸ਼ਨ 2.
ਜ਼ਿੰਕ ਦੀ ਘਾਟ ਦੇ ਚਿੰਨ੍ਹ ਦੱਸੋ ।
ਉੱਤਰ-
ਇਸ ਦੀ ਘਾਟ ਕਾਰਨ ਬੁਟਿਆਂ ਦਾ ਵਾਧਾ ਹੌਲੀ ਹੁੰਦਾ ਹੈ । ਬੁਟਿਆਂ ਦਾ ਕੱਦ ਮੱਧਰਾ ਰਹਿ ਜਾਂਦਾ ਹੈ ਅਤੇ ਕਲੋਰੋਫਿਲ ਘੱਟ ਬਣਦਾ ਹੈ । ਪੱਤਿਆਂ ਦਾ ਰੰਗ ਨਾੜਾਂ ਵਿਚਕਾਰੋਂ ਪੀਲਾ ਪੈ ਜਾਂਦਾ ਹੈ । ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ ।
ਪ੍ਰਸ਼ਨ 3.
ਮੱਕੀ ਵਿਚ ਜ਼ਿੰਕ ਦੀ ਘਾਟ ਦੇ ਚਿੰਨ੍ਹ ਦੱਸੋ ।
ਉੱਤਰ-
ਮੱਕੀ ਵਿਚ ਜ਼ਿੰਕ ਦੀ ਘਾਟ ਦੇ ਚਿੰਨ੍ਹ ਤੀਜੇ ਜਾਂ ਚੌਥੇ ਪੱਤੇ ਤੋਂ ਆਰੰਭ ਹੁੰਦੇ ਹਨ | ਜਦੋਂ ਬੂਟੇ ਦੇ ਪੰਜ ਜਾਂ ਛੇ ਪੱਤੇ ਹੋਣ, ਪੱਤਿਆਂ ਉੱਪਰ ਪੀਲੇ ਰੰਗ ਦੇ ਧੱਬੇ ਬਣ ਜਾਂਦੇ ਹਨ । ਇਸ ਦੀ ਘਾਟ ਨਾਲ ਪੱਤਿਆਂ ਦੀਆਂ ਨਾੜਾਂ ਦਾ ਰੰਗ ਲਾਲ ਜਾਂ ਜਾਮਣੀ ਹੋ ਜਾਂਦਾ ਹੈ ਅਤੇ ਘਾਟ ਦੇ ਚਿੰਨ੍ਹ ਵਧੇਰੇ ਪੱਤੇ ਦੇ ਅੱਧ ਤੋਂ ਤਣੇ ਵੱਲ ਦੇ ਹਿੱਸੇ ਤੇ ਹੁੰਦੇ ਹਨ । ਵਧੇਰੇ ਘਾਟ ਹੋਣ ਦੀ ਸੂਰਤ ਵਿਚ ਤਾਂ ਬੂਟੇ ਮੱਧਰੇ ਰਹਿ ਜਾਂਦੇ ਹਨ ।
ਪ੍ਰਸ਼ਨ 4.
ਪੌਦਿਆਂ ਵਿਚ ਪੋਟਾਸ਼ੀਅਮ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਦੱਸੋ ।
ਉੱਤਰ-
ਪੋਟਾਸ਼ੀਅਮ ਦੀ ਘਾਟ ਨਾਲ ਪੱਤਿਆਂ ਦਾ ਝੁਲਸਣਾ ਅਤੇ ਡੱਬ ਪੈਣਾ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦਾ ਹੈ । ਹੇਠਲੇ ਪੱਤਿਆਂ ਦੇ ਕਿਨਾਰੇ ਤੇ ਨੋਕਾਂ ਸੁੱਕ ਜਾਂਦੀਆਂ ਹਨ | ਆਮ ਕਰਕੇ ਪੱਤਿਆਂ ਦੇ ਕਿਨਾਰੇ ਸੁੱਕ ਜਾਂਦੇ ਹਨ ਅਤੇ ਵਿਚਕਾਰਲਾ ਹਿੱਸਾ ਹਰਾ ਹੀ ਰਹਿੰਦਾ ਹੈ |
ਪ੍ਰਸ਼ਨ 5.
ਪੌਦਿਆਂ ਵਿਚ ਨਾਈਟਰੋਜਨ ਦੀ ਘਾਟ ਦੇ ਕੀ ਚਿੰਨ੍ਹ ਹਨ ?
ਉੱਤਰ-
ਨਾਈਟਰੋਜਨ ਦੀ ਘਾਟ ਨਾਲ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ । ਪੀਲਾਪਣ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦਾ ਹੈ । ਪਹਿਲਾਂ ਨੋਕ ਪੀਲੀ ਹੁੰਦੀ ਹੈ ਅਤੇ ਫਿਰ ਪੀਲਾਪਣ ਮੁੱਢ ਵੱਲ ਨੂੰ ਵੱਧਦਾ ਹੈ । ਬਹੁਤੀ ਘਾਟ ਹੋਣ ਦੀ ਸੂਰਤ ਵਿਚ ਸਾਰਾ ਪੱਤਾ ਸੁੱਕ ਜਾਂਦਾ ਹੈ । ਬੂਟਿਆਂ ਦਾ ਵਾਧਾ ਹੌਲੀ ਹੋ ਜਾਂਦਾ ਹੈ ਤੇ ਕੱਦ ਛੋਟਾ ਰਹਿ ਜਾਂਦਾ ਹੈ । ਦਾਣੇ ਬਰੀਕ ਹੁੰਦੇ ਹਨ ਅਤੇ ਫ਼ਸਲ ਦਾ ਝਾੜ ਵੀ ਘੱਟ ਜਾਂਦਾ ਹੈ ।
ਪ੍ਰਸ਼ਨ 6.
ਫ਼ਾਸਫ਼ੋਰਸ ਦੇ ਬੂਟਿਆਂ ਨੂੰ ਕੀ ਲਾਭ ਹਨ ?
ਉੱਤਰ-
ਪੌਦਿਆਂ ਲਈ ਫ਼ਾਸਫੋਰਸ ਦੇ ਹੇਠ ਲਿਖੇ ਲਾਭ ਹਨ-
- ਨਵੇਂ ਸੈੱਲ (ਡੀ.ਐੱਨ.ਏ., ਆਰ.ਐੱਨ.ਏ.) ਵਧੇਰੇ ਬਣਦੇ ਹਨ ।
- ਫੁੱਲ, ਫ਼ਲ ਅਤੇ ਬੀਜ ਬਣਨ ਵਿਚ ਸਹਾਇਤਾ ਕਰਦੀ ਹੈ ।
- ਜੜ੍ਹਾਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ ।
- ਤਣੇ ਨੂੰ ਮਜ਼ਬੂਤ ਕਰਦਾ ਹੈ ਅਤੇ ਇਸ ਤਰ੍ਹਾਂ ਫ਼ਸਲ ਨੂੰ ਡਿੱਗਣ ਤੋਂ ਬਚਾਉਂਦੀ ਹੈ !
- ਫਲੀਦਾਰ ਫ਼ਸਲਾਂ ਦਾ ਹਵਾ ਵਿਚੋਂ ਨਾਈਟਰੋਜਨ ਇਕੱਠੀ ਕਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ ।
- ਬਿਮਾਰੀਆਂ ਲੱਗਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ ।
ਪ੍ਰਸ਼ਨ 7.
ਜ਼ਰੂਰਤ ਤੋਂ ਵੱਧ ਨਾਈਟਰੋਜਨ ਦੇ ਪੌਦਿਆਂ ਨੂੰ ਕੀ ਨੁਕਸਾਨ ਹਨ ?
ਉੱਤਰ-
ਜ਼ਰੂਰਤ ਤੋਂ ਵੱਧ ਨਾਈਟਰੋਜਨ ਦੇ ਪੌਦਿਆਂ ਨੂੰ ਨੁਕਸਾਨ
- ਫ਼ਸਲ ਪੱਕਣ ਨੂੰ ਦੇਰ ਲੱਗਦੀ ਹੈ ।
- ਤਣਾ ਕਮਜ਼ੋਰ ਹੋ ਜਾਂਦਾ ਹੈ ਅਤੇ ਬੂਟੇ ਡਿੱਗ ਪੈਂਦੇ ਹਨ ।
- ਕੀੜੇ ਤੇ ਬਿਮਾਰੀਆਂ ਵਧੇਰੇ ਲੱਗਦੀਆਂ ਹਨ ।
ਪ੍ਰਸ਼ਨ 8.
ਕਣਕ ਉੱਤੇ ਜ਼ਿੰਕ ਦੀ ਘਾਟ ਦਾ ਕੀ ਅਸਰ ਹੁੰਦਾ ਹੈ ?
ਉੱਤਰ-
ਕਣਕ ਉੱਤੇ ਜ਼ਿੰਕ ਦੀ ਘਾਟ ਦਾ ਅਸਰ-ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਹੌਲੀ ਹੁੰਦਾ ਹੈ । ਬੁਟੇ ਬੌਣੇ ਅਤੇ ਝਾੜੀ ਵਾਂਗ ਦਿਖਾਈ ਦਿੰਦੇ ਹਨ | ਘਾਟ ਦੇ ਚਿੰਨ ਪਹਿਲਾਂ ਪਾਣੀ ਲਾਉਣ ਸਮੇਂ ਅਤੇ ਫਿਰ ਜਦੋਂ ਬੂਟਾ ਬੂਝਾ ਮਾਰਦਾ ਹੈ ਤੋਂ ਕੁੱਝ ਸਮਾਂ ਪਹਿਲਾਂ ਦਿਖਾਈ ਦਿੰਦੇ ਹਨ । ਘਾਟ ਦੇ ਪਛਾਣ ਚਿੰਨ੍ਹ ਉੱਪਰ ਤੋਂ ਤੀਜੇ ਜਾਂ ਚੌਥੇ ਪੱਤੇ ਤੇ ਸ਼ੁਰੂ ਹੁੰਦੇ ਹਨ । ਪੱਤੇ ਦੇ ਵਿਚਕਾਰ ਪੀਲੇ ਜਾਂ ਭੂਰੇ ਰੰਗ ਦੇ ਧੱਬੇ ਬਣ ਜਾਂਦੇ ਹਨ । ਇਸ ਤੋਂ ਬਾਅਦ ਪੱਤਿਆਂ ਦੀਆਂ ਨਾੜਾਂ ਦੇ ਵਿਚਕਾਰ ਪੀਲੀਆਂ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਪੱਤੇ ਵਿਚਕਾਰੋਂ ਮੁੜ ਜਾਂਦੇ ਹਨ ।
ਪ੍ਰਸ਼ਨ 9.
ਬਰਸੀਮ ਉੱਤੇ ਮੈਂਗਨੀਜ਼ ਦੀ ਘਾਟ ਦਾ ਕੀ ਅਸਰ ਹੁੰਦਾ ਹੈ ?
ਉੱਤਰ-
ਬਰਸੀਮ ਤੇ ਮੈਂਗਨੀਜ਼ ਦੀ ਘਾਟ ਦੇ ਪਛਾਣ ਚਿੰਨ੍ਹ ਬੂਟੇ ਦੇ ਵਿਚਕਾਰਲੇ ਪੱਤਿਆਂ ਤੋਂ ਸ਼ੁਰੂ ਹੁੰਦੇ ਹਨ । ਕਿਨਾਰੇ ਅਤੇ ਡੰਡੀ ਵਾਲੇ ਪਾਸੇ ਨੂੰ ਛੱਡ ਕੇ ਪੱਤੇ ਦੇ ਬਾਕੀ ਹਿੱਸੇ ਉੱਪਰ ਪੀਲੇ ਰੰਗ ਅਤੇ ਭੂਰੇ ਰੰਗ ਦੇ ਧੱਬੇ ਬਣ ਜਾਂਦੇ ਹਨ ਅਤੇ ਬਾਅਦ ਵਿਚ ਇਹ ਧੱਬੇ ਸਾਰੇ ਪੱਤੇ ਤੇ ਫੈਲ ਜਾਂਦੇ ਹਨ । ਜੇ ਮੈਂਗਨੀਜ਼ ਦੀ ਘਾਟ ਵੱਧ ਹੋਵੇ ਤਾਂ ਪੱਤੇ ਸੁੱਕ ਜਾਂਦੇ ਹਨ ।
ਪ੍ਰਸ਼ਨ 10.
ਖ਼ੁਰਾਕੀ ਤੱਤ ਤੋਂ ਕੀ ਭਾਵ ਹੈ ?
ਉੱਤਰ-
ਬੂਟਿਆਂ ਦੇ ਵੱਧਣ-ਫੁੱਲਣ ਲਈ ਇਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਭੋਜਨ ਵਿੱਚ ਸ਼ਾਮਿਲੇ ਸਾਰੇ ਤੱਤਾਂ ਨੂੰ ਖ਼ੁਰਾਕੀ ਤੱਤ ਕਹਿੰਦੇ ਹਨ । ਇਹ ਖ਼ੁਰਾਕੀ ਤੱਤ ਦੋ ਤਰ੍ਹਾਂ ਦੇ ਹੁੰਦੇ ਹਨ | ਮੁੱਖ ਅਤੇ ਸੂਖ਼ਮ ਤੱਤ; ਜਿਵੇਂ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਫਾਸਫੋਰਸ, ਜ਼ਿੰਕ, ਤਾਂਬਾ, ਬੋਰੋਨ, ਕੋਬਾਲਟ ਆਦਿ । ਪੌਦੇ ਇਹ ਤੱਤ ਹਵਾ, ਪਾਣੀ ਤੇ ਭੂਮੀ ਤੋਂ ਪ੍ਰਾਪਤ ਕਰਦੇ ਹਨ ।
ਪ੍ਰਸ਼ਨ 11.
ਖ਼ੁਰਾਕੀ ਤੱਤਾਂ ਦਾ ਪੌਦਿਆਂ ਲਈ ਕੀ ਮਹੱਤਵ ਹੈ ?
ਉੱਤਰ-
ਪੌਦਿਆਂ ਲਈ ਖ਼ੁਰਾਕੀ ਤੱਤਾਂ ਦਾ ਮਹੱਤਵ
- ਜ਼ਰੂਰੀ ਖ਼ੁਰਾਕੀ ਤੱਤਾਂ ਬਿਨਾਂ ਬੂਟੇ ਆਪਣਾ ਜੀਵਨ ਚੱਕਰ ਪੂਰਾ ਨਹੀਂ ਕਰ ਸਕਦੇ ।
- ਜ਼ਰੂਰੀ ਖ਼ੁਰਾਕੀ ਤੱਤਾਂ ਦੀ ਘਾਟ ਦੇ ਚਿੰਨ੍ਹ ਉਸੇ ਖ਼ੁਰਾਕੀ ਤੱਤ ਪਾਉਣ ਨਾਲ ਠੀਕ ਕੀਤੇ ਜਾ ਸਕਦੇ ਹਨ, ਕਿਸੇ ਹੋਰ ਤੱਤ ਪਾਉਣ ਨਾਲ ਨਹੀਂ !
- ਜ਼ਰੂਰੀ ਖ਼ੁਰਾਕੀ ਤੱਤ ਬੂਟੇ ਦੀਆਂ ਅੰਦਰੂਨੀ ਰਸਾਇਣਿਕ ਤਬਦੀਲੀਆਂ ਵਿਚ ਸਿੱਧਾ ਯੋਗਦਾਨ ਪਾਉਂਦੇ ਹਨ ।
ਪ੍ਰਸ਼ਨ 12.
ਪੌਦਿਆਂ ਲਈ ਕਿਹੜੇ-ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ? ਇਨ੍ਹਾਂ ਖ਼ੁਰਾਕੀ ਤੱਤਾਂ ਦੀ ਕੀ ਕਸੌਟੀ ਹੈ ?
ਉੱਤਰ-
ਪੌਦਿਆਂ ਲਈ ਖ਼ੁਰਾਕੀ ਤੱਤ ਜਿਵੇਂ-ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ, ਫ਼ਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਗੰਧਕ, ਮੈਂਗਨੀਜ਼, ਜ਼ਿੰਕ, ਤਾਂਬਾ, ਬੋਰੋਨ, ਕਲੋਰੀਨ ਮਾਲਬਡੀਨਮ ਅਤੇ ਕੋਬਾਲਟ ਆਦਿ ਖ਼ੁਰਾਕੀ ਤੱਤਾਂ ਦੀ ਲੋੜ ਹੈ । ਇਹਨਾਂ ਖ਼ੁਰਾਕੀ ਤੱਤਾਂ ਨੂੰ ਪੌਦੇ ਹਵਾ, ਪਾਣੀ ਅਤੇ ਭੂਮੀ ਵਿਚੋਂ ਪ੍ਰਾਪਤ ਕਰਦੇ ਹਨ ।
ਕਈ ਖ਼ੁਰਾਕੀ ਤੱਤ ਪੌਦਿਆਂ ਨੂੰ ਵੱਧ ਮਾਤਰਾ ਤੇ ਕਈ ਘੱਟ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ । ਪੌਦਿਆਂ ਵਿਚ ਪਾਏ ਜਾਂਦੇ ਲਗਪਗ 90 ਤੱਤਾਂ ਵਿਚੋਂ 17 ਖ਼ੁਰਾਕੀ ਤੱਤ ਪੌਦਿਆਂ ਲਈ ਵੱਧ ਲੋੜੀਂਦੇ ਹਨ । ਕੁੱਝ ਹੋਰ ਤੱਤ ਜੋ ਜ਼ਰੂਰੀ ਤਾਂ ਨਹੀਂ, ਪਰ ਉਨ੍ਹਾਂ ਦੀ ਹੋਂਦ ਖ਼ਾਸ ਕਰਕੇ, ਫ਼ਸਲਾਂ ਦੇ ਝਾੜ ਵਿਚ ਵਾਧਾ ਕਰ ਸਕਦੀ ਹੈ, ਇਹ ਤੱਤ ਸੋਡੀਅਮ, ਸਿਲੀਕੋਨ, ਫਲੋਰੀਨ, ਆਇਓਡੀਨ, ਸਟਰਾਂਸ਼ੀਅਮ ਅਤੇ ਬੇਰੀਅਮ ਹਨ ।
ਪ੍ਰਸ਼ਨ 13.
ਝੋਨੇ ਨੂੰ ਜ਼ਿੰਕ ਦੀ ਘਾਟ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਝੋਨੇ ਵਿੱਚ ਜ਼ਿੰਕ ਦੀ ਘਾਟ-ਝੋਨੇ ਦੇ ਬੂਟਿਆਂ ਵਿਚ ਜ਼ਿੰਕ ਦੀ ਘਾਟ ਦੇ ਚਿੰਨ੍ਹ ਪਨੀਰੀ ਲਗਾਉਣ ਤੋਂ 2-3 ਹਫ਼ਤੇ ਬਾਅਦ ਦਿਖਾਈ ਦਿੰਦੇ ਹਨ । ਘਾਟ ਦੇ ਚਿੰਨ ਪੁਰਾਣੇ ਪੱਤਿਆਂ ਤੋਂ ਸ਼ੁਰੂ ਹੁੰਦੇ ਹਨ । ਨਾੜਾਂ ਦੇ ਵਿਚਕਾਰੋਂ ਪੱਤਿਆਂ ਦਾ ਰੰਗ ਪੀਲਾ ਜਾਂ ਚਿੱਟਾ ਹੋ ਜਾਂਦਾ ਹੈ । ਪੱਤੇ ਜੰਗਾਲੇ ਨਜ਼ਰ ਆਉਂਦੇ ਹਨ । ਬੂਟੇ ਮੱਧਰੇ ਰਹਿ ਜਾਂਦੇ ਹਨ ਅਤੇ ਸਿੱਟੇ ਦੇਰ ਨਾਲ ਨਿਕਲਦੇ ਹਨ । ਫ਼ਸਲ ਦਾ ਝਾੜ ਘੱਟ ਨਿਕਲਦਾ ਹੈ ।
ਪ੍ਰਸ਼ਨ 14.
ਪੌਦਿਆਂ ਲਈ ਗੰਧਕ ਦੇ ਕੀ ਲਾਭ ਹਨ ?
ਉੱਤਰ-
- ਇਹ ਕਲੋਰੋਫਿਲ ਬਣਨ ਵਿਚ ਸਹਾਇਕ ਹੈ ।
- ਗੰਧਕ ਪ੍ਰੋਟੀਨ ਅਤੇ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ ।
- ਇਹ ਬੀਜ ਬਣਨ ਵਿਚ ਸਹਾਇਕ ਹੁੰਦੀ ਹੈ ।
- ਫਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਤੋਂ ਹਵਾ ਦੀ ਨਾਈਟਰੋਜਨ ਫੜਨ ਵਾਲੀਆਂ ਗੰਢਾਂ ਵਧੇਰੇ ਬਣਦੀਆਂ ਹਨ ।
ਪ੍ਰਸ਼ਨ 15.
ਪੌਦਿਆਂ ਵਿਚ ਕੈਲਸ਼ੀਅਮ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਦੱਸੋ ।
ਉੱਤਰ-
ਨਵੇਂ ਪੱਤੇ, ਕਰੂੰਬਲਾਂ ਅਤੇ ਡੋਡੀਆਂ ਤੇ ਝੁਰੜੀਆਂ ਪੈ ਜਾਂਦੀਆਂ ਹਨ । ਪੱਤਿਆਂ ਦੀਆਂ ਨੋਕਾਂ ਅਤੇ ਕਿਨਾਰੇ ਸੁੱਕ ਜਾਂਦੇ ਹਨ । ਕਈ ਵਾਰ ਪੱਤੇ ਮੁੜੇ ਹੀ ਰਹਿ ਜਾਂਦੇ ਹਨ, ਪੂਰੀ ਤਰ੍ਹਾਂ ਖੁੱਲ੍ਹਦੇ ਨਹੀਂ । ਜੜ੍ਹਾਂ ਛੋਟੀਆਂ ਅਤੇ ਗੁੱਛੇਦਾਰ ਬਣ ਜਾਂਦੀਆਂ ਹਨ । ਇਸ ਦੀ ਘਾਟ ਕਾਰਨ ਆਲੂ ਵਿਚ ਹੌਲੋ ਹਾਰਟ ਰੋਗ ਹੋ ਜਾਂਦਾ ਹੈ ਅਤੇ ਆਲੂ ਅੰਦਰੋਂ ਪੋਲੇ ਰਹਿ ਜਾਂਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੌਦਿਆਂ ਲਈ ਲੋੜੀਂਦੇ ਭੋਜਨ ਤੱਤਾਂ ਅਤੇ ਉਨ੍ਹਾਂ ਦੇ ਸੋਮਿਆਂ ਦਾ ਵੇਰਵਾ ਦਿਉ ।
ਉੱਤਰਵ-
ਪ੍ਰਸ਼ਨ 2.
ਨਾਈਟਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਦੇ ਕੀ ਲਾਭ ਹਨ ?
ਉੱਤਰ-
I. ਨਾਈਟਰੋਜਨ ਦੇ ਲਾਭ –
- ਪੌਦੇ ਦੇ ਪੱਤਿਆਂ ਦਾ ਹਰਾ ਰੰਗ ਇਸ ਤੱਤ ਦੇ ਕਾਰਨ ਹੀ ਹੁੰਦਾ ਹੈ ।
- ਪੱਤਿਆਂ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ ਤੇ ਪੱਤੇ ਚੌੜੇ, ਲੰਮੇ ਤੇ ਰਸਦਾਰ ਬਣ ਜਾਂਦੇ ਹਨ ।
- ਪੌਦਿਆਂ ਦਾ ਫੈਲਾਅ ਅਧਿਕ ਅਤੇ ਛੇਤੀ ਹੁੰਦਾ ਹੈ ।
- ਪੌਦੇ ਵਧੇਰੇ ਚਮਕੀਲੇ ਅਤੇ ਕੋਮਲ ਹੋ ਜਾਂਦੇ ਹਨ ।
- ਪੌਦਿਆਂ ਦੀਆਂ ਟਹਿਣੀਆਂ ਪਤਲੀਆਂ ਤੇ ਨਰਮ ਹੋ ਜਾਂਦੀਆਂ ਹਨ ।
- ਹਰਾ ਚਾਰਾ ਵੱਧ ਜਾਂਦਾ ਹੈ ।
- ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ।
II. ਫ਼ਾਸਫ਼ੋਰਸ ਦੇ ਲਾਭ
- ਫ਼ਸਲ ਜਲਦੀ ਪੱਕਦੀ ਹੈ ।
- ਦਾਣੇ ਮੋਟੇ ਤੇ ਭਾਰੇ ਹੁੰਦੇ ਹਨ ।
- ਅਨਾਜ ਦੀ ਮਾਤਰਾ ਤੂੜੀ ਨਾਲੋਂ ਵੱਧ ਜਾਂਦੀ ਹੈ ।
- ਪੌਦਿਆਂ ਦੀਆਂ ਜੜ੍ਹਾਂ ਕਾਫ਼ੀ ਵੱਧ-ਫੁੱਲ ਜਾਂਦੀਆਂ ਹਨ ।
- ਪੌਦਿਆਂ ਦੇ ਤਣੇ ਮਜ਼ਬੂਤ ਤੇ ਪੱਕੇ ਬਣ ਜਾਂਦੇ ਹਨ ਤੇ ਫ਼ਸਲ ਢਹਿੰਦੀ ਨਹੀਂ ।
- ਰੋਗ ਦਾ ਟਾਕਰਾ ਕਰਨ ਦੀ ਸ਼ਕਤੀ ਵਧਦੀ ਹੈ ।
- ਫ਼ਲਾਂ ਦਾ ਸੁਆਦ ਮਿੱਠਾ ਹੁੰਦਾ ਹੈ ਤੇ ਫ਼ਲ ਵੱਡੇ ਹੋ ਜਾਂਦੇ ਹਨ ।
- ਫ਼ਸਲਾਂ ਦਾ ਝਾੜ ਬਹੁਤ ਵੱਧ ਜਾਂਦਾ ਹੈ ।
III. ਪੋਟਾਸ਼ੀਅਮ ਦੇ ਲਾਭ
- ਪੋਟਾਸ਼ੀਅਮ ਨਾਲ ਚੰਗੀ ਕਿਸਮ ਦਾ ਫ਼ਲ ਤਿਆਰ ਹੁੰਦਾ ਹੈ ।
- ਇਹ ਤੱਤ ਤਣੇ ਨੂੰ ਮਜ਼ਬੂਤ ਕਰਦਾ ਹੈ ।
- ਪੌਦਿਆਂ ਵਿਚ ਨਿਸ਼ਾਸਤਾ ਤੇ ਖੰਡ ਦੀ ਮਾਤਰਾ ਵੱਧ ਜਾਂਦੀ ਹੈ ।
- ਫ਼ਸਲਾਂ ਵਿਚ ਕੀੜੇ ਤੇ ਰੋਗਾਂ ਦਾ ਟਾਕਰਾ ਕਰਨ ਦੀ ਸ਼ਕਤੀ ਵਧਦੀ ਹੈ ।
- ਨਾਈਟਰੋਜਨ ਦੇ ਅਸਰ ਨੂੰ ਮੱਧਮ ਕਰਦੀ ਹੈ ।
- ਪੌਦੇ ਕਾਫ਼ੀ ਸਮੇਂ ਲਈ ਹਰੇ-ਭਰੇ ਰਹਿੰਦੇ ਹਨ ।
- ਇਸ ਦੀ ਹੋਂਦ ਵਿਚ ਪੌਦੇ ਦੂਜੇ ਤੱਤਾਂ ਨੂੰ ਚੰਗੀ ਤਰ੍ਹਾਂ ਲੈ ਸਕਦੇ ਹਨ ।
- ਪੋਟਾਸ਼ੀਅਮ ਕਾਰਬਨ-ਚੂਸ ਕਿਰਿਆ ਲਈ ਜ਼ਰੂਰੀ ਹੈ ।
ਪ੍ਰਸ਼ਨ 3.
ਫ਼ਾਸਫੋਰਸ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ।
ਉੱਤਰ-
ਫ਼ਾਸਫੋਰਸ ਦੀ ਘਾਟ ਦੀਆਂ ਨਿਸ਼ਾਨੀਆਂ
- ਫ਼ਾਸਫ਼ੋਰਸ ਦੀ ਘਾਟ ਨਾਲ ਫ਼ਸਲ ਦਾ ਵਾਧਾ ਹੌਲੀ ਅਤੇ ਕੱਦ ਛੋਟਾ ਅਤੇ ਫ਼ਸਲ ਦੇਰ ਨਾਲ ਪੱਕਦੀ ਹੈ ।
- ਫ਼ਾਸਫ਼ੋਰਸ ਦੀ ਘਾਟ ਦੇ ਚਿੰਨ੍ਹ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦੇ ਹਨ । ਪੱਤਿਆਂ ਦਾ ਰੰਗ ਗੁੜਾ ਹਰਾ ਬੈਂਗਣੀ ਹੋ ਜਾਂਦਾ ਹੈ, ਖ਼ਾਸ ਕਰਕੇ ਨਾੜਾਂ ਦੇ ਵਿਚਕਾਰਲੇ ਹਿੱਸੇ ਦਾ | ਕਈ ਵਾਰ ਪੱਤਿਆਂ ਦੀਆਂ ਡੰਡੀਆਂ ਅਤੇ ਟਾਹਣੀਆਂ ਦਾ ਰੰਗ ਵੀ ਬੈਂਗਣੀ ਹੋ ਜਾਂਦਾ ਹੈ ।
- ਫ਼ਸਲ ਬੂਝਾ ਘੱਟ ਮਾਰਦੀ ਹੈ । ਕਣਕ ਵਿਚ ਹੇਠਲੇ ਪੱਤਿਆਂ ਦਾ ਰੰਗ ਪੀਲਾ ਭੂਰਾ ਹੋ ਜਾਂਦਾ ਹੈ ।
ਪ੍ਰਸ਼ਨ 4.
ਪੌਦਿਆਂ ਵਿਚ ਲੋਹੇ ਦੇ ਲਾਭ ਅਤੇ ਘਾਟ ਦੇ ਚਿੰਨ੍ਹਾਂ ਤੇ ਚਾਨਣਾ ਪਾਉ ॥
ਉੱਤਰ-
ਲੋਹੇ ਦੇ ਲਾਭ-
- ਲੋਹਾ ਵਧੇਰੇ ਕਲੋਰੋਫਿਲ ਬਣਨ ਵਿਚ ਸਹਾਇਕ ਹੁੰਦਾ ਹੈ ।
- ਇਹ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ, ਜੋ ਬੂਟੇ ਵਿਚ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ ਲਿਆਉਂਦੇ ਹਨ ।
- ਲੋਹਾ ਪ੍ਰੋਟੀਨ ਬਣਨ ਲਈ ਜ਼ਰੂਰੀ ਹੈ । ਲੋਹੇ ਦੀ ਘਾਟ ਦੇ ਚਿੰਨ੍ਹ ਲੋਹੇ ਦੀ ਘਾਟ ਦੇ ਚਿੰਨ੍ਹ ਨਵੇਂ ਪੱਤੇ ਅਤੇ ਕਰੂੰਬਲਾਂ ਤੋਂ ਆਰੰਭ ਹੁੰਦੇ ਹਨ ।
ਪੱਤਿਆਂ ਦੀਆਂ ਨਾੜਾਂ ਦੇ ਵਿਚਕਾਰਲੇ ਹਿੱਸੇ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਪੁਰਾਣੇ ਪੱਤੇ ਹਰੇ ਰਹਿੰਦੇ ਹਨ । ਬੂਟੇ ਦਾ ਕੱਦ ਛੋਟਾ ਅਤੇ ਤਣਾ ਪਤਲਾ ਹੋ ਜਾਂਦਾ ਹੈ। ਵਧੇਰੇ ਘਾਟ ਦੀ ਸੂਰਤ ਵਿਚ ਤਾਂ ਸਾਰਾ ਪੱਤਾ ਨਾੜਾਂ ਸਮੇਤ ਪੀਲਾ ਹੋ ਜਾਂਦਾ ਹੈ, ਨਵੇਂ ਪੱਤੇ ਬਹੁਤੇ ਪੀਲੇ ਜਾਂ ਚਿੱਟੇ ਹੋ ਜਾਂਦੇ ਹਨ । ਕਈ ਵਾਰ ਪੱਤਿਆਂ ਉੱਪਰ ਲਾਲ ਭੂਰੇ ਰੰਗ ਦੀਆਂ ਲਕੀਰਾਂ ਪੈ ਜਾਂਦੀਆਂ ਹਨ ਅਤੇ ਪੱਤੇ ਸੁੱਕ ਵੀ ਜਾਂਦੇ ਹਨ ।
ਪ੍ਰਸ਼ਨ 5.
ਕਣਕ ਵਿਚ ਮੈਂਗਨੀਜ਼ ਦੇ ਲਾਭ ਅਤੇ ਇਸ ਦੀ ਘਾਟ ਦੇ ਚਿੰਨ੍ਹ ਬਾਰੇ ਦੱਸੋ ।
ਉੱਤਰ-
ਮੈਂਗਨੀਜ਼ ਦੇ ਲਾਭ-
- ਇਹ ਕਲੋਰੋਫਿਲ ਬਣਨ ਵਿਚ ਮੱਦਦ ਕਰਦਾ ਹੈ ।
- ਇਹ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ, ਜੋ ਆਕਸੀਕਰਨ ਅਤੇ ਲਘੂਕਰਨ ਦੀਆਂ ਕਿਰਿਆਵਾਂ ਵਿਚ ਤੇਜ਼ੀ ਲਿਆਉਂਦੇ ਹਨ ।
ਬੂਟੇ ਦੇ ਸਾਹ ਲੈਣ ਅਤੇ ਵਧੇਰੇ ਪ੍ਰੋਟੀਨ ਬਣਨ ਵਿਚ ਮੱਦਦ ਕਰਦੇ ਹਨ । ਕਣਕ ਵਿਚ ਮੈਂਗਨੀਜ਼ ਦੀ ਘਾਟ ਦੇ ਚਿੰਨ੍ਹ ਇਸ ਫ਼ਸਲ ਤੇ ਮੈਂਗਨੀਜ਼ ਦੀ ਘਾਟ ਦੇ ਚਿੰਨ੍ਹ ਵਿਚਕਾਰਲੇ ਪੱਤਿਆਂ ਤੇ ਤਕਰੀਬਨ ਪਹਿਲਾਂ ਪਾਣੀ ਲਾਉਣ ਸਮੇਂ ਦਿਖਾਈ ਦਿੰਦੇ ਹਨ | ਘਾਟ ਪਹਿਲਾਂ ਪੱਤੇ ਤੋਂ ਹੇਠਾਂ ਦੇ ਦੋ-ਤਿਹਾਈ ਹਿੱਸੇ ਤੇ ਸੀਮਤ ਰਹਿੰਦੀ ਹੈ । ਪੱਤਿਆਂ ਉੱਪਰ ਬਰੀਕ ਸਲੇਟੀ ਭੂਰੇ ਰੰਗ ਦੇ ਦਾਣੇਦਾਰ ਦਾਗ ਪੈ ਜਾਂਦੇ ਹਨ । ਬਹੁਤੀ ਘਾਟ ਹੋਵੇ ਤਾਂ ਇਹ ਦਾਣੇਦਾਰ ਦਾਗ ਲਾਲ ਭੂਰੀਆਂ ਧਾਰੀਆਂ ਬਣ ਜਾਂਦੇ ਹਨ | ਪੱਤੇ ਸੁੱਕ ਵੀ ਜਾਂਦੇ ਹਨ । ਬੂਟਿਆਂ ਦੇ ਕੱਦ ਅਤੇ ਜੜ੍ਹਾਂ ਛੋਟੀਆਂ ਰਹਿ ਜਾਂਦੀਆਂ ਹਨ ।
ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ PSEB 7th Class Agriculture Notes
ਪਾਠ ਇੱਕ ਨਜ਼ਰ ਵਿਚ
- ਪੌਦਿਆਂ ਦੇ ਵੱਧਣ ਫੁੱਲਣ ਲਈ 7 ਖ਼ੁਰਾਕੀ ਤੱਤ ਜ਼ਰੂਰੀ ਹੁੰਦੇ ਹਨ ।
- ਬੂਟੇ ਵਿਚ ਰਸਾਇਣਿਕ ਤਬਦੀਲੀਆਂ ਵਿੱਚ ਖ਼ੁਰਾਕੀ ਤੱਤਾਂ ਦਾ ਸਿੱਧਾ ਯੋਗਦਾਨ ਹੈ |
- ਮੁੱਖ ਖ਼ੁਰਾਕੀ ਤੱਤ ਹਨ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਪੋਟਾਸ਼ੀਅਮ, ਫ਼ਾਸਫੋਰਸ, ਆਕਸੀਜਨ, ਕੈਲਸ਼ੀਅਮ, ਮੈਗਨੀਸ਼ੀਅਮ, ਗੰਧਕ (ਸਲਫ਼ਰ) ।
- ਲਘੂ ਤੱਤ ਹਨ-ਲੋਹਾ, ਜ਼ਿੰਕ, ਤਾਂਬਾ, ਬੋਰੋਨ, ਕਲੋਰੀਨ, ਮਾਲੀਬਡੀਨਮ, ਕੋਬਾਲਟ, ਮੈਗਨੀਜ਼ । ‘
- ਪੌਦੇ ਹਵਾ ਵਿਚੋਂ ਆਕਸੀਜਨ ਅਤੇ ਕਾਰਬਨ ਪ੍ਰਾਪਤ ਕਰਦੇ ਹਨ ਅਤੇ ਹਾਈਡਰੋਜਨ ਤੱਤ ਨੂੰ ਪਾਣੀ ਤੋਂ ।
- ਕਈ ਫਲੀਦਾਰ ਫ਼ਸਲਾਂ ਹਵਾ ਵਿਚੋਂ ਨਾਈਟਰੋਜਨ ਨੂੰ ਆਪਣੇ ਵਾਧੇ ਲਈ ਵਰਤ ਸਕਦੀਆਂ ਹਨ ।
- ਨਾਈਟਰੋਜਨ ਪੌਦੇ ਵਿਚਲੀ ਕਲੋਰੋਫਿਲ ਅਤੇ ਪ੍ਰੋਟੀਨ ਦਾ ਜ਼ਰੂਰੀ ਭਾਗ ਹੈ ।
- ਨਾਈਟਰੋਜਨ ਤੱਤ ਦੀ ਲੋੜ ਫ਼ਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਸਹੀ ਵਰਤੋਂ ਲਈ ਹੁੰਦੀ ਹੈ ।
- ਨਾਈਟਰੋਜਨ ਤੱਤ ਵਾਲੀਆਂ ਖਾਦਾਂ ਹਨ-ਯੂਰੀਆ, ਕੈਨ, ਅਮੋਨੀਅਮ ਕਲੋਰਾਈਡ ਆਦਿ ।
- ਫ਼ਾਸਫੋਰਸ ਤੱਤ ਪੌਦੇ ਵਿੱਚ ਨਵੀਆਂ ਕੋਸ਼ਿਕਾਵਾਂ ਬਣਾਉਣ, ਫੁੱਲ, ਫ਼ਲ ਅਤੇ ਬੀਜ ਬਣਨ ਵਿਚ ਸਹਾਇਕ ਹੈ ।
- ਫ਼ਾਸਫੋਰਸ ਤੱਤ ਵਾਲੀਆਂ ਖਾਦਾਂ ਹਨ । ਡਾਇਆ, ਸੁਪਰ ਫਾਸਫੇਟ, ਡੀ. ਏ.ਪੀ., ਐੱਨ.ਪੀ.ਕੇ. |
- ਹਾੜੀ ਦੀਆਂ ਫ਼ਸਲਾਂ ਉੱਪਰ ਫ਼ਾਸਫੋਰਸ ਖਾਦ ਦਾ ਵਧੇਰੇ ਅਸਰ ਹੁੰਦਾ ਹੈ ।
- ਪੋਟਾਸ਼ੀਅਮ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਵਧਾਉਂਦਾ ਹੈ ।
- ਪੋਟਾਸ਼ੀਅਮ ਦੀ ਪੂਰਤੀ ਮਿਉਰੇਟ ਆਫ਼ ਪੋਟਾਸ਼ ਖਾਦ ਨਾਲ ਕੀਤੀ ਜਾਂਦੀ ਹੈ ।
- ਗੰਧਕ, ਪ੍ਰੋਟੀਨ ਅਤੇ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ ।
- ਗੰਧਕ, ਪੱਤਿਆਂ ਵਿੱਚ ਕਲੋਰੋਫਿਲ ਬਣਾਉਣ ਵਿਚ ਵੀ ਸਹਾਇਕ ਹੈ ।
- ਗੰਧਕ ਦੀ ਘਾਟ ਹੋਣ ਤੇ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ ।
- ਜੇ ਗੰਧਕ ਦੀ ਕਮੀ ਹੋਵੇ ਤਾਂ ਸੁਪਰਫਾਸਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਵਿਚ | ਫ਼ਾਸਫੋਰਸ ਦੇ ਨਾਲ-ਨਾਲ ਗੰਧਕ ਵੀ ਹੁੰਦੀ ਹੈ ।
- ਬਹੁਤ ਸਾਰੇ ਐਨਜ਼ਾਈਮਾਂ ਵਿਚ ਜ਼ਿੰਕ ਹੁੰਦਾ ਹੈ ।
- ਵਧੇਰੇ ਮਾਤਰਾ ਵਿਚ ਫ਼ਾਸਫੋਰਸ ਤੇ ਕਾਰਬੋਨੇਟ ਵਾਲੀਆਂ ਜ਼ਮੀਨਾਂ ਵਿੱਚ ਜ਼ਿੰਕ ਦੀ ਘਾਟ ਦੇਖੀ ਜਾਂਦੀ ਹੈ ।
- ਜ਼ਿੰਕ ਦੀ ਘਾਟ ਹੋਣ ਤੇ ਝੋਨੇ ਦੀ ਫ਼ਸਲ ਦੇਰ ਨਾਲ ਪੱਕਦੀ ਹੈ ਤੇ ਝਾੜ ਬਹੁਤ ਘੱਟ ਜਾਂਦਾ ਹੈ ।
- ਕਣਕ ਵਿੱਚ ਜ਼ਿੰਕ ਦੀ ਘਾਟ ਕਾਰਨ ਬੱਲੀਆਂ ਦੇਰ ਨਾਲ ਨਿਕਲਦੀਆਂ ਹਨ ਤੇ ਦੇਰ ਨਾਲ ਪੱਕਦੀਆਂ ਹਨ ।
- ਜ਼ਿੰਕ ਦੀ ਘਾਟ ਦੂਰ ਕਰਨ ਲਈ ਜ਼ਿੰਕ ਸਲਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਲੋਹਾ ਕਲੋਰੋਫਿਲ ਅਤੇ ਪ੍ਰੋਟੀਨ ਬਣਾਉਣ ਲਈ ਜ਼ਰੂਰੀ ਹੈ ।
- ਲੋਹੇ ਦੀ ਘਾਟ ਹੋਣ ਤੇ ਫੈਰਸ ਸਲਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।
- ਰੇਤਲੀਆਂ ਜ਼ਮੀਨਾਂ ਵਿਚ ਬੀਜੀ ਕਣਕ ਵਿਚ ਮੈਂਗਨੀਜ਼ ਦੀ ਘਾਟ ਹੋ ਜਾਂਦੀ ਹੈ ।
- ਮੈਂਗਨੀਜ਼ ਦੀ ਘਾਟ ਨੂੰ ਦੂਰ ਕਰਨ ਲਈ ਮੈਂਗਨੀਜ਼ ਸਲਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।