Punjab State Board PSEB 8th Class Punjabi Book Solutions Chapter 6 ਜਨਮ – ਦਿਨ ਦੀ ਪਾਰਟੀ Textbook Exercise Questions and Answers.
PSEB Solutions for Class 8 Punjabi Chapter 6 ਜਨਮ – ਦਿਨ ਦੀ ਪਾਰਟੀ
(i) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸ ਦੇ ਜਨਮ-ਦਿਨ ਉੱਤੇ ਜਮਾਤ ਵਿਚ ਬਰਫ਼ੀ ਵੰਡੀ ਗਈ ?
ਉੱਤਰ :
ਪਿਸੀ ਦੇ ਜਨਮ-ਦਿਨ ਉੱਤੇ ।
ਪ੍ਰਸ਼ਨ 2.
ਮਿੱਕੀ ਕਿਉਂ ਉਦਾਸ ਹੁੰਦਾ ਸੀ ?
ਉੱਤਰ :
ਇਹ ਸੋਚ ਕੇ ਕਿ ਉਹ ਆਪਣੇ ਘਰ ਦੀ ਗ਼ਰੀਬੀ ਕਾਰਨ ਆਪਣੇ ਜਨਮ-ਦਿਨ ਉੱਤੇ ਸਾਰੇ ਜਮਾਤੀਆਂ ਵਿਚ ਮਠਿਆਈ ਕਿਵੇਂ ਵੰਡੇਗਾ ?
ਪ੍ਰਸ਼ਨ 3.
ਮਿੱਕੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
ਉੱਤਰ :
ਇੱਕ ਪ੍ਰਾਈਵੇਟ ਕੰਪਨੀ ਵਿਚ ਲੋਹਾ ਪੰਘਰਾਉਣ ਵਾਲੀ ਭੱਠੀ ਉੱਤੇ ।
ਪ੍ਰਸ਼ਨ 4.
ਮਿੱਕੀ ਦਾ ਜਨਮ-ਦਿਨ ਕਿਉਂ ਨਹੀਂ ਸੀ ਮਨਾਇਆ ਜਾਂਦਾ ?
ਉੱਤਰ :
ਘਰ ਦੀ ਗਰੀਬੀ ਕਾਰਨ ।
ਪ੍ਰਸ਼ਨ 5.
ਮਿੱਕੀ ਨੇ ਪੈਸਿਆਂ ਨਾਲ ਕਿਸ ਦੀ ਮੱਦਦ ਕੀਤੀ ?
ਉੱਤਰ :
ਇਕ ਬਿਮਾਰ ਬੱਚੇ ਦੀ ।
(ii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਿਸੀ ਦਾ ਜਨਮ-ਦਿਨ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਸੀ ?
ਉੱਤਰ :
ਪ੍ਰਿਸੀ ਦਾ ਜਨਮ-ਦਿਨ ਸਾਰੀ ਜਮਾਤ ਦੇ ਵਿਦਿਆਰਥੀਆਂ ਵਿਚ ਮਠਿਆਈ ਵੰਡ ਕੇ ਮਨਾਇਆ ਜਾ ਰਿਹਾ ਸੀ ।
ਪ੍ਰਸ਼ਨ 2.
ਮਿੱਕੀ ਦੇ ਘਰ ਦੀ ਹਾਲਤ ਕਿਹੋ ਜਿਹੀ ਸੀ ?
ਉੱਤਰ :
ਮਿੱਕੀ ਦੇ ਘਰ ਦੀ ਹਾਲਤ ਗ਼ਰੀਬੀ ਭਰੀ ਸੀ । ਉਸ ਦੇ ਘਰ ਤਾਂ ਦੋ ਵੇਲੇ ਦੀ ਰੋਟੀ ਦੇ ਲਾਲੇ ਪਏ ਰਹਿੰਦੇ ਸਨ ਅਤੇ ਉਸ ਦੇ ਮੰਮੀ-ਪਾਪਾ ਉਸ ਦੀਆਂ ਤੇ ਉਸ ਦੀ ਭੈਣ ਦੀਆਂ ਫ਼ੀਸਾਂ ਅਤੇ ਕਿਤਾਬਾਂ-ਕਾਪੀਆਂ ਦਾ ਖ਼ਰਚਾ ਮਸੀਂ ਤੋਰਦੇ ਸਨ ।
ਪ੍ਰਸ਼ਨ 3.
ਮਿੱਕੀ ਦਾ ਜਨਮ-ਦਿਨ ਨਾ ਮਨਾਉਣ ਬਾਰੇ ਮਾਪੇ ਉਸ ਨੂੰ ਕਿਸ ਤਰ੍ਹਾਂ ਸਮਝਾਉਂਦੇ ਸਨ ?
ਉੱਤਰ :
ਮਿੱਕੀ ਦਾ ਜਨਮ-ਦਿਨ ਮਨਾਉਣ ਬਾਰੇ ਉਸ ਦੇ ਮਾਪਿਆਂ ਨੇ ਉਸਨੂੰ ਸਮਝਾਇਆ ਕਿ ਜਨਮ-ਦਿਨ ਦੀਆਂ ਪਾਰਟੀਆਂ ਅਮੀਰਾਂ ਦੇ ਚੋਂਚਲੇ ਹਨ । ਇਹ ਉਨ੍ਹਾਂ ਵਰਗੇ ਗ਼ਰੀਬਾਂ ਦੇ ਵੱਸ ਦੀ ਗੱਲ ਨਹੀਂ, ਜਿਨ੍ਹਾਂ ਦੇ ਘਰ ਮਸਾਂ ਦੋ ਵੇਲਿਆਂ ਦੀ ਰੋਟੀ ਮੁਸ਼ਕਿਲ ਨਾਲ ਜੁੜਦੀ ਹੈ । ਇਸ ਤਰ੍ਹਾਂ ਸਮਝਾਉਂਦਿਆਂ ਉਹ ਉਸਨੂੰ 50 ਰੁਪਏ ਦੇ ਕੇ ਕਹਿੰਦੇ ਹਨ ਕਿ ਉਹ ਆਪਣਾ ਜਨਮਦਿਨ ਮਨਾਉਣ ਲਈ ਦੋ-ਚਾਰ ਦੋਸਤਾਂ ਨੂੰ ਘਰ ਬੁਲਾ ਕੇ ਪਾਰਟੀ ਕਰ ਲਵੇ ।
ਪ੍ਰਸ਼ਨ 4.
ਮਾਤਾ-ਪਿਤਾ ਵਲੋਂ ਦਿੱਤੇ ਪੰਜਾਹ ਰੁਪਇਆਂ ਨਾਲ ਆਖ਼ਰ ਮਿੱਕੀ ਨੇ ਆਪਣਾ ਜਨਮ-ਦਿਨ ਕਿਸ ਤਰ੍ਹਾਂ ਮਨਾਉਣਾ ਚਾਹਿਆ ?
ਉੱਤਰ :
ਮਿੱਕੀ ਨੇ ਮਾਤਾ-ਪਿਤਾ ਦੀ ਸਲਾਹ ਅਨੁਸਾਰ ਉਨ੍ਹਾਂ ਦੇ ਦਿੱਤੇ 50 ਰੁਪਇਆਂ ਨਾਲ ਆਪਣਾ ਜਨਮ-ਦਿਨ ਮਨਾਉਣ ਲਈ ਆਪਣੇ ਦੋ-ਚਾਰ ਦੋਸਤਾਂ ਨੂੰ ਘਰ ਬੁਲਾ ਕੇ ਪਾਰਟੀ ਕਰਨ ਦਾ ਪ੍ਰੋਗਰਾਮ ਬਣਾਇਆ ।
ਪ੍ਰਸ਼ਨ 5.
ਮਿੱਕੀ ਨੇ ਆਪਣੇ ਜਨਮ-ਦਿਨ ‘ਤੇ ਗਰੀਬ ਪਰਿਵਾਰ ਦੀ ਕਿਸ ਤਰ੍ਹਾਂ ਮੱਦਦ ਕੀਤੀ ?
ਉੱਤਰ :
ਮਿੱਕੀ ਨੇ ਦੇਖਿਆ ਕਿ ਗ਼ਰੀਬ ਘਰ ਵਿਚ ਦਸ-ਬਾਰਾਂ ਸਾਲਾਂ ਦਾ ਬੱਚਾ ਬੁਰੀ ਤਰ੍ਹਾਂ ਖੰਘ ਰਿਹਾ ਹੈ ਤੇ ਉਸਨੂੰ ਬੁਖ਼ਾਰ ਵੀ ਹੈ, ਪਰ ਉਸ ਦੇ ਮਾਪੇ ਪੈਸੇ ਨਾ ਹੋਣ ਕਰਕੇ ਉਸ ਲਈ ਦਵਾਈ ਨਹੀਂ ਲਿਆ ਸਕਦੇ । ਉਨ੍ਹਾਂ ਦੇ ਘਰ ਵਿਚ ਬੱਚੇ ਨੂੰ ਤੁਲਸੀ ਵਾਲੀ ਚਾਹ ਪਿਲਾਉਣ ਲਈ ਦੁੱਧ ਤੇ ਖੰਡ ਵੀ ਨਹੀਂ ਸੀ, ਝੜੀ ਲੱਗੀ ਹੋਣ ਕਾਰਨ ਬੱਚੇ ਦੇ ਬਾਪ ਦੀ ਦੋ ਦਿਨਾਂ ਤੋਂ ਦਿਹਾੜੀ ਨਹੀਂ ਸੀ ਲੱਗੀ । ਇਹ ਦੇਖ ਕੇ ਮਿੱਕੀ ਨੇ ਘਰਦਿਆਂ ਤੋਂ ਆਪਣਾ ਜਨਮ-ਦਿਨ ਮਨਾਉਣ ਲਈ ਮਿਲੇ 50 ਰੁਪਏ ਉਨ੍ਹਾਂ ਨੂੰ ਦੇ ਦਿੱਤੇ, ਤਾਂ ਜੋ ਉਹ ਬੱਚੇ ਲਈ ਦਵਾਈ ਲਿਆ ਸਕਣ । ਇਸ ਤਰ੍ਹਾਂ ਉਸਨੇ ਆਪਣੇ ਜਨਮ-ਦਿਨ ਉੱਤੇ ਗ਼ਰੀਬ ਪਰਿਵਾਰ ਦੀ ਮੱਦਦ ਕੀਤੀ ।
(iii) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚੋਂ ਠੀਕ ਉੱਤੇ ਸਹੀ (✓) ਅਤੇ ਗਲਤ ਉੱਤੇ ਕਾਟੇ (✗) ਦਾ ਨਿਸ਼ਾਨ ਲਗਾਓ :
(ਉ) ਸਕੂਲ ਵਿਚ ਮਿੱਕੀ ਦਾ ਜਨਮ-ਦਿਨ ਮਨਾਇਆ ਜਾ ਰਿਹਾ ਸੀ ।
(ਅ) ਮਿੱਕੀ ਦੇ ਪਿਤਾ ਜੀ ਸਕੂਲ ਅਧਿਆਪਕ ਸਨ ।
(ਈ) ਪਹਿਲਾਂ ਮਿੱਕੀ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ ।
(ਸ) ਮਿੱਕੀ ਨੇ ਆਪਣੇ ਜਨਮ-ਦਿਨ ਉੱਤੇ ਇੱਕ ਗ਼ਰੀਬ ਪਰਿਵਾਰ ਦੀ ਸਹਾਇਤਾ ਕੀਤੀ ।
(ਹ) ਮਿੱਕੀ ਨੂੰ ਗਰੀਬ ਦੀ ਮੱਦਦ ਕਰ ਕੇ ਬਹੁਤ ਚੰਗਾ ਪ੍ਰਤੀਤ ਹੋਇਆ ।
ਉੱਤਰ :
(ੳ) ਸਕੂਲ ਵਿਚ ਮਿੱਕੀ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ । (✗)
(ਅ) ਮਿੱਕੀ ਦੇ ਪਿਤਾ ਜੀ ਸਕੂਲ ਅਧਿਆਪਕ ਸਨ । (✗)
(ਇ) ਪਹਿਲਾਂ ਮਿੱਕੀ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ । (✓)
(ਸ) ਮਿੱਕੀ ਨੇ ਆਪਣੇ ਜਨਮ-ਦਿਨ ਉੱਤੇ ਇੱਕ ਗ਼ਰੀਬ ਪਰਿਵਾਰ ਦੀ ਸਹਾਇਤਾ ਕੀਤੀ । (✓)
(ਹ) ਮਿੱਕੀ ਨੂੰ ਗਰੀਬ ਦੀ ਮੱਦਦ ਕਰ ਕੇ ਬਹੁਤ ਚੰਗਾ ਪ੍ਰਤੀਤ ਹੋਇਆ । (✓)
ਪ੍ਰਸ਼ਨ 2.
ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਭਰਨ ਲਈ ਬੈਕਟਾਂ ਵਿਚ ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣੋ :
(ਕੰਪਨੀ, ਸਿਆਣਾ, ਬੁਲਾਉਣ, ਦਵਾਈ, ਸੋਚਦਾ)
(ੳ) ਉਸ ਨੇ ਦੋ-ਤਿੰਨ ਦੋਸਤਾਂ ਨੂੰ …………. ਫ਼ੈਸਲਾ ਕਰ ਲਿਆ ।
(ਅ) ਤੁਸੀਂ ਇਸ ਦੀ …………. ਕਿਉਂ ਨਹੀਂ ਲਿਆਉਂਦੇ ?
(ਇ) ਉਹ ਕੁਝ ਪਲ …………. ਰਿਹਾ ।
(ਸ) ਮਿੱਕੀ ਦੇ ਪਿਤਾ ਜੀ ਪ੍ਰਾਈਵੇਟ …………. ਵਿੱਚ ਕੰਮ ਕਰਦੇ ਸਨ !
(ਹ) ਤੂੰ ਤਾਂ …………. ਬੱਚਾ ਏਂ ।
ਉੱਤਰ :
(ੳ) ਉਸ ਨੇ ਦੋ-ਤਿੰਨ ਦੋਸਤਾਂ ਨੂੰ ਬੁਲਾਉਣ ਦਾ ਫ਼ੈਸਲਾ ਕਰ ਲਿਆ !
(ਅ) ਤੁਸੀਂ ਇਸ ਦੀ ਦਵਾਈ ਕਿਉਂ ਨਹੀਂ ਲਿਆਉਂਦੇ ?
(ਇ) ਉਹ ਕੁੱਝ ਪਲ ਸੋਚਦਾ ਰਿਹਾ ।
(ਸ) ਮਿੱਕੀ ਦੇ ਪਿਤਾ ਜੀ ਪਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ।
(ਹ) ਤੂੰ ਤਾਂ ਸਿਆਣਾ ਬੱਚਾ ਏਂ ।
ਪ੍ਰਸ਼ਨ 3.
ਲਿੰਗ ਬਦਲੋ :
ਪਿਤਾ, ਦੋਸਤ, ਵਿਦਿਆਰਥੀ, ਅਧਿਆਪਕ, ਮੁੰਡਾ ।
ਉੱਤਰ :
ਲਿੰਗ ਬਦਲੀ
ਮਾਤਾ – ਦੋਸਤ
ਦੋਸਤ – ਸਹੇਲੀ
ਵਿਦਿਆਰਥੀ – ਵਿਦਿਆਰਥਣ
ਅਧਿਆਪਕ – ਅਧਿਆਪਿਕਾ
ਮੁੰਡਾ – ਕੁੜੀ !
ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਸ਼ਬਦ – ਹਿੰਦੀ – ਅੰਗਰੇਜ਼ੀ
ਇੱਕ ਵਾਰ – एक बार – Once
ਮੁਫ਼ਤ – ……………. – ………………
ਜਨਮ-ਦਿਨ – …………. – ……………
ਘਰ – …………. – ……………
ਪਾਰਟੀ – …………. – ……………
ਮਿੱਤਰ – …………. – ……………
ਪਿਤਾ – …………. – ……………
ਉੱਤਰ :
ਸ਼ਬਦ – ਹਿੰਦੀ – ਅੰਗਰੇਜ਼ੀ
ਇੱਕ ਵਾਰ – एक बार – Once
ਮੁਫ਼ਤ – मुफ्त – Free
ਜਨਮ-ਦਿਨ – जन्म दिन – Birthday
ਘਰ – घर – Home
ਪਾਰਟੀ – पार्टी – Party
ਮਿੱਤਰ – मित्र – Friend
ਪਿਤਾ – पिता – Father
ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਭੱਠੀਆਂ, ਆਰਥਿਕ, ਕਲੇਸ਼, ਫ਼ੈਸਲਾ, ਇਮਤਿਹਾਨ !
ਉੱਤਰ :
1. ਭੱਠੀਆਂ (ਚੀਜ਼ਾਂ ਨੂੰ ਪਕਾਉਣ ਜਾਂ ਪਿਘਲਾਉਣ ਲਈ ਬਣਿਆ ਵੱਡਾ ਚੁੱਲ੍ਹਾ) – ਇਸ ਫ਼ੈਕਟਰੀ ਵਿਚ ਲੋਹਾ ਪਿਘਲਾਉਣ ਲਈ ਬਹੁਤ ਸਾਰੀਆਂ ਭੱਠੀਆਂ ਬਣੀਆਂ ਹੋਈਆਂ ਹਨ ।
2. ਆਰਥਿਕ (ਪੈਸੇ-ਧੇਲੇ ਤੇ ਪਦਾਰਥਾਂ ਨਾਲ ਸੰਬੰਧਿਤ) – ਸਾਡੇ ਦੇਸ਼ ਵਿਚ ਆਮ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ।
3. ਕਲੇਸ਼ (ਝਗੜਾ) – ਪਰਲੀ ਗੁਆਂਢਣ ਦੀਆਂ ਲੂਤੀਆਂ ਨੇ ਉਰਲੇ ਦੋਹਾਂ ਘਰਾਂ ਦੀਆਂ ਜ਼ਨਾਨੀਆਂ ਵਿਚ ਕਲੇਸ਼ ਪੈਦਾ ਕਰ ਦਿੱਤਾ ।
4. ਫ਼ੈਸਲਾ (ਨਿਰਨਾ) – ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ।
5. ਇਮਤਿਹਾਨ (ਪ੍ਰੀਖਿਆ) – ਤੁਹਾਡੇ ਲਈ ਇਮਤਿਹਾਨ ਵਿਚ ਚੰਗੇ ਨੰਬਰ ਲੈ ਕੇ ਪਾਸ ਹੋਣਾ ਜ਼ਰੂਰੀ ਹੈ !
ਪ੍ਰਸ਼ਨ 6.
ਤੁਸੀਂ ਆਪਣੇ ਜਨਮ-ਦਿਨ ’ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਕੀ ਕਰ ਸਕਦੇ ਹੋ ?
ਉੱਤਰ :
ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਆਪਣੇ ਆਲੇ-ਦੁਆਲੇ ਵਿਚ ਰੁੱਖ ਲਾ ਸਕਦੇ ਹਾਂ ।
ਪ੍ਰਸ਼ਨ 7.
ਹੇਠ ਲਿਖੇ ਵਾਕ ਸੁੰਦਰ ਲਿਖਾਈ ਕਰ ਕੇ ਲਿਖੋ :
ਥੋੜੀ ਦੇਰ ਮਗਰੋਂ ਮੀਂਹ ਰੁਕ ਗਿਆ ।
ਉੱਤਰ :
……………………………………………….
……………………………………………….
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) ਅੱਜ ਜਮਾਤ ਵਿਚ ਫਿਰ ਬਰਫ਼ੀ ਵੰਡੀ ਗਈ ਸੀ । (ਨਾਂਵ ਚੁਣੋ)
(ਅ) ਉਹਨਾਂ ਕੋਲ ਕਿਰਾਏ ਦੇ ਮਕਾਨ ਸੀ । (ਪੜਨਾਂਵ ਚੁਣੋ)
(ਈ) ਇਕ ਦਸ-ਬਾਰਾਂ ਸਾਲਾਂ ਦਾ ਮੁੰਡਾ ਲੰਮਾ ਪਿਆ ਖੰਘ ਰਿਹਾ ਸੀ । (ਵਿਸ਼ੇਸ਼ਣ ਚੁਣੋ)
(ਸ) ਕਾਹਦੀ ਚਾਹ ਬਣਾਵਾਂ ? (ਕਿਰਿਆ ਚੁਣੋ)
ਉੱਤਰ :
(ਉ) ਜਮਾਤ, ਬਰਫ਼ੀ ।
(ਅ) ਉਹਨਾਂ ।
(ਇ) ਦਸ-ਬਾਰਾਂ ।
(ਸ) ਬਣਾਵਾਂ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ ।
ਅੱਜ ਜਮਾਤ ਵਿੱਚ ਇਕ ਵਾਰ ਫੇਰ ਬਰਫ਼ੀ ਵੰਡੀ ਗਈ ਸੀ, ਕਿਉਂਕਿ ਪ੍ਰਿਸੀ ਦਾ ਜਨਮਦਿਨ ਸੀ । ਹਾਲੇ ਪਿਛਲੇ ਹਫ਼ਤੇ ਹੀ ਤਾਂ ਚਿੰਟੂ ਨੇ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰਸਗੁੱਲੇ ਖੁਆਏ ਸਨ, ਕਿਉਂਕਿ ਉਸ ਦਿਨ ਉਸਦਾ ਜਨਮ-ਦਿਨ ਸੀ । ਇਸ ਸਕੂਲ ਵਿੱਚ ਇਸ ਤਰ੍ਹਾਂ ਜਨਮ-ਦਿਨ ਮਨਾਉਂਦਿਆਂ ਦੇਖ ਕੇ ਮਿੱਕੀ ਨੂੰ ਖ਼ੁਸ਼ੀ ਵੀ ਹੁੰਦੀ ਅਤੇ ਅਫ਼ਸੋਸ ਵੀ । ਖੁਸ਼ੀ ਇਸ ਗੱਲ ਦੀ ਕਿ ਮਹੀਨੇ ਵਿੱਚ ਦੋ-ਤਿੰਨ ਵਾਰੀ ਮੁਫ਼ਤ ਵਿੱਚ ਹੀ ਕੁੱਝ ਨਾ ਕੁੱਝ ਖਾਣ ਲਈ ਮਿਲ ਜਾਂਦਾ ਸੀ । ਕਈ ਵਾਰੀ ਤਾਂ ਇੱਕ ਹਫ਼ਤੇ ਵਿੱਚ ਹੀ ਦੋ-ਤਿੰਨ ਬੱਚਿਆਂ ਦੇ ਜਨਮ-ਦਿਨ ਆ ਜਾਂਦੇ ਸਨ । ਪਰ ਅਕਸਰ ਮਿੱਕੀ ਦਾ ਮਨ ਇਹ ਸੋਚ ਕੇ ਉਦਾਸ ਹੋ ਜਾਂਦਾ ਸੀ ਕਿ ਜਦੋਂ ਉਸ ਦਾ ਜਨਮ-ਦਿਨ ਆਵੇਗਾ, ਤਾਂ ਉਹ ਕੀ ਕਰੇਗਾ ? ਉਸ ਦੇ ਮਾਪੇ ਤਾਂ ਏਨਾ ਖ਼ਰਚ ਨਹੀਂ ਕਰ ਸਕਦੇ ।ਉਹ ਤਾਂ ਉਸ ਦੀ ਸਕੂਲ ਦੀ ਫ਼ੀਸ ਅਤੇ ਕਾਪੀਆਂ-ਕਿਤਾਬਾਂ ਦਾ ਖ਼ਰਚਾ ਵੀ ਮੁਸ਼ਕਲ ਨਾਲ ਕਰਦੇ ਸਨ । ਮਿੱਕੀ ਦੇ ਪਿਤਾ ਜੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ । ਗਰਮੀ ਦੀ ਰੁੱਤ ਵਿੱਚ ਵੀ ਉਨ੍ਹਾਂ ਨੂੰ ਲੋਹਾ ਪੰਘਰਾਉਣ ਵਾਲੀਆਂ ਭੱਠੀਆਂ ‘ਤੇ ਕੰਮ ਕਰਨਾ ਪੈਂਦਾ ਸੀ ਅਤੇ ਉਸ ਦੇ ਮਾਤਾ ਜੀ ਸੈਟਰ-ਜਰਸੀਆਂ ਲਿਆ ਕੇ ਉਨ੍ਹਾਂ ਦੇ ਬਟਨ ਲਗਾਉਣ ਦਾ ਕੰਮ ਕਰਦੇ ਸਨ, ਤਾਂ ਜੋ ਘਰ ਦੀ ਆਮਦਨ ਵਿੱਚ ਕੁੱਝ ਵਾਧਾ ਹੋ ਸਕੇ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਜਨਮ-ਦਿਨ ਦੀ ਪਾਰਟੀ
(ਅ) ਆਓ ਕਸੌਲੀ ਚੱਲੀਏ
(ਈ) ਸਮੇਂ ਸਮੇਂ ਦੀ ਗੱਲ
(ਸ) ਗਿੱਦੜ-ਸਿੰਝੀ ।
ਉੱਤਰ :
ਜਨਮ-ਦਿਨ ਦੀ ਪਾਰਟੀ ।
ਪ੍ਰਸ਼ਨ 2.
ਅੱਜ ਜਮਾਤ ਵਿਚ ਕੀ ਵੰਡਿਆ ਗਿਆ ਸੀ ?
(ੳ) ਰਸਗੁੱਲੇ
(ਅ) ਬਰਫ਼ੀ
(ਈ) ਪੇੜੇ
(ਸ) ਕੇਕ ॥
ਉੱਤਰ :
ਬਰਫ਼ੀ ।
ਪ੍ਰਸ਼ਨ 3.
ਪਿਛਲੇ ਹਫ਼ਤੇ ਕਿਸ ਨੇ ਆਪਣਾ ਜਨਮ-ਦਿਨ ਮਨਾਇਆ ਸੀ ?
(ਉ) ਪ੍ਰਿੰਸੀ ਨੇ
(ਅ) ਚਿੰਟੂ ਨੇ
(ਈ) ਮਿੰਟੂ ਨੇ
(ਸ) ਚੈੱਕੀ ਨੇ ।
ਉੱਤਰ :
ਚਿੰਟੂ ਨੇ ।
ਪ੍ਰਸ਼ਨ 4.
ਚਿੰਟੂ ਨੇ ਸਾਰੇ ਵਿਦਿਆਰਥੀਆਂ ਨੂੰ ਕੀ ਖੁਆਇਆ ਸੀ ?
(ੳ) ਲੱਡੂ
(ਅ) ਗੁਲਾਬ-ਜਾਮਣੂ
(ਈ) ਰਸਗੁੱਲੇ
(ਸ) ਬਰਫ਼ੀ ।
ਉੱਤਰ :
ਰਸਗੁੱਲੇ ।
ਪ੍ਰਸ਼ਨ 5.
ਮਿੱਕੀ ਦੇ ਮਨ ਉੱਤੇ ਆਪਣੇ ਜਨਮ-ਦਿਨ ਬਾਰੇ ਸੋਚ ਕੇ ਕੀ ਅਸਰ ਹੁੰਦਾ ਸੀ ?
(ਉ) ਖ਼ੁਸ਼ੀ ਦਾ
(ਅ) ਅਫ਼ਸੋਸ ਦਾ
(ਇ) ਚਾਅ ਦਾ
(ਸ) ਉਦਾਸੀ ਦਾ ।
ਉੱਤਰ :
ਉਦਾਸੀ ਦਾ ।
ਪ੍ਰਸ਼ਨ 6.
ਆਪਣੇ ਜਨਮ-ਦਿਨ ਬਾਰੇ ਸੋਚ ਕੇ ਮਿੱਕੀ ਦੇ ਉਦਾਸ ਹੋਣ ਦਾ ਕੀ ਕਾਰਨ ਸੀ ?
(ਉ) ਘਰ ਦੀ ਗ਼ਰੀਬੀ
(ਅ) ਪਿਤਾ ਦੀ ਸਖ਼ਤੀ
(ਈ) ਪਿਤਾ ਦੀ ਬਿਮਾਰੀ
(ਸ) ਮਾਤਾ-ਪਿਤਾ ਦਾ ਗੁੱਸਾ ।
ਉੱਤਰ :
ਘਰ ਦੀ ਗ਼ਰੀਬੀ ।
ਪ੍ਰਸ਼ਨ 7.
ਪ੍ਰਾਈਵੇਟ ਕੰਪਨੀ ਵਿਚ ਕੌਣ ਕੰਮ ਕਰਦਾ ਸੀ ?
(ਉ) ਚਿੰਟੂ ਦਾ ਪਿਤਾ
(ਅ) ਪ੍ਰਿਸੀ ਦਾ ਪਿਤਾ
(ਈ) ਮਿੱਕੀ ਆਪ
(ਸ) ਮਿੱਕੀ ਦਾ ਪਿਤਾ ।
ਉੱਤਰ :
ਮਿੱਕੀ ਦਾ ਪਿਤਾ ।
ਪ੍ਰਸ਼ਨ 8.
ਇਸ ਪੈਰੇ ਵਿਚ ਕਿਹੜੀ ਰੁੱਤ ਦਾ ਜ਼ਿਕਰ ਹੈ ?
(ੳ) ਗਰਮੀ
(ਅ) ਸਰਦੀ ।
(ਈ) ਪਤਝੜ
(ਸ) ਬਸੰਤ ॥
ਉੱਤਰ :
ਗਰਮੀ ਨੂੰ
ਪ੍ਰਸ਼ਨ 9.
ਲੋਹਾ ਕਿੱਥੇ ਪੰਘਰਾਇਆ ਜਾਂਦਾ ਹੈ ?
(ਉ) ਧੁੱਪ ਵਿਚ
(ਅ) ਚੁੱਲ੍ਹੇ ਉੱਤੇ
(ਈ) ਭੱਠੀ ਉੱਤੇ
(ਸ) ਭੱਠੇ ਵਿੱਚ ।
ਉੱਤਰ :
ਭੱਠੀ ਉੱਤੇ ।
ਪ੍ਰਸ਼ਨ 10.
ਮਿੱਕੀ ਦੇ ਮਾਤਾ ਜੀ ਸੈਟਰ-ਜਰਸੀਆਂ ਲਿਆ ਕੇ ਕੀ ਕਰਦੇ ਸਨ ?
(ੳ) ਉਧੇੜਦੇ ਸਨ
(ਅ) ਬਟਨ ਲਾਉਂਦੇ ਸਨ
(ਈ) ਬੁਣਦੇ ਸਨ
(ਸ) ਜਿੱਖਾਂ ਲਾਉਂਦੇ ਸਨ ।
ਉੱਤਰ :
ਬਟਨ ਲਾਉਂਦੇ ਸਨ ।
ਪ੍ਰਸ਼ਨ 11.
ਘਰ ਦੀ ਆਮਦਨ ਵਿਚ ਹੋਰ ਵਾਧਾ ਕਰਨ ਲਈ ਕੌਣ ਕੰਮ ਕਰਦਾ ਸੀ ?
(ੳ) ਮਿੱਕੀ ਦੇ ਮਾਤਾ ਜੀ
(ਅ) ਮਿੱਕੀ ਦੇ ਪਿਤਾ ਜੀ
(ਈ) ਮਿੱਕੀ ਆਪ
(ਸ) ਮਿੱਕੀ ਦਾ ਭਰਾ ।
ਉੱਤਰ :
ਮਿੱਕੀ ਦੇ ਮਾਤਾ ਜੀ ।
II. ਹੇਠ ਲਿਖੇ ਪੈਰੇ ਨੂੰ ਪੜ ਕੇ ਦਿੱਤੇ ਹੋਏ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ
‘‘ਤੁਸੀਂ ਇਹਦੀ ਦਵਾਈ ਕਿਉਂ ਨੀਂ ਲੈ ਆਉਂਦੇ । ਖੰਘ-ਖੰਘ ਕੇ ਮੁੰਡੇ ਦਾ ਸਾਹ ਸੁੱਕ ਗਿਐ । ਸਵੇਰ ਦਾ ਬੁਖ਼ਾਰ ਵੀ ਚੜਿਆ ਹੋਇਐ ।” ਉੱਥੇ ਬੈਠੀ ਔਰਤ ਨੇ ਕਿਹਾ, ਤਾਂ ਉਹ ਆਦਮੀ ਰਤਾ ਖਿਝ ਕੇ ਬੋਲਿਆ, “ਦਵਾਈ ਆਪਣੇ ਸਿਰ ਦੀ ਲਿਆਵਾਂ । ਜੇਬ ਵਿੱਚ ਧੇਲਾ ਨੀਂ । ਚਾਹ ‘ਚ ਤੁਲਸੀ ਦੇ ਪੱਤੇ ਉਬਾਲ ਕੇ ਦੇ-ਦੇ … ਆਪੇ ਬੁਖ਼ਾਰ ਉੱਤਰ ਜਾਉ ।” ‘‘ਚਾਹ ਕਾਹਦੀ ਬਣਾਵਾਂ ? ਨਾ ਘਰ ਵਿੱਚ ਖੰਡ ਏ ਤੇ ਨਾ ਦੁੱਧ !” ਉਸ ਔਰਤ ਨੇ ਜਿਵੇਂ ਰੋਣਹਾਕੀ ਹੋ ਕੇ ਕਿਹਾ । “ਮੈਂ ਵੀ ਦੱਸ, ਕੀ ਕਰਾਂ ? ਇਸ ਝੜੀ ਦਾ ਸੱਤਿਆਨਾਸ ਹੋਵੇ । ਦੋ ਦਿਨਾਂ ਤੋਂ ਦਿਹਾੜੀ ਹੀ ਨਹੀਂ ਲੱਗੀ । ਰੱਬ ਵੀ ਜਿਵੇਂ ਸਾਡਾ ਇਮਤਿਹਾਨ ਲੈ ਰਿਹੈ, ” ਆਖਦਿਆਂ ਉਸ ਆਦਮੀ ਦਾ ਮਨ ਭਰ ਆਇਆ ਸੀ । ਉਹਨਾਂ ਦੀਆਂ ਗੱਲਾਂ ਸੁਣ ਕੇ ਮਿੱਕੀ ਜਿਵੇਂ ਸੁੰਨ ਹੋ ਗਿਆ । ਉਸ ਨੂੰ ਜਾਪਿਆ, ਉਸ ਦੇ ਪਾਪਾ ਠੀਕ ਹੀ ਕਹਿੰਦੇ ਹਨ ਕਿ ਪਾਰਟੀਆਂ ਕਰਨੀਆਂ, ਤਾਂ ਅਮੀਰਾਂ ਦੇ ਚੋਂਚਲੇ ਹਨ । ਆਮ ਆਦਮੀ ਨੂੰ ਤਾਂ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹਨ । ਉਹ ਕੁੱਝ ਪਲ ਸੋਚਦਾ ਰਿਹਾ । ਆਖ਼ਰਕਾਰ ਉਸ ਪੰਜਾਹ ਦਾ ਨੋਟ ਉਸ ਆਦਮੀ ਵਲ ਵਧਾ ਦਿੱਤਾ ਤੇ ਕਿਹਾ, “ਅੰਕਲ ਜੀ, ਤੁਸੀਂ ਇਹਨਾਂ ਪੈਸਿਆਂ ਨਾਲ ਇਸ ਦੀ ਦਵਾਈ ਲੈ ਆਓ।” “ਨਹੀਂ ਪੁੱਤ …. ਰੱਬ ਆਪੇ ਸਾਰ ਦੇਵੇਗਾ, ਤੂੰ ਕਾਹਨੂੰ ਤਕਲੀਫ਼ ਕਰਦੈ …… ?” “ਨਹੀਂ ਅੰਕਲ ਜੀ, ਤਕਲੀਫ਼ ਵਾਲੀ ਤਾਂ ਕੋਈ ਗੱਲ ਨੀਂ …. ਨਾਲੇ ਅੱਜ ਤਾਂ ਮੇਰਾ ਜਨਮ-ਦਿਨ ਹੈ । ਮੈਂ ਖੁਸ਼ ਹੋ ਕੇ ਆਪਣੇ ਛੋਟੇ ਵੀਰ ਨੂੰ ਦੇ ਰਿਹਾ ਹਾਂ ।” ਪਤਾ ਨਹੀਂ ਕਿਉਂ ਇੰਝ ਆਖਦਿਆਂ ਮਿੱਕੀ ਦਾ ਮਨ ਭਰ ਆਇਆ ।
ਪ੍ਰਸ਼ਨ 1.
ਮੁੰਡੇ ਨੂੰ ਕਿਹੜੀ ਬਿਮਾਰੀ ਲੱਗੀ ਹੋਈ ਸੀ ?
(ੳ) ਖੰਘ ਤੇ ਬੁਖ਼ਾਰ
(ਆ) ਪੇਟ ਦਰਦ
(ਈ) ਕੰਨ ਦਰਦ
(ਸ) ਦੰਦ ਦਰਦ ।
ਉੱਤਰ :
ਖੰਘ ਤੇ ਬੁਖ਼ਾਰ ।
ਪ੍ਰਸ਼ਨ 2.
ਮੁੰਡੇ ਦਾ ਸਾਹ ਕਿਉਂ ਸੁੱਕ ਗਿਆ ਸੀ ?
(ਉ) ਪਿਆਸ ਨਾਲ
(ਅ) ਰੋ-ਰੋ ਕੇ
(ਈ) ਖੰਘ-ਖੰਘ ਕੇ
(ਸ) ਬੋਲ-ਬੋਲ ਕੇ ।
ਉੱਤਰ :
ਖੰਘ-ਖੰਘ ਕੇ ।
ਪ੍ਰਸ਼ਨ 3.
ਮੁੰਡੇ ਦੀ ਦੇਖ-ਭਾਲ ਕੌਣ-ਕੌਣ ਕਰ ਰਿਹਾ ਸੀ ?
(ੳ) ਉਸਦੀ ਮਾਂ
(ਅ) ਉਸਦਾ ਪਿਓ
( ਮਾਂ ਤੇ ਪਿਓ ਦੋਵੇਂ
(ਸ) ਮਿੱਕੀ ।
ਉੱਤਰ :
ਮਾਂ ਤੇ ਪਿਓ ਦੋਵੇਂ।
ਪ੍ਰਸ਼ਨ 4.
ਮੁੰਡੇ ਦਾ ਬਾਪ ਦਵਾਈ ਕਿਉਂ ਨਹੀਂ ਸੀ ਲਿਆ ਸਕਿਆ ?
(ਉ) ਮੌਸਮ ਖ਼ਰਾਬ ਹੋਣ ਕਰਕੇ
(ਅ) ਨੇੜੇ ਡਾਕਟਰ ਨਾ ਹੋਣ ਕਰਕੇ
(ਇ) ਦੁਕਾਨ ਬੰਦ ਹੋਣ ਕਰਕੇ
(ਸ) ਜੇਬ ਵਿਚ ਧੇਲਾ ਨਾ ਹੋਣ ਕਰਕੇ ।
ਉੱਤਰ :
ਜੇਬ ਵਿਚ ਧੇਲਾ ਨਾ ਹੋਣ ਕਰਕੇ ।
ਪ੍ਰਸ਼ਨ 5.
ਆਦਮੀ ਔਰਤ ਨੂੰ ਮੁੰਡੇ ਦਾ ਬੁਖ਼ਾਰ ਲਾਹੁਣ ਲਈ ਕੀ ਉਬਾਲ ਕੇ ਦੇਣ ਲਈ ਕਹਿੰਦਾ ਹੈ ?
(ਉ) ਚਾਹ-ਪੱਤੀ
(ਅ) ਮੁਲੱਠੀ
(ਇ) ਬਨਫ਼ਸ਼ਾ ।
(ਸ) ਤੁਲਸੀ ਦੇ ਪੱਤੇ ।
ਉੱਤਰ :
ਤੁਲਸੀ ਦੇ ਪੱਤੇ ।
ਪ੍ਰਸ਼ਨ 6.
ਘਰ ਵਿਚ ਕਿਹੜੀ ਚੀਜ਼ ਨਾ ਹੋਣ ਕਰਕੇ ਚਾਹ ਨਹੀਂ ਸੀ ਬਣ ਸਕਦੀ ?
(ਉ) ਪੱਤੀ
(ਆ) ਪਾਣੀ
(ਇ) ਅੱਗ
(ਸ) ਖੰਡ ਤੇ ਦੁੱਧ ।
ਉੱਤਰ :
ਖੰਡ ਤੇ ਦੁੱਧ ।
ਪ੍ਰਸ਼ਨ 7.
ਬਾਹਰ ਮੌਸਮ ਕਿਹੋ ਜਿਹਾ ਸੀ ?
(ਉ) ਝੜੀ ਲਗਾਤਾਰ ਮੀਂਹ
(ਅ) ਬਹੁਤ ਗਰਮੀ
(ਇ) ਹਨੇਰੀ
(ਸ) ਬਹੁਤ ਸਰਦੀ ।
ਉੱਤਰ :
ਝੜੀ ਲਗਾਤਾਰ ਮੀਂਹ ।
ਪ੍ਰਸ਼ਨ 8.
ਆਦਮੀ ਦੀ ਦਿਹਾੜੀ ਕਿੰਨੇ ਦਿਨਾਂ ਤੋਂ ਨਹੀਂ ਸੀ ਲੱਗੀ ?
ਜਾਂ
ਕਿੰਨੇ ਦਿਨਾਂ ਤੋਂ ਝੜੀ ਲੱਗੀ ਹੋਈ ਸੀ ?
(ਉ) ਦੋ ਦਿਨਾਂ ਤੋਂ
(ਅ) ਤਿੰਨ ਦਿਨਾਂ ਤੋਂ
(ਇ) ਪੰਜ ਦਿਨਾਂ ਤੋਂ
(ਸ) ਸੱਤ ਦਿਨਾਂ ਤੋਂ ।
ਉੱਤਰ :
ਦੋ ਦਿਨਾਂ ਤੋਂ।
ਪ੍ਰਸ਼ਨ 9.
ਆਦਮੀ ਤੇ ਔਰਤ (ਬਿਮਾਰ ਬੱਚੇ ਦੇ ਮਾਂ-ਪਿਓ) ਦੀਆਂ ਗੱਲਾਂ ਸੁਣ ਕੇ ਮਿੱਕੀ ਨੂੰ ਕਿਸ ਦੀ ਗੱਲ ਠੀਕ ਪ੍ਰਤੀਤ ਹੋਈ ?
(ਉ) ਅਧਿਆਪਕ ਦੀ
(ਅ) ਦੋਸਤ ਦੀ
(ਇ) ਮੰਮੀ ਦੀ
(ਸ) ਪਾਪਾ ਦੀ ।
ਉੱਤਰ :
ਪਾਪਾ ਦੀ ।
ਪ੍ਰਸ਼ਨ 10.
ਮਿੱਕੀ ਦੇ ਪਾਪਾ ਜਨਮ-ਦਿਨ ਮਨਾਉਣ ਨੂੰ ਕਿਨ੍ਹਾਂ ਦੇ ਚੋਂਚਲੇ ਕਹਿੰਦੇ ਸਨ ?
(ਉ) ਅਮੀਰਾਂ ਦੇ
(ਅ) ਵਿਹਲੜਾਂ ਦੇ
(ਇ) ਮਾਪਿਆਂ ਦੇ
(ਸ) ਅਧਿਆਪਕਾਂ ਦੇ ।
ਉੱਤਰ :
ਅਮੀਰਾਂ ਦੇ ।
ਪ੍ਰਸ਼ਨ 11.
ਮਿੱਕੀ ਨੇ ਪੰਜਾਹ ਦਾ ਨੋਟ ਕਿਸ ਨੂੰ ਦਿੱਤਾ ?
(ਉ) ਬਿਮਾਰ ਬੱਚੇ ਦੇ ਬਾਪ ਨੂੰ
(ਅ) ਬਿਮਾਰ ਬੱਚੇ ਨੂੰ
(ਈ) ਬਿਮਾਰ ਬੱਚੇ ਦੀ ਮਾਂ ਨੂੰ
(ਸ) ਡਾਕਟਰ ਨੂੰ ।
ਉੱਤਰ :
ਬਿਮਾਰ ਬੱਚੇ ਦੇ ਬਾਪ ਨੂੰ ।
ਪ੍ਰਸ਼ਨ 12.
ਮਿੱਕੀ ਨੇ ਕਿਸ ਖੁਸ਼ੀ ਵਿਚ ਬਿਮਾਰ ਬੱਚੇ ਦੀ ਸਹਾਇਤਾ ਕੀਤੀ ?
(ਉ) ਆਪਣੇ ਜਨਮ-ਦਿਨ ਦੀ
(ਅ) ਆਪਣੇ ਪਾਸ ਹੋਣ ਦੀ ।
(ਈ) ਆਪਣੇ ਫ਼ਸਟ ਰਹਿਣ ਦੀ
(ਸ) ਆਪਣੀ ਲਾਟਰੀ ਨਿਕਲਣ ਦੀ ।
ਉੱਤਰ :
ਆਪਣੇ ਜਨਮ-ਦਿਨ ਦੀ ।
ਔਖੇ ਸ਼ਬਦਾਂ ਦੇ ਅਰਥ :
ਸ਼ੈਟਰ-ਜਰਸੀਆਂ-ਸਵੈਟਰ ਤੇ ਕੋਟੀਆਂ ਆਰਥਿਕ-ਪੈਸੇ-ਧੇਲੇ ਨਾਲ ਸੰਬੰਧਿਤ । ਵਾਕਫ਼-ਜਾਣ । ਜੋਸ਼-ਉਤਸ਼ਾਹ । ਟਹੁਰ-ਸ਼ਾਨ 1 ਡਾਢੀ-ਬਹੁਤ ਜ਼ਿਆਦਾ ॥ ਮੱਤ-ਅਕਲ । ਤੇਰੀ ਮੱਤ ਤਾਂ ਨੀ ਮਾਰੀ ਗਈ-ਕੀ ਤੇਰੀ ਸੋਚਣ-ਸਮਝਣ ਦੀ ਤਾਕਤ ਖ਼ਤਮ ਹੋ ਗਈ ਹੈ ? ਪਾਗਲ ਹੋ ਗਿਆ ਹੈਂ ? ਦਲੀਲਾਂ-ਢੰਗ ਨਾਲ ਕੀਤੀ ਗੱਲ ! ਕਲੇਸ਼-ਝਗੜਾ । ਝੜਪ-ਥੋੜੇ ਚਿਰ ਦਾ ਝਗੜਾ । ਵਾਹ-ਵਾਹ-ਸੰਸਾ, ਤਾਰੀਫ਼ ਚੋਂਚਲੇ-ਨਿਰਾ ਸੁਆਦ ਲੈਣ ਵਾਲੇ ਕੰਮ । ਮਜ਼ਾਕ-ਮਖੌਲ ਨੂੰ ਲਾਗਲੀ-ਨੇੜੇ ਦੀ । ਖ਼ਸਤਾ ਹਾਲ-ਟੁੱਟੀ-ਭੱਜੀ ਹਾਲਤ ਵਿੱਚ, ਡਿਗਣ ਵਾਲਾ । ਕਬਾੜ-ਟੁੱਟ-ਭੱਜਾ ਸਮਾਨ । ਭਿੰਡਰਿਆ-ਖਿੱਲਰਿਆ । ਧੇਲਾ ਨੀ-ਇਕ ਵੀ ਪੈਸਾ ਨਹੀਂ । ਰੋਣਹਾਕੀ-ਰੋਣ ਵਾਲੀ ਹਾਲਤ । ਝੜੀ-ਲਗਾਤਾਰ ਪੈ ਰਿਹਾ ਮੀਂਹ । ਸਤਿਆਨਾਸਸਭ ਕੁੱਝ ਤਬਾਹ ਹੋਣਾ, ਕੱਖ ਨਾ ਰਹਿਣਾ । ਰੋਟੀ ਦੇ ਲਾਲੇ-ਰੋਟੀ ਦਾ ਫ਼ਿਕਰ । ਸਾਰ ਦੇਣਾਪੂਰਾ ਕਰਨਾ । ਤਕਲੀਫ਼-ਔਖ । ਤਕਲੀਫ਼ ਕਰਦੈ-ਔਖ ਵਿਚ ਪੈਂਦਾ ।
ਜਨਮ-ਦਿਨ ਦੀ ਪਾਰਟੀ Summary
ਜਨਮ-ਦਿਨ ਦੀ ਪਾਰਟੀ ਪਾਠ ਦਾ ਸਾਰ
ਅੱਜ ਪ੍ਰਿੰਸੀ ਦਾ ਜਨਮ-ਦਿਨ ਹੋਣ ਕਰਕੇ ਜਮਾਤ ਵਿਚ ਮਠਿਆਈ ਵੰਡੀ ਗਈ ਸੀ । ਪਿਛਲੇ ਹਫ਼ਤੇ ਚਿੰਟੂ ਨੇ ਆਪਣੇ ਜਨਮ-ਦਿਨ ਉੱਤੇ ਸਾਰੇ ਜਮਾਤੀਆਂ ਨੂੰ ਰਸਗੁੱਲੇ ਖੁਆਏ ਸਨ !
ਮਿੱਕੀ ਨੂੰ ਇਸ ਤਰ੍ਹਾਂ ਦੂਜੇ ਬੱਚਿਆਂ ਨੂੰ ਜਮਾਤ ਵਿਚ ਆਪਣੇ ਜਨਮ-ਦਿਨ ਮਨਾਏ ਜਾਂਦੇ ਦੇਖ ਕੇ ਖ਼ੁਸ਼ੀ ਹੁੰਦੀ ਸੀ । ਕਈ ਵਾਰੀ ਹਫ਼ਤੇ ਵਿਚ ਹੀ ਦੋ-ਤਿੰਨ ਬੱਚਿਆਂ ਦੇ ਜਨਮ-ਦਿਨ ਆ ਜਾਂਦੇ ਸਨ ਤੇ ਉਨ੍ਹਾਂ ਨੂੰ ਖਾਣ ਲਈ ਕੁੱਝ ਮਿਲ ਜਾਂਦਾ ਸੀ । ਕਈ ਵਾਰੀ ਮਿੱਕੀ ਦਾ ਮਨ ਇਹ ਸੋਚ ਕੇ ਹੈਰਾਨ ਹੋ ਜਾਂਦਾ ਸੀ ਕਿ ਜਦੋਂ ਉਸ ਦਾ ਜਨਮ-ਦਿਨ ਆਵੇਗਾ, ਤਾਂ ਉਹ ਕੀ ਕਰੇਗਾ, ਕਿਉਂਕਿ ਉਸਦੇ ਮਾਪੇ ਤਾਂ ਉਸ ਦੇ ਸਕੂਲ ਦੀ ਫ਼ੀਸ ਅਤੇ ਕਿਤਾਬਾਂ ਦਾ ਖ਼ਰਚਾ ਵੀ ਬੜੀ ਮੁਸ਼ਕਿਲ ਨਾਲ ਤੋਰਦੇ ਸਨ ।
ਉਸ ਦੇ ਪਿਤਾ ਜੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਲੋਹਾ ਪੰਘਰਾਉਣ ਵਾਲੀ ਭੱਠੀ ਉੱਤੇ ਕੰਮ ਕਰਦੇ ਸਨ ਤੇ ਉਸ ਦੇ ਮਾਤਾ ਜੀ ਸਵੈਟਰ-ਜਰਸੀਆਂ ਲਿਆ ਕੇ ਉਨ੍ਹਾਂ ਨੂੰ ਬਟਨ ਲਾਉਣ ਦਾ ਕੰਮ ਕਰਦੇ ਸਨ । ਉਨ੍ਹਾਂ ਕੋਲ ਕਿਰਾਏ ਦਾ ਮਕਾਨ ਸੀ । ਮਿੱਕੀ ਆਪਣੇ ਘਰ ਦੀ ਤੰਗੀ ਤੋਂ ਜਾਣੂ ਸੀ, ਪਰ ਫਿਰ ਵੀ ਉਸ ਦੇ ਮਨ ਵਿਚ ਇਹ ਖ਼ਿਆਲ ਵਾਰ-ਵਾਰ ਆਉਂਦਾ ਸੀ ਕਿ ਉਸਦੇ ਘਰਵਾਲੇ ਉਸ ਦਾ ਜਨਮ-ਦਿਨ ਕਿਉਂ ਨਹੀਂ ਮਨਾਉਂਦੇ । ਉਸ ਦਾ ਦਿਲ ਚਾਹੁੰਦਾ ਸੀ ਕਿ ਜੇਕਰ ਉਸ ਦੇ ਘਰ ਵਾਲੇ ਮੰਨ ਜਾਣ, ਤਾਂ ਇਸ ਵਾਰੀ ਉਹ ਆਪਣੇ ਜਨਮ-ਦਿਨ ਉੱਤੇ ਹੋਰਨਾਂ ਬੱਚਿਆਂ ਵਾਂਗ ਜਮਾਤ ਵਿਚ ਮਠਿਆਈ ਵੰਡੇ ।
ਮਿੱਕੀ ਪਹਿਲਾਂ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ । ਉੱਥੇ ਕਦੇ ਕਿਸੇ ਨੇ ਆਪਣਾ ਜਨਮਦਿਨ ਮਨਾਉਣ ਲਈ ਪੂਰੀ ਜਮਾਤ ਵਿੱਚ ਮਠਿਆਈ ਨਹੀਂ ਸੀ ਵੰਡੀ । ਉੱਥੇ ਵੱਧ ਤੋਂ ਵੱਧ ਕੋਈ ਮੁੰਡਾ ਆਪਣੇ ਜਨਮ-ਦਿਨ ਉੱਤੇ ਆਪਣੇ ਦੋ-ਚਾਰ ਦੋਸਤਾਂ ਨੂੰ ਅੱਧੀ ਛੁੱਟੀ ਵੇਲੇ ਸਕੂਲ ਦੀ ਕੰਟੀਨ ਵਿੱਚੋਂ ਸਮੋਸੇ ਜਾਂ ਟਿੱਕੀਆਂ ਖੁਆ ਦਿੰਦਾ ਸੀ । ਅੱਠਵੀਂ ਵਿਚ ਚੰਗੇ ਨੰਬਰ ਲੈਣ ਕਰਕੇ ਮਿੱਕੀ ਨੂੰ ਇਸ ਸਕੂਲ ਵਿਚ ਦਾਖ਼ਲਾ ਮਿਲ ਗਿਆ ਸੀ । ਇੱਥੇ ਜਨਮ ਦਿਨ ਮਨਾਉਣ ਦਾ ਨਵਾਂ ਢੰਗ ਦੇਖ ਕੇ ਮਿੱਕੀ ਨੂੰ ਹੈਰਾਨੀ ਹੋਈ ਸੀ ।
ਜਦੋਂ ਕਿਸੇ ਬੱਚੇ ਦੇ ਜਨਮ-ਦਿਨ ਉੱਤੇ ਸਾਰੇ ਬੱਚੇ ਇੱਕੋ ਸੁਰ ਵਿਚ ਉਸਨੂੰ “ਹੈਪੀ ਬਰਥ ਡੇ ਟੂ ਯੂ’ ਆਖਦੇ, ਤਾਂ ਮਿੱਕੀ ਦਾ ਮਨ ਵੀ ਚਾਹੁੰਦਾ ਕਿ ਉਸਦਾ ਜਨਮ-ਦਿਨ ਵੀ ਇਸੇ ਤਰ੍ਹਾਂ ਮਨਾਇਆ ਜਾਵੇ । ਅੰਤ ਇਕ ਦਿਨ ਉਸ ਨੇ ਆਪਣੇ ਪਾਪਾ ਨਾਲ ਗੱਲ ਕੀਤੀ । ਉਸ ਦੇ ਪਾਪਾ ਨੇ ਉਸਨੂੰ ਖਿਝ ਕੇ ਕਿਹਾ ਕਿ ਕੀ ਉਸ ਦੀ ਮੱਤ ਮਾਰੀ ਗਈ ਹੈ, ਜੋ ਆਪਣਾ ਜਨਮ-ਦਿਨ ਮਨਾਉਣ ਦੀ ਗੱਲ ਕਰਦਾ ਹੈ, ਜਦ ਕਿ ਘਰ ਵਿੱਚ ਦੋ ਵੇਲਿਆਂ ਦੀ ਰੋਟੀ ਦਾ ਫ਼ਿਕਰ ਰਹਿੰਦਾ ਹੈ । ਉਸਦੀ ਮੰਮੀ ਨੇ ਵੀ ਉਸਨੂੰ ਪਿਆਰ ਨਾਲ ਇਹੋ ਹੀ ਗੱਲ ਕਹੀ ।
ਮਿੱਕੀ ਉੱਤੇ ਆਪਣੇ ਮੰਮੀ-ਪਾਪਾ ਦੀਆਂ ਦਲੀਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ । ਉਸ ਨੇ ਆਪਣੇ ਮਨ ਵਿਚ ਪੱਕੀ ਧਾਰ ਲਈ ਸੀ ਕਿ ਉਹ ਆਪਣਾ ਜਨਮ-ਦਿਨ ਜ਼ਰੂਰ ਮਨਾਏਗਾ । ਉਸ ਦੀ ਜ਼ਿਦ ਨਾਲ ਘਰ ਵਿਚ ਝਗੜਾ ਪੈ ਗਿਆ ਸੀ । ਉਸ ਦੇ ਮੰਮੀ-ਪਾਪਾ ਦੀ ਇਸ ਮਾਮਲੇ ਉੱਪਰ ਕਈ ਵਾਰੀ ਝੜਪ ਹੋ ਜਾਂਦੀ ਸੀ । ਉਸ ਦੇ ਮੰਮੀ ਚਾਹੁੰਦੇ ਸਨ ਉਹ ਐਤਕੀਂ ਮਿੱਕੀ ਦੀ ਗੱਲ ਮੰਨ ਲੈਣ, ਪਰੰਤੂ ਉਸ ਦੇ ਪਾਪਾ ਦੋ-ਢਾਈ ਸੌ ਰੁਪਏ ਦਾ ਖ਼ਰਚਾ ਹੋ ਜਾਣ ਦੀ ਗੱਲ ਕਰਦੇ ਸਨ !
ਆਖਰ ਜਨਮ-ਦਿਨ ਤੋਂ ਇਕ ਦਿਨ ਪਹਿਲਾਂ ਮਿੱਕੀ ਦੇ ਪਾਪਾ ਕੁੱਝ ਨਰਮ ਪੈ ਗਏ ਉਨ੍ਹਾਂ ਪਿਆਰ ਨਾਲ ਮਿੱਕੀ ਨੂੰ ਸਮਝਾਇਆ ਕਿ ਇਹ ਐਵੇਂ ਵਾਹ-ਵਾਹ ਖੱਟਣ ਲਈ ਅਮੀਰਾਂ ਦੇ ਚੋਂਚਲੇ ਹਨ । ਉਨ੍ਹਾਂ ਵਰਗੇ ਗ਼ਰੀਬ ਘਰਾਂ ਵਿਚ ਤਾਂ ਦੋ ਡੰਗ ਦੀ ਰੋਟੀ ਵੀ ਨਹੀਂ ਮਿਲਦੀ । ਉਨ੍ਹਾਂ ਕਿਹਾ ਕਿ ਉਹ ਕੁੱਝ ਉਸ ਦੀ ਗੱਲ ਮੰਨ ਲੈਂਦੇ ਹਨ ਤੇ ਕੁੱਝ ਉਹ ਉਨ੍ਹਾਂ ਦੀ ਮੰਨ ਲਵੇ । ਉਨ੍ਹਾਂ ਉਸ ਨੂੰ ਪੰਜਾਹ ਰੁਪਏ ਦੇ ਕੇ ਕਿਹਾ ਕਿ ਉਹ ਆਪਣੇ ਦੋ-ਚਾਰ ਦੋਸਤਾਂ ਨੂੰ ਘਰ ਬੁਲਾ ਕੇ ਪਾਰਟੀ ਕਰ ਲਵੇ । ਸਾਰੀ ਜਮਾਤ ਨੂੰ ਪਾਰਟੀ ਦੇਣੀ ਉਨ੍ਹਾਂ ਲਈ ਮੁਸ਼ਕਿਲ ਹੈ । ਮਿੱਕੀ ਨੇ ਇਹ ਗੱਲ ਮੰਨ ਲਈ ।
ਮਿੱਕੀ ਨੇ ਸੋਚਿਆ ਕਿ ਉਹ ਚਿੰਟੂ ਤੇ ਸੋਨੂੰ ਨੂੰ ਤਾਂ ਜ਼ਰੂਰ ਬੁਲਾਵੇਗਾ, ਪਰੰਤੂ ਵਿੱਕੀ ਨੂੰ ਨਹੀਂ, ਕਿਉਂਕਿ ਉਹ ਅਮੀਰ ਹੋਣ ਕਰਕੇ ਉਸ ਦੇ ਘਰ ਦੀ ਹਾਲਤ ਦਾ ਮਖੌਲ ਉਡਾਵੇਗਾ । ਇਸ ਤਰ੍ਹਾਂ ਉਸ ਨੇ ਦੋ-ਤਿੰਨ ਦੋਸਤਾਂ ਨੂੰ ਘਰ ਬੁਲਾਉਣ ਦਾ ਫ਼ੈਸਲਾ ਕਰ ਲਿਆ ।
ਜਨਮ-ਦਿਨ ਵਾਲੇ ਦਿਨ ਉਹ ਦਰੇਸੀ ਮੈਦਾਨ ਦੀ ਲਾਗਲੀ ਦੁਕਾਨ ਤੋਂ ਕੁੱਝ ਪਕੌੜੇ ਤੇ ਸਮੋਸੇ ਲਿਆਉਣੇ ਚਾਹੁੰਦਾ ਸੀ । ਅਸਮਾਨ ਉੱਤੇ ਕਾਲੇ ਬੱਦਲ ਛਾਏ ਹੋਏ ਸਨ । ਅਜੇ ਉਹ ਦੁਕਾਨ ਤੋਂ ਦੂਰ ਹੀ ਸੀ ਕਿ ਇਕ ਦਮ ਤੇਜ਼ ਮੀਂਹ ਪੈਣ ਲਗ ਪਿਆ । ਉਹ ਮੀਂਹ ਤੋਂ ਬਚਣ ਲਈ ਦੌੜ ਕੇ ਇਕ ਘਰ ਦੇ ਮੂਹਰੇ ਜਾ ਖੜਾ ਹੋਇਆ । ਘਰ ਦਾ ਬੂਹਾ ਖੁੱਲਾ ਸੀ । ਅੰਦਰੋਂ ਉਸਨੂੰ ਅਵਾਜ਼ ਆਈ ਕਿ ਉਹ ਅੰਦਰ ਲੰਘ ਆਵੇ, ਐਵੇਂ ਮੀਂਹ ਵਿਚ ਭਿੱਜ ਕੇ ਬਿਮਾਰ ਨਾ ਹੋਵੇ । । ਮਿੱਕੀ ਨੇ ਅੰਦਰ ਲੰਘ ਕੇ ਦੇਖਿਆ ਕਿ ਖਸਤਾ ਹਾਲ ਜਿਹਾ ਘਰ ਸੀ ! ਮੰਜੇ ਉੱਤੇ ਦਸਬਾਰਾਂ ਸਾਲਾਂ ਦਾ ਇਕ ਮੁੰਡਾ ਬੁਰੀ ਤਰ੍ਹਾਂ ਖੰਘ ਰਿਹਾ ਸੀ । ਉਸਨੂੰ ਸਵੇਰ ਦਾ ਬੁਖ਼ਾਰ ਚੜਿਆ ਹੋਇਆ ਸੀ । ਜਦੋਂ ਉੱਥੇ ਬੈਠੀ ਔਰਤ ਨੇ ਆਪਣੇ ਆਦਮੀ ਨੂੰ ਦਵਾਈ ਲਿਆਉਣ ਲਈ
ਕਿਹਾ, ਤਾਂ ਉਸ ਨੇ ਖਿਝ ਕੇ ਕਿਹਾ ਕਿ ਉਸਦੀ ਜੇਬ ਵਿਚ ਤਾਂ ਇਕ ਧੇਲਾ ਵੀ ਨਹੀਂ, ਉਹ ਦਵਾਈ ਕਾਹਦੀ ਲਿਆਵੇ । ਉਹ ਚਾਹ ਵਿਚ ਤੁਲਸੀ ਦੇ ਪੱਤੇ ਉਬਾਲ ਕੇ ਉਸਨੂੰ ਦੇ ਦੇਵੇ । ਔਰਤ ਨੇ ਰੌਣਹਾਕੀ ਹੋ ਕੇ ਕਿਹਾ ਕਿ ਉਹ ਚਾਹ ਕਾਹਦੀ ਬਣਾਵੇ, ਨਾ ਘਰ ਵਿਚ ਖੰਡ ਹੈ ਤੇ ਨਾ ਦੁੱਧ । ਆਦਮੀ ਨੇ ਕਿਹਾ ਕਿ ਝੜੀ ਲੱਗੀ ਹੋਣ ਕਰਕੇ ਦੋ ਦਿਨਾਂ ਤੋਂ ਉਸ ਦੀ ਦਿਹਾੜੀ ਨਹੀਂ ਲੱਗੀ । ਇਹ ਕਹਿੰਦਿਆਂ ਉਸ ਦਾ ਮਨ ਭਰ ਆਇਆ ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮਿੱਕੀ ਸੁੰਨ ਹੋ ਗਿਆ । ਉਸਨੂੰ ਆਪਣੇ ਪਾਪਾ ਦੀ ਗੱਲ ਠੀਕ ਲੱਗੀ ਕਿ ਜਨਮ-ਦਿਨਾਂ ਦੀਆਂ ਪਾਰਟੀਆਂ ਕਰਨੀਆਂ ਅਮੀਰਾਂ ਦੇ ਚੋਂਚਲੇ ਹਨ । ਉਸ ਨੇ ਪੰਜਾਹ ਦਾ ਨੋਟ ਉਸ ਆਦਮੀ ਨੂੰ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਦੀ ਪੁੱਤਰ ਲਈ ਦਵਾਈ ਲੈ ਆਵੇ । ਜਦੋਂ ਉਸ ਨੇ ਨਾਂਹ-ਨੁੱਕਰ ਕੀਤੀ, ਤਾਂ ਮਿੱਕੀ ਨੇ ਕਿਹਾ ਕਿ ਅੱਜ ਉਸ ਦਾ ਜਨਮ-ਦਿਨ ਹੈ, ਉਹ ਖ਼ੁਸ਼ ਹੋ ਕੇ ਆਪਣੇ ਛੋਟੇ ਵੀਰ ਨੂੰ ਦੇ ਰਿਹਾ ਹੈ ।
ਕੁੱਝ ਦੇਰ ਮਗਰੋਂ ਮੀਂਹ ਰੁਕਣ ‘ਤੇ ਮਿੱਕੀ ਘਰ ਪੁੱਜਾ, ਤਾਂ ਖੁਸ਼ੀ ਵਿਚ ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਆਪਣੇ ਜਨਮ-ਦਿਨ ਦੀ ਬਹੁਤ ਵੱਡੀ ਪਾਰਟੀ ਕਰ ਕੇ ਘਰ ਵਾਪਸ ਆ ਰਿਹਾ ਹੈ ।