Punjab State Board PSEB 7th Class Social Science Book Solutions Geography Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ Textbook Exercise Questions, and Answers.
PSEB Solutions for Class 7 Social Science Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ
Social Science Guide for Class 7 PSEB ਕਦਰਤੀ ਬਨਸਪਤੀ ਅਤੇ ਜੰਗਲੀ ਜੀਵ Textbook Questions, and Answers
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ-
ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਜੜੀਆਂ-ਬੂਟੀਆਂ ਅਤੇ ਰੁੱਖ-ਪੌਦਿਆਂ ਤੋਂ ਹੈ, ਜੋ ਆਪਣੇ ਆਪ ਉੱਗ ਆਉਂਦੇ ਹਨ । ਇਸ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ । ਕਿਸੇ ਦੇਸ਼ ਦੀ ਕੁਦਰਤੀ ਬਨਸਪਤੀ ਉੱਥੋਂ ਦਾ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਆਦਿ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਣਾਂ ਵਿਚ ਚੀਲ, ਫਰ ਅਤੇ ਸਪਰੂਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਰੁੱਖਾਂ ਤੋਂ ਨਰਮ ਲੱਕੜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਗੁਦਾ ਅਤੇ ਕਾਗ਼ਜ਼ ਬਣਾਇਆ ਜਾਂਦਾ ਹੈ ।
ਪ੍ਰਸ਼ਨ 2.
ਕੁਦਰਤੀ ਬਨਸਪਤੀ ਨੂੰ ਪ੍ਰਮੁੱਖ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ
- ਵਣਜੰਗਲ
- ਘਾਹ ਦੇ ਮੈਦਾਨ ਅਤੇ
- ਮਾਰੂਥਲੀ ਝਾੜੀਆਂ ।
ਪ੍ਰਸ਼ਨ 3.
ਜੰਗਲਾਂ ਤੋਂ ਕਿਹੜੀਆਂ ਵਸਤਾਂ ਪ੍ਰਾਪਤ ਹੁੰਦੀਆਂ ਹਨ ?
ਉੱਤਰ-
ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੰਦਾ ਬਰੋਜਾ, ਤਾਰਪੀਨ, ਲਾਖ, ਚਮੜਾ ਰੰਗਣ ਦਾ ਛਿਲਕਾ ਅਤੇ ਦਵਾਈਆਂ ਲਈ ਜੜੀਆਂ-ਬੂਟੀਆਂ ਆਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ ।
ਪ੍ਰਸ਼ਨ 4.
ਵਣ ਅਸਿੱਧੇ ਤੌਰ ‘ਤੇ ਸਾਡੀ ਕੀ ਸਹਾਇਤਾ ਕਰਦੇ ਹਨ ?
ਉੱਤਰ-
ਵਣ ਅਸਿੱਧੇ ਤੌਰ ‘ਤੇ ਸਾਡੀ ਬਹੁਤ ਸਹਾਇਤਾ ਕਰਦੇ ਹਨ :
- ਇਹ ਵਾਤਾਵਰਨ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ।
- ਇਹ ਵਰਖਾ ਲਿਆਉਣ ਵਿਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਨਹੀਂ ਵੱਧਣ ਦਿੰਦੇ ।
- ਇਹ ਹੜ੍ਹ ਅਤੇ ਭੋਂ-ਖੋਰ ਨੂੰ ਰੋਕਦੇ ਹਨ ।
- ਇਹ ਭੂਮੀ ਦੇ ਅੰਦਰ ਪਾਣੀ ਰਿਸਣ ਵਿਚ ਸਹਾਇਤਾ ਕਰਦੇ ਹਨ ।
- ਵਣ ਮਾਰੂਥਲਾਂ ਦੇ ਫੈਲਾਅ ਨੂੰ ਰੋਕਦੇ ਹਨ ਅਤੇ ਜੰਗਲੀ ਜਾਨਵਰਾਂ ਤੇ ਪੰਛੀਆਂ ਨੂੰ ਅਵਾਸ (Habitat) ਪ੍ਰਦਾਨ ਕਰਦੇ ਹਨ ।
ਪ੍ਰਸ਼ਨ 5.
ਜੰਗਲਾਂ ਦੇ ਵਿਕਾਸ ਦਾ ਕੀ ਪ੍ਰਭਾਵ ਪਏਗਾ ?
ਉੱਤਰ-
ਜੰਗਲ (ਵਣ ਸਾਡੇ ਲਈ ਵਰਦਾਨ ਹਨ । ਇਨ੍ਹਾਂ ਦੇ ਵਿਕਾਸ ਦਾ ਹੇਠ ਲਿਖਿਆ ਪ੍ਰਭਾਵ ਪਏਗਾ
- ਦੇਸ਼ ਦੀ ਆਰਥਿਕ ਉੱਨਤੀ ਹੋਵੇਗੀ ।
- ਵਾਤਾਵਰਨ ਸ਼ੁੱਧ ਹੋਵੇਗਾ ।
- ਜੰਗਲੀ ਜੀਵਨ ਦੀ ਸੁਰੱਖਿਆ ਹੋਵੇਗੀ ।
ਪ੍ਰਸ਼ਨ 6.
ਮਨੁੱਖ ਪਰਿਸਥਿਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ ?
ਉੱਤਰ-
ਮਨੁੱਖ ਆਵਾਸ ਅਤੇ ਖੇਤੀ ਯੋਗ ਭੂਮੀ ਪ੍ਰਾਪਤ ਕਰਨ ਲਈ ਵਣਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ । ਇਸ ਨਾਲ ਪਰਿਸਥਿਤੀ ਸੰਤੁਲਨ ਵਿਗੜ ਰਿਹਾ ਹੈ ।
ਪ੍ਰਸ਼ਨ 7.
ਊਸ਼ਣ ਘਾਹ ਦੇ ਮੈਦਾਨਾਂ ਦੇ ਸਥਾਨਕ ਨਾਂ ਦੱਸੋ ।
ਉੱਤਰ-
ਊਸ਼ਣ ਘਾਹ ਦੇ ਮੈਦਾਨਾਂ ਨੂੰ ਅਫ਼ਰੀਕਾ ਵਿਚ ਪਾਰਕਲੈਂਡ, ਵੈਨਜ਼ੂਏਲਾ ਵਿਚ ਨੋਜ਼ ਅਤੇ ਬ੍ਰਾਜ਼ੀਲ ਵਿਚ ਕੈਂਪੋਜ ਕਹਿੰਦੇ ਹਨ ।
ਪ੍ਰਸ਼ਨ 8.
ਠੰਢੇ ਮਾਰੂਥਲਾਂ ਦੀ ਬਨਸਪਤੀ ਬਾਰੇ ਲਿਖੋ ।
ਉੱਤਰ-
ਠੰਢੇ ਮਾਰੂਥਲਾਂ ਵਿਚ ਜਦੋਂ ਥੋੜ੍ਹੇ ਸਮੇਂ ਲਈ ਬਰਫ਼ ਪਿਘਲਦੀ ਹੈ, ਤਾਂ ਵੱਖ-ਵੱਖ ਰੰਗਾਂ ਦੇ ਫੁੱਲਾਂ ਵਾਲੇ ਛੋਟੇ-ਛੋਟੇ ਪੌਦੇ ਉੱਗ ਜਾਂਦੇ ਹਨ । ਉੱਤਰੀ ਭਾਗਾਂ ਵਿਚ ਛੋਟੀ-ਛੋਟੀ ਘਾਹ ਜਿਵੇਂ ਕਾਈ ਅਤੇ ਲਿਚਨ ਲਾਇਕਨ ਉੱਗ ਜਾਂਦੀ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਭੂ-ਮੱਧ ਰੇਖੀ ਵਣਾਂ ਬਾਰੇ ਲਿਖੋ ।
ਉੱਤਰ-
ਭੂ-ਮੱਧ ਰੇਖੀ ਵਣ-ਭੂ-ਮੱਧ ਰੇਖਾ ਤੋਂ 10° ਉੱਤਰ ਅਤੇ 10° ਦੱਖਣੀ ਅਕਸ਼ਾਂਸ਼ਾਂ ਵਿਚ ਫੈਲੇ ਹੋਏ ਇਨ੍ਹਾਂ ਵਣਾਂ ਨੂੰ ਸਦਾਬਹਾਰ ਸੰਘਣੇ ਵਣ ਆਖਦੇ ਹਨ | ਭੂ-ਮੱਧ ਰੇਖਾ ਤੇ ਨਿਰੰਤਰ ਸਾਰਾ ਸਾਲ ਉੱਚਾ ਤਾਪਮਾਨ ਰਹਿੰਦਾ ਹੈ ਅਤੇ ਵਰਖਾ ਵੀ ਵਧੇਰੇ ਹੁੰਦੀ ਹੈ । ਇਸੇ ਕਰਕੇ ਇੱਥੇ ਸੰਘਣੇ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ ਆਪਸ ਵਿਚ ਇਸ ਤਰ੍ਹਾਂ ਮਿਲੀਆਂ ਹੁੰਦੀਆਂ ਹਨ ਕਿ ਇਕ ਛਤਰੀ ਦੀ ਤਰ੍ਹਾਂ ਵਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ ਇਨ੍ਹਾਂ ਵਣਾਂ ਵਿਚ ਕਈ ਕਿਸਮਾਂ ਦੇ ਰੁੱਖ ਹੁੰਦੇ ਹਨ । ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹੁੰਦੇ । ਇਸ ਦਾ ਮੁੱਖ ਕਾਰਨ ਹੈ ਕਿ ਇਹ ਰੁੱਖ ਇੰਨੇ ਸੰਘਣੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੀ ਕਟਾਈ ਨਹੀਂ ਹੋ ਸਕਦੀ । ਦੱਖਣੀ ਅਮਰੀਕਾ, ਮੱਧ ਅਫ਼ਰੀਕਾ, ਦੱਖਣ ਪੂਰਬੀ ਏਸ਼ੀਆ ਅਤੇ ਮੈਡਾਗਾਸਕਰ ਵਿੱਚ ਇਨ੍ਹਾਂ ਵਣਾਂ ਹੇਠ ਬਹੁਤ ਵੱਡੇ ਖੇਤਰ ਹਨ | ਆਸਟਰੇਲੀਆ, ‘ ਮੱਧ ਅਮਰੀਕਾ ਵਿਚ ਇਨ੍ਹਾਂ ਵਣਾਂ ਨੇ ਥੋੜ੍ਹਾ-ਥੋੜ੍ਹਾ ਖੇਤਰ ਘੇਰਿਆ ਹੋਇਆ ਹੈ ।
ਪ੍ਰਸ਼ਨ 2.
ਆਰਥਿਕ ਪੱਖ ਤੋਂ ਕਿਹੜੇ ਜੰਗਲ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ ? .
ਉੱਤਰ-
ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਨੁਕੀਲੇ ਪੱਤਿਆਂ ਵਾਲੇ ਜੰਗਲ ਹਨ । ਇਨ੍ਹਾਂ ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਹਿੰਦੇ ਹਨ । ਯੂਰੇਸ਼ੀਆ ਵਿਚ ਇਨ੍ਹਾਂ ਨੂੰ ਟੈਗਾ (Taiga) ਵਣ ਕਿਹਾ ਜਾਂਦਾ ਹੈ । ਇਨ੍ਹਾਂ ਵਣਾਂ ਵਿਚ ਚੀਲ, ਫਰ ਅਤੇ ਸਪਰੂਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਰੁੱਖਾਂ ਤੋਂ ਨਰਮ ਲੱਕੜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਗੁਦਾ ਅਤੇ ਕਾਗ਼ਜ਼ ਬਣਾਇਆ ਜਾਂਦਾ ਹੈ ।
ਪ੍ਰਸ਼ਨ 3.
ਮਾਨਸੂਨੀ ਜੰਗਲਾਂ ਨੂੰ ਪੱਤਝੜੀ ਵਣਾਂ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ? ਇਨ੍ਹਾਂ ਜੰਗਲਾਂ ਬਾਰੇ ਲਿਖੋ ।
ਉੱਤਰ-
ਮਾਨਸੁਨੀ ਵਣ ਘੱਟ ਉਸ਼ਣ ਜਾਂ ਉਪ-ਉਸ਼ਣ ਅਕਸ਼ਾਂਸ਼ਾਂ ਤੇ ਹੁੰਦੇ ਹਨ । ਜਿਹੜੇ ਖੇਤਰਾਂ ਵਿਚ ਕਿਸੇ ਇਕ ਮੌਸਮ ਵਿਚ ਵਰਖਾ ਵਧੇਰੇ ਹੁੰਦੀ ਹੈ, ਉੱਥੇ ਇਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ । ਇਹ ਵਣ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੁੰਦੇ ਹਨ, ਜਿੱਥੇ ਮਾਨਸੂਨ ਪੌਣਾਂ ਕਾਰਨ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਰਕੇ ਇਨ੍ਹਾਂ ਨੂੰ ਮਾਨਸੁਨ ਵਣ ਆਖਦੇ ਹਨ । ਜਿਹੜੀ ਰੁੱਤ ਵਿਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ । ਇਸ ਕਰਕੇ ਇਨ੍ਹਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।
ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਕਿਉਂਕਿ ਇਹ ਵਣ ਭੂਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖੀ ਪਹੁੰਚ ਵਿਚ ਹਨ । ਇਹਨਾਂ ਤੋਂ ਇਮਾਰਤੀ, ਬਾਲਣ ਦੀ ਲੱਕੜੀ ਪ੍ਰਾਪਤ ਹੁੰਦੀ ਹੈ । ਪਰ ਜ਼ਿਆਦਾਤਰ ਮਾਨਸੂਨੀ ਵਣ ਕੱਟ ਦਿੱਤੇ ਗਏ ਹਨ ਅਤੇ ਵਧੇਰੇ ਭੂਮੀ ‘ਤੇ ਖੇਤੀ ਕੀਤੀ ਜਾਣ ਲੱਗੀ ਹੈ ।
ਪ੍ਰਸ਼ਨ 4.
ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਬਾਰੇ ਲਿਖੋ । ਵੱਖ-ਵੱਖ ਮਹਾਂਦੀਪਾਂ ਵਿਚ ਇਨ੍ਹਾਂ ਦੇ ਕੀ ਨਾਂ ਹਨ ? ਲਿਖੋ ।
ਉੱਤਰ-
ਸ਼ੀਤ ਊਸ਼ਣ ਘਾਹ ਦੇ ਮੈਦਾਨ-ਘੱਟ ਵਰਖਾ ਵਾਲੇ ਸ਼ੀਤ ਉਸ਼ਣ ਖੇਤਰਾਂ ਵਿਚ ਸ਼ੀਤ ਉਸ਼ਣ ਘਾਹ ਦੇ ਮੈਦਾਨ ਪਾਏ ਜਾਂਦੇ ਹਨ । ਇਹ ਘਾਹ ਬਹੁਤੀ ਉੱਚੀ ਤਾਂ ਨਹੀਂ ਹੁੰਦੀ | ਪਰ ਇਹ ਨਰਮ ਅਤੇ ਸੰਘਣੀ ਹੁੰਦੀ ਹੈ । ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੁੰਦੀ ਹੈ । ਇਹਨਾਂ ਘਾਹ ਦੇ ਮੈਦਾਨਾਂ ਨੂੰ ਵੱਖ-ਵੱਖ ਮਹਾਂਦੀਪਾਂ ਵਿਚ ਵੱਖ-ਵੱਖ ਨਾਂ ਦਿੱਤਾ ਜਾਂਦਾ ਹੈ । ਇਨ੍ਹਾਂ ਨੂੰ ਯੂਰੇਸ਼ੀਆ ਵਿਚ ਸਟੈਪੀਜ਼, ਉੱਤਰੀ ਅਮਰੀਕਾ ਵਿਚ ਪ੍ਰੇਅਰੀਜ਼, ਦੱਖਣੀ ਅਮਰੀਕਾ ਵਿਚ ਪੰਪਾਜ਼, ਦੱਖਣੀ ਅਫਰੀਕਾ ਵਿਚ ਵੈਲਡ ਅਤੇ ਆਸਟਰੇਲੀਆ ਵਿਚ ਡਾਉਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।
ਪ੍ਰਸ਼ਨ 5.
ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ ।
ਉੱਤਰ-
ਸੰਸਾਰ ਦੇ ਪ੍ਰਮੁੱਖ ਗਰਮ ਮਾਰੂਥਲ-ਅਫਰੀਕਾ ਵਿਚ ਸਹਾਰਾ ਅਤੇ ਕਾਲਾਹਾਰੀ, ਅਰਬ-ਇਰਾਨ ਦਾ ਮਾਰੂਥਲ, ਭਾਰਤ, ਪਾਕਿਸਤਾਨ ਦਾ ਥਾ ਮਾਰੂਥਲ, ਦੱਖਣੀ ਅਮਰੀਕਾ ਵਿਚ ਐਟੇਕਾਮਾ, ਉੱਤਰੀ ਅਮਰੀਕਾ ਵਿਚ ਦੱਖਣੀ ਕੈਲੇਫੋਰਨੀਆ ਅਤੇ ਉੱਤਰੀ ਮੈਕਸੀਕੋ, ਆਸਟਰੇਲੀਆ ਵਿਚ ਪੱਛਮੀ ਆਸਟਰੇਲੀਆ ਦਾ ਮਾਰੂਥਲ । ਇਨ੍ਹਾਂ ਮਾਰੂਥਲਾਂ ਵਿਚ ਵਧੇਰੇ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਮਿਲਦੀ ਹੈ । ਇਥੇ ਕੇਵਲ ਕੰਡੇਦਾਰ ਝਾੜੀਆਂ, ਬੋਹਰ, ਛੋਟੀਆਂ-ਛੋਟੀਆਂ ਜੜੀਆਂ-ਬੂਟੀਆਂ ਤੇ ਘਾਹ ਆਦਿ ਹੀ ਪੈਦਾ ਹੁੰਦਾ ਹੈ । ਕੁਦਰਤ ਨੇ ਇਸ ਬਨਸਪਤੀ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਵਧੇਰੇ ਗਰਮੀ ਅਤੇ ਖ਼ੁਸ਼ਕੀ ਨੂੰ ਸਹਾਰ ਸਕੇ । ਇਨ੍ਹਾਂ ਦੀਆਂ ਜੜ੍ਹਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ | ਪੌਦਿਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਪੱਤੇ ਮੋਟੇ ਤੇ ਚਿਕਣੇ ਹੁੰਦੇ ਹਨ, ਤਾਂ ਜੋ ਵਾਸ਼ਪੀਕਰਨ ਨਾਲ ਵਧੇਰੇ ਪਾਣੀ ਨਸ਼ਟ ਨਾ ਹੋਵੇ ।
ਪ੍ਰਸ਼ਨ 6.
ਵਣਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ ? ਬਾਰੇ ਲਿਖੋ ।
ਉੱਤਰ-
ਵਣਾਂ ਦਾ ਸਾਡੇ ਜੀਵਨ ਵਿਚ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ । ਵਣਾਂ ਤੋਂ ਪ੍ਰਾਪਤ ਲੱਕੜੀ ਦੀ ਵਰਤੋਂ ਬਾਲਣ ਦੇ ਤੌਰ `ਤੇ, ਮਕਾਨ ਉਸਾਰੀ ਲਈ ਅਤੇ ਕਈ ਹੋਰ ਕੰਮਾਂ, ਜਿਵੇਂ ਕਾਗਜ਼ ਬਣਾਉਣ, ਰੇਲਾਂ ਦੇ ਡੱਬੇ ਤੇ ਸਲੀਪਰ, ਰੇਅਨ (ਕੱਪੜਾ ਬਣਾਉਣ ਲਈ) ਆਦਿ ਬਣਾਉਣ ਲਈ ਹੁੰਦੀ ਹੈ । ਵਣਾਂ ਤੋਂ ਸਾਨੂੰ ਲੱਕੜੀ ਦੇ ਇਲਾਵਾ ਹੋਰ ਕਈ ਉਪਯੋਗੀ ਪਦਾਰਥ ਵੀ ਪ੍ਰਾਪਤ ਹੁੰਦੇ ਹਨ | ਸਭ ਤੋਂ ਵੱਧ ਕੇ ਵਣ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ, ਹੜਾਂ ‘ਤੇ ਕੰਟਰੋਲ ਕਰਦੇ ਹਨ ਅਤੇ ਭੋਂ-ਖੋਰ ਨੂੰ ਰੋਕਦੇ ਹਨ | ਪਰ ਵਸੋਂ ਵਧਣ ਨਾਲ ਵਣਾਂ ਦੀ ਵਰਤੋਂ ਵੱਧ ਰਹੀ ਹੈ, ਜਿਸ ਨਾਲ ਵਣ ਖੇਤਰ ਘੱਟ ਰਿਹਾ ਹੈ । ਇਸ ਲਈ ਵਣਾਂ ਦੀ ਸੰਭਾਲ ਤੇ ਨਵੇਂ ਰੁੱਖ ਲਗਾਉਣ ਵਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।
(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 125-130 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਕੁਦਰਤੀ ਬਨਸਪਤੀ ਬਾਰੇ ਵਿਸਥਾਰਪੂਰਵਕ ਲਿਖੋ ।
ਉੱਤਰ-
ਕੁਦਰਤੀ ਬਨਸਪਤੀ-ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਜੜੀ-ਬੂਟੀਆਂ ਅਤੇ ਰੱਖ-ਪੌਦਿਆਂ ਤੋਂ ਹੈ, ਜੋ ਮਨੁੱਖ ਦੇ ਯਤਨ ਤੋਂ ਬਿਨਾਂ ਆਪਣੇ ਆਪ ਉੱਗ ਆਉਂਦੇ ਹਨ । ਇਸ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ । ਕਿਸੇ ਦੇਸ਼ ਦੀ ਕੁਦਰਤੀ ਬਨਸਪਤੀ ਉੱਥੋਂ ਦੇ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਆਦਿ ‘ਤੇ ਨਿਰਭਰ ਕਰਦੀ ਹੈ ।
ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ –
- ਵਣ ਜੰਗਲ
- ਘਾਹ ਦੇ ਮੈਦਾਨ
- ਮਾਰੂਥਲੀ ਝਾੜੀਆਂ ।
I. ਵਣ/ਜੰਗਲ-ਵਣਾਂ ਨੂੰ ਵਰਖਾ ਦੀ ਮਾਤਰਾ, ਮੌਸਮੀ ਵੰਡ, ਤਾਪਮਾਨ ਆਦਿ ਕਾਰਕ ਪ੍ਰਭਾਵਿਤ ਕਰਦੇ ਹਨ । ਇਸ ਆਧਾਰ ‘ਤੇ ਬਨਸਪਤੀ ਤਿੰਨ ਤਰ੍ਹਾਂ ਦੀ ਹੈ
- ਭੂ-ਮੱਧ ਰੇਖੀ ਵਣ
- ਮਾਨਸੂਨੀ ਜਾਂ ਪੱਤਝੜੀ ਵਣ
- ਨੋਕੀਲੇ ਪੱਤਿਆਂ ਵਾਲੇ ਵਣ ।
1. ਭੂ-ਮੱਧ ਰੇਖੀ ਵਣ-ਇਹ ਵਣ ਭੂ-ਮੱਧ ਰੇਖਾ ਤੋਂ 10° ਉੱਤਰ ਅਤੇ 10° ਦੱਖਣੀ ਅਕਸ਼ਾਂਸ਼ਾਂ ਵਿਚ ਫੈਲੇ ਹੋਏ ਇਨ੍ਹਾਂ ਵਣਾਂ ਨੂੰ ਸਦਾਬਹਾਰ ਸੰਘਣੇ ਵਣ ਆਖਦੇ ਹਨ । ਭੂ-ਮੱਧ ਰੇਖਾ ਤੇ ਸਾਰਾ ਸਾਲ ਉੱਚਾ ਤਾਪਮਾਨ ਰਹਿੰਦਾ ਹੈ ਅਤੇ ਵਰਖਾ ਵੀ ਬਹੁਤ ਹੁੰਦੀ ਹੈ । ਇਸੇ ਕਰਕੇ ਇੱਥੇ ਸੰਘਣੇ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ ਆਪਸ ਵਿਚ ਇਸ ਤਰ੍ਹਾਂ ਮਿਲੀਆਂ ਹੁੰਦੀਆਂ ਹਨ ਕਿ ਇਕ ਛੱਤਰੀ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ । ਇਨ੍ਹਾਂ ਵਣਾਂ ਵਿਚ ਕਈ ਕਿਸਮਾਂ ਦੇ ਰੁੱਖ ਹੁੰਦੇ ਹਨ । ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹੁੰਦੇ । ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਰੁੱਖ ਇੰਨੇ ਸੰਘਣੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੀ ਕਟਾਈ ਨਹੀਂ ਹੋ ਸਕਦੀ ।
ਦੱਖਣੀ ਅਮਰੀਕਾ, ਮੱਧ ਅਫ਼ਰੀਕਾ, ਦੱਖਣਪੂਰਬੀ ਏਸ਼ੀਆ, ਮੈਡਾਗਾਸਕਰ, ਵਿੱਚ ਇਨ੍ਹਾਂ ਵਣਾਂ ਹੇਠ ਬਹੁਤ ਵੱਡੇ ਖੇਤਰ ਹਨ | ਆਸਟਰੇਲੀਆ, ਮੱਧ ਅਮਰੀਕਾ ਵਿੱਚ ਇਨ੍ਹਾਂ ਵਣਾਂ ਨੇ ਥੋੜ੍ਹਾ-ਥੋੜ੍ਹਾ ਖੇਤਰ ਮੱਲਿਆ ਹੋਇਆ ਹੈ ।
2. ਮਾਨਸੂਨੀ ਜਾਂ ਪੱਤਝੜੀ ਵਣ-ਇਹ ਵਣ ਘੱਟ ਉਸ਼ਣ ਜਾਂ ਉਪ ਉਸ਼ਣ ਅਕਸ਼ਾਂਸ਼ਾਂ ਤੇ ਪਾਏ ਜਾਂਦੇ ਹਨ । ਜਿਹੜੇ ਖੇਤਰਾਂ ਵਿਚ ਇਕ ਰੁੱਤ ਵਿਚ ਵਧੇਰੇ ਵਰਖਾ ਹੁੰਦੀ ਹੈ ਉੱਥੇ ਇਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ । ਇਹ ਵਣ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੁੰਦੇ ਹਨ, ਜਿੱਥੇ ਮਾਨਸੂਨ ਪੌਣਾਂ ਕਰਕੇ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਰਕੇ ਇਨ੍ਹਾਂ ਨੂੰ ਮਾਨਸੁਨ ਵਣ ਆਖਦੇ ਹਨ । ਜਿਹੜੀ ਰੁੱਤ ਵਿਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ । ਇਸ ਕਰਕੇ ਇਨ੍ਹਾਂ ਨੂੰ ਪੱਤਝੜੀ ਵਣ ਵੀ ਆਖਦੇ ਹਨ । ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ, ਕਿਉਂਕਿ ਇਹ ਭੂ-ਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖੀ ਪਹੁੰਚ ਵਿਚ ਹਨ । ਇਹਨਾਂ ਤੋਂ ਇਮਾਰਤੀ ਅਤੇ ਬਾਲਣ ਦੀ ਲੱਕੜੀ ਪ੍ਰਾਪਤ ਹੁੰਦੀ ਹੈ । ਪਰ ਜ਼ਿਆਦਾਤਰ ਮਾਨਸੂਨੀ ਵਣ ਕੱਟ ਦਿੱਤੇ ਗਏ ਹਨ ਅਤੇ ਪ੍ਰਾਪਤ ਭੁਮੀ ਤੇ ਖੇਤੀ ਕੀਤੀ ਜਾਣ ਲੱਗੀ ਹੈ ।
3. ਨੋਕੀਲੇ ਪੱਤਿਆਂ ਵਾਲੇ ਵਣ-ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ । ਇਨ੍ਹਾਂ ਵਣਾਂ ਨੂੰ ਸਦਾਬਹਾਰ ਵਣ ਵੀ ਆਖਦੇ ਹਨ | ਯੂਰੇਸ਼ੀਆ ਵਿੱਚ ਇਨ੍ਹਾਂ ਵਣਾਂ ਨੂੰ ਟੈਗਾ (Taiga) ਵਣ ਕਿਹਾ ਜਾਂਦਾ ਹੈ । ਇਹਨਾਂ ਵਣਾਂ ਵਿਚ ਚੀਲ, ਫਰ ਅਤੇ ਸਪਰੁਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਵਣਾਂ ਤੋਂ ਨਰਮ ਲੱਕੜੀ ਮਿਲਦੀ ਹੈ, ਜਿਸ ਤੋਂ ਲੱਕੜੀ ਦਾ ਗੁਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ ।
II. ਘਾਹ ਦੇ ਮੈਦਾਨ-ਮੁੱਖ ਰੂਪ ਵਿਚ ਘਾਹ ਦੇ ਮੈਦਾਨ ਦੋ ਪ੍ਰਕਾਰ ਦੇ ਹਨ-ਊਸ਼ਣ ਘਾਹ ਦੇ ਮੈਦਾਨ ਅਤੇ ਸ਼ੀਤ ਊਸ਼ਣ ਘਾਹ ਦੇ ਮੈਦਾਨ ।
1. ਊਸ਼ਣ ਘਾਹ ਦੇ ਮੈਦਾਨ-ਉਸ਼ਣ ਘਾਹ ਦੇ ਮੈਦਾਨ 10°-30° ਅਕਸ਼ਾਸਾਂ ਤੇ ਉੱਤਰੀ ਅਤੇ ਦੱਖਣੀ ਅਰਧ ਗੋਲਿਆਂ ਵਿਚ ਪਾਏ ਜਾਂਦੇ ਹਨ । ਇਨ੍ਹਾਂ ਮੈਦਾਨਾਂ ਨੂੰ ‘ਸਵਾਨਾ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ । ਵੱਖ-ਵੱਖ ਖੇਤਰਾਂ ਵਿਚ ਇਨ੍ਹਾਂ ਦੇ ਨਾਂ ਵੱਖਰੇ-ਵੱਖਰੇ ਦਿੱਤੇ ਗਏ ਹਨ | ਅਫ਼ਰੀਕਾ ਵਿੱਚ ਇਨ੍ਹਾਂ ਨੂੰ ਪਾਰਕਲੈਂਡ, ਵੈਨਜ਼ੂਏਲਾ ਵਿੱਚ ਲਾਨੋਜ਼ ਅਤੇ ਬ੍ਰਾਜ਼ੀਲ ਵਿੱਚ ਕੈਂਪੋਜ ਕਿਹਾ ਜਾਂਦਾ ਹੈ । ਇਨ੍ਹਾਂ ਮੈਦਾਨਾਂ ਦੀ ਘਾਹ 5 ਮੀਟਰ ਤਕ ਉੱਚੀ ਹੋ ਜਾਂਦੀ ਹੈ ਅਤੇ ਸੁੱਕ ਕੇ ਬਹੁਤ ਸਖ਼ਤ ਹੋ ਜਾਂਦੀ ਹੈ । ਇੱਥੇ ਕਿਤੇ-ਕਿਤੇ ਛੋਟੇ ਕੱਦ ਦੇ ਰੁੱਖ ਵੀ ਉਗਦੇ ਹਨ । ਇਹਨਾਂ ਘਾਹ ਦੇ ਮੈਦਾਨਾਂ ਵਿਚ ਘਾਹ ਖਾਣ ਵਾਲੇ ਅਤੇ ਮਾਸ ਖਾਣ ਵਾਲੇ ਪਸ਼ੂ ਬਹੁਤ ਜ਼ਿਆਦਾ ਪਾਏ ਜਾਂਦੇ ਹਨ ।
2. ਸ਼ੀਤ ਊਸ਼ਣ ਘਾਹ ਦੇ ਮੈਦਾਨ-ਸ਼ੀਤ ਊਸ਼ਣ ਘਾਹ ਦੇ ਮੈਦਾਨ ਘੱਟ ਵਰਖਾ ਵਾਲੇ ਸ਼ੀਤ ਊਸ਼ਣ ਖੇਤਰਾਂ ਵਿਚ ਪਾਏ ਜਾਂਦੇ ਹਨ । ਇਹ ਘਾਹ ਜ਼ਿਆਦਾ ਉੱਚੀ ਨਹੀਂ ਹੁੰਦੀ ਪਰ ਇਹ ਨਰਮ ਅਤੇ ਸੰਘਣੀ ਹੁੰਦੀ ਹੈ । ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੁੰਦੀ ਹੈ । ਇਹਨਾਂ ਘਾਹ ਦੇ ਮੈਦਾਨਾਂ ਨੂੰ ਵੀ ਵੱਖ-ਵੱਖ ਮਹਾਂਦੀਪਾਂ ਵਿਚ ਵੱਖ-ਵੱਖ ਨਾਂ ਦਿੱਤੇ ਗਏ ਹਨ । ਇਨ੍ਹਾਂ ਨੂੰ ਯੂਰੇਸ਼ੀਆ ਵਿਚ ਸਟੈਪੀਜ਼, ਉੱਤਰੀ ਅਮਰੀਕਾ ਵਿਚ ਪ੍ਰੇਅਰੀਜ਼, ਦੱਖਣੀ ਅਮਰੀਕਾ ਵਿਚ ਪੰਪਾਜ਼, ਦੱਖਣੀ ਅਫਰੀਕਾ ਵਿਚ ਵੈਲਡ ਅਤੇ ਆਸਟਰੇਲੀਆ ਵਿਚ ਡਾਊਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।
III. ਮਾਰੂਥਲੀ ਝਾੜੀਆਂ-ਸੰਸਾਰ ਵਿਚ ਦੋ ਤਰ੍ਹਾਂ ਦੇ ਮਾਰਥੂਲ ਪਾਏ ਜਾਂਦੇ ਹਨ-ਗਰਮ ਮਾਰੂਥਲ ਅਤੇ ਠੰਢੇ ਮਾਰੂਥਲ ।
1. ਗਰਮ ਮਾਰੂਥਲ-ਸੰਸਾਰ ਦੇ ਮੁੱਖ ਗਰਮ ਮਾਰੂਥਲ ਅਫਰੀਕਾ ਵਿਚ ਸਹਾਰਾ ਅਤੇ ਕਾਲਾਹਾਰੀ, ਅਰਬ-ਇਰਾਨ ਦਾ ਮਾਰੂਥਲ, ਭਾਰਤ-ਪਾਕਿਸਤਾਨ ਦਾ ਥਾਰ ਮਾਰੂਥਲ, ਦੱਖਣੀ ਅਮਰੀਕਾ ਵਿਚ ਐਟੇਕਾਮਾ, ਉੱਤਰੀ ਅਮਰੀਕਾ ਵਿਚ ਦੱਖਣੀ ਕੈਲਿਫੋਰਨੀਆ ਤੇ ਉੱਤਰੀ ਮੈਕਸੀਕੋ, ਆਸਟਰੇਲੀਆ ਵਿਚ ਪੱਛਮੀ ਆਸਟਰੇਲੀਆ ਦੇ ਮਾਰੂਥਲ ਹਨ । ਇਨ੍ਹਾਂ ਮਾਰੂਥਲਾਂ ਵਿਚ ਵਧੇਰੇ ਗਰਮੀ ਅਤੇ ਘੱਟ ਵਰਖਾ ਕਾਰਨ ਬਨਸਪਤੀ ਬਹੁਤ ਘੱਟ ਮਿਲਦੀ ਹੈ । ਕੇਵਲ ਕੰਡੇਦਾਰ ਝਾੜੀਆਂ, ਥੋਹਰ, ਛੋਟੀਆਂ-ਛੋਟੀਆਂ ਜੜੀਆਂ-ਬੂਟੀਆਂ ਤੇ ਘਾਹ ਆਦਿ ਹੀ ਹੁੰਦਾ ਹੈ । ਕੁਦਰਤ ਨੇ ਇਸ ਬਨਸਪਤੀ ਨੂੰ ਇਸੇ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਵਧੇਰੇ ਗਰਮੀ ਅਤੇ ਖੁਸ਼ਕੀ ਨੂੰ ਸਹਿਣ ਕਰ ਸਕੇ । ਇਨ੍ਹਾਂ ਪੌਦਿਆਂ ਦੀਆਂ ਜੜਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਜੋ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ । ਇਨ੍ਹਾਂ ਪੌਦਿਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਪੱਤੇ ਮੋਟੇ ਅਤੇ ਚਿਕਣੇ ਹੁੰਦੇ ਹਨ, ਤਾਂ ਜੋ ਵਾਸ਼ਪੀਕਰਨ ਨਾਲ ਵਧੇਰੇ ਪਾਣੀ ਨਸ਼ਟ ਨਾ ਹੋਵੇ ।
2. ਠੰਢੇ ਮਾਰੂਬਲ-ਠੰਢੇ ਮਾਰੂਥਲ ਕੈਨੇਡਾ ਅਤੇ ਯੂਰੇਸ਼ੀਆ ਦੇ ਧੁਰ ਉੱਤਰੀ ਅਕਸ਼ਾਂਸ਼ਾਂ ਵਿਚ ਸਥਿਤ ਹਨ । ਇੱਥੇ ਵਧੇਰੇ ਸਮੇਂ ਬਰਫ਼ ਜੰਮੀ ਰਹਿੰਦੀ ਹੈ । ਜਦੋਂ ਥੋੜ੍ਹੇ ਸਮੇਂ ਲਈ ਬਰਫ਼ ਪਿਘਲਦੀ ਹੈ ਤਾਂ ਵੱਖ-ਵੱਖ ਤਰ੍ਹਾਂ ਦੇ ਰੰਗ-ਬਰੰਗੇ ਫੁੱਲਾਂ ਵਾਲੇ ਨਿੱਕੇ-ਨਿੱਕੇ ਪੌਦੇ ਉੱਗ ਪੈਂਦੇ ਹਨ । ਉੱਤਰੀ ਭਾਗਾਂ ਵਿਚ ਛੋਟੀ-ਛੋਟੀ ਘਾਹ ਜਿਵੇਂ ਕਾਈ ਤੇ ਲਿਚਨ (ਲਾਇਕਨ ਉਗ ਆਉਂਦੀ ਹੈ ।
ਪ੍ਰਸ਼ਨ 2.
ਸੰਸਾਰ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਬਾਰੇ ਲਿਖੋ । ਪਰਿਸਥਿਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਜੰਗਲੀ ਜੀਵਾਂ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਜੰਗਲੀ ਜੀਵ ਸਾਡੀ ਕੀਮਤੀ ਸੰਪੱਤੀ ਹਨ । ਪਰ ਜੰਗਲਾਂ ਦੇ ਵਿਨਾਸ਼ ਦੇ ਨਾਲ ਨਾਲ ਜੰਗਲੀ ਜੀਵਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਜਾ ਰਹੀ ਹੈ । ਮਨੁੱਖ ਜੰਗਲ ਕੱਟਣ ਦੇ ਨਾਲ-ਨਾਲ ਜੰਗਲੀ ਜੀਵਾਂ ਦਾ ਸ਼ਿਕਾਰ ਵੀ ਕਰਦਾ ਰਿਹਾ ਹੈ । ਮਾਸ, ਖੱਲਾਂ (Hides) ਅਤੇ ਹੋਰ ਅੰਗਾਂ ਦੀ ਪ੍ਰਾਪਤੀ ਲਈ ਮਨੁੱਖ ਅੰਨ੍ਹੇਵਾਹ ਪਸ਼ੂਆਂ ਦਾ ਸ਼ਿਕਾਰ ਕਰਦਾ ਰਿਹਾ ਹੈ । ਸਿੱਟੇ ਵਜੋਂ ਜੰਗਲੀ ਜੀਵਾਂ ਦੀਆਂ ਕਈ ਜਾਤੀਆਂ ਅਲੋਪ ਹੋ ਗਈਆਂ ਹਨ ਅਤੇ ਕਈਆਂ ਦੀ ਗਿਣਤੀ ਇੰਨੀ ਥੋੜੀ ਹੋ ਗਈ ਹੈ।
ਕਿ ਉਹਨਾਂ ਦੇ ਅਲੋਪ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ । ਉਦਾਹਰਨ ਲਈ ਭਾਰਤ ਵਿਚ ਗੈਂਡਾ, ਚੀਤਾ, ਸ਼ੇਰ ਆਦਿ । ਜੀਵ ਅਲੋਪ ਹੋਣ ਦੀ ਕਗਾਰ ਤੇ ਹਨ । ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿਚ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਭਾਰਤ ਵਿਚ ਵੀ ਸ਼ਿਕਾਰ ਕਰਨਾ ਇਕ ਜੁਰਮ ਹੈ ਤੇ ਸ਼ਿਕਾਰ ਕਰਨ ਵਾਲਾ ਵਿਅਕਤੀ ਸਜ਼ਾ ਦਾ ਭਾਗੀ ਬਣ ਸਕਦਾ ਹੈ । ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚ ਰਾਸ਼ਟਰੀ ਪਾਰਕ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਪਾਰਕਾਂ ਵਿਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਵਾਤਾਵਰਨ ਪ੍ਰਦਾਨ ਕੀਤਾ ਗਿਆ ਹੈ । ਭਾਰਤ ਵਿਚ ਵੱਖ-ਵੱਖ ਭਾਗਾਂ ਵਿਚ ਲਗਪਗ 20 ਰਾਸ਼ਟਰੀ ਪਾਰਕ ਹਨ । ਇਨ੍ਹਾਂ ਵਿਚ ਕੋਰਬੋਟ,
ਸ਼ਿਵਪੁਰੀ, ਘਨੇਰੀ, ਰਾਜਦੇਵ, ਗਿਰ ਆਦਿ ਦੇ ਨਾਂ ਲਏ ਜਾ ਸਕਦੇ ਹਨ । ਇਨ੍ਹਾਂ ਤੋਂ ਇਲਾਵਾ ਜੀਵਾਂ ਅਤੇ ਪੰਛੀਆਂ ਲਈ ਵੱਖ-ਵੱਖ ਰਾਖਵੇਂ ਕੇਂਦਰ ਹਨ । ਛੱਤਬੀੜ ਪੰਜਾਬ ਵਿਚ ਅਜਿਹਾ ਹੀ ਇਕ ਕੇਂਦਰ ਹੈ | ਅਫਰੀਕਾ ਦਾ ਸਵਾਨਾ ਘਾਹ-ਖੇਤਰ ਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ । ਇਸ ਖੇਤਰ ਵਿਚ ਹਿਰਨ, ਸ਼ੇਰ, ਚੀਤਾ, ਜ਼ੈਬਰਾ, ਜ਼ਿਰਾਫ਼, ਬਾਰਾਂਸਿੰਗਾ, ਬੱਬਰ ਸ਼ੇਰ, ਬਾਘ, ਹਾਥੀ, ਜੰਗਲੀ ਮੱਝਾਂ, ਗੈਂਡੇ ਅਤੇ ਅਨੇਕ ਪ੍ਰਕਾਰ ਦੇ ਕੀੜੇ-ਮਕੌੜੇ ਪਾਏ ਜਾਂਦੇ ਹਨ ।
ਪਰਿਸਥਿਤੀ ਸੰਤੁਲਨ ਨੂੰ ਬਣਾਏ ਰੱਖਣ ਵਿਚ ਜੰਗਲੀ ਜੀਵਾਂ ਦੀ ਭੂਮਿਕਾ-ਪਰਿਸਥਿਤੀ ਸੰਤੁਲਨ ਨੂੰ ਬਣਾਏ ਰੱਖਣ ਲਈ ਜੰਗਲੀ ਜੀਵਾਂ ਦਾ ਵਧੇਰੇ ਯੋਗਦਾਨ ਹੈ । ਕੁਦਰਤ ਨੇ ਜੀਵ-ਮੰਡਲ ਦੀ ਰਚਨਾ ਇਸ ਪ੍ਰਕਾਰ ਕੀਤੀ ਹੈ ਇਕ ਜੀਵ ਭੋਜਨ ਲਈ ਦੁਸਰੇ ਜੀਵ ਤੇ ਨਿਰਭਰ ਹੈ । ਛੋਟੇ ਜੀਵ ਵੱਡੇ ਜੀਵਾਂ ਦਾ ਭੋਜਨ ਹਨ | ਮਾਸ ਖਾਣ ਵਾਲੇ ਜੀਵ ਘਾਹ ਖਾਣ ਵਾਲੇ ਜੀਵਾਂ ਤੇ ਨਿਰਭਰ ਹਨ । ਇਸ ਲਈ ਕਿਸੇ ਇਕ ਜੀਵ ਜਾਤੀ ਦੀ ਹੋਂਦ ਖ਼ਤਮ ਹੋਣ ਨਾਲ ਪਰਿਸਥਿਤਿਕ ਸੰਤੁਲਨ ਵਿਗੜ ਜਾਂਦਾ ਹੈ । ਉਦਾਹਰਨ ਲਈ ਜੇ ਸ਼ੇਰਾਂ, ਚੀਤਿਆਂ ਆਦਿ ਮਾਸਾਹਾਰੀ ਜੀਵਾਂ ਦੀ ਗਿਣਤੀ ਵੱਧ ਜਾਵੇ ਅਤੇ ਘਾਹ ਖਾਣ ਵਾਲੇ ਜੀਵ ਘੱਟ ਜਾਣ ਤਾਂ ਸ਼ੇਰ ਅਤੇ ਚੀਤੇ ਭੁੱਖੇ ਮਰ ਜਾਣਗੇ ਜਾਂ ਮਾਸਾਹਾਰੀ ਜੀਵ ਮਨੁੱਖ ਨੂੰ ਖਾਣਾ ਸ਼ੁਰੂ ਕਰ ਦੇਣਗੇ । ਜੇਕਰ ਸਥਿਤੀ ਇਸ ਤੋਂ ਉਲਟ ਸ਼ੇਰਾਂ ਅਤੇ ਚੀਤਿਆਂ ਦੀ ਗਿਣਤੀ ਘੱਟ ਜਾਵੇ ਤਾਂ ਘਾਹ ਖਾਣ ਵਾਲੇ ਜੀਵਾਂ ਦੀ ਗਿਣਤੀ ਵੱਧ ਜਾਏਗੀ । ਇਸ ਲਈ ਉਹ ਸਾਰੀ ਧਰਤੀ ਦੀ ਘਾਹ ਨੂੰ ਖਾ ਜਾਣਗੇ । ਇਸ ਕਰਕੇ ਇਕ ਲਹਿ ਲਹਿਰਾਉਂਦੇ ਮੈਦਾਨ ਮਾਰੂਥਲ ਵਿੱਚ ਬਦਲ ਜਾਣਗੇ । ਭੋ-ਖੋਰ ਵੀ ਜ਼ਿਆਦਾ ਹੋਵੇਗਾ | ਇਸ ਤਰ੍ਹਾਂ ਵੀ ਪਰਿਸਥਿਤੀ ਸੰਤੁਲਨ ਵਿਗੜ ਜਾਵੇਗਾ । ਇਸ ਲਈ ਪਰਿਸਥਿਤਿਕ ਸੰਤੁਲਨ ਨੂੰ ਬਣਾਏ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।
(ਸ) ਸੰਸਾਰ ਦੇ ਨਕਸ਼ੇ ਵਿਚ ਹੇਠ ਲਿਖੇ ਖੇਤਰ ਦਿਖਾਓ
- ਸਹਾਰਾ ਮਾਰੂਥਲੀ ਬਨਸਪਤੀ
- ਲਾਨੋਜ਼ ਘਾਹ ਖੇਤਰ
- ਪੰਪਾਸ ਦੇ ਘਾਹ ਖੇਤਰ
- ਸੈਲਵਾਜ਼ ਜੰਗਲ ।
ਨੋਟ-MBD ਮਾਨਚਿਤਰਾਵਲੀ ਦੀ ਸਹਾਇਤਾ ਨਾਲ ਵਿਦਿਆਰਥੀ ਆਪ ਕਰਨ |
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਵਣਾਂ ਦੀ ਲੱਕੜੀ ‘ਤੇ ਕਿਹੜੇ-ਕਿਹੜੇ ਉਦਯੋਗ ਨਿਰਭਰ ਹਨ ?
ਉੱਤਰ-
ਵਣਾਂ ਦੀ ਲੱਕੜੀ ‘ਤੇ ਕਈ ਉਦਯੋਗ ਨਿਰਭਰ ਕਰਦੇ ਹਨ । ਇਨ੍ਹਾਂ ਉਦਯੋਗਾਂ ਵਿਚ ਫਰਨੀਚਰ, ਖੇਡਾਂ ਦਾ ਸਮਾਨ, ਸਮੁੰਦਰੀ ਬੇੜੇ, ਰੇਲਾਂ ਦੇ ਡਿੱਬੇ ਅਤੇ ਸਲੀਪਰ, ਕਾਗਜ਼, ਪਲਾਈਵੁੱਡ, ਸਮਾਨ ਪੈਕ ਕਰਨ ਲਈ ਪੇਟੀਆਂ ਬਣਾਉਣਾ ਆਦਿ ਉਦਯੋਗ ਸ਼ਾਮਿਲ ਹਨ । ਇਮਾਰਤੀ ਲੱਕੜੀ, ਭਵਨ ਨਿਰਮਾਣ ਵਿਚ ਕੰਮ ਆਉਂਦੀ ਹੈ ।
ਪ੍ਰਸ਼ਨ 2.
ਵਣਾਂ ਦੀ ਵਿਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਕਾਰਕ ਕਿਹੜੇ-ਕਿਹੜੇ ਹਨ ?
ਉੱਤਰ-
- ਵਰਖਾ ਦੀ ਵਾਰਸ਼ਿਕ ਮਾਤਰਾ
- ਮੌਸਮੀ ਵੰਡ ਅਤੇ
- ਤਾਪਮਾਨ |
ਪ੍ਰਸ਼ਨ 3.
ਯੂਰੇਸ਼ੀਆ ਤੋਂ ਕੀ ਭਾਵ ਹੈ ?
ਉੱਤਰ-
ਯੂਰਪ ਅਤੇ ਏਸ਼ੀਆ ਮਹਾਂਦੀਪਾਂ ਨੂੰ ਸਮੂਹਿਕ ਤੌਰ ‘ਤੇ ਯੂਰੇਸ਼ੀਆ ਕਹਿੰਦੇ ਹਨ ।
ਪ੍ਰਸ਼ਨ 4.
ਵਣਾਂ ਦੀ ਲੱਕੜੀ ਦੀ ਵਰਤੋਂ ਮੁੱਖ ਤੌਰ ‘ਤੇ ਕਿਹੜੇ-ਕਿਹੜੇ ਕੰਮਾਂ ਲਈ ਹੁੰਦੀ ਹੈ ?
ਉੱਤਰ-
ਵਣਾਂ ਦੀ ਲੱਕੜੀ ਦੀ ਵਰਤੋਂ ਮੁੱਖ ਤੌਰ ‘ਤੇ ਜਲਾਉਣ ਵਿਚ ਹੁੰਦੀ ਹੈ । ਵਣਾਂ ਤੋਂ ਪ੍ਰਾਪਤ ਕੁੱਲ ਲੱਕੜੀ ਦਾ 50% ਇਸੇ ਕੰਮ ਆਉਂਦਾ ਹੈ । 33% ਲੱਕੜੀ ਭਵਨ ਨਿਰਮਾਣ ਵਿਚ ਅਤੇ ਬਾਕੀ ਲੱਕੜੀ ਹੋਰਨਾਂ ਕੰਮਾਂ ਲਈ ਵਰਤੋਂ ਵਿਚ ਲਿਆਈ ਜਾਂਦੀ ਹੈ ।
ਪ੍ਰਸ਼ਨ 5.
ਰੁੱਖਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਕੁੱਝ ਉਪਾਅ ਦੱਸੋ ।
ਉੱਤਰ-
- ਕਈ ਵਾਰੀ ਵਣਾਂ ਦਾ ਅੱਗ ਲੱਗਣ ਨਾਲ ਬਹੁਤ ਨੁਕਸਾਨ ਹੁੰਦਾ ਹੈ । ਇਸ ਪਾਸੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ।
- ਵਣਾਂ ਦੀ ਕਟਾਈ ਨਿਯਮਬੱਧ ਢੰਗ ਨਾਲ ਕਰਨੀ ਚਾਹੀਦੀ ਹੈ, ਨਾਲ ਹੀ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ।
- ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੀੜੇ-ਮਕੌੜੇ ਤੇ ਬਿਮਾਰੀਆਂ ਨਾਲ ਰੁੱਖ ਨਸ਼ਟ ਨਾ ਹੋਣ ।
- ਨਹਿਰਾਂ, ਨਦੀਆਂ, ਸੜਕਾਂ, ਰੇਲ ਪੱਟੜੀਆਂ ਦੇ ਨਾਲ-ਨਾਲ ਖ਼ਾਲੀ ਪਈ ਭੁਮੀ ਤੇ ਵੱਧ ਤੋਂ ਵੱਧ ਰੁੱਖ ਉਗਾਏ ਜਾਣੇ ਚਾਹੀਦੇ ਹਨ ।
- ਬਾਲਣ ਲਈ ਲੱਕੜ ਦੀ ਖਪਤ ਘਟਾਈ ਜਾਣੀ ਚਾਹੀਦੀ ਹੈ । ਇਸਦੀ ਥਾਂ ਤੇ ਗੈਸ, ਸੁਰਜੀ-ਸ਼ਕਤੀ ਚੁਲੇ, ਗੋਬਰ ਗੈਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਮਕਾਨ ਉਸਾਰੀ ਵਿਚ ਵੀ ਲੱਕੜ ਦੇ ਬਦਲ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ।
ਪ੍ਰਸ਼ਨ 6.
ਭੂ-ਮੱਧ ਰੇਖੀ ਵਣਾਂ ਨੂੰ ਆਕਾਸ਼ ਨੂੰ ਛੂਹਣ ਵਾਲੀ ਇਮਾਰਤ (Sky Scraper) ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਆਕਾਸ਼ ਨੂੰ ਛੂਹਣ ਵਾਲੀ ਇਮਾਰਤ ਤੋਂ ਭਾਵ ਇਕ ਬਹੁਤ ਉੱਚੀ ਜਾਂ ਅਨੇਕ ਮੰਜ਼ਿਲਾਂ ਵਾਲੀ ਇਮਾਰਤ ਤੋਂ ਹੈ । ਭੂ-ਮੱਧ ਰੇਖੀ ਵਣ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਆਕਾਸ਼ ਨੂੰ ਛੂਹਣ ਵਾਲੀ ਇਮਾਰਤ ਮੰਨਿਆ ਜਾਂਦਾ ਹੈ ।
- ਇਸ ਵਣ-ਇਮਾਰਤ ਵਿਚ ਸਭ ਤੋਂ ਉੱਪਰਲੀ ਮੰਜ਼ਲ 70 ਮੀਟਰ ਉੱਚੇ ਰੁੱਖਾਂ ਨਾਲ ਬਣਦੀ ਹੈ । ਇੱਥੇ ਧੁੱਪ, ਹਵਾ ਦੋਵੇਂ ਮਿਲਦੇ ਹਨ । ਇੱਥੇ ਫਲ ਵੀ ਹੁੰਦੇ ਹਨ ਅਤੇ ਫੁੱਲ ਵੀ ।
- ਇਸ ਤੋਂ ਹੇਠਲੀ ਮੰਜ਼ਲ ਛੱਤਰੀ ਨੁਮਾ ਹੁੰਦੀ ਹੈ । ਦਰੱਖ਼ਤਾਂ ਦੀਆਂ ਟਹਿਣੀਆਂ ਦੇ ਆਪਸ ਵਿਚ ਫਸਣ ਕਰਕੇ ਇੱਥੇ ਛੱਤਰੀ ਵਰਗੀ ਛੱਤ ਬਣ ਜਾਂਦੀ ਹੈ । ਇੱਥੇ ਸੂਰਜ ਦੀ ਰੋਸ਼ਨੀ ਥੋੜ੍ਹੀ ਪਹੁੰਚਦੀ ਹੈ ਜੋ ਫਲ ਅਤੇ ਫੁੱਲਾਂ ਲਈ ਲਾਭਦਾਇਕ ਹੈ ।
- ਇਸ ਤੋਂ ਹੇਠਲੀ ਮੰਜ਼ਲ ਪਰਛਾਈਂ ਵਾਲੀ ਹੁੰਦੀ ਹੈ, ਜਿੱਥੇ ਬੇਲਾਂ, ਦਰੱਖ਼ਤਾਂ ‘ਤੇ ਚੜ੍ਹ ਜਾਂਦੀਆਂ ਅਤੇ ਆਪਸ ਵਿਚ ਲਿਪਟੀਆਂ ਹੁੰਦੀਆਂ ਹਨ ।
ਜਿਹੜੀਆਂ ਬੇਲਾਂ ਸੂਰਜ ਦੀ ਰੋਸ਼ਨੀ ਤੋਂ ਬਗੈਰ ਨਹੀਂ ਰਹਿ ਸਕਦੀਆਂ, ਉਹ ਸੂਰਜ ਦੀ ਰੋਸ਼ਨੀ ਪ੍ਰਾਪਤ ਕਰਨ ਲਈ ਉੱਪਰ ਵਲ ਵੱਧ ਜਾਂਦੀਆਂ ਹਨ । - ਸਭ ਤੋਂ ਹੇਠਲੀ ਮੰਜ਼ਲ ਤੇ ਬਹੁਤ ਹਨੇਰਾ ਹੁੰਦਾ ਹੈ । ਸੂਰਜ ਦੀ ਰੋਸ਼ਨੀ ਬਿਲਕੁਲ ਨਹੀਂ ਪਹੁੰਚਦੀ, ਇਸ ਦਾ ਫਰਸ਼ ਗਲੇ-ਸੜੇ ਪੱਤਿਆਂ, ਕੀੜੇ-ਮਕੌੜਿਆਂ ਨਾਲ ਢੱਕਿਆ ਰਹਿੰਦਾ ਹੈ ।
ਪ੍ਰਸ਼ਨ 7.
ਭੂ-ਮੱਧ ਰੇਖੀ ਵਣ ਆਰਥਿਕ ਦ੍ਰਿਸ਼ਟੀ ਤੋਂ ਕੋਈ ਮਹੱਤਵ ਨਹੀਂ ਰੱਖਦੇ, ਕਿਉਂ ?
ਉੱਤਰ-
ਭੂ-ਮੱਧ ਰੇਖੀ ਵਣ ਇੰਨੇ ਸੰਘਣੇ ਹਨ ਕਿ ਇਨ੍ਹਾਂ ਵਿਚ ਜਾ ਪਾਉਣਾ ਮੁਸ਼ਕਿਲ ਹੈ । ਇਨ੍ਹਾਂ ਵਣਾਂ ਵਿਚ ਜ਼ਹਿਰੀਲੇ ਜੀਵ-ਜੰਤੂ ਵੀ ਪਾਏ ਜਾਂਦੇ ਹਨ । ਇਸ ਲਈ ਇਹ ਮਨੁੱਖ ਦੀ ਪਹੁੰਚ ਤੋਂ ਬਾਹਰ ਹਨ ਅਤੇ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਹੀਣ ਹਨ |
ਵਸਤੂਨਿਸ਼ਠ ਪ੍ਰਸ਼ਨ ਦੀ
(ੳ) ਖਾਲੀ ਸਥਾਨ ਭਰੋ
ਪ੍ਰਸ਼ਨ 1.
ਸੰਸਾਰ ਦਾ ਲਗਭਗ ……….. ਪ੍ਰਤੀਸ਼ਤ ਖੇਤਰ ਜੰਗਲਾਂ ਨਾਲ ਘਿਰਿਆ ਹੋਇਆ ਹੈ ।
ਉੱਤਰ-
30,
ਪ੍ਰਸ਼ਨ 2.
………… ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਿਹਾ ਜਾਂਦਾ ਹੈ ।
ਉੱਤਰ-
ਭੂ-ਮੱਧ ਰੇਖੀ,
ਪ੍ਰਸ਼ਨ 3.
ਸ਼ੀਤ ਊਸ਼ਣ ਘਾਹ ਦੇ ਮੈਦਾਨ ……….. ਵਰਖਾ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ ।
ਉੱਤਰ-
ਘੱਟ,
ਪ੍ਰਸ਼ਨ 4.
ਅਫ਼ਰੀਕਾ ਦਾ ………. ਘਾਹ ਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ ।
ਉੱਤਰ-
ਸਵਾਨਾ ।
(ਅ) ਸਹੀ ਵਾਕਾਂ ਤੇ (✓)ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ-
ਪ੍ਰਸ਼ਨ 1.
ਭੂ-ਮੱਧ ਰੇਖੀ ਜੰਗਲ ਆਰਥਿਕ ਪੱਖ ਤੋਂ ਵਧੇਰੇ ਲਾਭਦਾਇਕ ਨਹੀਂ ਹੁੰਦੇ ।
ਉੱਤਰ-
(✓)
ਪ੍ਰਸ਼ਨ 2.
ਮਾਨਸੂਨੀ ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਿਹਾ ਜਾਂਦਾ ਹੈ ।
ਉੱਤਰ-
(✗)
ਪ੍ਰਸ਼ਨ 3.
ਭਾਰਤ ਦਾ ਥਾਰ ਮਾਰੂਥਲ ਇੱਕ ਗਰਮ ਮਾਰੂਥਲ ਹੈ ।
ਉੱਤਰ-
(✓)
ਪ੍ਰਸ਼ਨ 4.
ਭਾਰਤ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ ।
ਉੱਤਰ-
(✗)
(ਈ) ਸਹੀ ਉੱਤਰ ਚੁਣੋ
ਪ੍ਰਸ਼ਨ 1.
ਕੁਦਰਤੀ ਬਨਸਪਤੀ ਦੀ ਸੰਘਣਤਾ ਅਤੇ ਆਕਾਰ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਤੱਤ ਕਿਹੜਾ ਹੈ ?
(i) ਸਮੁੰਦਰੀ ਧਾਰਾਵਾਂ
(ii) ਜਲਵਾਯੂ
(iii) ਪ੍ਰਚੱਲਿਤ ਪੌਣਾਂ।
ਉੱਤਰ-
(ii) ਜਲਵਾਯੂ ।
ਪ੍ਰਸ਼ਨ 2.
ਬ੍ਰਾਜ਼ੀਲ ਵਿਚ ਊਸ਼ਣ ਘਾਹ ਦੇ ਮੈਦਾਨ ਕਿਹੜੇ ਨਾਮ ਨਾਲ ਜਾਣੇ ਜਾਂਦੇ ਹਨ ?
(i) ਪੰਪਾਸ
(ii) ਵੇਲਡ
(iii) ਕੰਪੋਜ਼ ।
ਉੱਤਰ-
(iii) ਕੰਪੋਜ਼ ।
ਪ੍ਰਸ਼ਨ 3.
ਪੰਜਾਬ ਦਾ ਕਿਹੜਾ ਕੇਂਦਰ ਜੀਵਾਂ ਅਤੇ ਪੰਛੀਆਂ ਨਾਲ ਜੁੜਿਆ ਹੈ ?
(i) ਛੱਤੀਸਗੜ੍ਹ
(ii) ਛੱਤਬੀੜ
(iii) ਰਾਜਦੇਵਗਾ ।
ਉੱਤਰ-
(iii) ਛੱਤਬੀੜ ।