Punjab State Board PSEB 7th Class Punjabi Book Solutions Chapter 11 ਬਾਬਾ ਬੰਦਾ ਸਿੰਘ ਬਹਾਦਰ Textbook Exercise Questions and Answers.
PSEB Solutions for Class 7 Punjabi Chapter 11 ਬਾਬਾ ਬੰਦਾ ਸਿੰਘ ਬਹਾਦਰ (1st Language)
Punjabi Guide for Class 7 PSEB ਬਾਬਾ ਬੰਦਾ ਸਿੰਘ ਬਹਾਦਰ Textbook Questions and Answers
ਬਾਬਾ ਬੰਦਾ ਸਿੰਘ ਬਹਾਦਰ ਪਾਠ-ਅਭਿਆਸ
1. ਦੱਸੋ :
(ਓ) ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ‘ਇੱਟ ਨਾਲ ਇੱਟ ਖੜਕਾਉਣ ਵਾਲਾ ਮੁਹਾਵਰਾ ਹਮੇਸ਼ਾਂ ਲਈ ਕਿਉਂ ਜੁੜ ਗਿਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ‘ਇੱਟ ਨਾਲ ਇੱਟ ਖੜਕਾਉਣ ਦਾ ਮੁਹਾਵਰਾ ਇਸ ਕਰਕੇ ਜੁੜ ਗਿਆ, ਕਿਉਂਕਿ ਉਸਨੇ ਨਵਾਬ ਵਜ਼ੀਰ ਖਾਂ ਨੂੰ ਉਸ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੀ ਸਜ਼ਾ ਦਿੰਦਿਆਂ ਨਾ ਕੇਵਲ ਉਸਨੂੰ ਮਾਰ ਹੀ ਦਿੱਤਾ, ਸਗੋਂ ਉਸਦੀ ਰਾਜਧਾਨੀ ਸਰਹਿੰਦ, ਉਸ ਦੇ ਮਹਿਲ ਤੇ ਕਿਲ੍ਹੇ ਨੂੰ ਵੀ ਢਹਿ – ਢੇਰੀ ਕਰ ਦਿੱਤਾ। ਅੱਜ ਵੀ ਇਸ ਸ਼ਹਿਰ ਦੇ ਆਲੇ – ਦੁਆਲੇ ਦੂਰ ਤੱਕ ਇੱਟਾਂ – ਰੋੜੇ ਖਿੱਲਰੇ ਦਿਖਾਈ ਦਿੰਦੇ ਹਨ।
(ਅ) ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਦੱਸੋ।
ਉੱਤਰ :
ਬਚਪਨ ਵਿਚ ਘਰ ਦੀ ਗਰੀਬੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਕਰਕੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਸੀ। ਜਦੋਂ ਵੀ ਉਸ ਨੂੰ ਵਿਹਲ ਮਿਲਦੀ, ਉਹ ਕੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ। ਉਹ ਚੰਗਾ ਨਿਸ਼ਾਨੇਬਾਜ਼ ਸੀ ਤੇ ਤਲਵਾਰ ਤੇ ਹੋਰ ਸ਼ਸਤਰ ਚਲਾਉਣ ਦਾ ਵੀ ਅਭਿਆਸ ਕਰਦਾ ਸੀ। ਉਹ ਬਚਪਨ ਤੋਂ ਹੀ ਦਲੇਰ ਸੀ।
(ਈ) ਉਹ ਕਿਹੜੀ ਘਟਨਾ ਸੀ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨੂੰ ਬਦਲ ਦਿੱਤਾ ਸੀ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਇਕ ਵਾਰ ਨਦੀ ਦੇ ਕੰਢੇ ਸ਼ਿਕਾਰ ਖੇਡਣ ਗਿਆ, ਤਾਂ ਉਸ ਨੇ ਇਕ ਹਿਰਨੀ ਨੂੰ ਦੇਖ ਕੇ ਉਸ ਨੂੰ ਤੀਰ ਮਾਰਿਆ, ਜਿਸ ਨਾਲ ਜ਼ਖ਼ਮੀ ਹੋ ਕੇ ਉਸਦੀਆਂ ਅੱਖਾਂ ਸਾਹਮਣੇ ਤੜਫ – ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਛਾਣਨੀ ਹੋਏ ਪੇਟ ਵਿਚੋਂ ਨਿਕਲੇ ਦੋ ਬੱਚੇ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਦੁਖਦਾਈ ਘਟਨਾ ਦਾ ਉਸ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ। ਉਸ ਨੇ ਤੀਰ – ਕਮਾਨ ਨਦੀ ਵਿਚ ਸੁੱਟ ਦਿੱਤੇ ਅਤੇ ਫ਼ੈਸਲਾ ਕੀਤਾ ਕਿ ਉਹ ਅੱਗੋਂ ਕਿਸੇ ਬੇਦੋਸ਼ੇ ਜੀਵ ਨੂੰ ਨਹੀਂ ਮਾਰੇਗਾ। ਇਸ ਘਟਨਾ ਨੇ ਉਸ ਦੇ ਜੀਵਨ ਨੂੰ ਬਦਲ ਦਿੱਤਾ ਤੇ ਉਹ ਬੈਰਾਗੀ ਸਾਧੂ ਬਣ ਗਿਆ।
(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕੀ ਕਾਰਨ ਸੀ ?
ਉੱਤਰ :
ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕਾਰਨ ਇਹ ਸੀ ਕਿ ਇਕ ਸੰਵੇਦਨਸ਼ੀਲ ਵਿਅਕਤੀ ਹੋਣ ਕਰਕੇ ਗੁਰੂ ਜੀ ਤੋਂ ਉਨ੍ਹਾਂ ਦੇ ਮਾਤਾ, ਪਿਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਉਸ ਦਾ ਖੂਨ ਖੌਲ ਉੱਠਿਆ ਸੀ ਤੇ ਉਸ ਦੇ ਮਨ ਵਿਚ ਸਰਹੰਦ ਦੇ ਨਵਾਬ ਇਸ ਦਾ ਬਦਲਾ ਲੈਣ ਦੀ ਭਾਵਨਾ ਪ੍ਰਚੰਡ ਹੋ ਗਈ ਸੀ।
(ਹ) ਬਾਬਾ ਬੰਦਾ ਸਿੰਘ ਲੋਕਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਕਿਉਂ ਪ੍ਰਸਿੱਧ ਹੋਇਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਅਤਿਆਚਾਰੀਆਂ ਨੂੰ ਥਾਂ – ਥਾਂ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ, ਤਾਂ ਲੰਮੇ ਸਮੇਂ ਦੇ ਜਬਰ ਤੋਂ ਤੰਗ ਆਏ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ। ਇਸੇ ਕਾਰਨ ਉਹ ਲੋਕਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
(ਕ) ਪੰਜਾਬੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਹਰਮਨ-ਪਿਆਰਾ ਹੋਣ ਦਾ ਕੀ ਕਾਰਨ ਸੀ ?
ਉੱਤਰ :
ਸਰਹੰਦ ਦੇ ਨਵਾਬ ਵਜ਼ੀਰ ਖਾਂ ਵਰਗੇ ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ ਤੇ ਉਨ੍ਹਾਂ ਨੂੰ ਮਾਰ ਮੁਕਾਉਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬੀਆਂ ਵਿਚ ਬਹੁਤ ਹਰਮਨ – ਪਿਆਰਾ ਹੋ ਗਿਆ। ਇਸ ਤੋਂ ਇਲਾਵਾ ਉਹ ਇਨਸਾਫ਼ – ਪਸੰਦ ਅਤੇ ਗ਼ਰੀਬਾਂ ਦਾ ਹਮਦਰਦ ਹੋਣ ਕਰਕੇ ਆਮ ਮਨੁੱਖਾਂ ਲਈ ਆਸ ਦੀ ਕਿਰਨ ਬਣ ਗਿਆ।
(ਖ) ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਦੋ ਸੌ ਸਾਥੀਆਂ ਸਮੇਤ ਦਿੱਲੀ ਲਿਜਾਇਆ ਗਿਆ। ਉਸ ਦੇ ਸਾਰੇ ਸਾਥੀ ਅਸਹਿ ਤਸੀਹੇ ਦੇ ਕੇ ਕਤਲ ਕਰ ਦਿੱਤੇ ਗਏ ਤੇ ਫਿਰ ਉਸ (ਬੰਦਾ ਬਹਾਦਰ ਨੂੰ ਕੋਹ – ਕੋਹ ਕੇ ਸ਼ਹੀਦ ਕਰ ਦਿੱਤਾ ਗਿਆ।
(ਗ) ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਯਾਦਗਾਰਾਂ ਬਾਰੇ ਦੱਸੋ।
ਉੱਤਰ :
ਫ਼ਤਹਿਗੜ੍ਹ ਸਾਹਿਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ। ਇੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਹਨ। ਸੰਨ 2010 ਵਿਚ ਚੱਪੜਚਿੜੀ ਵਿਖੇ ਉਸ ਯੁੱਧ ਦੀ ਜਿੱਤ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਗਿਆ, ਜੋ ਬਾਬਾ ਬੰਦਾ ਸਿੰਘ ਬਹਾਦਰ ਪਤੀ ਵੱਡੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ। ਇੱਥੇ 328 ਫੁੱਟ ਉੱਚਾ ‘ਫ਼ਤਿਹ ਬੁਰਜ’ ਸੁਸ਼ੋਭਿਤ ਹੈ। ਇਹ ਕੁਤਬ – ਮੀਨਾਰ ਤੋਂ ਵੀ ਉੱਚਾ ਹੈ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਚੇ ਹੌਸਲੇ, ਵੀਰਤਾ ਅਤੇ ਸਿਆਣਪ ਦੀ ਯਾਦ ਦੁਆਉਂਦਾ ਹੈ।
2. ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ :
ਇੱਟ ਨਾਲ ਇੱਟ ਖੜਕਾਉਣਾ, ਕਰਾਰੀ ਹਾਰ ਦੇਣਾ, ਖੂਨ ਖੌਲਣਾ, ਸਬਕ ਸਿਖਾਉਣਾ, ਸੁੱਖ ਦਾ ਸਾਹ ਲੈਣਾ, ਤਸੀਹੇ ਦੇਣਾ।
ਉੱਤਰ :
- ਇੱਟ ਨਾਲ ਇੱਟ ਖੜਕਾਉਣੀ (ਢਹਿ – ਢੇਰੀ ਕਰ ਦੇਣਾ) – ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
- ਕਰਾਰੀ ਹਾਰ ਦੇਣੀ ਹੌਂਸਲਾ ਢਾਹੁਣ ਵਾਲੀ ਹਾਰ) – ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਵਿਚ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ।
- ਵਗਾਹ ਮਾਰਨਾ (ਕਿਸੇ ਚੀਜ਼ ਨੂੰ ਚੁੱਕ ਕੇ ਜ਼ੋਰ ਨਾਲ ਦੂਰ ਸੁੱਟਣਾ – ਮੈਂ ਭੱਜੇ ਜਾਂਦੇ ਚੋਰ ਦੀਆਂ ਲੱਤਾਂ ਵਿਚ ਡੰਡਾ ਵਗਾਹ ਕੇ ਮਾਰਿਆ।
- ਵਿਆਕੁਲ ਬੇਚੈਨ – ਬੱਚਾ ਮਾਂ ਦੇ ਵਿਛੋੜੇ ਵਿਚ ਰੋ – ਰੋ ਕੇ ਵਿਆਕੁਲ ਹੋ ਰਿਹਾ ਸੀ !
- ਖੂਨ ਖੌਲਣਾ (ਰੋਹ ਚੜ੍ਹਨਾ – ਗੁਰੂ ਸਾਹਿਬ ਦੇ ਪਿਤਾ, ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਉੱਤੇ ਹੋਏ ਜ਼ੁਲਮਾਂ ਦੀਆਂ ਗੱਲਾਂ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉੱਠਿਆ
- ਰੋਹ ਜਾਗ ਪੈਣਾ (ਗੁੱਸਾ ਚੜ੍ਹ ਜਾਣਾ) – ਉਸ ਦੀਆਂ ਜ਼ਿਆਦਤੀਆਂ ਬਾਰੇ ਸੁਣ ਕੇ ਮੇਰੇ ਦਿਲ ਵਿਚ ਭਿਆਨਕ ਰੋਹ ਜਾਗ ਪਿਆ।
- ਸਬਕ ਸਿਖਾਉਣਾ ਮਜ਼ਾ ਚਖਾਉਣਾ) – ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਇਸ ਕਰਕੇ ਭੇਜਿਆ, ਤਾਂ ਜੋ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਇਆ ਜਾ ਸਕੇ।
- ਸੁਖ ਦਾ ਸਾਹ ਲੈਣਾ (ਸੁਖ ਤੇ ਅਰਾਮ ਮਿਲਣਾ) – ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਨੂੰ ਮਾਰੇ ਜਾਣ ਮਗਰੋਂ ਲੋਕਾਂ ਨੇ ਸੁਖ ਦਾ ਸਾਹ ਲਿਆ।
- ਕਬਜ਼ਾ ਕਰਨਾ (ਕਾਬੂ ਕਰਨਾ) – ਅੰਗਰੇਜ਼ਾਂ ਨੇ ਧੋਖੇ ਨਾਲ ਪੰਜਾਬ ਉੱਤੇ ਕਬਜ਼ਾ ਕਰ ਲਿਆ।
- ਜੜ੍ਹਾਂ ਹਿਲਾਉਣਾ ਤਾਕਤ ਖ਼ਤਮ ਕਰ ਦੇਣੀ – 18ਵੀਂ ਸਦੀ ਦੇ ਸਿੱਖਾਂ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
- ਢਹਿ – ਢੇਰੀ ਕਰਨਾ ਬਰਬਾਦ ਕਰਨਾ) – ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਵਜ਼ੀਰ ਖਾਂ ਨੂੰ ਮਾਰਨ ਮਗਰੋਂ ਸਰਹਿੰਦ ਨੂੰ ਢਹਿ – ਢੇਰੀ ਕਰ ਦਿੱਤਾ।
- ਤਸੀਹੇ ਦੇ ਕਸ਼ਟ ਦੇਣਾ) – ਮੁਗ਼ਲ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਿਹ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ
- ਚਿਹਰੇ ‘ਤੇ ਜਲਾਲ ਹੋਣਾ ਮੂੰਹ ਉੱਤੇ ਲਾਲੀ ਭਖਣਾ, ਚੜ੍ਹਦੀ ਕਲਾ ਵਿਚ ਹੋਣਾ) – ਮੁਗ਼ਲ ਸਰਕਾਰ ਨੇ ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ, ਪਰ ਉਹ ਰਤਾ ਨਾ ਡੋਲਿਆ, ਸਗੋਂ ਉਸ ਦੇ ਚਿਹਰੇ ਉੱਤੇ ਪਹਿਲਾਂ ਵਰਗਾ ਜਲਾਲ ਸੀ।
- ਬਹੁੜਨਾ ਪਹੁੰਚਣਾ) – ਦੁੱਖ ਵੇਲੇ ਮੱਦਦ ਲਈ ਕੋਈ ਨਹੀਂ ਬਹੁੜਦਾ।
3. ਪੜੋ, ਸਮਝੋ ਤੇ ਲਿਖੋ :
- ਛੋਟਾ – ਛੋਟੀ
- ਵੱਡਾ
- ਪਿਤਾ
- ਹਰਨੀ
- ਸਿੰਘ
ਉੱਤਰ :
- ਛੋਟਾ – ਛੋਟੀ
- ਵੱਡਾ – ਵੱਡੀ
- ਪਿਤਾ – ‘ਮਾਤਾ
- ਹਿਰਨੀ – ਹਿਰਨ
- ਸਿੰਘ – ਸਿੰਘਣੀ
ਵਿਆਕਰਨ
ਕਾਲ ਤੋਂ ਭਾਵ ਹੈ, ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੁਪ ਧਾਰਨ ਕਰਦੀ ਹੈ, ਉਸ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ।
ਜਿਵੇਂ :
(ੴ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪਦੇ ਹਨ।
(ਅ) ਵਿਦਿਆਰਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਿਆ।
(ੲ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਨਗੇ।
ਉਪਰੋਕਤ ਵਾਕਾਂ ਵਿੱਚ ‘ਪਦੇ ਹਨ’, ‘ਪੜਿਆ’, ‘ਪੜ੍ਹਨਗੇ’ ਸ਼ਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਹਨ।
ਕਾਲ ਦੀਆਂ ਤਿੰਨ ਕਿਸਮਾਂ ਹਨ:
ਕਾਲ :
- ਭੂਤਕਾਲ
- ਵਰਤਮਾਨ ਕਾਲ
- ਭਵਿਖਤ ਕਾਲ
1, ਭੂਤਕਾਲ:
ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਉਂਦੀ ਹੈ, ਉਸ ਨੂੰ ਭੂਤ-ਕਾਲ ਕਿਹਾ ਜਾਂਦਾ ਹੈ।
ਉਦਾਹਰਨ :
(ਉ) ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
2. ਵਰਤਮਾਨ ਕਾਲ :
ਵਾਕ ਵਿੱਚ ਜਿਹੜੀ ਕਿਰਿਆ ਮੌਜੂਦਾ ਸਮੇਂ ਦਾ ਗਿਆਨ ਕਰਵਾਉਂਦੀ ਹੈ, ਉਸ ਨੂੰ ਵਰਤਮਾਨ ਕਾਲ ਆਖਦੇ ਹਨ।
ਉਦਾਹਰਣ:
ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਵੀ ਦੁਨੀਆ ਸਤਿਕਾਰ ਨਾਲ ਯਾਦ ਕਰਦੀ ਹੈ।
3. ਭਵਿਖਤ ਕਾਲ:
ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿਖ ਦਾ ਗਿਆਨ ਕਰਵਾਉਂਦੀ ਹੈ, ਉਸ ਨੂੰ ਭਵਿਖਤ ਕਾਲ ਆਖਦੇ ਹਨ।
ਉਦਾਹਰਨ:
ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜਿੱਤਾਂ ਬਾਰੇ ਲੇਖ ਲਿਖਣਗੇ।
ਅਧਿਆਪਕ ਵਿਦਿਆਰਥੀਆਂ ਨੂੰ ਚੱਪੜਚਿੜੀ ਵਿਖੇ ਬਣਾਈ ਗਈ ਬੰਦਾ ਬਹਾਦਰ ਦੀ ਯਾਦਗਾਰ ਫ਼ਤਿਹ-ਬੁਰਜ ਬਾਰੇ ਦੱਸਣ।
PSEB 7th Class Punjabi Guide ਬਾਬਾ ਬੰਦਾ ਸਿੰਘ ਬਹਾਦਰ Important Questions and Answers
ਪ੍ਰਸ਼ਨ –
“ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਵਾਲੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਮਾਰ ਕੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ: ਨੂੰ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ। ਉਸ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ।ਉਸ ਦੇ ਪਿਤਾ ਰਾਮਦੇਵ ਇਕ ਗਰੀਬ ਕਿਸਾਨ ਸਨ। ਪੜ੍ਹਾਈ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਸੀ ਤੇ ਵਿਹਲੇ ਸਮੇਂ ਤੀਰ ਕਮਾਨ ਚੁੱਕ ਕੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ। ਉਸ ਨੂੰ ਤਲਵਾਰ ਅਤੇ ਤੀਰ – ਕਮਾਨ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ।ਉਸ ਦਾ ਕੱਦ ਮਧਰਾ ਪਰ ਸਰੀਰ ਫੁਰਤੀਲਾ ਸੀ ਉਸ ਦਾ ਰੰਗ ਕਣਕ – ਵੰਨਾ, ਨੈਣ ਨਕਸ਼ ਸੋਹਣੇ ਤੇ ਅੱਖਾਂ ਚਮਕੀਲੀਆਂ ਸਨ।
ਪੰਦਰਾਂ ਕੁ ਸਾਲ ਦੀ ਉਮਰ ਵਿਚ ਉਸ ਦੇ ਜੀਵਨ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਸ ਦਾ ਜੀਵਨ ਹੀ ਬਦਲ ਦਿੱਤਾ। ਇਕ ਦਿਨ ਸ਼ਿਕਾਰ ਖੇਡਦਿਆਂ ਉਸ ਨੇ ਇਕ ਹਿਰਨੀ ਨੂੰ ਤੀਰ ਮਾਰਿਆ ਤੇ ਉਹ ਉਸਦੀਆਂ ਅੱਖਾਂ ਸਾਹਮਣੇ ਤੜਫ – ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਜ਼ਖ਼ਮੀ ਪੇਟ ਵਿਚੋਂ ਨਿਕਲੇ ਦੋ ਬੱਚੇ ਵੀ ਉਸ ਦੇ ਸਾਹਮਣੇ ਦਮ ਤੋੜ ਗਏ।ਇਸ ਘਟਨਾ ਦਾ ਉਸ ਦੇ ਮਨ ਉੱਤੇ ਇੰਨਾ ਅਸਰ ਹੋਇਆ ਕਿ ਉਸ ਨੇ ਤੀਰ – ਕਮਾਨ ਨਦੀ ਵਿਚ ਵਗਾਹ ਮਾਰੇ ਤੇ ਅੱਗੋਂ ਕਿਸੇ ਬੇਦੋਸ਼ੇ ਨੂੰ ਨਾ ਮਾਰਨ ਦਾ ਫ਼ੈਸਲਾ ਕੀਤਾ ਇਸ ਘਟਨਾ ਤੋਂ ਮਗਰੋਂ ਉਹ ਉਦਾਸ ਰਹਿਣ ਲੱਗਾ ਤੇ ਬਰਾਗੀ ਸਾਧੂ ਬਣ ਕੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ ਘੁੰਮਦਾ – ਘੁੰਮਦਾ ਉਹ ਦੱਖਣ ਭਾਰਤ ਦੀ ਪ੍ਰਸਿੱਧ ਨਦੀ ਗੋਦਾਵਰੀ ਦੇ ਕੰਢੇ ਪੁੱਜ ਗਿਆ ਤੇ ਇੱਥੇ ਹੀ ਕੁਟੀਆ ਬਣਾ ਕੇ ਰਹਿਣ ਲੱਗ ਪਿਆ।
ਇੱਥੇ ਹੀ 1707 ਈ: ਵਿਚ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲੇ। ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਜਦੋਂ ਉਸ ਨੂੰ ਗੁਰੂ ਜੀ ਦੇ ਪਿਤਾ, ਮਾਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਾ, ਤਾਂ ਉਸ ਦਾ ਖੂਨ ਖੌਲ ਉੱਠਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਬੰਦਾ ਹੈ। ਉਹ ਜਿਸ ਤਰ੍ਹਾਂ ਹੁਕਮ ਕਰਨਗੇ, ਉਹ ਉਸ ਅਨੁਸਾਰ ਹਰ ਕੁਰਬਾਨੀ ਕਰੇਗਾ। ਗੁਰੂ ਜੀ ਉਸ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਉਨ੍ਹਾਂ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ।
ਉਨ੍ਹਾਂ ਉਸ ਨੂੰ ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵਲ ਭੇਜਿਆ। ਗੁਰੂ ਜੀ ਨੇ ਉਸ ਰਾਹੀਂ ਪੰਜਾਬ ਵਿਚ ਵਸਦੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਭੇਜੇ। ਜਦੋਂ ਬਾਬਾ ਬੰਦਾ ਸਿੰਘ ਪੰਜਾਬ ਵਲ ਤੁਰਿਆ, ਤਾਂ ਉਸ ਨਾਲ ਗੁਰੂ ਜੀ ਦੇ ਪੰਜ ਸਿੰਘ ਵੀ ਸਨ। ਪੰਜਾਬ ਵਿਚ ਸਿੱਖਾਂ ਨੂੰ ਗੁਰੂ ਜੀ ਦੀ ਆਗਿਆ ਨਾਲ ਆਏ ਬਾਬਾ ਬੰਦਾ ਸਿੰਘ ਦੀ ਜਿਉਂ – ਜਿਉਂ ਖ਼ਬਰ ਮਿਲੀ, ਉਹ ਉਸ ਨਾਲ ਆ ਕੇ ਮਿਲਦੇ ਗਏ ਹਾਕਮਾਂ ਦੇ ਜ਼ੁਲਮ ਦੇ ਸਤਾਏ ਬਹੁਤ ਸਾਰੇ ਲੋਕ ਵੀ ਬਾਬਾ ਬੰਦਾ ਸਿੰਘ ਨਾਲ ਮਿਲ ਗਏ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਦੀ ਫ਼ੌਜ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਘੋੜ – ਸਵਾਰ ਅਤੇ ਪੈਦਲ ਸ਼ਾਮਲ ਹੋ ਗਏ।
ਬਾਬਾ ਬੰਦਾ ਸਿੰਘ ਨੇ ਰਾਹ ਵਿਚ ਆਉਂਦੇ ਸਮਾਣਾ, ਕੈਥਲ, ਘੜਾਮ, ਸ਼ਾਹਬਾਦ, ਮੁਸਤਫ਼ਾਬਾਦ, ਕਪੂਰੀ ਤੇ ਸਢਾਉਰੇ ਦੇ ਹਾਕਮਾਂ ਉੱਪਰ ਫ਼ਤਹਿ ਪ੍ਰਾਪਤ ਕੀਤੀ ਤੇ ਉਸ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਸਿੱਧ ਹੋ ਗਿਆ।
ਉਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਵੀ ਉਸ ਦੀ ਚੜ੍ਹਤ ਦਾ ਪਤਾ ਲਗ ਗਿਆ ਸੀ ਤੇ ਉਸ ਨੇ ਵੀ ਪੂਰੀ ਤਿਆਰੀ ਕਰ ਲਈ। ਸਰਹਿੰਦ ਤੋਂ 15 – 16 ਕਿਲੋਮੀਟਰ ਦੂਰ ਚੱਪੜ – ਚਿੜੀ ਦੇ ਮੈਦਾਨ ਵਿਚ ਦੋਹਾਂ ਫ਼ੌਜਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਆਪਣਾ ਸਾਰਾ ਗੁੱਸਾ ਵਜ਼ੀਰ ਖਾਂ ਉੱਤੇ ਹੀ ਕੱਢਣਾ ਚਾਹੁੰਦਾ ਸੀ।
12 ਮਈ, 1710 ਨੂੰ ਇਸ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੂਬੇ ਦੀ ਰਾਜਧਾਨੀ ਉੱਤੇ ਕਬਜ਼ਾ ਹੋ ਗਿਆ ਅਤਿਆਚਾਰੀ ਹਾਕਮਾਂ ਨੂੰ ਚੁਣ – ਚੁਣ ਕੇ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਗਈ ਵਜ਼ੀਰ ਖਾਂ ਦੇ ਮਹਿਲ ਤੇ ਕਿਲ੍ਹੇ ਨੂੰ ਢਹਿ – ਢੇਰੀ ਕਰ ਦਿੱਤਾ ਗਿਆ ਅੱਜ ਵੀ ਇਸ ਸ਼ਹਿਰ ਦੇ ਆਲੇ – ਦੁਆਲੇ ਦੂਰ – ਦੂਰ ਤਕ ਇੱਟਾਂ ਰੋੜੇ ਖਿਲਰੇ ਹੋਏ ਦਿਖਾਈ ਦਿੰਦੇ ਹਨ।
ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ ਕਰਕੇ ਬੰਦਾ ਬਹਾਦਰ ਪੰਜਾਬੀਆਂ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ। ਉਸ ਨੇ 1708 ਤੋਂ 1716 ਤਕ ਪੰਜਾਬ ਵਿਚ ਮੁਗ਼ਲਾਂ ਦੇ ਪੈਰ ਨਾ ਲੱਗਣ ਦਿੱਤੇ। ਉਸ ਨੇ ਜਿੱਤੇ ਹੋਏ ਇਲਾਕਿਆਂ ਵਿਚ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਸਿੱਕੇ ਵੀ ਜ਼ਾਰੀ ਕੀਤੇ। ਮੁਗ਼ਲ ਹਕੂਮਤ ਲਈ ਇਹ ਸਭ ਕੁੱਝ ਸਹਿਣਾ ਬਹੁਤ ਔਖਾ ਸੀ। ਬਾਦਸ਼ਾਹ ਫਰੁਖ਼ਸੀਅਰ ਦੇ ਸਮੇਂ ਬੰਦਾ ਬਹਾਦਰ ਕਾਫ਼ੀ ਸਮਾਂ ਮੁਗ਼ਲਾਂ ਦਾ ਮੁਕਾਬਲਾ ਕਰਦਾ ਰਿਹਾ ਅੰਤ ਗੁਰਦਾਸ ਨੰਗਲ ਦੀ ਲੜਾਈ ਵਿਚ ਉਸ ਨੂੰ ਉਸਦੇ ਦੋ ਸੌ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫਿਰ ਦਿੱਲੀ ਲਿਜਾਇਆ ਗਿਆ। ਉਨ੍ਹਾਂ ਨੂੰ ਅਕਹਿ ਤਸੀਹੇ ਦਿੱਤੇ ਗਏ।ਉਸ ਦੇ ਸਾਰੇ ਸਾਥੀ ਕਤਲ ਕਰ ਦਿੱਤੇ ਗਏ।9 ਜੂਨ, 1716 ਨੂੰ ਬੰਦਾ ਸਿੰਘ ਬਹਾਦਰ ਨੂੰ ਕੋਹ – ਕੋਹ ਕੇ ਮਾਰ ਦਿੱਤਾ ਗਿਆ। ਕਿਹਾ ਜਾਦਾ ਹੈ ਕਿ ਜਿੰਨੀ ਬੇਰਹਿਮੀ ਨਾਲ ਦਿੱਲੀ ਦੇ ਹਾਕਮਾਂ ਵਲੋਂ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਗਏ, ਉਸ ਤੋਂ ਵੀ ਵਧੇਰੇ ਸਬਰ ਨਾਲ ਉਸ ਨੇ ਜਬਰ ਬਰਦਾਸ਼ਤ ਕੀਤਾ। ਉਹ ਨਾ ਡੋਲਿਆ ਤੇ ਨਾ ਹੀ ਘਬਰਾਇਆ ਅੰਤ ਸਮੇਂ ਤਕ ਉਸ ਦੇ ਚਿਹਰੇ ਉੱਤੇ ਜਲਾਲ ਤੇ ਸ਼ਾਂਤੀ ਸੀ !
ਫ਼ਤਹਿਗੜ੍ਹ ਸਾਹਿਬ ਵਿਖੇ ਉਸ ਵੀਰ ਪੁਰਖ ਦੀ ਯਾਦ ਵਿਚ ‘ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਸਦੀਆਂ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਹਨ। 2010 ਵਿਚ ਚੱਪੜ – ਚਿੜੀ ਦੇ ਮੈਦਾਨ ਵਿਚ ਉਸ ਯੁੱਧ ਦੀ ਜਿੱਤ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਵੱਡੇ ਸਤਿਕਾਰ ਨੂੰ ਪ੍ਰਗਟ ਕਰਨਾ ਹੈ।
- ਔਖੇ ਸ਼ਬਦਾਂ ਦੇ ਅਰਥ – ਇੱਟ ਨਾਲ ਇੱਟ
- ਖੜਕਾਉਣਾ – ਬੁਰੀ ਤਰ੍ਹਾਂ
- ਢਹਿ – ਢੇਰੀ ਕਰ ਦੇਣਾ।
- ਫ਼ੌਜਦਾਰ – ਫ਼ੌਜ ਦਾ ਮੁਖੀ, ਸੂਬੇਦਾਰ।
- ਕਰਾਰੀ ਹਾਰ – ਹੌਂਸਲਾ ਢਾਹੁਣ ਵਾਲੀ ਹਾਰ।
- ਕਾਰਨਾਮੇ – ਵੱਡਾ ਕੰਮ
- ਅਦੁੱਤੀ – ਲਾਸਾਨੀ, ਜਿਸ ਦੇ ਬਰਾਬਰ ਦਾ ਕੋਈ ਨਾ ਹੋਵੇ।
- ਸਾਧਨ – ਤਰੀਕਾ।
- ਹੱਥ ਵਟਾਉਂਦਾ – ਮੱਦਦ ਕਰਦਾ।
- ਨਿਸ਼ਾਨੇਬਾਜ਼ – ਜਿਹੜਾ ਠੀਕ ਨਿਸ਼ਾਨਾ ਲਾਵੇ॥
- ਸ਼ਸਤਰ – ਹਥਿਆਰ
- ਅਭਿਆਸ – ਵਾਰ – ਵਾਰ ਕਰਨਾ, ਮਸ਼ਕ।
- ਦਲੇਰ – ਨਿਡਰ, ਹੌਸਲੇ ਵਾਲਾ
- ਫੁਰਤੀਲਾ – ਤੇਜ਼, ਚੁਸਤ।
- ਕਣਕਵੰਨਾ – ਨਾ ਗੋਰਾ ਤੇ ਨਾ ਕਾਲਾ ਦਮ ਤੋੜ
- ਗਏ – ਮਰ ਗਏ।
- ਬੇਦੋਸ਼ਾ – ਬੇਕਸੂਰ ਖੂਨ ਖੌਲ
- ਉੱਠਿਆ – ਬਹੁਤ ਗੁੱਸਾ ਆ ਗਿਆ।
- ਛਲਣੀ ਹੋਏ – ਮੋਰੀਆਂ ਵਾਲੇ ਜ਼ਖ਼ਮਾਂ ਨਾਲ ਭਰੇ ਹੋਏ, ਛਾਣਨੀ ਹੋਏ ਰੋਹ ਜਾਗ
- ਪਿਆ – ਗੁੱਸਾ ਚੜ੍ਹ ਗਿਆ।
- ਭੱਬਾ – ਤੀਰ ਰੱਖਣ ਵਾਲੀ ਡੂੰਘੀ ਟੋਕਰੀ, ਜੋ ਮੋਢੇ ਨਾਲ ਲਟਕਾ ਕੇ ਪਿੱਠ ਪਿੱਛੇ ਰੱਖੀ ਜਾਂਦੀ ਹੈ।
- ਸੂਚਨਾ ਖ਼ਬਰ ਸੁਖ ਦਾ ਸਾਹ ਲਿਆ – ਸੁਖ ਮਹਿਸੂਸ ਕੀਤਾ !
- ਚੜਤ – ਜਿੱਤਾਂ
- ਅਤਿਆਚਾਰੀ – ਜ਼ਾਲਮ।
- ਜੜ੍ਹਾਂ ਹਿਲਾ ਦਿੱਤੀਆਂ – ਪਕੜ ਢਿੱਲੀ ਕਰ ਦਿੱਤੀ, ਤਾਕਤ ਖ਼ਤਮ ਕਰ ਦਿੱਤੀ।
- ਇਨਸਾਫ਼ – ਨਿਆਂ।
- ਕੋਹ – ਕੋਹ ਕੇ – ਦੁੱਖ ਦੇ – ਦੇ ਕੇ।
- ਕਬੂਲ – ਮਨਜ਼ੂਰ॥
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ਮਧਰੇ, ਵਜ਼ੀਰ ਖਾਂ, ਖੜਕਾ, ਮਾਧੋ ਦਾਸ, ਲਛਮਣ ਦੇਵ)
(ਉ) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ……………………………. ਦਿੱਤੀ।
(ਅ) ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ……………………………. ਸੀ।
(ਈ) ਲਛਮਣ ਦੇਵ ……………………………. ਕੱਦ ਦਾ ਫੁਰਤੀਲਾ ਨੌਜਵਾਨ ਸੀ।
(ਸ) ਉਹ ਇਕ ਬੈਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ……………………………. ਰੱਖ ਲਿਆ।
(ਹ) ……………………………. ਦੇ ਮਹਿਲ ਅਤੇ ਕਿਲ੍ਹੇ ਸਭ ਢਹਿ – ਢੇਰੀ ਕਰ ਦਿੱਤੇ ਗਏ।
ਉੱਤਰ :
(ਉ) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
(ਅ) ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ।
(ਈ) ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ।
(ਸ) ਉਹ ਇਕ ਬੈਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ।
(ਹ) ਵਜ਼ੀਰ ਖਾਂ ਦੇ ਮਹਿਲ ਤੇ ਕਿਲ੍ਹੇ ਸਭ ਢਹਿ – ਢੇਰੀ ਕਰ ਦਿੱਤੇ ਗਏ।
ਪ੍ਰਸ਼ਨ 2.
ਚੱਪੜਚਿੜੀ ਵਿਚ ਬਣਾਈ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਫ਼ਤਹਿ ਬੁਰਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਫ਼ਤਹਿ ਬੁਰਜ 2010 ਵਿੱਚ ਚੱਪੜਚਿੜੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਤੇ ਫ਼ਤਹਿ ਦੀ ਤਿੰਨ ਸੌ ਸਾਲਾ ਯਾਦ ਵਿਚ ਉਸਾਰਿਆ ਗਿਆ ਹੈ। ਇਸ ਦੀ ਉਚਾਈ 328 ਫੁੱਟ ਹੈ ਅਤੇ ਇਹ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ ਉੱਚਾ ਹੈ। ਇਹ ਬੁਰਜ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਹੌਸਲੇ, ਵੀਰਤਾ ਤੇ ਸਿਆਣਪ ਦੀ ਯਾਦ ਦਿਵਾਉਂਦਾ ਹੈ ਤੇ ਇਹ ਜ਼ੁਲਮ ਉੱਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ।
2. ਵਿਆਕਰਨ
ਪ੍ਰਸ਼ਨ 1.
ਕਾਲ ਕੀ ਹੁੰਦਾ ਹੈ ? ਇਸਦੀਆਂ ਕਿਸਮਾਂ ਦੇ ਨਾਂ ਲਿਖੋ।
ਉੱਤਰ :
ਕਾਲ ਤੋਂ ਭਾਵ ਹੈ, “ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ, ਉਸ ਨੂੰ ‘ਕਾਲ’ ਕਿਹਾ ਜਾਂਦਾ ਹੈ; ਜਿਵੇਂ
(ਉ) ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜ੍ਹਦੇ ਹਾਂ।
(ਅ) ਅਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜਿਆ।
(ਇ) ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜਾਂਗੇ।
ਉਪਰੋਕਤ ਵਾਕਾਂ ਵਿਚਲੀਆਂ ਕਿਰਿਆਵਾਂ ਪੜ੍ਹਦੇ ਹਾਂ, “ਪੜਿਆ’ ਤੇ ‘ਪੜਾਂਗੇ ਸਮੇਂ ਦਾ ਬੋਧ ਕਰਾਉਂਦੀਆਂ ਹਨ ; ਜੋ ਕਿ ਤਿੰਨ ਪ੍ਰਕਾਰ ਦਾ ਹੈ –
1. ਭੂਤਕਾਲ
2. ਵਰਤਮਾਨ ਕਾਲ
3. ਭਵਿੱਖਤ ਕਾਲ।
ਪ੍ਰਸ਼ਨ 2.
ਕਾਲ ਦੀਆਂ ਤਿੰਨ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਲਿਖੋ।
ਉੱਤਰ :
1. ਭੂਤਕਾਲ – ਵਾਕ ਵਿਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਭੂਤਕਾਲ ਵਿਚ ਹੁੰਦੀ ਹੈ ; ਜਿਵੇਂ –
(ਉ) ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ?
(ਅ) ਬੰਦਾ ਬਹਾਦਰ ਅਠਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿਚੋਂ ਇਕ ਸੀ
2. ਵਰਤਮਾਨ ਕਾਲ – ਵਾਕ ਵਿਚ ਜਿਹੜੀ ਕਿਰਿਆ ਬੀਤ ਰਹੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਵਰਤਮਾਨ ਕਾਲ ਵਿਚ ਹੁੰਦੀ ਹੈ , ਜਿਵੇਂ –
(ੳ) ਆਮ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ।
(ਅ) ਇਹ ਦਿੱਲੀ ਦੇ ਕੁਤਬ – ਮੀਨਾਰ ਤੋਂ ਵੀ ਉੱਚਾ ਹੈ।
3. ਭਵਿੱਖਤ ਕਾਲ – ਵਾਕ ਵਿਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਭਵਿੱਖਤ ਕਾਲ ਵਿਚ ਹੁੰਦੀ ਹੈ , ਜਿਵੇਂ –
(ਉ) ਉਹ ਗੁਰੂ ਜੀ ਦੀ ਆਗਿਆ ਅਨੁਸਾਰ ਹਰ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹੇਗਾ।
(ਅ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜਿੱਤਾਂ ਬਾਰੇ ਲੇਖ ਲਿਖਣਗੇ।
3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਪੰਜਾਬੀ ਦਾ ਇੱਕ ਮੁਹਾਵਰਾ ਹੈ, “ਇੱਟ ਨਾਲ ਇੱਟ ਖੜਕਾਉਣਾ’ ਆਮ ਤੌਰ ‘ਤੇ ਬੰਦਾ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਆਖ ਕੇ ਜਾਣੋ ਸਾਰੀ ਗੱਲ ਆਖ ਦਿੱਤੀ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਵਿਖੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੇ ਇਹ ਜ਼ੁਲਮ ਢਾਹਿਆ ਸੀ।
ਬੰਦਾ ਬਹਾਦਰ ਨੇ ਇਸ ਜ਼ਾਲਮ ਹਾਕਮ ਨੂੰ ਮਾਰ ਮੁਕਾਇਆ ਸੀ ਤੇ ਉਸ ਦੀਆਂ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ। ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਇਹ ਸਭ ਤੋਂ ਵੱਖਰਾ ਸੀ। ਕੌਣ ਸੀ ਬੰਦਾ ਬਹਾਦਰ ? ਉਸ ਦਾ ਅਸਲ ਨਾਂ ਕੀ ਸੀ ? ਬੰਦਾ ਬਹਾਦਰ ਅਨਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇੱਕ ਸੀ। ਉਹ ਇੱਕ ਅਦੁੱਤੀ ਪ੍ਰਤਿਭਾ ਵਾਲਾ ਸੁਰਬੀਰ ਸੀ। ਉਸ ਦੇ ਜਨਮ ਤੋਂ ਲੈ ਕੇ ਉਸ ਦੀ ਸ਼ਹੀਦੀ ਤੱਕ ਉਸ ਦੇ ਜੀਵਨ ਵਿੱਚ ਕਈ ਤਬਦੀਲੀਆਂ ਆਈਆਂ। ਇਹਨਾਂ ਤਬਦੀਲੀਆਂ ਦੇ ਨਾਲ – ਨਾਲ ਉਸ ਬਦਲਦੇ ਰਹੇ। ਉਸ ਦਾ ਜਨਮ 27 ਅਕਤੂਬਰ, 1670 ਈਸਵੀਂ ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਇਹ ਥਾਂ ਜੰਮੂ ਤੇ ਪੁਣਛ ਦੇ ਵਿਚਕਾਰ ਜਿਹੇ ਹੈ।
ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇਕ ਗਰੀਬ ਕਿਰਸਾਨ ਸੀ, ਜਿਸ ਕੋਲ ਲਛਮਣ ਦੇਵ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਲਈ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲਦੀ, ਉਹ ਤੀਰ – ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ।ਉਹ ਇਕ ਚੰਗਾ ਨਿਸ਼ਾਨੇਬਾਜ਼ ਸੀ ਉਸ ਨੂੰ ਤਲਵਾਰ, ਤੀਰ – ਕਮਾਨ ਆਦਿ ਸ਼ਸਤਰ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ। ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ। ਉਸ ਦਾ ਰੰਗ ਕਣਕਵੰਨਾ, ਨੈਣ – ਨਕਸ਼ ਸੋਹਣੇ ਅਤੇ ਅੱਖਾਂ ਚਮਕੀਲੀਆਂ ਸਨ।
1. ਬੰਦਾ ਬਹਾਦਰ ਦੀ ਸੂਬਾ ਸਰਹੰਦ ਉੱਤੇ ਜਿੱਤ ਨੂੰ ਦਰਸਾਉਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ?
(ੳ) ਇੱਟ ਚੁੱਕਦੇ ਨੂੰ ਪੱਥਰ ਮਾਰਨਾ
(ਅ) ਇੱਟ ਨਾਲ ਇੱਟ ਖੜਕਾਉਣਾ
(ਇ) ਇੱਟ ਦਾ ਜਵਾਬ ਪੱਥਰ ਨਾਲ ਦੇਣਾ
(ਸ) ਇੱਟ – ਇੱਟ ਕਰਨਾ।
ਉੱਤਰ :
(ਅ) ਇੱਟ ਨਾਲ ਇੱਟ ਖੜਕਾਉਣਾ
2. ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਨੀਂਹਾਂ ਵਿਚ ਚਿਣਵਾਇਆ ਗਿਆ ਸੀ ?
(ਉ) ਸਰਹਿੰਦ ਵਿਚ
(ਅ) ਚਮਕੌਰ ਵਿਚ
(ਇ) ਦਿੱਲੀ ਵਿਚ
(ਸ) ਮੋਰਿੰਡਾ ਵਿਚ।
ਉੱਤਰ :
(ਉ) ਸਰਹਿੰਦ ਵਿਚ
3. ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਢਾਹੁਣ ਵਾਲਾ ਸਰਹਿੰਦ ਦਾ ਨਵਾਬ ਕੌਣ ਸੀ ?
(ਉ) ਵਜ਼ੀਰ ਖਾਂ
(ਅ) ਵਜ਼ੀਦ ਖਾਂ
(ਈ) ਅਮੀਰ ਖਾਂ
(ਸ) ਜ਼ਮਾਨ ਖਾਂ।
ਉੱਤਰ :
(ਉ) ਵਜ਼ੀਰ ਖਾਂ
4. ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਸਭ ਤੋਂ ਵੱਡਾ ਕਾਰਨਾਮਾ ਕੀ ਸੀ ?
(ਉ) ਸਮਾਣੇ ਦੀ ਜਿੱਤ
(ਅ) ਕੈਥਲ ਦੀ ਜਿੱਤ
(ਈ) ਗੁਰਦਾਸ ਨੰਗਲ ਦੀ ਲੜਾਈ
(ਸ) ਸਰਹਿੰਦ ਦੀ ਫ਼ਤਹਿ/ਵਜ਼ੀਰ ਖਾਂ ਨੂੰ ਮਾਰਨਾ।
ਉੱਤਰ :
(ਸ) ਸਰਹਿੰਦ ਦੀ ਫ਼ਤਹਿ/ਵਜ਼ੀਰ ਖਾਂ ਨੂੰ ਮਾਰਨਾ।
5. ਬੰਦਾ ਬਹਾਦਰ ਕਿਹੜੀ ਸਦੀ ਦੇ ਸੂਰਮਿਆਂ ਵਿਚੋਂ ਇਕ ਸੀ ?
(ਉ) ਸਤਾਰਵੀਂ
(ਅ) ਅਠਾਰਵੀਂ
(ਈ) ਉਨੀਵੀਂ
(ਸ) ਵੀਹਵੀਂ
ਉੱਤਰ :
(ਅ) ਅਠਾਰਵੀਂ
6. ਬੰਦਾ ਬਹਾਦਰ ਦਾ ਜਨਮ ਕਦੋਂ ਹੋਇਆ ?
(ੳ) 27 ਅਕਤੂਬਰ, 1670
(ਅ) 27 ਨਵੰਬਰ, 1670
(ਈ) 25 ਅਕਤੂਬਰ, 1670
(ਸ) 25 ਨਵੰਬਰ, 1670
ਉੱਤਰ :
(ੳ) 27 ਅਕਤੂਬਰ, 1670
7. ਬੰਦਾ ਬਹਾਦਰ ਦਾ ਜਨਮ ਕਿੱਥੇ ਹੋਇਆ ?
(ਉ) ਜੰਮੂ
(ਅ) ਪੁਣਛ
(ਈ) ਰਾਜੌਰੀ
(ਸ) ਕਠੂਆ।
ਉੱਤਰ :
(ਈ) ਰਾਜੌਰੀ
8. ਬੰਦਾ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ?
(ਉ) ਲਛਮਣ ਦੇਵ
(ਅ) ਲਛਮਣ ਦਾਸ
(ਈ) ਬੰਦਾ ਸਿੰਘ
(ਸ) ਬੰਦਾ ਵੈਰਾਗੀ !
ਉੱਤਰ :
(ਉ) ਲਛਮਣ ਦੇਵ
9. ਬੰਦਾ ਬਹਾਦਰ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ਼ਾਮ ਦੇਵ
(ਅ) ਰਾਮ ਦੇਵ
(ਈ) ਨਾਮ ਦੇਵ
(ਸ) ਸਮਸ਼ ਦੇਵ।
ਉੱਤਰ :
(ਅ) ਰਾਮ ਦੇਵ
10. ਲਛਮਣ ਦੇਵ ਤੀਰ – ਕਮਾਨ ਚੁੱਕ ਕੇ ਕੀ ਕਰਨ ਜਾਂਦਾ ਸੀ ?
(ਉ) ਦੁਸ਼ਮਣ ਮਾਰਨ
(ਅ) ਅਭਿਆਸ ਕਰਨ
(ਈ) ਸ਼ਿਕਾਰ ਖੇਡਣ
(ਸ) ਨਿਸ਼ਾਨੇਬਾਜ਼ੀ ਸਿੱਖਣ।
ਉੱਤਰ :
(ਈ) ਸ਼ਿਕਾਰ ਖੇਡਣ
11. ਲਛਮਣ ਦੇਵ ਬਚਪਨ ਤੋਂ ਹੀ ਕਿਹੋ ਜਿਹਾ ਸੀ ?
(ਉ) ਦਲੇਰ
(ਅ) ਸ਼ਰਮੀਲਾ
(ਈ) ਪੜਾਕੂ
(ਸ) ਵੈਰਾਗੀ॥
ਉੱਤਰ :
(ਉ) ਦਲੇਰ
12. ਲਛਮਣ ਦੇਵ ਦਾ ਕੱਦ ਕਿਹੋ ਜਿਹਾ ਸੀ ?
(ਉ) ਲੰਮਾ
(ਅ) ਮਧਰਾ
(ਈ) ਦਰਮਿਆਨਾ
(ਸ) ਬਹੁਤ ਛੋਟਾ।
ਉੱਤਰ :
(ਅ) ਮਧਰਾ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਮੁਹਾਵਰਾ, ਪੰਜਾਬ, ਬੰਦਾ ਬਹਾਦਰ, ਸਰਹਿੰਦ, ਗੁਰੂ ਗੋਬਿੰਦ ਸਿੰਘ ਜੀ।
(ii) ਅਸੀਂ, ਉਸ, ਇਹ, ਕੌਣ, ਕੀ।
(ii) ਸ਼ਾਹੀ, ਫ਼ੌਜਦਾਰ, ਜ਼ਾਲਮ, ਕਰਾਰੀ, ਸਭ ਤੋਂ ਵੱਡਾ 1
(iv) ਖੜਕਾਉਣਾ, ਵਰਤਿਆ ਜਾਂਦਾ ਹੈ, ਢਾਹਿਆ ਸੀ, ਹਾਰ ਦਿੱਤੀ ਸੀ, ਆਈਆਂ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ਦਲੇਰ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।
(ਉ) ਡਰਪੋਕ
(ਅ) ਦਲੇਰੀ
(ਇ) ਦਲੇਰਾਨਾ
(ਸ) ਡਰਨਾ।
ਉੱਤਰ :
(ਉ) ਡਰਪੋਕ
(ii) ‘ ਕੌਣ ਸੀ ਬੰਦਾ ਬਹਾਦਰ ?” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਕੌਣ
(ਅ) ਸੀ
(ਏ) ਬੰਦਾ।
(ਸ) ਬਹਾਦਰ।
ਉੱਤਰ :
(ਉ) ਕੌਣ
(ii) “ਉਸਦੇ ਜਨਮ ਤੋਂ ਲੈ ਕੇ ਉਸਦੀ ਸ਼ਹੀਦੀ ਤਕ ਉਸ ਦੇ ਜੀਵਨ ਵਿਚ ਕਈ ਤਬਦੀਲੀਆਂ ਆਈਆਂ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ।
(ਸ) ਪੰਜ।
ਉੱਤਰ :
(ਈ) ਚਾਰ।
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਮੁਹਾਵਰਾ
(ii) ਇੱਟ ਨਾਲ ਇੱਟ ਖੜਕਾਉਣਾ –
(ii) ਕਰਾਰੀ
(iv) ਕਾਰਨਾਮਾ
(v) ਅਦੁੱਤੀ
(vi) ਪ੍ਰਤਿਭਾ
(v) ਸ਼ਸਤਰ
ਉੱਤਰ :
(i) ਮੁਹਾਵਰਾ – ਇਕ ਸ਼ਬਦ ਸਮੂਹ, ਜਿਸ ਦੇ ਸ਼ਾਬਦਿਕ ਅਰਥ ਨਹੀਂ, ਸਗੋਂ ਪ੍ਰਚਲਿਤ ਅਰਥ ਠੀਕ ਮੰਨੇ ਜਾਂਦੇ ਹਨ।
(ii) ਇੱਟ ਨਾਲ ਇੱਟ ਖੜਕਾਉਣਾ – ਢਹਿ – ਢੇਰੀ ਕਰ ਦੇਣਾ।
(iii) ਕਰਾਰੀ – ਮਜ਼ਾ ਚਖਾਉਣ ਵਾਲੀ
(iv) ਕਾਰਨਾਮਾ – ਯਾਦਗਾਰੀ ਕੰਮ
(v) ਅਦੁੱਤੀ – ਲਾਸਾਨੀ, ਬੇਮਿਸਾਲ
(vi) ਪ੍ਰਤਿਭਾ – ਵਿਸ਼ੇਸ਼ ਮਾਨਸਿਕ ਗੁਣ ਜਾਂ ਮੁਹਾਰਤ।
(v) ਸ਼ਸਤਰ – ਹਥਿਆਰ।
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਇੱਥੇ ਹੀ ਸੰਨ 1707 ਈਸਵੀ ਵਿੱਚ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲੇ। ਮਾਧੋ ਦਾਸ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਗੁਰੂ ਜੀ ਤੋਂ ਉਹਨਾਂ ਦੇ ਮਾਤਾ – ਪਿਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਿਆ ਉਸ ਦਾ ਖੂਨ ਖੌਲ ਉੱਠਿਆ। ਉਹ ਤਾਂ ਇਕ ਹਿਰਨੀ ਤੇ ਉਸ ਦੇ ਬੱਚਿਆਂ ਦੇ ਮਰਨ ‘ਤੇ ਵਿਆਕੁਲ ਹੋ ਉੱਠਿਆ ਸੀ। ਇਹ ਸਾਕੇ ਸੁਣ ਕੇ ਉਸ ਦਾ ਰੋਹ ਜਾਗ ਪਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਦਾ ਹੀ ਬੰਦਾ ਹੈ, ਇਸ ਲਈ ਉਹ ਗੁਰੂ ਜੀ ਦੀ ਆਗਿਆ ਅਨੁਸਾਰ ਹਰ ਕੁਰਬਾਨੀ ਕਰਨ ਲਈ ਹਮੇਸ਼ਾਂ ਤਿਆਰ ਰਹੇਗਾ।
ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵਲ ਭੇਜਿਆ। ਗੁਰੂ ਜੀ ਨੇ ਉਸ ਰਾਹੀਂ ਪੰਜਾਬ ਰਹਿੰਦੇ ਆਪਣੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਭੇਜੇ।
ਜਦ ਬੰਦਾ ਸਿੰਘ ਨੇ ਪੰਜਾਬ ਵੱਲ ਕੂਚ ਕੀਤਾ, ਤਦ ਗੁਰੂ ਜੀ ਦੇ ਪੰਜ ਸਿੰਘ ਵੀ ਉਸ ਦੇ ਨਾਲ ਸਨ। ਪੰਜਾਬ ਵਿੱਚ ਗੁਰੂ ਜੀ ਦੇ ਸ਼ਰਧਾਲੂਆਂ ਨੂੰ ਗੁਰੂ ਜੀ ਦੀ ਆਗਿਆ ਨਾਲ ਆਏ ਬੰਦਾ ਸਿੰਘ ਬਾਰੇ ਜਿਉਂ – ਜਿਉਂ ਸੂਚਨਾ ਮਿਲੀ, ਉਹ ਉਸ ਨਾਲ ਜਬੋਬੰਦ ਹੁੰਦੇ ਗਏ।ਉਹਨਾਂ ਤੋਂ ਬਿਨਾਂ, ਹਾਕਮਾਂ ਦੇ ਜ਼ੁਲਮਾਂ ਦੇ ਸਤਾਏ ਹੋਰ ਬਹੁਤ ਸਾਰੇ ਲੋਕ ਵੀ ਬੰਦਾ ਸਿੰਘ ਨਾਲ ਆ ਰਲੇ। ਛੇਤੀ ਹੀ ਬੰਦਾ ਸਿੰਘ ਕੋਲ ਇਕ ਤਕੜੀ ਫ਼ੌਜ ਬਣ ਗਈ। ਇਸ ਵਿੱਚ ਹਜ਼ਾਰਾਂ ਘੋੜ – ਸਵਾਰ ਤੇ ਪੈਦਲ ਲੜਨ ਵਾਲੇ ਸਨ।
1. ਮਾਧੋ ਦਾਸ ਕਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ?
(ਉ) 1677
(ਅ) 1687
(ਇ) 1708
(ਸ) 1707
ਉੱਤਰ :
(ਸ) 1707
2. ਗੁਰੂ ਜੀ ਤੋਂ ਉਨ੍ਹਾਂ ਦੇ ਮਾਤਾ – ਪਿਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਿਰਤਾਂਤ ਦਾ ਬੰਦਾ ਬਹਾਦਰ ਉੱਤੇ ਕੀ ਅਸਰ ਪਿਆ ?
(ੳ) ਉਹ ਸੋਚਾਂ ਵਿੱਚ ਪੈ ਗਿਆ
(ਅ) ਉਹ ਚੁੱਪ ਹੋ ਗਿਆ
(ਇ) ਉਸਦਾ ਖੂਨ ਖੌਲ ਉੱਠਿਆ
(ਸ) ਉਹ ਸੌਂ ਨਾ ਸਕਿਆ।
ਉੱਤਰ :
(ਇ) ਉਸਦਾ ਖੂਨ ਖੌਲ ਉੱਠਿਆ
3. ਮਾਧੋ ਦਾਸ ਕਿਸ ਦੇ ਮਰਨ ਉੱਤੇ ਵਿਆਕੁਲ ਹੋ ਗਿਆ ਸੀ ?
(ਉ) ਹਿਰਨੀ ਦੇ ਬੱਚਿਆਂ ਦੇ
(ਅ) ਸਾਥੀਆਂ ਦੇ
(ਇ) ਮਾਤਾ – ਪਿਤਾ ਦੇ
(ਸ) ਹਿਰਨੀ ਦੇ।
ਉੱਤਰ :
(ਉ) ਹਿਰਨੀ ਦੇ ਬੱਚਿਆਂ ਦੇ
4. ਮਾਧੋ ਦਾਸ ਕਿਸ ਦਾ ਬੰਦਾ ਬਣ ਗਿਆ ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
(ਅ) ਵੈਰਾਗੀਆਂ ਦਾ
(ਇ) ਤਿਆਗੀਆਂ ਦਾ
(ਸ) ਜੋਗੀਆਂ – ਨਾਥਾਂ ਦਾ।
ਉੱਤਰ :
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
5. ਬੰਦਾ ਬਹਾਦਰ ਗੁਰੂ ਜੀ ਲਈ ਕੀ ਕਰਨ ਲਈ ਤਿਆਰ ਹੋ ਗਿਆ ?
(ਉ) ਹਰ ਕੁਰਬਾਨੀ
(ਅ) ਤਿਆਗ
(ਈ) ਤਪੱਸਿਆ
(ਸ) ਭਗਤੀ।
ਉੱਤਰ :
(ਉ) ਹਰ ਕੁਰਬਾਨੀ
6. ਗੁਰੂ ਜੀ ਨੇ ਮਾਧੋ ਦਾਸ ਦਾ ਨਾਂ ਕੀ ਰੱਖਿਆ ?
(ਉ) ਬੰਦਾ ਵੈਰਾਗੀ
(ਅ) ਬੰਦਾ ਸਿੰਘ
(ਇ) ਬੰਦਾ ਸਿੰਘ ਵੈਰਾਗੀ
(ਸ) ਬੰਦਾ ਵੈਰਾਗੀ ਸਿੰਘ॥
ਉੱਤਰ :
(ਅ) ਬੰਦਾ ਸਿੰਘ
7. ਗੁਰੂ ਜੀ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਵਿੱਚੋਂ ਕਿੰਨੇ ਤੀਰ ਕੱਢ ਕੇ ਦਿੱਤੇ ?
(ਉ) ਚਾਰ
(ਅ) ਪੰਜ
(ਈ) ਸੱਤ
(ਸ) ਗਿਆਰਾਂ।
ਉੱਤਰ :
(ਅ) ਪੰਜ
8. ਗੁਰੂ ਜੀ ਨੇ ਕਿੱਥੇ ਰਹਿੰਦੇ ਸਿੱਖਾਂ ਦੇ ਨਾਂ ਆਪਣੇ ਹੁਕਮਨਾਮੇ ਭੇਜੇ ?
(ਉ) ਪੰਜਾਬ ਵਿਚ
(ਅ) ਮਹਾਂਰਾਸ਼ਟਰਾ ਵਿਚ
(ਈ) ਰਾਜਪੂਤਾਨੇ ਵਿਚ
(ਸ) ਪਹਾੜਾਂ ਵਿਚ।
ਉੱਤਰ :
(ਉ) ਪੰਜਾਬ ਵਿਚ
9. ਜਦੋਂ ਬੰਦਾ ਬਹਾਦਰ ਨੇ ਪੰਜਾਬ ਵੱਲ ਕੂਚ ਕੀਤਾ, ਤਾਂ ਕਿੰਨੇ ਸਿੱਖ ਉਸਦੇ ਨਾਲ ਸਨ ?
(ਉ) ਤਿੰਨ
(ਅ) ਪੰਜ
(ਸ) ਗਿਆਰਾਂ ਨੂੰ
ਉੱਤਰ :
(ਅ) ਪੰਜ
10. ਬੰਦਾ ਸਿੰਘ ਕੋਲ ਕਿੰਨੀ ਫ਼ੌਜ ਇਕੱਠੀ ਹੋ ਗਈ ਸੀ ?
(ਉ) ਹਜ਼ਾਰਾਂ ਘੋੜ – ਸਵਾਰ
(ਅ) ਹਜ਼ਾਰਾਂ ਪੈਦਲ
(ਈ) ਹਜ਼ਾਰਾਂ ਪੈਦਲ ਤੇ ਘੋੜ – ਸਵਾਰੇ॥
(ਸ) ਹਜ਼ਾਰਾਂ ਆਮ ਲੋਕ।
ਉੱਤਰ :
(ਉ) ਹਜ਼ਾਰਾਂ ਘੋੜ – ਸਵਾਰ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਧੋ ਦਾਸ, ਪਿਤਾ, ਮਾਤਾ, ਸਾਹਿਬਜ਼ਾਦਿਆਂ।
(ii) ਉਸ, ਉਹਨਾਂ, ਇਹ, ਉਹ, ਇਸ।
(iii) ਬਹੁਤ, ਇੱਕ, ਹਰ, ਪੰਜ, ਜ਼ਾਲਮ॥
(iv) ਮਿਲੇ, ਹੋਇਆ, ਲੱਗਿਆ, ਖੌਲ ਉੱਠਿਆ, ਭੇਜਿਆ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਜੁਲਮ ਦਾ ਵਿਰੋਧੀ ਸ਼ਬਦ ਚੁਣੋ :
(ਉ) ਜਬਰ
(ਅ) ਤਰਸ
(ਇ) ਸੱਤ
(ਸ) ਪਿਆਰ।
ਉੱਤਰ :
(ਅ) ਤਰਸ
(ii) “ਉਸਦੀ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਉਸ
(ਆ) ਦੀ
(ਈ) ਗੱਲ
(ਸ) ਸੁਣ।
ਉੱਤਰ :
(ੳ) ਉਸ
(iii) ‘ਗੁਰੂ ਜੀ ਨੇ ਉਸਨੂੰ ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ। ਇਸ ਵਾਕ ਵਿਚ ਕਿੰਨੇ ਨਾਂਵ ਹਨ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਪ੍ਰਭਾਵਿਤ
(ii) ਖੂਨ ਖੌਲ ਉੱਠਿਆ
(ii) ਰੋਹ
(iv) ਹੁਕਮਨਾਮੇ
ਉੱਤਰ :
(i) ਪ੍ਰਭਾਵਿਤ – ਅਸਰ ਅਧੀਨ ਹੋਣਾ
(ii) ਖੂਨ ਖੌਲ ਉੱਠਿਆ – ਗੁੱਸੇ ਵਿਚ ਆ ਗਿਆ
(iii) ਰੋਹ – ठॉमा
(iv) ਹੁਕਮਨਾਮੇ – ਗੁਰੂ ਜੀ ਦਾ ਲਿਖਤੀ ਹੁਕਮ।