PSEB 7th Class Punjabi ਰਚਨਾ ਕਹਾਣੀ-ਰਚਨਾ (1st Language)

Punjab State Board PSEB 7th Class Punjabi Book Solutions Punjabi Rachana Kahaṇi Rachana ਰਚਨਾ ਕਹਾਣੀ-ਰਚਨਾ Textbook Exercise Questions and Answers.

PSEB 7th Class Punjabi Rachana ਕਹਾਣੀ-ਰਚਨਾ (1st Language)

1. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ। ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ। ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ ! ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ। ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ। ਦਰਜ਼ੀ ਇਕ ਨਰਮ ਦਿਲ ਆਦਮੀ ਸੀ। ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ। ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ। ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ। ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ। ਉਸ ਨੇ ਆਪਣੀ ਸੁੰਡ ਦੁਕਾਨ ਦੇ ਅੰਦਰ ਕੀਤੀ। ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ।

ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ। ਉਹ ਦਰਿਆ ‘ਤੇ ਪੁੱਜਾ। ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ ਵਾਪਸੀ ‘ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ। ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ। ਉਹ ਡਰਦਾ ਦੁਕਾਨ ਛੱਡ ਕੇ ਦੌੜ ਗਿਆ ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ।

ਸਿੱਟਾ-ਜਿਹਾ ਕਰਦੀ ਤਿਹਾ ਭਰੋਗੇ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

2. ਤਿਹਾਇਆ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ। ਉਹ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ। ਅੰਤ ਉਹ ਇਕ ਬਗੀਚੇ ਵਿਚ ਪੁੱਜਾ। ਉਸ ਨੇ ਪਾਣੀ ਦਾ ਇਕ ਘੜਾ ਦੇਖਿਆ।ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ। ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ। ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ। ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਿਹਾ।

ਉਹ ਕਾਂ ਬਹੁਤ ਸਿਆਣਾ ਸੀ। ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ। ਉਸ ਨੂੰ ਇਕ ਢੰਗ ਸੁੱਝਿਆ। ਉਸ ਨੇ ਠੀਕਰੀਆਂ ਤੇ ਰੋੜੇ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ। ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।
ਸਿੱਖਿਆ-ਜਿੱਥੇ ਚਾਹ ਉੱਥੇ ਰਾਹ।

3. ਲੋਲਾ ਤੇ ਬਘਿਆੜ

ਇਕ ਵਾਰੀ ਇਕ ਬਘਿਆੜ ਇਕ ਨਦੀ ਦੇ ਕੰਢੇ ਉੱਤੇ ਪਾਣੀ ਪੀ ਰਿਹਾ ਸੀ। ਦੂਜੇ ਪਾਸੇ ਨਿਵਾਣ ਵਲ ਉਸਨੇ ਇਕ ਲੇਲੇ ਨੂੰ ਪਾਣੀ ਪੀਂਦਿਆਂ ਦੇਖਿਆ। ਉਸਦਾ ਦਿਲ ਕੀਤਾ ਕਿ ਉਹ ਲੇਲੇ ਨੂੰ ਮਾਰ ਕੇ ਖਾ ਲਵੇ।ਉਹ ਮਨ ਵਿਚ ਉਸਨੂੰ ਖਾਣ ਦੇ ਬਹਾਨੇ ਸੋਚਣ ਲੱਗਾ।ਉਸਨੇ ਲੇਲੇ ਨੂੰ ਗੁੱਸੇ ਨਾਲ ਕਿਹਾ ਕਿ ਉਹ ਉਸਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਉਂ ਕਰ ਰਿਹਾ ਹੈ। ਲੇਲੇ ਨੇ ਡਰ ਕੇ ਨਿਮਰਤਾ ਨਾਲ ਕਿਹਾ, “ਮਹਾਰਾਜਾ ਪਾਣੀ ਤਾਂ ਤੁਹਾਡੇ ਵਲੋਂ ਮੇਰੀ ਵਲ ਆ ਰਿਹਾ ਹੈ। ਇਸ ਕਰਕੇ ਮੈਂ ਤੁਹਾਡੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਸ ਤਰ੍ਹਾਂ ਕਰ ਸਕਦਾ ਹਾਂ।”

ਬਘਿਆੜ ਨਿੱਠ ਜਿਹਾ ਹੋ ਗਿਆ ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ। ਉਸਨੇ ਉਸਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ। ਹੁਣ ਬਘਿਆੜ ਕੋਲ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, “ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ-ਦਾਦਾ ਹੋਵੇਗਾ। ਇਸ ਕਰਕੇ ਤੂੰ ਕਸੂਰਵਾਰ ਹੈਂ।” ਇਹ ਕਹਿ ਕੇ ਉਸਨੇ ਝਪੱਟਾ ਮਾਰਿਆ ਤੇ ਉਸਨੂੰ ਪਾੜ ਕੇ ਖਾ ਗਿਆ।

ਸਿੱਖਿਆ-ਡਾਢੇ ਦਾ ਸੱਤੀਂ ਵੀਹੀਂ ਸੌ।

ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

4. ਕਾਂ ਅਤੇ ਲੂੰਬੜੀ

ਚਲਾਕ ਲੂੰਬੜੀਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ। ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ-ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ। ਅੰਤ ਉਹ ਦਰੱਖ਼ਤਾਂ ਦੇ ਇਕ ਝੁੰਡ ਹੇਠ ਪਹੁੰਚੀ। ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ। ਇੰਨੇ ਨੂੰ ਲੰਬੜੀ ਨੇ ਉੱਪਰ ਵਲ ਧਿਆਨ ਮਾਰਿਆ ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ। ਇਹ ਦੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਆਇਆ।

ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ। ਉਸ ਨੇ ਬੜੀ ਚਾਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, “ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ। ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ। ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ। ਕਿਰਪਾ ਕਰ ਕੇ ਮੈਨੂੰ ਗਾ ਕੇ ਸੁਣਾ ” ਕਾਂ ਲੂੰਬੜੀ ਦੀ ਖੁਸ਼ਾਮਦ ਵਿਚ ਆ ਕੇ ਖ਼ੁਸ਼ੀ ਨਾਲ ਫੁੱਲ ਗਿਆ। ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ। ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ-ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ।

ਸਿੱਖਿਆ-ਖੁਸ਼ਾਮਦ ਤੋਂ ਬਚੋ।

5. ਆਜੜੀ ਅਤੇ ਬਘਿਆੜ

ਇਕ ਆਜੜੀ ਮੁੰਡਾ ਸੀ। ਉਹ ਆਪਣੇ ਪਿੰਡ ਤੋਂ ਬਾਹਰ ਜੰਗਲ ਵਿਚ ਭੇਡਾਂ ਚਾਰਨ ਜਾਂਦਾ ਹੁੰਦਾ ਸੀ। ਇਕ ਦਿਨ ਉਸ ਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ। ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, ਬਘਿਆੜ ! ਬਘਿਆੜ ! ਮੈਨੂੰ ਬਚਾਓ।” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ। ਉਹ ਆਪਣੇ ਕੰਮ-ਕਾਰ ਛੱਡ ਕੇ ਤੇ ਡਾਂਗਾਂ ਚੁੱਕ ਕੇ ਉਸ ਦੀ ਮੱਦਦ ਲਈ ਦੌੜੇ ਆਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਮੁੰਡਾ ਅੱਗੋਂ ਹੱਸਣ ਲੱਗ ਪਿਆ।ਉਨ੍ਹਾਂ ਨੇ ਪੁੱਛਿਆ, ‘ਬਘਿਆੜ ਕਿੱਥੇ ਹੈ ?” ਆਜੜੀ ਮੁੰਡੇ ਨੇ ਉੱਤਰ ਦਿੱਤਾ ਕਿ ਉਸ ਨੇ ਸਿਰਫ਼ ਉਨ੍ਹਾਂ ਨਾਲ ਮਖੌਲ ਹੀ ਕੀਤਾ ਹੈ, ਬਆੜ ਕੋਈ ਨਹੀਂ ਆਇਆ। ਲੋਕਾਂ ਨੂੰ ਉਸ ਦੀ ਇਸ ਗੱਲ ‘ਤੇ ਬੜਾ ਗੁੱਸਾ ਆਇਆ। ਉਹ ਭਰੇ-ਪੀਤੇ ਵਾਪਸ ਮੁੜ ਗਏ।

ਅਗਲੇ ਦਿਨ ਆਜੜੀ ਮੁੰਡਾ ਜਦੋਂ ਭੇਡਾਂ ਚਾਰ ਰਿਹਾ ਸੀ, ਤਾਂ ਬਘਿਆੜ ਸੱਚ-ਮੁੱਚ ਹੀ ਆ ਗਿਆ। ਉਹ ਉਸ ਦੀਆਂ ਭੇਡਾਂ ਨੂੰ ਮਾਰ-ਮਾਰ ਕੇ ਖਾਣ ਲੱਗਾ। ਮੁੰਡੇ ਨੇ ਬਹੁਤ ਰੌਲਾ ਪਾਇਆ ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸ ਦੀ ਮੱਦਦ ਲਈ ਨਾ ਆਇਆ। ਬਘਿਆੜ ਨੇ ਮੁੰਡੇ ਉੱਤੇ ਝਪਟਾ ਮਾਰਿਆ ਤੇ ਉਸ ਨੂੰ ਵੀ ਮਾਰ ਕੇ ਸੁੱਟ ਦਿੱਤਾ। ਇਸ ਤਰ੍ਹਾਂ ਇਕ ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ। ਸੱਚ ਹੈ, ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ।

ਸਿੱਖਿਆ-ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

6. ਏਕਤਾ ਵਿਚ ਬਲ ਹੈ

ਕਿਸਾਨ ਅਤੇ ਉਸ ਦੇ ਪੁੱਤਰ ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਸਨ। ਉਹ ਹਮੇਸ਼ਾਂ ਆਪਸ ਵਿਚ ਲੜਦੇ ਰਹਿੰਦੇ ਸਨ। ਕਿਸਾਨ ਨੇ ਉਨ੍ਹਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ।

ਇਕ ਵਾਰੀ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ। ਉਸ ਨੂੰ ਆਪਣੇ ਪੁੱਤਰਾਂ ਵਿਚਕਾਰ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ। ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ। ਉਸ ਨੇ ਪਤਲੀਆਂ-ਪਤਲੀਆਂ ਲੱਕੜਾਂ ਦਾ ਇਕ ਬੰਡਲ ਮੰਗਾਇਆ। ਉਸ ਨੇ ਬੰਡਲ ਵਿਚੋਂ ਇਕ-ਇਕ ਸੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੋੜਨ ਲਈ ਕਿਹਾ ਚੌਹਾਂ ਪੁੱਤਰਾਂ ਨੇ ਇਕ-ਇਕ ਲੱਕੜੀ ਬੜੀ ਸੌਖ ਨਾਲ ਤੋੜ ਦਿੱਤੀ।

ਫਿਰ ਕਿਸਾਨ ਨੇ ਸਾਰਾ ਬੰਡਲ ਘੁੱਟ ਕੇ ਬੰਨਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਇਕੱਲਾ-ਇਕੱਲਾ ਇਸ ਸਾਰੇ ਬੰਡਲ ਨੂੰ ਤੋੜੇ। ਕੋਈ ਵੀ ਪੁੱਤਰ ਉਸ ਬੰਨੇ ਹੋਏ ਬੰਡਲ ਨੂੰ ਨਾ ਤੋੜ ਸਕਿਆ। ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂ-ਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ। ਉਨ੍ਹਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ। ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਰਲ-ਮਿਲ ਕੇ ਰਹਿਣ ਦਾ ਵਚਨ ਦਿੱਤਾ।

ਸਿੱਖਿਆ-ਏਕਤਾ ਵਿਚ ਬਲ ਹੈ।

7. ਦੋ ਆਲਸੀ ਮਿੱਤਰ

ਇਕ ਪਿੰਡ ਵਿਚ ਦੋ ਨੌਜਵਾਨ ਮਿੱਤਰ ਰਹਿੰਦੇ ਸਨ। ਉਹ ਦੋਵੇਂ ਬਹੁਤ ਹੀ ਸੁਸਤ ਤੇ ਆਲਸੀ ਸਨ। ਉਹ ਕੋਈ ਕੰਮ ਨਹੀਂ ਸਨ ਕਰਦੇ। ਇਕ ਦਿਨ ਉਹ ਕਿਸੇ ਕਾਰਨ ਸ਼ਹਿਰ ਨੂੰ ਤੁਰ ਪਏ। ਰਸਤੇ ਵਿਚ ਧੁੱਪ ਬਹੁਤ ਸੀ ਅਤੇ ਉਹ ਇਕ ਸੰਘਣੀ ਛਾਂ ਵਾਲੀ ਬੇਰੀ ਹੇਠ ਲੰਮੇ ਪੈ ਗਏ। ਉਨ੍ਹਾਂ ਲੰਮੇ ਪਿਆ ਦੇਖਿਆ ਕਿ ਬੇਰੀ ਉੱਤੇ ਲਾਲ-ਲਾਲ ਬੇਰ ਲੱਗੇ ਹੋਏ ਸਨ। ਉਨ੍ਹਾਂ ਦੇ ਮੂੰਹ ਵਿਚ ਪਾਣੀ ਭਰ ਆਇਆ।

ਲੰਮਾ ਪਿਆ-ਪਿਆ ਇਕ ਮਿੱਤਰ ਦੂਜੇ ਨੂੰ ਤੇ ਦੂਜਾ ਪਹਿਲੇ ਨੂੰ ਕਹਿਣ ਲੱਗਾ ਕਿ ਉਹ ਬੇਰੀ ਉੱਤੇ ਚੜ੍ਹ ਕੇ ਬੇਰ ਲਾਹਵੇ। ਆਲਸੀ ਹੋਣ ਕਾਰਨ ਦੋਹਾਂ ਵਿਚੋਂ ਕੋਈ ਵੀ ਨਾ ਉੱਠਿਆ ਤੇ ਉਸੇ ਤਰਾਂ ਪਏ ਰਹੇ। ਉਨ੍ਹਾਂ ਆਪਣੇ-ਆਪਣੇ ਮੁੰਹ ਅੱਡੇ ਤੇ ਕਹਿਣ ਲੱਗੇ, “ਲਾਲ-ਲਾਲ ਬੇਰੋ, ਸਾਨੂੰ ਬੇਰੀ ਉੱਤੇ ਚੜ੍ਹਨਾ ਨਹੀਂ ਆਉਂਦਾ, ਤੁਸੀਂ ਆਪ ਹੀ ਸਾਡੇ ਮੂੰਹਾਂ ਵਿਚ ਡਿਗ ਪਵੋ !” ਇਸ ਤਰ੍ਹਾਂ ਸਾਰਾ ਦਿਨ ਮੁੰਹ ਅੱਡ ਕੇ ਪਏ ਰਹੇ। ਸ਼ਾਮ ਤਕ ਉਨ੍ਹਾਂ ਦੇ ਮੂੰਹ ਵਿਚ ਬੇਰ ਤਾਂ ਕੋਈ ਨਾ ਡਿਗਿਆ, ਪਰ ਪੰਛੀਆਂ ਦੀਆਂ ਵਿੱਠਾਂ ਜ਼ਰੂਰ ਡਿਗਦੀਆਂ ਰਹੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਮੂੰਹ ਬਹੁਤ ਗੰਦੇ ਹੋ ਗਏ। ਉਨ੍ਹਾਂ ਦੇ ਮੂੰਹਾਂ ਉੱਤੇ ਮੱਖੀਆਂ ਬੈਠਣ ਲੱਗੀਆਂ ਪਰੰਤੂ ਉਹ ਉਨ੍ਹਾਂ ਨੂੰ ਉਡਾਉਣ ਦੀ ਹਿੰਮਤ ਨਹੀਂ ਸਨ ਕਰ ਰਹੇ।

ਇੰਨੇ ਨੂੰ ਇਕ ਘੋੜ-ਸਵਾਰ ਉੱਧਰੋਂ ਲੰਘਿਆ। ਉਹ ਘੋੜੇ ਤੋਂ ਉੱਤਰਿਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੂੰਹ ਅੱਡ ਕੇ ਕਿਉਂ ਪਏ ਹੋ। ਇਕ ਮਿੱਤਰ ਨੇ ਉੱਤਰ ਦਿੱਤਾ ਕਿ ਨਾਲ ਦਾ ਉਸਦਾ ਮਿੱਤਰ ਬਹੁਤ ਸੁਸਤ ਹੈ। ਉਹ ਉਸ ਲਈ ਬੇਰੀ ਤੋਂ ਬੇਰ ਲਾਹ ਕੇ ਨਹੀਂ ਲਿਆਉਂਦਾ ਦੂਜਾ ਕਹਿਣ ਲੱਗਾ ਕਿ ਉਸਦੇ ਨਾਲ ਦਾ ਦੋਸਤ ਉਸ ਤੋਂ ਵੀ ਵਧੇਰੇ ਸੁਸਤ ਹੈ। ਉਹ ਉਸਦੇ ਮੂੰਹ ਤੋਂ ਮੱਖੀਆਂ ਨਹੀਂ ਉਡਾਉਂਦਾ।

ਇਹ ਸੁਣ ਕੇ ਘੋੜ-ਸਵਾਰ ਨੂੰ ਸਾਰੀ ਗੱਲ ਸਮਝ ਆ ਗਈ। ਉਹ ਸਮਝ ਗਿਆ ਕਿ ਦੋਵੇਂ ਮਿੱਤਰ ਆਲਸੀ ਤੇ ਸੁਸਤ ਹਨ। ਉਸਨੇ ਦੋਹਾਂ ਨੂੰ ਖੂਬ ਕੁਟਾਪਾ ਚਾੜਿਆ ਤੇ ਬੇਰੀ ਉੱਤੇ ਚੜ੍ਹਨ ਲਈ ਕਿਹਾ ਕੁੱਟ ਤੋਂ ਡਰਦੇ ਦੋਵੇਂ ਬੇਰੀ ਉੱਤੇ ਚੜ੍ਹ ਕੇ ਤੇ ਆਪਣੇ ਹੱਥਾਂ ਨਾਲ ਬੇਰ ਤੋੜ ਕੇ ਖਾਣ ਲੱਗੇ। ਉਨ੍ਹਾਂ ਢਿੱਡ ਭਰ ਕੇ ਮਿੱਠੇ ਬੇਰ ਖਾਧੇ ਤੇ ਜਦੋਂ ਉਹ ਹੇਠਾਂ ਉੱਤਰੇ ਤਾਂ ਘੋੜ-ਸਵਾਰ ਜਾ ਚੁੱਕਾ ਸੀ।

ਸਿੱਖਿਆ-ਆਲਸ ਜਾਂ ਸੁਸਤੀ ਸਭ ਤੋਂ ਵੱਡੀ ਬਿਮਾਰੀ ਹੈ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

8. ਹੰਕਾਰੀ ਬਾਰਾਂਸਿੰਝਾ

ਇਕ ਵਾਰ ਇਕ ਬਾਰਾਂਝਾ ਇਕ ਤਲਾ ਦੇ ਕੰਢੇ ਪਾਣੀ ਪੀ ਰਿਹਾ ਸੀ। ਪਾਣੀ ਬਹੁਤ ਸਾਫ਼ ਸੀ। ਬਾਰਾਂਸਿੰਝੇ ਨੂੰ ਪਾਣੀ ਵਿਚ ਆਪਣਾ ਪਰਛਾਵਾਂ ਦਿਸਿਆ। ਉਸ ਨੇ ਆਪਣੇ ਖ਼ੂਬਸੂਰਤ ਸਿੰਝ ਦੇਖੇ ਤੇ ਬੜਾ ਖੁਸ਼ ਹੋਇਆ। ਉਸ ਨੂੰ ਆਪਣੇ ਸਿੰਘਾਂ ਦੀ ਸੁੰਦਰਤਾ ’ਤੇ ਬੜਾ ਮਾਣ ਹੋਇਆ ਫਿਰ ਉਸ ਦੀ ਨਜ਼ਰ ਆਪਣੀਆਂ ਪਤਲੀਆਂ ਤੇ ਭੱਦੀਆਂ ਲੱਤਾਂ ‘ਤੇ ਪਈ। ਉਹ ਉਨ੍ਹਾਂ ਦੀ ਬਦਸੂਰਤੀ ਦੇਖ ਕੇ ਉਦਾਸ ਹੋ ਗਿਆ। ਉਹ ਰੱਬ ਨੂੰ ਬੁਰਾ-ਭਲਾ ਕਹਿਣ ਲੱਗਾ ਕਿ ਉਸ ਨੇ ਉਸ ਦੀਆਂ ਲੱਤਾਂ ਬਹੁਤ ਭੱਦੀਆਂ ਬਣਾਈਆਂ ਹਨ।

ਇਸੇ ਸਮੇਂ ਹੀ ਉਸ ਦੇ ਕੰਨੀਂ ਕੁੱਝ ਸ਼ਿਕਾਰੀ ਕੁੱਤਿਆਂ ਦੀ ਅਵਾਜ਼ ਪਈ। ਉਹ ਆਪਣੀ ਜਾਨ ਬਚਾਉਣ ਲਈ ਸਿਰ ‘ਤੇ ਪੈਰ ਰੱਖ ਕੇ ਦੌੜਿਆ। ਉਸ ਦੀਆਂ ਭੱਦੀਆਂ ਲੱਤਾਂ ਉਸ ਨੂੰ ਬਹੁਤ ਦੂਰ ਲੈ ਗਈਆਂ। ਉਹ ਇਨ੍ਹਾਂ ਲੱਤਾਂ ਦੀ ਸਹਾਇਤਾ ਨਾਲ ਸ਼ਿਕਾਰੀ ਕੁੱਤਿਆਂ ਦੇ ਕਦੇ ਵੀ ਕਾਬੂ ਨਹੀਂ ਸੀ ਆ ਸਕਦਾ ਪਰ ਬਦਕਿਸਮਤੀ ਨਾਲ ਉਸ ਦੇ ਸਿੰਝ ਇਕ ਝਾੜੀ ਵਿਚ ਫ਼ਸ ਗਏ। ਉਸ ਨੇ ਝਾੜੀ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਵਿਅਰਥ। ਇੰਨੇ ਨੂੰ ਸ਼ਿਕਾਰੀ ਕੁੱਤੇ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ।

ਇਸ ਪ੍ਰਕਾਰ ਉਸ ਦੀਆਂ ਭੱਦੀਆਂ ਲੱਤਾਂ ਨੇ ਉਸ ਦੀ ਜਾਨ ਬਚਾਉਣ ਲਈ ਮੱਦਦ ਕੀਤੀ, ਪਰ ਸੁੰਦਰ ਸਿੰਝਾਂ ਨੇ ਉਸ ਦੀ ਜਾਨ ਲੈ ਲਈ।

ਸਿੱਖਿਆ-ਹਰ ਇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।

9. ਸਿਆਣਾ ਕਾਂ

ਇਕ ਰਾਜੇ ਦਾ ਬਹੁਤ ਸੋਹਣਾ ਬਾਗ਼ ਸੀ, ਜਿਸਦੇ ਵਿਚਕਾਰ ਇਕ ਵੱਡਾ ਤਲਾਬ ਸੀ। ਰਾਜੇ ਦਾ ਰਾਜਕੁਮਾਰ ਹਰ ਰੋਜ਼ ਬਾਗ਼ ਵਿਚ ਆਉਂਦਾ ਸੀ ਤੇ ਕੁੱਝ ਸਮਾਂ ਸੈਰ-ਸਪਾਟਾ ਕਰਨ ਮਗਰੋਂ ਉਹ ਕੱਪੜੇ ਲਾਹ ਕੇ ਸਰੋਵਰ ਵਿਚ ਇਸ਼ਨਾਨ ਕਰਦਾ ਸੀ।

ਉਸ ਤਲਾਬ ਤੋਂ ਕੁੱਝ ਦੂਰ ਇਕ ਪੁਰਾਣਾ ਬੋਹੜ ਦਾ ਦਰੱਖ਼ਤ ਸੀ। ਉਸ ਉੱਤੇ ਇਕ ਕਾਂ ਅਤੇ ਕਾਉਣੀ ਰਹਿੰਦੇ ਸਨ। ਬੋਹੜ ਦੀ ਇਕ ਖੋੜ ਵਿਚ ਇਕ ਵੱਡਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਅੱਖ ਬਚਾ ਕੇ ਉਨ੍ਹਾਂ ਨੂੰ ਪੀ ਜਾਂਦਾ ਸੀ। ਕਾਂ ਅਤੇ ਕਾਉਣੀ ਇਸ ਤੋਂ ਬਹੁਤ ਦੁਖੀ ਸਨ, ਪਰੰਤੂ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੀ ਲੱਭਦਾ। ਇਕ ਦਿਨ ਕਾਂ ਨੇ ਇਕ ਤਰੀਕਾ ਸੋਚਿਆ। ਜਦੋਂ ਰਾਜਕੁਮਾਰ ਬਾਗ਼ ਦੀ ਸੈਰ ਕਰਨ ਮਗਰੋਂ ਤਲਾਬ ਵਿਚ ਨੁਹਾਉਣ ਲਈ ਆਇਆ, ਤਾਂ ਉਸਨੇ ਆਪਣੇ ਕੱਪੜੇ ਲਾਹ ਕੇ ਤਲਾਬ ਦੇ ਕੰਢੇ ਉੱਤੇ ਰੱਖੇ ਤੇ ਨਾਲ ਹੀ ਆਪਣੇ ਗਲੋਂ ਲਾਹ ਕੇ ਸੋਨੇ ਦਾ ਹਾਰ ਵੀ ਰੱਖ ਦਿੱਤਾ। ਜਦੋਂ ਰਾਜਕੁਮਾਰ ਨਹਾ

ਰਿਹਾ ਸੀ, ਤਾਂ ਕਾਂ ਨੇ ਹਾਰ ਆਪਣੀ ਚੁੰਝ ਵਿਚ ਚੁੱਕ ਲਿਆ ਤੇ ਹੌਲੀ ਹੌਲੀ ਉੱਡਣਾ ਸ਼ੁਰੂ ਕਰ ਦਿੱਤਾ ਰਾਜਕੁਮਾਰ ਨੇ ਉਸਨੂੰ ਹਾਰ ਚੁੱਕਦਿਆਂ ਦੇਖ ਲਿਆ ਤੇ ਆਪਣੇ ਸਿਪਾਹੀਆਂ ਨੂੰ ਉਸਦੇ ਮਗਰ ਲਾ ਦਿੱਤਾ ਕਾਂ ਨੇ ਬੋਹੜ ਦੇ ਦਰੱਖ਼ਤ ਕੋਲ ਪਹੁੰਚ ਕੇ ਹਾਰ ਉਸਦੀ ਖੋੜ ਵਿਚ ਸੁੱਟ ਦਿੱਤਾ। ਸਿਪਾਹੀਆਂ ਨੇ ਡਾਂਗ ਨਾਲ ਖੋੜ ਵਿਚ ਹਾਰ ਕੱਢਣ ਦੀ ਕੋਸ਼ਿਸ਼ ਕੀਤੀ, ਪਰੰਤੂ ਆਪਣੇ ਲਈ ਖ਼ਤਰਾ ਪੈਦਾ ਹੋਇਆ ਦੇਖ ਕੇ ਸੱਪ ਬਾਹਰ ਆ ਗਿਆ। ਸਿਪਾਹੀਆਂ ਨੇ ਸੱਪ ਨੂੰ ਮਾਰ ਦਿੱਤਾ ਤੇ ਹਾਰ ਖੋੜ੍ਹ ਵਿਚੋਂ ਕੱਢ ਲਿਆ।

ਰਾਜਕੁਮਾਰ ਹਾਰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਕਾਂ ਤੇ ਕਾਉਣੀ ਇਹ ਸਭ ਕੁੱਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਦੇਖ ਕੇ ਬਹੁਤ ਖ਼ੁਸ਼ ਹੋਏ। ਹੁਣ ਉਨ੍ਹਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀਂ ਸੀ। ਇਸ ਪ੍ਰਕਾਰ ਕਾਂ ਨੇ ਸਿਆਣਪ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾ ਲਿਆ ਤੇ ਦੋਵੇਂ ਸੁਖੀ-ਸੁਖੀ ਰਹਿਣ ਲੱਗੇ !

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

ਸਿੱਖਿਆ-ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ।
ਜਾਂ
ਸਾਨੂੰ ਮੁਸੀਬਤ ਵਿਚ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ।

10. ਇਮਾਨਦਾਰ ਲੱਕੜਹਾਰਾ
ਜਾਂ
ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ

ਇਕ ਪਿੰਡ ਵਿਚ ਇਕ ਗ਼ਰੀਬ ਲੱਕੜਹਾਰਾ ਰਹਿੰਦਾ ਸੀ। ਉਹ ਬਹੁਤ ਇਮਾਨਦਾਰ ਸੀ। ਉਹ ਹਰ ਰੋਜ਼ ਜੰਗਲ ਵਿਚ ਲੱਕੜਾਂ ਕੱਟਣ ਜਾਂਦਾ ਹੁੰਦਾ ਸੀ। ਇਕ ਦਿਨ ਉਹ ਜੰਗਲ ਵਿਚ ਨਦੀ ਦੇ ਕੰਢੇ ਉੱਤੇ ਪੁੱਜਾ ਅਤੇ ਇਕ ਦਰੱਖ਼ਤ ਨੂੰ ਕੱਟਣ ਲੱਗ ਪਿਆ ਅਜੇ ਉਸ ਨੇ ਦਰੱਖ਼ਤ ਦੇ ਮੁੱਢ ਵਿਚ ਪੰਜ-ਸੱਤ ਕੁਹਾੜੇ ਹੀ ਮਾਰੇ ਸਨ ਕਿ ਉਸ ਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿਚ ਡਿਗ ਪਿਆ। ਨਦੀ ਦਾ ਪਾਣੀ ਬਹੁਤ ਡੂੰਘਾ ਸੀ। ਲੱਕੜਹਾਰੇ ਨੂੰ ਨਾ ਤਰਨਾ ਆਉਂਦਾ ਸੀ ਤੇ ਨਾ ਚੁੱਭੀ ਲਾਉਣੀ। ਉਹ ਬਹੁਤ ਪਰੇਸ਼ਾਨ ਹੋਇਆ, ਪਰ ਕਰ ਕੁੱਝ ਨਹੀਂ ਸੀ ਸਕਦਾ ਉਹ ਬੈਠ ਕੇ ਰੋਣ ਲੱਗ ਪਿਆ। ਇੰਨੇ ਨੂੰ ਪਾਣੀ ਦਾ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ।

ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ। ਦੇਵਤੇ ਨੇ ਪਾਣੀ ਵਿਚ ਚੁੱਭੀ ਮਾਰੀ ਅਤੇ ਸੋਨੇ ਦਾ ਇਕ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ।ਦੇਵਤੇ ਨੇ ਫਿਰ ਪਾਣੀ ਵਿਚ ਚੁੱਭੀ ਮਾਰੀ ਤੇ ਚਾਂਦੀ ਦਾ ਇਕ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ ; ਉਸ ਦਾ ਕੁਹਾੜਾ ਲੋਹੇ ਦਾ ਹੈ, ਇਸ ਕਰਕੇ ਉਹ ਚਾਂਦੀ ਦਾ ਕੁੜਾਹਾ ਨਹੀਂ ਲਵੇਗਾ।

ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰੀ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, “ਇਹ ਹੀ ਮੇਰਾ ਕੁਹਾੜਾ ਹੈ। ਮੈਨੂੰ ਇਹ ਦੇ ਦੇਵੋ।” ਲੱਕੜਹਾਰੇ ਦੀ ਇਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ।

ਸਿੱਖਿਆ-ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ।

11. ਸ਼ੇਰ ਅਤੇ ਚੂਹੀ

ਇਕ ਦਿਨ ਬਹੁਤ ਗਰਮੀ ਸੀ। ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ। ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ। ਸ਼ੇਰ ਨੂੰ ਜਾਗ ਆ ਗਈ। ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ। ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰ ਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ। ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ। ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ ਸ਼ੇਰ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ-ਪੈਰ ਮਾਰੇ, ਪਰ ਵਿਅਰਥ। ਉਹ ਦੁੱਖ ਨਾਲ ਗਰਜਣ ਲੱਗਾ। ਉਸ ਦੀ ਅਵਾਜ਼ ਚੂਹੀ ਦੇ ਕੰਨੀਂ ਪਈ।

ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ। ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ। ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ।

ਸਿੱਟਾ-ਅੰਤ ਭਲੇ ਦਾ ਭਲਾ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

12. ਬਾਂਦਰ ਤੇ ਮਗਰਮੱਛ

ਇਕ ਦਰਿਆ ਦੇ ਕੰਢੇ ਉੱਤੇ ਇਕ ਭਾਰਾ ਜਾਮਣ ਦਾ ਦਰੱਖ਼ਤ ਸੀ। ਉਸਨੂੰ ਬਹੁਤ ਸਾਰੀਆਂ ਕਾਲੀਆਂ ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ। ਉਸ ਦਰੱਖ਼ਤ ਉੱਤੇ ਇਕ ਬਾਂਦਰ ਰਹਿੰਦਾ ਸੀ, ਜੋ ਹਰ ਰੋਜ਼ ਰੱਜ-ਰੱਜ ਜਾਮਣਾਂ ਖਾਂਦਾ ਸੀ। ਇਕ ਦਿਨ ਇਕ ਮਗਰਮੱਛ ਦਰਿਆ ਹੇਠ ਤੁਰਦਾ-ਤੁਰਦਾ ਜਾਮਣ ਦੇ ਰੁੱਖ ਹੇਠ ਆ ਗਿਆ ਤੇ ਬਾਹਰ ਨਿਕਲ ਕੇ ਧੁੱਪ ਸੇਕਣ ਲੱਗਾ। ਇੰਨੇ ਨੂੰ ਉਸਦੀ ਨਜ਼ਰ ਬਾਂਦਰ ਉੱਤੇ ਪਈ, ਜੋ ਕਿ ਜਾਮਣ ਦੇ ਦਰੱਖ਼ਤ ਉੱਤੇ ਜਾਮਣਾਂ ਖਾਂਦਾ ਤੇ ਟਪੂਸੀਆਂ ਮਾਰਦਾ ਸੀ। ਮਗਰਮੱਛ ਵੀ ਲਲਚਾਈਆਂ ਅੱਖਾਂ ਨਾਲ ਉਸ ਵਲ ਵੇਖਣ ਲੱਗ ਪਿਆ ਬਾਂਦਰ ਨੇ ਉਸ ਵਲ ਕੁੱਝ ਜਾਮਣਾਂ ਸੁੱਟ ਦਿੱਤੀਆਂ, ਜਿਨ੍ਹਾਂ ਨੂੰ ਖਾ ਕੇ ਉਹ ਬਹੁਤ ਖੁਸ਼ ਹੋਇਆ। ਉਸਨੇ ਕੁੱਝ ਜਾਮਣਾਂ ਆਪਣੀ ਘਰ ਵਾਲੀ ਲਈ ਵੀ ਰੱਖ ਲਈਆਂ।

ਬਾਂਦਰ ਦਾ ਧੰਨਵਾਦ ਕਰਕੇ ਉਹ ਜਾਮਣਾਂ ਲੈ ਕੇ ਘਰ ਵੱਲ ਚਲ ਪਿਆ ! ਘਰ ਪਹੁੰਚ ਕੇ ਉਸਨੇ ਮਗਰਮੱਛਣੀ ਨੂੰ ਜਾਮਣਾਂ ਖੁਆਈਆਂ ਤੇ ਉਹ ਬਹੁਤ ਖੁਸ਼ ਹੋਈ। ਹੁਣ ਮਗਰਮੱਛ ਹਰ ਰੋਜ਼ ਜਾਮਣ ਦੇ ਰੁੱਖ ਹੇਠ ਆ ਜਾਂਦਾ ਤੇ ਬਾਂਦਰ ਉਸਦੇ ਖਾਣ ਲਈ ਜਾਮਣਾਂ ਸੁੱਟਦਾ। ਇਸ ਤਰ੍ਹਾਂ ਦੋਹਾਂ ਦੀ ਖੂਬ ਦੋਸਤੀ ਪੈ ਗਈ।

ਮਗਰਮੱਛ ਕੁੱਝ ਜਾਮਣਾਂ ਹਰ ਰੋਜ਼ ਲਿਜਾ ਕੇ ਆਪਣੀ ਘਰਵਾਲੀ ਨੂੰ ਦਿੰਦਾ ਸੀ ਤੇ ਉਹ ਖਾ ਕੇ ਬਹੁਤ ਖ਼ੁਸ਼ ਹੁੰਦੀ ਸੀ। ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਬਾਂਦਰ ਹਰ ਰੋਜ਼ ਇੰਨੀਆਂ ਸੁਆਦੀ ਜਾਮਣਾਂ ਖਾਂਦਾ ਹੈ, ਉਸਦਾ ਕਲੇਜਾ ਵੀ ਜ਼ਰੂਰ ਬਹੁਤ ਸੁਆਦ ਹੋਵੇਗਾ।ਉਹ ਮਗਰਮੱਛ ਦੇ ਖਹਿੜੇ ਪਈ ਰਹਿੰਦੀ ਕਿ ਉਹ ਆਪਣੇ ਦੋਸਤ ਨੂੰ ਘਰ ਲਿਆਵੇ, ਕਿਉਂਕਿ ਉਹ ਉਸਦਾ ਕਲੇਜਾ ਖਾਣਾ ਚਾਹੁੰਦੀ ਹੈ। ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਸੀ ਕਰਨਾ ਚਾਹੁੰਦਾ ਪਰ ਘਰਵਾਲੀ ਬੁਰੀ ਤਰ੍ਹਾਂ ਜਿੱਦ ਪਈ ਹੋਈ ਸੀ ਕਿ ਉਹ ਆਪਣੇ ਦੋਸਤ ਨੂੰ ਘਰ ਲੈ ਕੇ ਆਵੇ।

ਹਾਰ ਕੇ ਮਗਰਮੱਛ ਨੇ ਬਾਂਦਰ ਨੂੰ ਘਰ ਲਿਆਉਣ ਦਾ ਇਰਾਦਾ ਕਰ ਲਿਆ। ਉਹ ਜਾਮਣ ਹੇਠ ਪੁੱਜਾ ਤੇ ਬਾਂਦਰ ਦੀਆਂ ਸੁੱਟੀਆਂ ਜਾਮਣਾਂ ਖਾਣ ਮਗਰੋਂ ਕਹਿਣ ਲੱਗਾ, ਦੋਸਤਾਂ ਤੂੰ ਹਰ ਰੋਜ਼ ਮੈਨੂੰ ਮਿੱਠੀਆਂ ਜਾਮਣਾਂ ਖੁਆਉਂਦਾ ਹੈਂ ਤੇ ਮੇਰੀ ਘਰਵਾਲੀ ਵੀ ਖਾਂਦੀ ਹੈ। ਉਹ ਚਾਹੁੰਦੀ ਹੈ ਕਿ ਤੂੰ ਮੇਰੇ ਨਾਲ ਘਰ ਚਲੇਂ,ਤਾਂ ਜੋ ਤੇਰਾ ਸ਼ੁਕਰੀਆ ਅਦਾ ਕੀਤਾ ਜਾ ਸਕੇ।”

ਇਹ ਸੁਣ ਕੇ ਬਾਂਦਰ ਝੱਟ ਤਿਆਰ ਹੋ ਗਿਆ। ਮਗਰਮੱਛ ਨੇ ਉਸ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਦਰਿਆ ਵਿਚ ਤਰਦਾ ਹੋਇਆ ਆਪਣੇ ਘਰ ਵਲ ਚਲ ਪਿਆ। ਅੱਧ ਕੁ ਵਿਚ ਪਹੁੰਚ ਕੇ ਮਗਰਮੱਛ ਨੇ ਬਾਂਦਰ ਨੂੰ ਅਸਲ ਗੱਲ ਦੱਸੀ ਤੇ ਕਹਿਣ ਲੱਗਾ ਕਿ ਉਸਦੀ ਘਰਵਾਲੀ ਉਸਦਾ ਦਿਲ ਖਾਣਾ ਚਾਹੁੰਦੀ ਹੈ। ਇਸ ਕਰਕੇ ਉਹ ਉਸਨੂੰ ਆਪਣੇ ਘਰ ਲਿਜਾ ਰਿਹਾ ਹੈ। ਬਾਂਦਰ ਬੜਾ ਹੁਸ਼ਿਆਰ ਸੀ। ਉਹ ਮਗਰਮੱਛ ਦੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, ‘ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਪਰ ਮੈਂ ਆਪਣਾ ਦਿਲ ਤਾਂ ਜਾਮਣ ਦੇ ਦਰੱਖ਼ਤ ਉੱਤੇ ਹੀ ਛੱਡ ਆਇਆ ਹਾਂ। ਦਿਲ ਲੈਣ ਲਈ ਤਾਂ ਸਾਨੂੰ ਵਾਪਸ ਜਾਣਾ ਪਵੇਗਾ।” ਜੇਕਰ ਮੇਰੇ ਕੋਲ ਦਿਲ ਹੀ ਨਹੀਂ ਹੋਵੇਗਾ ਤਾਂ ਭਾਬੀ ਖਾਵੇਗੀ ਕੀ।

ਇਹ ਸੁਣ ਕੇ ਮਗਰਮੱਛ ਮੁੜ ਉਸਨੂੰ ਜਾਮਣ ਦੇ ਦਰੱਖ਼ਤ ਕੋਲ ਲੈ ਆਇਆ। ਬਾਂਦਰ ਟਪੂਸੀ ਮਾਰ ਕੇ ਜਾਮਣ ਉੱਤੇ ਜਾ ਚੜਿਆ ਤੇ ਕਹਿਣ ਲੱਗਾ, “ਤੂੰ ਚੰਗਾ ਦੋਸਤ ਹੈਂ। ਜੋ ਮੇਰੀ ਜਾਨ ਲੈਣੀ ਚਾਹੁੰਦਾ ਹੈਂ। ਤੇਰੇ ਵਰਗੇ ਦੋਸਤ ਤੋਂ ਤਾਂ ਰੱਬ ਬਚਾਵੇ।’

ਇਹ ਸੁਣ ਕੇ ਮਗਰਮੱਛ ਸ਼ਰਮਿੰਦਾ ਜਿਹਾ ਹੋ ਗਿਆ। ਉਹ ਆਪਣੀ ਘਰਵਾਲੀ ਦੀ ਗੱਲ ਮੰਨ ਕੇ ਪਛਤਾ ਰਿਹਾ ਸੀ।

ਸਿੱਖਿਆ-ਸੁਆਰਥੀ ਮਿੱਤਰਾਂ ਤੋਂ ਬਚੋ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

13. ਮਤਲਬੀ ਯਾਰ
ਜਾਂ
ਮਿੱਤਰ ਉਹ ਜੋ ਮੁਸੀਬਤ ਵਿਚ ਕੰਮ ਆਵੇ

ਸੁਰਿੰਦਰ ਅਤੇ ਮਹਿੰਦਰ ਇਕ ਪਿੰਡ ਵਿਚ ਰਹਿੰਦੇ ਸਨ। ਉਹ ਬੜੇ ਪੱਕੇ ਮਿੱਤਰ ਸਨ। ਇਕ ਵਾਰ ਉਹ ਕਿਸੇ ਨੌਕਰੀ ਦੀ ਭਾਲ ਵਿਚ ਘਰੋਂ ਤੁਰ ਪਏ। ਦੋਹਾਂ ਨੇ ਮੁਸ਼ਕਲ ਵਿਚ ਇਕ-ਦੂਜੇ ਦੀ ਮਦਦ ਕਰਨ ਦਾ ਇਕਰਾਰ ਕੀਤਾ ਤੁਰਦੇ-ਤੁਰਦੇ ਉਹ ਇਕ ਜੰਗਲ ਵਿਚ ਜਾ ਪੁੱਜੇ।ਉਨ੍ਹਾਂ ਨੇ ਆਪਣੇ ਵਲ ਇਕ ਜੰਗਲੀ ਰਿੱਛ ਆਉਂਦਾ ਦੇਖਿਆ। ਸੁਰਿੰਦਰ ਇਕ ਦਮ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉਸ ਨੇ ਆਪਣੀ ਜਾਨ ਬਚਾ ਲਈ।

ਮਹਿੰਦਰ ਬੜਾ ਪਰੇਸ਼ਾਨ ਹੋਇਆ ਕਿ ਉਹ ਕੀ ਕਰੇ ? ਉਸ ਦਾ ਜੀਵਨ ਖ਼ਤਰੇ ਵਿਚ ਸੀ। ਉਸ ਨੂੰ ਦਰੱਖਤ ‘ਤੇ ਚੜ੍ਹਨਾ ਨਹੀਂ ਸੀ ਆਉਂਦਾ। ਉਸ ਨੇ ਸਮਝ ਤੋਂ ਕੰਮ ਲਿਆ। ਉਹ ਸਾਹ ਘਸੀਟ ਕੇ ਧਰਤੀ ਉੱਤੇ ਲੰਮਾ ਪੈ ਗਿਆ।

ਗਿੱਛ ਉਸ ਦੇ ਕੋਲ ਪੁੱਜਾ। ਉਸ ਨੇ ਮਹਿੰਦਰ ਨੂੰ ਸੁੰਘਿਆ ਅਤੇ ਉਸ ਦੇ ਕੰਨ ਨੂੰ ਮੂੰਹ ਲਾ ਕੇ ਦੇਖਿਆ। ਉਸ ਨੇ ਸਮਝਿਆ ਕਿ ਮਹਿੰਦਰ ਮੁਰਦਾ ਹੈ। ਉਹ ਉਸ ਨੂੰ ਛੱਡ ਕੇ ਚਲਾ ਗਿਆ।

ਸੁਰਿੰਦਰ ਦਰੱਖ਼ਤ ਤੋਂ ਉਤਰਿਆ। ਉਹ ਮਹਿੰਦਰ ਨੂੰ ਪੁੱਛਣ ਲੱਗਾ, “ਰਿੱਛ ਨੇ ਤੇਰੇ ਕੰਨ ਵਿਚ ਕੀ ਕਿਹਾ ਸੀ ? ‘ ਮਹਿੰਦਰ ਨੇ ਇਕ ਦਮ ਉੱਤਰ ਦਿੱਤਾ, “ਰਿੱਛ ਨੇ ਮੈਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਮਤਲਬੀ ਮਿੱਤਰਾਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ। ਇਹ ਸੁਣ ਕੇ ਸੁਰਿੰਦਰ ਬਹੁਤ ਸ਼ਰਮਿੰਦਾ ਹੋਇਆ ! ਮਹਿੰਦਰ ਨੇ ਉਸ ਦੀ ਮਿੱਤਰਤਾ ਦਾ ਸਦਾ ਲਈ ਤਿਆਗ ਕਰ ਦਿੱਤਾ।

ਸਿੱਖਿਆ-“ਮਿੱਤਰ ਉਹ, ਜੋ ਮੁਸੀਬਤ ਵਿਚ ਕੰਮ ਆਵੇ।

14. ਲੂੰਬੜੀ ਤੇ ਖੱਟੇ ਅੰਗੂਰ
ਜਾਂ
ਦਾਖੇ ਹੱਥ ਨਾ ਅੱਪੜੇ, ਆਖੇ ਬੂਹ ਕੌੜੀ

ਇਕ ਦਿਨ ਬੜੀ ਗਰਮੀ ਸੀ। ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ, ਪਰ ਉਸ ਨੂੰ ਇਧਰੋਂ-ਉਧਰੋਂ ਖਾਣ ਲਈ ਕੁੱਝ ਨਾ ਮਿਲਿਆ। ਉਹ ਖ਼ੁਰਾਕ ਦੀ ਭਾਲ ਵਿਚ ਬਹੁਤ ਦੂਰ ਨਿਕਲ ਗਈ। ਅੰਤ ਉਹ ਇਕ ਛਾਂ ਵਾਲੇ ਦਰੱਖ਼ਤ ਹੇਠ ਪੁੱਜੀ। ਉਹ ਉਸ ਦੀ ਛਾਂ ਹੇਠ ਲੰਮੀ ਪੈ ਗਈ।

ਇੰਨੇ ਨੂੰ ਲੰਬੜੀ ਦੀ ਨਿਗਾਹ ਉੱਪਰ ਪਈ। ਉਸ ਨੇ ਦੇਖਿਆ ਕਿ ਅੰਗੂਰਾਂ ਦੀ ਵੇਲ ਨਾਲ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਲਮਕ ਰਹੇ ਹਨ। ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਉੱਛਲ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅੰਗੁਰ ਬਹੁਤ ਉੱਚੇ ਸਨ। ਉਸ ਨੇ ਵਾਰ-ਵਾਰ ਛਾਲਾਂ ਮਾਰੀਆਂ, ਪਰ ਵਿਅਰਥ ! ਅੰਤ ਉਹ ਨਫ਼ਰਤ ਨਾਲ ਇਹ ਕਹਿੰਦੀ ਹੋਈ ਅੱਗੇ ਤੁਰ ਪਈ ‘‘ਅੰਗੂਰ ਖੱਟੇ ਹਨ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

15. ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ
ਜਾਂ
ਲਾਲਚ ਬੁਰੀ ਬਲਾ ਹੈ

ਇਕ ਆਦਮੀ ਕੋਲ ਇਕ ਬੜੀ ਅਦਭੁਤ ਮੁਰਗੀ ਹੁੰਦੀ ਸੀ। ਉਹ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਹੁੰਦੀ ਸੀ। ਉਹ ਆਦਮੀ ਉਨ੍ਹਾਂ ਆਂਡਿਆਂ ਨੂੰ ਵੇਚ-ਵੇਚ ਕੇ ਥੋੜੇ ਸਮੇਂ ਵਿਚ ਹੀ ਬਹੁਤ ਅਮੀਰ ਹੋ ਗਿਆ, ਪਰੰਤੂ ਉਹ ਬਹੁਤ ਲਾਲਚੀ ਆਦਮੀ ਸੀ। ਉਹ ਮੁਰਗੀ ਦੇ ਇਕ ਆਂਡੇ ਨਾਲ ਸੰਤੁਸ਼ਟ ਨਹੀਂ ਸੀ। ਉਹ ਚਾਹੁੰਦਾ ਸੀ ਕਿ ਝਟਪਟ ਕਾਰਾਂ, ਕੋਠੀਆਂ ਤੇ ਕਾਰਖਾਨਿਆਂ ਦਾ ਮਾਲਕ ਬਣ ਜਾਵੇ।ਉਹ ਰਾਤ-ਦਿਨ ਉਨ੍ਹਾਂ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਤਰੀਕੇ ਸੋਚਦਾ ਰਹਿੰਦਾ, ਪਰੰਤੂ ਮੂਰਖ ਹੋਣ ਕਰਕੇ ਉਹ ਧਨ ਕਮਾਉਣ ਦੇ ਢੰਗ-ਤਰੀਕੇ ਨਹੀਂ ਸੀ ਸੋਚ ਸਕਦਾ।

ਇਕ ਦਿਨ ਉਸ ਨੇ ਸੋਚਿਆ ਕਿਉਂ ਨਾ ਉਹ ਮੁਰਗੀ ਦਾ ਢਿੱਡ ਚੀਰ ਕੇ ਉਸ ਵਿਚੋਂ ਸੋਨੇ ਦੇ ਸਾਰੇ ਆਂਡੇ ਇੱਕੋ ਵਾਰੀ ਹੀ ਕੱਢ ਲਵੇ। ਇਸ ਪ੍ਰਕਾਰ ਉਹ ਇਕੋ ਦਿਨ ਵਿਚ ਹੀ ਬੇਹੱਦ ਅਮੀਰ ਬਣ ਜਾਵੇਗਾ ਅਤੇ ਆਰਾਮ ਤੇ ਮਾਣ ਦਾ ਜੀਵਨ ਜੀਵੇਗਾ। ਉਸ ਨੇ ਇਕ ਤੇਜ਼ ਛੁਰੀ ਚੁੱਕੀ ਅਤੇ ਮੁਰਗੀ ਦੇ ਮਗਰ ਦੌੜ ਪਿਆ। ਛੇਤੀ ਹੀ ਮੁਰਗੀ ਉਸ ਦੇ ਹੱਥ ਆ ਗਈ। ਉਸ ਨੇ ਇਕ ਦਮ ਛੁਰੀ ਮਾਰ ਕੇ ਉਸ ਦਾ ਢਿੱਡ ਪਾੜ ਦਿੱਤਾ, ਪਰੰਤੂ ਉਸ ਨੂੰ ਢਿੱਡ ਵਿਚੋਂ ਸਿਵਾਏ ਖੂਨ ਦੇ ਹੋਰ ਕੁੱਝ ਵੀ ਨਾ ਮਿਲਿਆ। ਇਸ ਦੇ ਨਾਲ ਹੀ ਮੁਰਗੀ ਮਰ ਗਈ। ਇਸ ਤਰ੍ਹਾਂ ਉਹ ਮੂਰਖ ਲਾਲਚ ਵਿਚ ਫਸ ਕੇ ਹਰ ਰੋਜ਼ ਮਿਲਣ ਵਾਲੇ ਸੋਨੇ ਦੇ ਆਂਡੇ ਤੋਂ ਹੱਥ ਧੋ ਬੈਠਾ।

ਸਿੱਖਿਆ-ਲਾਲਚ ਬੁਰੀ ਬਲਾ ਹੈ।

16. ਖ਼ਰਗੋਸ਼ ਤੇ ਕੱਛੂਕੁੰਮਾ
ਜਾਂ
ਸਹਿਜ ਪੱਕੇ ਸੋ ਮੀਠਾ ਹੋਏ

ਇਕ ਜੰਗਲ ਵਿਚ ਇਕ ਖ਼ਰਗੋਸ਼ ਰਹਿੰਦਾ ਸੀ। ਉਸ ਦੇ ਘਰ ਦੇ ਨੇੜੇ ਹੀ ਇਕ ਛੱਪੜ ਵਿਚ ਇਕ ਕੱਛੂਕੁੰਮਾ ਰਹਿੰਦਾ ਸੀ। ਖ਼ਰਗੋਸ਼ ਨੂੰ ਆਪਣੀ ਤੇਜ਼ ਚਾਲ ਉੱਤੇ ਬੜਾ ਮਾਣ ਸੀ। ਉਹ ਕੱਛੂਕੁੰਮੇ ਦੀ ਹੌਲੀ ਚਾਲ ਦਾ ਬੜਾ ਮਖੌਲ ਉਡਾਉਂਦਾ ਰਹਿੰਦਾ ਸੀ ਕੱਛੁਕੁੰਮੇ ਨੂੰ ਖ਼ਰਗੋਸ਼ ਦਾ ਇਹ ਮਖੌਲ ਬਹੁਤ ਬੁਰਾ ਲਗਦਾ ਸੀ। ਇਕ ਦਿਨ ਉਸ ਨੇ ਖ਼ਰਗੋਸ਼ ਨੂੰ ਕਿਹਾ ਕਿ ਉਹ ਦੌੜ ਵਿਚ ਉਸ ਦਾ ਮੁਕਾਬਲਾ ਕਰ ਕੇ ਵੇਖੇ। ਖ਼ਰਗੋਸ਼ ਨੇ ਇਹ ਗੱਲ ਝਟਪਟ ਮੰਨ ਲਈ। ਦੋਵੇਂ ਦੌੜ ਲਾਉਣ ਲਈ ਤਿਆਰ ਹੋ ਗਏ।

ਦੋਹਾਂ ਨੇ ਜਿੱਥੇ ਪਹੁੰਚਣਾ ਸੀ, ਉਹ ਥਾਂ ਮਿੱਥ ਲਈ ਗਈ। ਖ਼ਰਗੋਸ਼ ਬਹੁਤ ਤੇਜ਼ ਦੌੜਿਆ। ਉਹ ਕੱਛੂਕੁੰਮੇ ਨੂੰ ਬਹੁਤ ਪਿੱਛੇ ਛੱਡ ਗਿਆ। ਕਾਫ਼ੀ ਅੱਗੇ ਜਾ ਕੇ ਉਸ ਨੇ ਆਰਾਮ ਕਰਨਾ ਚਾਹਿਆ। ਉਸ ਦਾ ਖ਼ਿਆਲ ਸੀ ਕਿ ਸੁਸਤ ਚਾਲ ਵਾਲਾ ਕੱਛੁਕੁੰਮਾ ਉਸ ਨਾਲੋਂ ਕਦੇ ਵੀ ਅੱਗੇ ਨਹੀਂ ਲੰਘ ਸਕਦਾ।ਉਹ ਇਕ ਦਰੱਖ਼ਤ ਦੀ ਸੰਘਣੀ ਛਾਂ ਹੇਠ ਲੇਟ ਗਿਆ ਅਤੇ ਘੂਕ ਨੀਂਦੇ ਸੌਂ ਗਿਆ। ਕੱਛੂਕੁੰਮੇ ਨੇ ਆਪਣੀ ਦੌੜ ਜਾਰੀ ਰੱਖੀ। ਰਸਤੇ ਵਿਚ ਉਸ ਨੇ ਖ਼ਰਗੋਸ਼ ਨੂੰ ਸੁੱਤਾ ਪਿਆ ਦੇਖਿਆ। ਉਸ ਨੇ ਆਰਾਮ ਨਾ ਕੀਤਾ ਅਤੇ ਅੱਗੇ ਚਲਦਾ ਗਿਆ।

ਤ੍ਰਿਕਾਲਾਂ ਪੈਣ ‘ਤੇ ਖ਼ਰਗੋਸ਼ ਸੁੱਤਾ ਉੱਠਿਆ। ਉਹ ਤੇਜ਼ ਦੌੜਿਆ ਅਤੇ ਝਟ-ਪਟ ਨਿਸ਼ਾਨੇ ਉੱਤੇ ਪੁੱਜ ਗਿਆ, ਪਰ ਕੱਛੁਕੁੰਮਾ ਉਸ ਤੋਂ ਵੀ ਪਹਿਲਾਂ ਉੱਥੇ ਪੁੱਜ ਚੁੱਕਾ ਸੀ ਕੱਛੂਕੁੰਮਾ ਦੌੜ ਜਿੱਤ ਗਿਆ ਅਤੇ ਖ਼ਰਗੋਸ਼ ਬਹੁਤ ਸ਼ਰਮਿੰਦਾ ਹੋਇਆ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

ਸਿੱਖਿਆ-ਸਹਿਜ ਪੱਕੇ ਸੋ ਮੀਠਾ ਹੋਏ।

Leave a Comment