Punjab State Board PSEB 7th Class Punjabi Book Solutions Punjabi Rachana Chithi Patara ਰਚਨਾ ਚਿੱਠੀ-ਪੱਤਰ Textbook Exercise Questions and Answers.
PSEB 7th Class Punjabi Rachana ਚਿੱਠੀ-ਪੱਤਰ (1st Language)
1. ਹੋਸਟਲ ਵਿਚ ਰਹਿੰਦੇ ਆਪਣੇ ਛੋਟੇ ਭਰਾ ਨੂੰ ਇਮਤਿਹਾਨਾਂ ਦੀ ਤਿਆਰੀ ਲਈ ਹਦਾਇਤ ਕਰੋ।
11 ਇਸਲਾਮਾਬਾਦ,
ਹੁਸ਼ਿਆਰਪੁਰ।
15 ਜਨਵਰੀ, 20….
ਪਿਆਰੇ ਜੁਗਰਾਜ,
ਮਿੱਠੀਆਂ ਯਾਦਾਂ।
ਆਸ ਹੈ ਕਿ ਤੂੰ ਬਿਲਕੁਲ ਰਾਜੀ-ਖੁਸ਼ੀ ਹੋਵੇਂਗਾ। ਮੈਂ ਕੁੱਝ ਦਿਨਾਂ ਤੋਂ ਤੈਨੂੰ ਚਿੱਠੀ ਲਿਖਣ ਬਾਰੇ ਸੋਚ ਰਿਹਾ ਸਾਂ ਕਿਉਂਕਿ ਮੈਨੂੰ ਮਾਰਚ ਵਿਚ ਆ ਰਹੇ ਤੇਰੇ ਸਾਲਾਨਾ ਇਮਤਿਹਾਨਾਂ ਦਾ ਬਹੁਤ ਫ਼ਿਕਰ ਹੈ। ਮੈਨੂੰ ਪਤਾ ਹੈ ਕਿ ਬੀਤੇ ਅਕਤੂਬਰ ਵਿਚ ਤੇਰੇ ਡੇਂਗੂ ਦਾ ਸ਼ਿਕਾਰ ਹੋਣ ਕਰ ਕੇ ਤੇਰੀ ਪੜ੍ਹਾਈ ਬਹੁਤ ਪਛੜ ਗਈ ਸੀ, ਜਿਸ ਕਰਕੇ ਸਕੂਲ ਦੇ ਦਸੰਬਰ ਟੈਸਟ ਵਿਚ ਤੇਰੇ ਅੰਗਰੇਜ਼ੀ ਵਿਚ ਤੇ ਗਣਿਤ ਵਿਚ ਨੰਬਰ ਮਸਾਂ ਪਾਸ ਹੋਣ ਜੋਗੇ ਹੀ ਆਏ ਸਨ। ਮੈਂ ਤੈਨੂੰ ਇਸ ਚਿੱਠੀ ਰਾਹੀਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਅਜੇ ਤੇਰੇ ਸਾਲਾਨਾ ਇਮਤਿਹਾਨ ਵਿਚ ਦੋ ਮਹੀਨੇ ਪਏ ਹਨ। ਤੈਨੂੰ ਬੀਤੇ ਸਮੇਂ ਵਿਚ ਪਛੜੀ ਆਪਣੀ ਪੜ੍ਹਾਈ ਨੂੰ ਪੂਰੀ ਕਰਨ ਲਈ ਦਿਨ-ਰਾਤ ਇਕ ਕਰ ਦੇਣਾ ਚਾਹੀਦਾ ਹੈ।
ਇਸ ਲਈ ਤੈਨੂੰ ਹੋਸਟਲ ਵਿਚ ਰਹਿੰਦਿਆਂ ਨਾ ਦੋਸਤਾਂ ਮਿੱਤਰਾਂ ਨਾਲ, ਨਾ ਹੀ ਟੈਲੀਵਿਯਨ ਦੇਖਣ ਜਾਂ ਮੋਬਾਈਲ ਦੀ ਵਰਤੋਂ ਕਰਨ ਵਿਚ ਆਪਣਾ ਸਮਾਂ ਬਰਬਾਦ ਕਰਨਾ ਚਾਹੀਦਾ ਹੈ ਤੇ ਨਾ ਹੀ ਖੇਡਾਂ ਖੇਡਣ ਵਿਚ। ਤੈਨੂੰ ਲਗਾਤਾਰ ਸਿਰ ਸੁੱਟ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਉਦੇਸ਼ ਲਈ ਤੈਨੂੰ ਦਿਨ-ਰਾਤ ਦੇ ਸਮੇਂ ਦੀ ਵੰਡ ਕਰ ਲੈਣੀ ਚਾਹੀਦੀ ਹੈ ਤੇ ਸੌਣ, ਪੜ੍ਹਾਈ ਕਰਨ ਤੇ ਕਸਰਤ ਕਰਨ ਲਈ ਸਮਾਂ ਨਿਸਚਿਤ ਕਰ ਕੇ ਸਖ਼ਤੀ ਨਾਲ ਉਸ ਅਨੁਸਾਰ ਸਾਰੇ ਕੰਮ ਕਰਨੇ ਚਾਹੀਦੇ ਹਨ।
ਇਸ ਤੋਂ ਇਲਾਵਾ ਜਿਹੜੀ ਸਮਝ ਨਹੀਂ ਆਉਂਦੀ, ਉਹ ਅਧਿਆਪਕ ਜਾਂ ਕਿਸੇ ਹੁਸ਼ਿਆਰ ਵਿਦਿਆਰਥੀ ਦੀ ਸਹਾਇਤਾ ਨਾਲ ਸਮਝ ਲੈਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਤੂੰ ਮੇਰੀਆਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਧਿਆਨ ਵਿਚ ਰੱਖਦਿਆਂ ਡਟ ਕੇ ਮਿਹਨਤ ਕਰੇਂਗਾ ਤੇ ਸਾਲਾਨਾ ਇਮਤਿਹਾਨਾਂ ਵਿਚ ਚੰਗੇ ਨੰਬਰ ਲੈ ਕੇ ਪਾਸ ਹੋਵੇਂਗਾ। ਤੂੰ ਇਸ ਸੰਬੰਧੀ ਮੈਨੂੰ ਹਰ ਹਫ਼ਤੇ ਚਿੱਠੀ ਲਿਖ ਕੇ ਦਸਦਾ ਰਹੀਂ ਕਿ ਤੂੰ ਕਿੰਨੀ ਕੁ ਮਿਹਨਤ ਕਰ ਰਿਹਾ ਹੈਂ।
ਤੇਰਾ ਵੱਡਾ ਵੀਰ,
ਉ.ਅ.ਬ.
2. ਤੁਹਾਡੇ ਮਾਮਾ (ਚਾਚਾ) ਜੀ ਨੇ ਤੁਹਾਡੇ ਜਨਮ-ਦਿਨ ‘ਤੇ ਤੁਹਾਨੂੰ ਇਕ ਗੁੱਟ-ਘੜੀ ਭੇਜੀ ਹੈ। ਇਕ ਚਿੱਠੀ ਰਾਹੀਂ ਉਹਨਾਂ ਦਾ ਧੰਨਵਾਦ ਕਰੋ।
ਪ੍ਰੀਖਿਆ ਭਵਨ,
………. ਸਕੂਲ,
……… ਸ਼ਹਿਰ !
16 ਜਨਵਰੀ, 20…..
ਸਤਿਕਾਰਯੋਗ ਮਾਮਾ ਜੀ,
ਸਤਿ ਸ੍ਰੀ ਅਕਾਲ।
ਮੈਨੂੰ ਕਲ੍ਹ ਆਪਣੇ ਜਨਮ-ਦਿਨ ‘ਤੇ ਤੁਹਾਡੀ ਭੇਜੀ ਹੋਈ ਗੁੱਟ-ਘੜੀ ਮਿਲ ਗਈ ਹੈ। ਇਹ ਬਹੁਤ ਹੀ ਸੋਹਣੀ ਹੈ। ਮੈਨੂੰ ਇਸ ਦੀ ਬਹੁਤ ਜ਼ਰੂਰਤ ਸੀ। ਮੇਰੇ ਮਿੱਤਰਾਂ ਨੇ ਇਸ ਦੀ ਬਹੁਤ ਪ੍ਰਸੰਸਾ ਕੀਤੀ ਹੈ। ਇਸ ਨਾਲ ਮੇਰਾ ਜੀਵਨ ਨਿਯਮਬੱਧ ਹੋ ਜਾਵੇਗਾ ਤੇ ਮੈਂ ਪੜ੍ਹਾਈ ਵਲ ਵਧੇਰੇ ਧਿਆਨ ਦੇ ਸਕਾਂਗਾ। ਮੈਂ ਆਪ ਵਲੋਂ ਭੇਜੇ ਇਸ ਤੋਹਫ਼ੇ ਲਈ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ।
ਆਪ ਦਾ ਭਾਣਜਾ,
ਸੁਰਜੀਤ ਸਿੰਘ।
ਟਿਕਟ
ਸ: ਗੁਰਦੀਪ ਸਿੰਘ, 20, ਮਾਡਲ ਟਾਊਨ, ਹੁਸ਼ਿਆਰਪੁਰ।
3. ਆਪਣੇ ਜਨਮ-ਦਿਨ ਉੱਤੇ ਆਪਣੇ ਚਾਚੇ ਦੇ ਪੁੱਤਰ ਨੂੰ ਸੱਦਾ-ਪੱਤਰ ਭੇਜੋ।
28, ਸੈਂਟਰਲ ਟਾਊਨ,
ਸੋਨੀਪਤ।
8 ਜਨਵਰੀ, 20…..
ਪਿਆਰੇ ਸਤੀਸ਼,
ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 11 ਜਨਵਰੀ ਨੂੰ ਮੇਰਾ 11ਵਾਂ ਜਨਮ-ਦਿਨ ਹੈ ਅਤੇ ਮੈਂ ਇਸ ਦਿਨ ਉੱਤੇ ਆਪਣੇ ਮਿੱਤਰਾਂ ਤੇ ਭਰਾਵਾਂ ਨੂੰ ਚਾਹ ਦੀ ਪਾਰਟੀ ਦੇ ਰਿਹਾ ਹਾਂ। ਇਸ ਲਈ ਮੈਂ ਤੈਨੂੰ ਇਸ ਦਿਨ ਆਪਣੇ ਜਨਮ-ਦਿਨ ਦੀ ਚਾਹ-ਪਾਰਟੀ ਵਿਚ ਸ਼ਾਮਿਲ ਹੋਣ ਲਈ ਸੱਦਾ ਦੇ ਰਿਹਾ ਹਾਂ। ਤੂੰ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ 4 ਵਜੇ ਬਾਅਦ ਦੁਪਹਿਰ ਸਾਡੇ ਘਰ ਜ਼ਰੂਰ ਪੁੱਜ ਜਾਵੀਂ। ਆਸ ਹੈ ਕਿ ਤੂੰ ਮੈਨੂੰ ਨਿਰਾਸ਼ ਨਹੀਂ ਕਰੇਂਗਾ। ਮੇਰੇ ਵਲੋਂ ਚਾਚਾ ਜੀ ਤੇ ਚਾਚੀ ਜੀ ਨੂੰ ਪ੍ਰਣਾਮ। ਸ਼ੁੱਭ ਇੱਛਾਵਾਂ ਸਹਿਤ।
ਤੇਰਾ ਵੀਰ,
ਅਰੁਣ ਕੁਮਾਰ
ਕੁਟਤੇ
ਸ਼ਤੀਸ਼ ਕੁਮਾਰ, 9208, ਸੈਕਟਰ 26A, ਚੰਡੀਗੜ੍ਹ।
4. ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਹਨ। ਤੁਹਾਡੇ ਪਿਤਾ ਦਾ ਨਾਂ ਸ: ਦਰਸ਼ਨ ਸਿੰਘ ਹੈ ਅਤੇ ਉਹ 201, ਪ੍ਰੋਫ਼ੈਸਰਜ਼ ਕਾਲੋਨੀ ਜਮਨਾਨਗਰ ਵਿਚ ਰਹਿੰਦੇ ਹਨ।
ਪ੍ਰੀਖਿਆ ਭਵਨ॥
ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ,
ਲੁਧਿਆਣਾ
28 ਫ਼ਰਵਰੀ, 20…
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ।
ਕੁੱਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ, ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਦੇ ਸਕਿਆ, ਕਿਉਂਕਿ ਮੇਰੇ ਇਮਤਿਹਾਨ ਹੋ ਰਹੇ ਸਨ।
ਤੁਸੀਂ ਆਪਣੀ ਚਿੱਠੀ ਵਿਚ ਮੈਨੂੰ ਮੇਰੇ ਪੇਪਰਾਂ ਬਾਰੇ ਪੁੱਛਿਆ ਹੈ। ਐਤਕੀਂ ਸਾਨੂੰ ਪੇਪਰ ਕੁੱਝ ਮੁਸ਼ਕਿਲ ਆਏ ਸਨ, ਪਰ ਫਿਰ ਵੀ ਮੇਰੇ ਸਾਰੇ ਪੇਪਰ ਕਾਫ਼ੀ ਚੰਗੇ ਹੋ ਗਏ ਹਨ। ਸਮਾਜਿਕ ਦਾ ਪੇਪਰ ਕੁੱਝ ਜ਼ਿਆਦਾ ਮੁਸ਼ਕਿਲ ਸੀ, ਪਰ ਫਿਰ ਵੀ ਮੇਰਾ ਇਹ ਪੇਪਰ ਚੰਗਾ ਹੋ ਗਿਆ ਹੈ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਮੈਨੂੰ ਹਿਸਾਬ ਘੱਟ ਆਉਂਦਾ ਹੈ, ਪਰ ਮੈਨੂੰ ਉਮੀਦ ਹੈ ਕਿ ਮੈਂ ਇਸ ਵਿਚੋਂ ਵੀ 100 ਵਿਚੋਂ 65 ਨੰਬਰ ਜ਼ਰੂਰ ਲੈ ਲਵਾਂਗਾ ਅੰਗਰੇਜ਼ੀ ਦਾ ਪੇਪਰ ਵੀ ਮੁਸ਼ਕਿਲ ਸੀ, ਪਰ ਚੰਗੀ ਕਿਸਮਤ ਨਾਲ ਉਸ ਵਿਚ ਉਹੀ ਲੇਖ ਤੇ ਕਹਾਣੀ ਆਏ, ਜਿਹੜੇ ਮੈਂ ਇਕ ਰਾਤ ਪਹਿਲਾਂ ਯਾਦ ਕੀਤੇ ਸਨ ਮੇਰਾ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਸਾਰਾ ਠੀਕ ਹੋ ਗਿਆ ਹੈ।
ਇਹੋ ਜਿਹੇ ਪੇਪਰ ਹੋਣ ਕਰਕੇ ਮੈਨੂੰ ਉਮੀਦ ਹੈ ਕਿ ਮੇਰੀ ਜੇ ਫ਼ਸਟ ਨਹੀਂ, ਤਾਂ ਸੈਕਿੰਡ ਡਿਵੀਜ਼ਨ ਜ਼ਰੂਰ ਆ ਜਾਵੇਗੀ। ਹੁਣ ਮੈਨੂੰ ਨਤੀਜੇ ਦਾ ਇੰਤਜ਼ਾਰ ਹੈ। ਹੋਰ ਕੋਈ ਫ਼ਿਕਰ ਨਹੀਂ ਕਰਨਾ। ਮਾਤਾ ਜੀ ਨੂੰ ਨਮਸਕਾਰ॥
ਤੁਹਾਡਾ ਸਪੁੱਤਰ,
ਹਰਿੰਦਰਪਾਲ ਸਿੰਘ॥
ਟਿਕਟ
ਸ: ਦਰਸ਼ਨ ਸਿੰਘ, 201, ਪ੍ਰੋਫ਼ੈਸਰਜ਼ ਕਾਲੋਨੀ, ਜਮਨਾਨਗਰ।
5. ਆਪਣੇ ਪਿਤਾ ਜੀ ਨੂੰ ਆਪਣੇ ਸਾਲਾਨਾ ਇਮਤਿਹਾਨ ਵਿਚ ਪਾਸ ਹੋਣ ਦੀ ਖ਼ਬਰ ਦੇਣ ਲਈ ਇਕ ਚਿੱਠੀ ਲਿਖੋ।
ਜਾਂ
ਆਪਣੇ ਪਿਤਾ ਜੀ ਤੋਂ ਕਿਤਾਬਾਂ ਅਤੇ ਕਾਪੀਆਂ ਖ਼ਰੀਦਣ ਲਈ ਪੈਸੇ ਮੰਗਵਾਉਣ ਲਈ ਚਿੱਠੀ ਲਿਖੋ।
ਪ੍ਰੀਖਿਆ ਭਵਨ,
…….. ਸਕੂਲ,
…….. ਸ਼ਹਿਰ
5 ਅਪਰੈਲ, 20…..
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ।
ਆਪ ਜੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਛੇਵੀਂ ਜਮਾਤ ਦਾ ਇਮਤਿਹਾਨ ਪਾਸ ਕਰ ਲਿਆ ਹੈ। ਮੈਂ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹਾਂ। ਮੈਂ ਹੁਣ ਸੱਤਵੀਂ ਜਮਾਤ ਵਿਚ ਦਾਖ਼ਲ ਹੋਣਾ ਹੈ ਤੇ ਨਵੀਆਂ ਕਿਤਾਬਾਂ ਤੇ ਕਾਪੀਆਂ ਖ਼ਰੀਦਣੀਆਂ ਹਨ ਆਪ ਜਲਦੀ ਤੋਂ ਜਲਦੀ ਮੈਨੂੰ 1500 ਰੁਪਏ ਭੇਜ ਦੇਵੋ। 15 ਤਰੀਕ ਤੋਂ ਸਾਡੀ ਸੱਤਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ। ਮਾਤਾ ਜੀ, ਸੰਦੀਪ ਅਤੇ ਨਵਨੀਤ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ।
ਆਪ ਦਾ ਸਪੁੱਤਰ,
ਅਰਸ਼ਦੀਪ।
ਟਿਕਟ
ਸ: ਹਰਨੇਕ ਸਿੰਘ, 215, ਸੈਂਟਰਲ ਟਾਊਨ, ਜਲੰਧਰ।
6. ਤੁਹਾਡਾ ਇਕ ਮਿੱਤਰ/ਸਹੇਲੀ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ/ਗਈ ਹੈ। ਉਸ ਨੂੰ ਇਕ ਚਿੱਠੀ ਰਾਹੀਂ ਹੌਸਲਾ ਦਿਓ।
ਪ੍ਰੀਖਿਆ ਭਵਨ,
………. ਸਕੂਲ,
………. ਸ਼ਹਿਰ।
20 ਅਪਰੈਲ, 20….
ਪਿਆਰੇ ਬਰਜਿੰਦਰ,
ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੂੰ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈਂ। ਮੈਂ ਸਮਝਦਾ ਹਾਂ ਕਿ ਇਸ ਵਿਚ ਤੇਰਾ ਕੋਈ ਕਸੂਰ ਨਹੀਂ। ਤੂੰ ਪਿਛਲੇ ਸਾਲ ਦੋ ਮਹੀਨੇ ਬਿਮਾਰ ਰਿਹਾ ਸੀ ਤੇ ਸਕੂਲ ਨਹੀਂ ਸੀ ਜਾ ਸਕਿਆ। ਇਸ ਕਰਕੇ ਤੇਰੀ ਪੜ੍ਹਾਈ ਬਹੁਤ ਪਛੜ ਗਈ ਸੀ 1 ਜੇਕਰ ਤੂੰ ਬਿਮਾਰ ਨਾ ਹੁੰਦਾ, ਤਾਂ ਤੂੰ ਕਦੇ ਵੀ ਫੇਲ੍ਹ ਨਾ ਹੁੰਦਾ। ਤੈਨੂੰ ਮੇਰੀ ਇਹੋ ਹੀ ਸਲਾਹ ਹੈ ਕਿ ਤੂੰ ਹੌਸਲਾ ਬਿਲਕੁਲ ਨਾ ਹਾਰ, ਸਗੋਂ ਆਪਣੀ ਸਿਹਤ ਦਾ ਪੂਰਾ-ਪੂਰਾ ਖ਼ਿਆਲ ਰੱਖਦਾ ਹੋਇਆ ਅਗੋਂ ਪੜ੍ਹਾਈ ਨੂੰ ਜਾਰੀ ਰੱਖ। ਇਸ ਤਰ੍ਹਾਂ ਆਉਂਦੀ ਪ੍ਰੀਖਿਆ ਵਿਚ ਤੂੰ ਜ਼ਰੂਰ ਹੀ ਪਾਸ ਹੋ ਜਾਵੇਂਗਾ।
ਤੇਰਾ ਮਿੱਤਰ,
ਹਰਜਿੰਦਰ
ਟਿਕਟ
ਬਰਜਿੰਦਰ ਸਿੰਘ ਸਪੁੱਤਰ, — ਸ: ਲਾਲ ਸਿੰਘ, 88, ਫਰੈਂਡਜ਼ ਕਾਲੋਨੀ, ਅੰਮ੍ਰਿਤਸਰ।
7. ਤੁਹਾਡਾ ਮਿੱਤਰ/ਸਹੇਲੀ ਛੇਵੀਂ ਜਮਾਤ ਵਿਚੋਂ ਪਾਸ ਹੋ ਗਿਆ/ਗਈ ਹੈ। ਉਸ ਨੂੰ ਇਕ ਵਧਾਈ-ਪੱਤਰ ਲਿਖੋ।
ਪ੍ਰੀਖਿਆ ਭਵਨ,
……….ਸਕੂਲ,
……….. ਸ਼ਹਿਰ
28 ਅਪਰੈਲ, 20….
ਪਿਆਰੀ ਕੁਲਵਿੰਦਰ,
ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ। ਉਸ ਵਿਚੋਂ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੂੰ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਹਿ ਕੇ ਛੇਵੀਂ ਦਾ ਇਮਤਿਹਾਨ ਪਾਸ ਕੀਤਾ ਹੈ। ਮੈਂ ਤੇਰੀ ਸਫਲਤਾ ਉੱਤੇ ਤੈਨੂੰ ਦਿਲੀ ਵਧਾਈ ਭੇਜਦੀ ਹਾਂ। ਆਪ ਦੇ ਮਾਤਾ-ਪਿਤਾ ਨੂੰ ਸਤਿ ਸ੍ਰੀ ਅਕਾਲ।
ਤੇਰੀ ਸਹੇਲੀ,
ਹਰਜੀਤ।
ਟਿਕਟ
ਕੁਲਵਿੰਦਰ ਕੌਰ, ਸਪੁੱਤਰੀ ਸ: ਮਹਿੰਦਰ ਸਿੰਘ, 823, ਹਰਨਾਮਦਾਸ ਪੁਰਾ, ਜਲੰਧਰ
8. ਆਪਣੇ ਮਿੱਤਰ ਨੂੰ ਉਸਦੇ ਜਨਮ-ਦਿਨ ਦੀ ਪਾਰਟੀ ਵਿਚ ਸ਼ਾਮਲ ਨਾ ਹੋ ਸਕਣ ਬਾਰੇ ਇਕ ਮੁਆਫ਼ੀ ਪੱਤਰ ਲਿਖੋ।
227 ਵਿਜੈ ਨਗਰ,
ਜਲੰਧਰ
18 ਸਤੰਬਰ, 20…..
ਪਿਆਰੇ ਮਨਦੀਪ,
ਆਪ ਨੂੰ ਆਪਦੇ ਜਨਮ-ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ। ਮੇਰੇ ਵਲੋਂ ਆਪਦੇ ਜਨਮ-ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਦੀ ਪੂਰੀ ਤਿਆਰੀ ਸੀ, ਪਰੰਤੂ ਅਚਾਨਕ ਦੁਪਹਿਰੇ ਮੇਰੇ ਪੇਟ ਵਿਚ ਦਰਦ ਹੋਣ ਲੱਗ ਪਈ ਤੇ ਨਾਲ ਹੀ ਉਲਟੀਆਂ ਆਉਣ ਲੱਗ ਪਈਆਂ। ਮੇਰੇ ਮਾਤਾ ਜੀ ਨੇ ਇਕਦਮ ਡਾਕਟਰ ਨੂੰ ਬੁਲਾਇਆ, ਜਿਸ ਦੀ ਦਵਾਈ ਨਾਲ ਬੇਸ਼ਕ ਉਲਟੀਆਂ ਵੀ ਰੁਕ ਗਈਆਂ ਤੇ ਦਰਦ ਵੀ ਘਟਣ ਲੱਗ ਪਈ, ਪਰ ਨਾਲ ਹੀ ਮੈਨੂੰ ਨੀਂਦ ਆ ਗਈ।
ਚਾਰ ਘੰਟਿਆਂ ਮਗਰੋਂ ਜਦੋਂ ਮੈਨੂੰ ਜਾਗ ਆਈ, ਤਾਂ ਮੈਂ ਤੰਦਰੁਸਤ ਸਾਂ, ਪਰ ਆਪ ਵਲੋਂ ਰੱਖੀ ਗਈ ਜਨਮ-ਦਿਨ ਦੀ ਪਾਰਟੀ ਦਾ ਸਮਾਂ ਲੰਘ ਚੁੱਕਾ ਸੀ, ਜਿਸ ਕਰਕੇ ਮੇਰਾ ਮਨ ਬਹੁਤ ਖ਼ਰਾਬ ਹੋਇਆ ਮੈਂ ਇਸ ਪਾਰਟੀ ਵਿਚ ਸ਼ਾਮਲ ਨਾ ਹੋ ਸਕਣ ਕਰ ਕੇ ਆਪ ਤੋਂ ਤੇ ਆਪਦੇ ਮਾਤਾ-ਪਿਤਾ ਤੋਂ ਖ਼ਿਮਾ ਚਾਹੁੰਦਾ ਹਾਂ। ਮੈਂ ਮਜਬੂਰੀ ਕਾਰਨ ਮੌਕੇ ਸਿਰ ਨਾ ਪਹੁੰਚ ਸਕਿਆ। ਮੈਂ ਕਿਸੇ ਵੇਲੇ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਆਵਾਂਗਾ।
ਆਪ ਦਾ ਮਿੱਤਰ
ਸੁਖ ਜੀਤ॥
9. ਆਪਣੇ ਵੱਡੇ ਭਰਾ ਦੀ ਸ਼ਾਦੀ ਉੱਤੇ, ਬਰਾਤ ਵਿਚ ਸ਼ਾਮਲ ਹੋਣ ਲਈ, ਆਪਣੇ ਮਿੱਤਰ/ਸਹੇਲੀ ਨੂੰ ਇਕ ਚਿੱਠੀ ਲਿਖੋ।
ਪ੍ਰੀਖਿਆ ਭਵਨ,
……… ਸਕੂਲ,
……… ਸ਼ਹਿਰ।
8 ਦਸੰਬਰ, 20……
ਪਿਆਰੀ ਅਮਨਦੀਪ,
ਸ਼ੁੱਭ ਇੱਛਾਵਾਂ ! ਤੈਨੂੰ ਪਤਾ ਹੀ ਹੈ ਕਿ ਮੇਰੇ ਵੱਡੇ ਭਰਾ ਦੀ ਸ਼ਾਦੀ 18 ਦਸੰਬਰ, 20…. ਦਿਨ ਐਤਵਾਰ ਨੂੰ ਹੋਣੀ ਨਿਸਚਿਤ ਹੋਈ ਹੈ। ਇਸ ਦਿਨ ਬਰਾਤ ਸਵੇਰੇ 6 ਵਜੇ ਚੰਡੀਗੜ੍ਹ ਲਈ ਤੁਰੈਗੀ। ਮੈਂ ਚਾਹੁੰਦੀ ਹਾਂ ਕਿ ਤੂੰ ਬਰਾਤ ਵਿਚ ਸ਼ਾਮਲ ਹੋ ਕੇ ਸਾਡੀਆਂ ਖੁਸ਼ੀਆਂ ਵਿਚ ਵਾਧਾ ਕਰੇਂ। ਇਸ ਸੰਬੰਧੀ ਮੰਮੀ ਨੇ ਮੈਨੂੰ ਵਿਸ਼ੇਸ਼ ਤੌਰ ਤੇ ਤੈਨੂੰ ਚਿੱਠੀ ਲਿਖਣ ਲਈ ਕਿਹਾ ਹੈ। ਸੋ ਬਰਾਤ ਵਿਚ ਸ਼ਾਮਿਲ ਹੋਣ ਲਈ ਤੂੰ ਇਕ ਰਾਤ ਪਹਿਲਾਂ ਸਾਡੇ ਕੋਲ ਪੁੱਜ ਜਾਵੇਂ, ਤਾਂ ਵਧੇਰੇ ਠੀਕ ਹੈ। ਅਸੀਂ ਸਾਰੇ ਤੀਬਰਤਾ ਨਾਲ ਤੇਰੀ ਉਡੀਕ ਕਰਾਂਗੇ।
ਆਪ ਦੀ ਸਹੇਲੀ,
ਮਨਪ੍ਰੀਤ।
ਟਿਕਟ
ਅਮਨਦੀਪ ਕੌਰ, 260ਮਾਡਲ ਟਾਊਨ, ਲੁਧਿਆਣਾ
10. ਤੁਸੀਂ ਹੋਸਟਲ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਹੋ, ਤੁਹਾਡਾ ਛੋਟਾ ਭਰਾ ਜਾਂ ਭੈਣ ਟੈਲੀਵਿਜ਼ਨ ਬਹੁਤ ਦੇਖਦਾ ਹੈ। ਉਸ ਨੂੰ ਇਕ ਚਿੱਠੀ ਰਾਹੀਂ ਪੜ੍ਹਾਈ ਕਰਨ ਤੇ ਖੇਡਾਂ ਵਿਚ ਦਿਲਚਸਪੀ ਦੀ ਪ੍ਰੇਰਨਾ ਦਿਓ।
ਕਮਰਾ ਨੰ: 212,
………….. ਸਕੂਲ ਹੋਸਟਲ
ਜਲੰਧਰ।
ਜਨਵਰੀ 10, 20…….
ਪਿਆਰੀ ਮੈਨੂੰ,
ਸ਼ੁੱਭ ਇੱਛਾਵਾਂ।
ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ, ਜਿਸ ਵਿਚ ਉਨ੍ਹਾਂ ਨੇ ਮੈਨੂੰ ਲਿਖਿਆ ਹੈ ਕਿ ਤੂੰ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ, ਸਗੋਂ ਹਰ ਰੋਜ਼ ਚਾਰ-ਚਾਰ ਘੰਟੇ ਟੈਲੀਵਿਜ਼ਨ ਅੱਗੇ ਬੈਠੀ ਰਹਿੰਦੀ ਹੈਂ। ਨਾਲ ਹੀ ਉਨ੍ਹਾਂ ਮੈਨੂੰ ਤੇਰੇ ਦਸੰਬਰ ਪ੍ਰੀਖਿਆ ਵਿਚ ਸਾਰੇ ਮਜ਼ਮੂਨਾਂ ਵਿਚੋਂ ਫ਼ੇਲ੍ਹ ਹੋਣ ਬਾਰੇ ਵੀ ਪਤਾ ਦਿੱਤਾ ਹੈ।
ਮੈਨੂੰ ਤੇਰੇ ਬਾਰੇ ਇਹ ਗੱਲਾਂ ਜਾਣ ਕੇ ਬਹੁਤ ਦੁੱਖ ਹੋਇਆ ਹੈ। ਕੀ ਤੈਨੂੰ ਪਤਾ ਨਹੀਂ ਬਹੁਤਾ ਟੈਲੀਵਿਜ਼ਨ ਦੇਖਣ ਦੇ ਕੀ-ਕੀ ਨੁਕਸਾਨ ਹਨ ? ਟੈਲੀਵਿਜ਼ਨ ਉੱਤੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ ਪ੍ਰੋਗਰਾਮ ਬਹੁਤ ਘੱਟ ਆਉਂਦੇ ਹਨ। ਸਰਕੀਨ ਦੀ ਤੇਜ਼ ਰੌਸ਼ਨੀ ਅੱਖਾਂ ਨੂੰ ਖ਼ਰਾਬ ਕਰਦੀ ਹੈ।
ਇਸ ਤਰ੍ਹਾਂ ਟੈਲੀਵਿਜ਼ਨ ਵਿਦਿਆਰਥੀਆਂ ਦਾ ਸਮਾਂ ਵੀ ਬਰਬਾਦ ਕਰਦਾ ਹੈ ਤੇ ਨਜ਼ਰ ਵੀ ਵਿਗਾੜਦਾ ਹੈ। ਜਿਹੜਾ ਵਿਦਿਆਰਥੀ ਸਮਾਂ ਨਸ਼ਟ ਕਰਦਾ ਹੈ, ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਈ ਵਾਰੀ ਟੈਲੀਵਿਜ਼ਨ ਮਨੋਕਲਪਿਤ ਕਹਾਣੀਆਂ ਤੇ ਘਟਨਾਵਾਂ ਪੇਸ਼ ਕਰਕੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦਾ ਹੈ, ਨਾਲ ਹੀ ਟੈਲੀਵਿਜ਼ਨ ਅੱਗੇ ਲਗਾਤਾਰ ਬੈਠਣ ਨਾਲ ਖਾਧਾ ਪੀਤਾ ਹਜ਼ਮ ਨਹੀਂ ਹੁੰਦਾ, ਮੋਟਾਪਾ ਵੱਧਦਾ ਹੈ, ਤਾਂ ਫਲਸਰੂਪ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਐਤਕੀਂ ਤੇਰਾ ਪ੍ਰੀਖਿਆ ਵਿਚ ਫੇਲ੍ਹ ਹੋਣ ਦਾ ਕਾਰਨ ਵੀ ਤੇਰਾ ਟੈਲੀਵਿਜ਼ਨ ਦੇਖਣ ਵੱਲ ਲੱਗ ਕੇ ਸਮਾਂ ਖ਼ਰਾਬ ਕਰਨਾ ਹੈ। ਵਿਦਿਆਰਥੀ ਨੂੰ ਤਾਂ ਟੈਲੀਵਿਜ਼ਨ ਉੱਤੇ ਸਿਵਾਏ ਜਾਣਕਾਰੀ ਭਰੇ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਕੋਈ ਪ੍ਰੋਗਰਾਮ ਨਹੀਂ ਦੇਖਣਾ ਚਾਹੀਦਾ।
ਹੁਣ ਤਾਂ ਇਮਤਿਹਾਨ ਸਿਰ ‘ਤੇ ਹੋਣ ਕਰਕੇ ਤੈਨੂੰ ਇਸਦਾ ਬਿਲਕੁਲ ਹੀ ਤਿਆਗ ਕਰ ਦੇਣਾ ਚਾਹੀਦਾ ਹੈ। ਇਸਦੀ ਥਾਂ ਤੈਨੂੰ ਬੈਡਮਿੰਟਨ, ਬਾਸਕਟ ਬਾਲ, ਹਾਕੀ ਜਾਂ ਫੁੱਟਬਾਲ ਆਦਿ ਖੇਡਾਂ ਵਿਚ ਹਰ ਰੋਜ਼ ਇਕ ਘੰਟਾ ਭਾਗ ਲੈਣਾ ਚਾਹੀਦਾ ਹੈ। ਇਸ ਨਾਲ ਪੜ੍ਹਾਈ ਨੂੰ ਲਾਭ ਪਹੁੰਚਦਾ ਹੈ ਕਿਉਂਕਿ ਇਸ ਨਾਲ ਦਿਮਾਗ਼ ਤਾਜ਼ਾ ਹੋ ਜਾਂਦਾ ਹੈ।
ਅੰਤ ਵਿਚ ਮੈਂ ਤੈਨੂੰ ਇਹ ਬੜੇ ਜ਼ੋਰ ਨਾਲ ਚੇਤਾਵਨੀ ਦਿੰਦਾ ਹਾਂ ਕਿ ਤੈਨੂੰ ਘਰਦਿਆਂ ਦੀ ਖੁਸ਼ੀ ਤੇ ਆਪਣੇ ਭਵਿੱਖ ਦਾ ਧਿਆਨ ਰੱਖਦੇ ਹੋਏ ਜ਼ਿਆਦਾ ਟੈਲੀਵਿਜ਼ਨ ਦੇਖਣ ਦੀ ਆਦਤ ਦਾ ਤਿਆਗ ਕਰ ਕੇ ਪੜ੍ਹਾਈ ਵਿਚ ਜੁੱਟਣਾ ਚਾਹੀਦਾ ਤੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੈਨੂੰ ਸ਼ਾਨਦਾਰ ਨਤੀਜੇ ਪ੍ਰਾਪਤ ਹੋਣਗੇ।
ਤੇਰਾ ਵੱਡਾ ਵੀਰ,
ਰੋਲ ਨੰ: …………
ਟਿਕਟ
ਨਵਨੀਤ ਕੌਰ, 1220, ਮਾਡਲ ਟਾਊਨ, ਹੁਸ਼ਿਆਰਪੁਰ।
11. ਤੁਹਾਡਾ ਭਰਾ ਖੇਡਾਂ ਵਿਚ ਬਹੁਤ ਦਿਲਚਸਪੀ ਰੱਖਦਾ ਹੈ, ਪਰ ਪੜ੍ਹਾਈ ਵਿਚ ਨਹੀਂ, ਉਸ ਨੂੰ ਇਕ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਨਾ ਦਿਓ।
ਪ੍ਰੀਖਿਆ ਭਵਨ,
…….. ਸਕੂਲ,
ਅੰਮ੍ਰਿਤਸਰ।
5 ਜਨਵਰੀ, 20….
ਪਿਆਰੇ ਜਸਵਿੰਦਰ,
ਸ਼ੁੱਭ ਇੱਛਾਵਾਂ। ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ, ਜਿਸ ਵਿਚ ਉਨ੍ਹਾਂ ਮੈਨੂੰ ਲਿਖਿਆ ਹੈ ਕਿ ਤੂੰ ਹਰ ਵੇਲੇ ਖੇਡਾਂ ਵਿਚ ਹੀ ਮਸਤ ਰਹਿੰਦਾ ਹੈਂ ਤੇ ਪੜ੍ਹਾਈ ਵਲ ਬਿਲਕੁਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਤੂੰ ਆਪਣੇ ਨੌਮਾਹੀ ਇਮਤਿਹਾਨਾਂ ਵਿਚ ਸਾਰੇ ਮਜ਼ਮੂਨਾਂ ਵਿਚੋਂ ਫੇਲ੍ਹ ਹੋ ਗਿਆ ਹੈਂ। ਮੈਨੂੰ ਤੇਰੀ ਪੜ੍ਹਾਈ ਵਲੋਂ ਇਸ ਲਾਪਰਵਾਹੀ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਹੈ। ਤੈਨੂੰ ਪਤਾ ਹੈ ਕਿ ਤੇਰਾ ਇਮਤਿਹਾਨ ਤੇਰੇ ਸਿਰ ‘ਤੇ ਆ ਗਿਆ ਹੈ ! ਤੈਨੂੰ ਹੁਣ ਖੇਡਾਂ ਵਿਚ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ।
ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਖੇਡਾਂ ਦੀ ਵਿਦਿਆਰਥੀ ਜੀਵਨ ਵਿਚ ਬਹੁਤ ਮਹਾਨਤਾ ਹੈ, ਪਰ ਇਹ ਖੇਡਾਂ ਤਾਸ਼ ਜਾਂ ਵੀ. ਡੀ. ਓ. ਗੇਮਾਂ ਨਹੀਂ ਬਲਕਿ ਹਾਕੀ, ਫੁੱਟਬਾਲ, ਵਾਲੀਵਾਲ ਜਾਂ ਕਬੱਡੀ ਆਦਿ ਹਨ, ਜੇਕਰ ਤੇਰਾ ਦਿਲ ਚਾਹੇ, ਤਾਂ ਤੂੰ ਇਨ੍ਹਾਂ ਖੇਡਾਂ ਵਿਚੋਂ ਕਿਸੇ ਇਕ ਵਿਚ ਹਰ ਰੋਜ਼ ਘੰਟਾ ਡੇਢ ਘੰਟਾ ਭਾਗ ਲੈ ਸਕਦਾ ਹੈ।
ਇਸ ਨਾਲ ਤੇਰੇ ਕਿਤਾਬੀ ਪੜ੍ਹਾਈ ਨਾਲ ਥੱਕੇ ਦਿਮਾਗ ਨੂੰ ਤਾਜ਼ਗੀ ਮਿਲੇਗੀ। ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦਾ ਨੁਕਸਾਨ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ‘ਖੇਡਾਂ ਸਾਡੇ ਜੀਵਨ ਲਈ ਹਨ, ਨਾ ਕਿ ਜੀਵਨ ਖੇਡਾਂ ਲਈ। ਇਸ ਲਈ ਤੈਨੂੰ ਪੜ੍ਹਾਈ ਵਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਖੇਡਣ ਲਈ ਉਸ ਸਮੇਂ ਹੀ ਜਾਣਾ ਚਾਹੀਦਾ ਹੈ, ਜਦੋਂ ਤੇਰਾ ਦਿਮਾਗ਼ ਪੜ੍ਹ-ਪੜ੍ਹ ਕੇ ਥੱਕ ਚੁੱਕਾ ਹੋਵੇ।
ਇਸ ਨਾਲ ਤੇਰੀ ਸਿਹਤ ਵੀ ਠੀਕ ਰਹੇਗੀ ਤੇ ਤੇਰੀ ਪੜ੍ਹਾਈ ਵੀ ਠੀਕ ਤਰ੍ਹਾਂ ਚਲਦੀ ਰਹੇਗੀ। ਆਸ ਹੈ ਕਿ ਤੂੰ ਮੇਰੀਆਂ ਉਪਰੋਕਤ ਨਸੀਹਤਾਂ ਨੂੰ ਧਿਆਨ ਵਿਚ ਰੱਖੇਗਾ ਤੇ ਅੱਗੋਂ ਮੈਨੂੰ ਮਾਤਾ ਜੀ ਵਲੋਂ ਤੇਰੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲੇਗੀ।
ਤੇਰਾ ਵੱਡਾ ਵੀਰ,
ਗੁਰਜੀਤ ਸਿੰਘ॥
ਟਿਕਟ
ਜਸਵਿੰਦਰ ਸਿੰਘ, ਰੋਲ ਨੰ: 88 VI A, ਸਰਕਾਰੀ ਹਾਈ ਸਕੂਲ, ਦਕੋਹਾ, ਜ਼ਿਲ੍ਹਾ ਜਲੰਧਰ
12. ਤੁਹਾਡੇ ਮੁਹੱਲੇ ਵਿਚ ਸਫ਼ਾਈ, ਰੌਸ਼ਨੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਹੀਂ। ਇਸ ਨੂੰ ਠੀਕ ਕਰਨ ਲਈ ਆਪਣੇ ਸ਼ਹਿਰ ਦੀ ਨਗਰ ਸਭਾ (ਮਿਊਂਸਿਪਲ ਕਮੇਟੀ ਦੇ ਪ੍ਰਧਾਨ ਵੱਲ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………. ਸਕੂਲ,
………. ਸ਼ਹਿਰ।
19 ਅਗਸਤ, 20…
ਸੇਵਾ ਵਿਖੇ
ਪ੍ਰਧਾਨ ਸਾਹਿਬ,
ਨਗਰ ਪਾਲਿਕਾ,
……… ਸ਼ਹਿਰ।
ਸੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮੁਹੱਲੇ ਸੈਂਟਰਲ ਟਾਉਨ ਵਲ ਦਿਵਾਉਣਾ ਚਾਹੁੰਦੇ ਹਾਂ ! ਇੱਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਤੇ ਪਾਣੀ ਦੇ ਛੱਪੜ ਭਰੇ ਰਹਿੰਦੇ ਹਨ। ਰਾਤ ਨੂੰ ਗਲੀਆਂ ਵਿਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਇੱਥੇ ਲੋਕਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈ।
ਇਸ ਮਹੱਲੇ ਦੀਆਂ ਗਲੀਆਂ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਲੋਕ ਗਲੀਆਂ ਵਿਚ ਪਸ਼ ਬੰਨਦੇ ਹਨ ਅਤੇ ਇਹ ਗੋਹੇ ਨਾਲ ਭਰੀਆਂ ਰਹਿੰਦੀਆਂ ਹਨ। ਲੋਕ ਬੱਚਿਆਂ ਨੂੰ ਨਾਲੀਆਂ ਵਿਚ ਹੀ ਟੱਟੀਆਂ ਫਿਰਾਉਂਦੇ ਹਨ। ਸਾਡੇ ਮੁਹੱਲੇ ਦਾ ਕੁੱਝ ਭਾਗ ਕਾਫ਼ੀ ਨੀਵਾਂ ਹੈ, ਜਿਸ ਕਰਕੇ ਥੋੜੀ ਜਿਹੀ ਬਰਸਾਤ ਹੋਣ ਨਾਲ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸਫ਼ਾਈ ਸੇਵਕ ਬੜੀ ਬੇਪਰਵਾਹੀ ਨਾਲ ਸਫ਼ਾਈ ਕਰਦੇ ਹਨ। ਅਸੀਂ ਉਨ੍ਹਾਂ ਨੂੰ ਕਈ ਵਾਰ ਕਿਹਾ ਹੈ, ਪਰ ਉਹਨਾਂ ਦੇ ਕੰਨਾਂ ‘ਤੇ ਜੂੰ ਨਹੀਂ ਸਕਦੀ।
ਕਈ ਵਾਰੀ ਸੀਵਰੇਜ ਬੰਦ ਹੋਣ ਮਗਰੋਂ ਗਲੀਆਂ ਬੁਰੀ ਤਰ੍ਹਾਂ ਸੜਾਂਦ ਮਾਰਦੇ ਪਾਣੀ ਨਾਲ ਭਰ ਜਾਂਦੀਆਂ ਹਨ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ। ਮੱਛਰ ਤੇ ਮੱਖੀਆਂ ਬੜੇ ਮਜ਼ੇ ਨਾਲ ਪਲ ਰਹੇ ਹਨ। ਪਿਛਲੇ ਹਫ਼ਤੇ ਹੈਜ਼ੇ ਦੇ ਦੋ ਕੇਸ ਹੋ ਚੁੱਕੇ ਹਨ ਅਜਿਹੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਬਿਮਾਰੀਆਂ ਦਾ ਸਹਿਮ ਛਾਇਆ ਹੋਇਆ ਹੈ।
ਇਸ ਤੋਂ ਇਲਾਵਾ ਮੁਹੱਲੇ ਦੀਆਂ ਗਲੀਆਂ ਵਿਚ ਲੱਗੇ ਹੋਏ ਬਹੁਤ ਸਾਰੇ ਬਲਬ ਟੁੱਟ ਚੁੱਕੇ ਹਨ ਤੇ ਕਈ ਫਿਊਜ਼ ਹੋ ਚੁੱਕੇ ਹਨ। ਪਿਛਲੇ ਛੇ ਮਹੀਨਿਆਂ ਤੋਂ ਇਸ ਪਾਸੇ ਵਲ ਕੋਈ ਕਰਮਚਾਰੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਨਹੀਂ ਆਇਆ ਹਾਲਾਂਕਿ ਇਸ ਸੰਬੰਧੀ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਨਗਰਪਾਲਿਕਾ ਦੇ ਕਰਮਚਾਰੀਆਂ ਦੀ ਇਸ ਮੁਹੱਲੇ ਵਲ ਅਣਗਹਿਲੀ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਾਡਾ ਮੁਹੱਲਾ ਨਗਰਪਾਲਿਕਾ ਦੇ ਨਕਸ਼ੇ ਵਿਚ ਹੀ ਨਹੀਂ ਹੁੰਦਾ।
ਅਸੀਂ ਆਸ ਕਰਦੇ ਹਾਂ ਕਿ ਆਪ ਸਾਡੀ ਬੇਨਤੀ ਨੂੰ ਧਿਆਨ ਵਿਚ ਰੱਖਦੇ ਹੋਏ ਮੁਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਕਿਸੇ ਛੂਤ ਦੇ ਰੋਗ ਤੋਂ ਬਚਾਉਣ ਲਈ ਇਸਦੀ ਸਫ਼ਾਈ ਦੇ ਨਾਲ-ਨਾਲ ਗੰਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰੋਗੇ ਤੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਵਲ ਵੀ ਧਿਆਨ ਦਿਉਗੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਦਰਬਾਰਾ ਸਿੰਘ,
ਤੇ ਬਾਕੀ ਮੁਹੱਲਾ ਨਿਵਾਸੀ।
13. ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿਚ ਗਣਤੰਤਰ ਦਿਵਸ ਮਨਾਏ ਜਾਣ ਸੰਬੰਧੀ ਇਕ ਚਿੱਠੀ ਲਿਖੋ।
……….ਸਕੂਲ,
ਹੁਸ਼ਿਆਰਪੁਰ।
28 ਜਨਵਰੀ, 20…
ਪਿਆਰੀ ਹਰਪ੍ਰੀਤ,
ਪਰਸੋਂ ਛੱਬੀ ਜਨਵਰੀ ਦਾ ਦਿਨ ਸੀ। ਤੈਨੂੰ ਪਤਾ ਹੀ ਹੈ ਇਸ ਦਿਨ 1950 ਵਿਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਇਸ ਨੂੰ ਹਰ ਸਾਲ ਦੇਸ਼ ਭਰ ਵਿਚ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਹਰ ਸਾਲ ਵਾਂਗ ਐਤਕੀਂ ਵੀ ਸਾਡੇ ਸਕੂਲ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰੇ ਸਾਢੇ 8 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸਦੇ ਨਾਲ ਹੀ ਰਾਸ਼ਟਰੀ ਗੀਤ ‘ਜਨ ਗਨ ਮਨ, …..’ ਗਾਇਆ ਗਿਆ, ਜਿਸ ਵਿਚ ਸਾਰਿਆਂ ਨੇ ਸਾਵਧਾਨ ਖੜੇ ਹੋ ਕੇ ਭਾਗ ਲਿਆ। ਇਸ ਪਿੱਛੋਂ ਸਾਰੇ ਅਧਿਆਪਕ ਮੁੱਖ ਮਹਿਮਾਨਾਂ ਸਮੇਤ ਕੁਰਸੀਆਂ ਉੱਤੇ ਬੈਠ ਗਏ ਤੇ ਵਿਦਿਆਰਥੀ ਸਾਹਮਣੇ ਦਰੀਆਂ ਉੱਪਰ ! ਦੇਸ਼ ਦੀ ਗਣਤੰਤਰਤਾ ਦਿਵਸ ਤੇ ਅਜ਼ਾਦੀ ਦੇ ਇਤਿਹਾਸ ਸੰਬੰਧੀ ਕੁੱਝ ਭਾਸ਼ਨਾਂ ਤੋਂ ਇਲਾਵਾ ਦੇਸ਼ ਦੀ ਤਰੱਕੀ ਸੰਬੰਧੀ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ। ਕੁੱਝ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ।
ਕੁੜੀਆਂ ਨੇ ਗਿੱਧਾ ਤੇ ਮੁੰਡਿਆਂ ਨੇ ਭੰਗੜਾ ਪੇਸ਼ ਕੀਤਾ। ਇਸ ਸਮੇਂ ਵੱਖ-ਵੱਖ ਵਿਸ਼ਿਆਂ, ਖੇਡਾਂ ਤੇ ਮੁਕਾਬਲਿਆਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਅੰਤ ਵਿਚ ਮੁੱਖ ਅਧਿਆਪਕ ਸਾਹਿਬ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਪ੍ਰੋਗਰਾਮ ਦੇ ਅੰਤ ਵਿਚ ਸਕੂਲ ਵਲੋਂ ਸਾਰੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਲੱਡੂ ਵੰਡੇ ਗਏ। ਇਸ ਪ੍ਰਕਾਰ ਸਾਡੇ ਸਕੂਲ ਦੇ ਵਿਦਿਆਰਥੀਆਂ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕੀਤੀ ਗਈ।
ਤੇਰੀ ਸਹੇਲੀ,
ਅੰਮ੍ਰਿਤਪਾਲ॥
14. ਖਾਣ-ਪੀਣ ਦੀਆਂ ਵਸਤਾਂ ਵਿਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ।
ਦੁਰਾਹਾ,
ਜ਼ਿਲ੍ਹਾ ਲੁਧਿਆਣਾ
26 ਦਸੰਬਰ, 20….
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ਨਵਾਂ ਜ਼ਮਾਨਾ,
ਜਲੰਧਰ
ਵਿਸ਼ਾ-ਨਿੱਤ ਵਰਤੋਂ ਦੀਆਂ ਚੀਜ਼ਾਂ ਵਿਚ ਮਿਲਾਵਟ।
ਸ੍ਰੀਮਾਨ ਜੀ,
ਮੈਂ ਇਸ ਪੱਤਰ ਰਾਹੀਂ ਨਿੱਤ ਵਰਤੋਂ ਦੀਆਂ ਚੀਜ਼ਾਂ ਵਿਚ ਪਾਈ ਜਾਂਦੀ ਮਿਲਾਵਟ ਸੰਬੰਧੀ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ। ਕਿਰਪਾ ਕਰਕੇ ਇਨ੍ਹਾਂ ਨੂੰ ਆਪਣੀ ਅਖ਼ਬਾਰ ਵਿਚ ਛਾਪ ਦੇਣਾ। ਹੋ ਸਕਦਾ ਹੈ ਕਿ ਮੇਰੇ ਇਹ ਵਿਚਾਰ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਬਾਰੇ ਕੋਈ ਠੋਸ ਕਦਮ ਪੁੱਟਣ ਦੀ ਪ੍ਰੇਰਨਾ ਦੇ ਦੇਣ।
ਅੱਜ-ਕਲ੍ਹ ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਨੈਤਿਕ ਗਿਰਾਵਟ ਦਾ ਬੋਲਬਾਲਾ ਹੈ। ਵਪਾਰੀ ਅਤੇ ਦੁਕਾਨਦਾਰ ਬਹੁਤਾ ਮੁਨਾਫ਼ਾ ਲੈਣ ਦੇ ਲਾਲਚ ਵਿਚ ਚੀਜ਼ਾਂ ਵਿਚ ਮਿਲਾਵਟ ਕਰਦੇ ਹਨ। ਉਨ੍ਹਾਂ ਨੂੰ ਲੋਕਾਂ ਦੀ ਸਿਹਤ ਬਾਰੇ ਚਿੰਤਾ ਕਰਨ ਦੀ ਕੋਈ ਪਰਵਾਹ ਨਹੀਂ, ਸਗੋਂ ਉਹ ਆਪਣੇ ਮੁਨਾਫ਼ੇ ਨੂੰ ਸਾਹਮਣੇ ਰੱਖਦੇ ਹਨ। ਇਸ ਮੰਤਵ ਲਈ ਉਹ ਘਿਓ ਵਿਚ ਸੂਰਾਂ ਦੀ ਚਰਬੀ ਮਿਲਾਉਂਦੇ ਹਨ, ਮਸਾਲੇ ਵਿਚ ਘਾਹ ਫੂਸ ਪੀਸਦੇ ਹਨ। ਦੁੱਧ ਵਿਚ ਪਾਣੀ ਜਾਂ ਸਪਰੇਟਾ ਮਿਲਾ ਦਿੱਤਾ ਜਾਂਦਾ ਹੈ।
ਇਸ ਪ੍ਰਕਾਰ ਦਾਲਾਂ ਵਿਚ ਬਰੀਕ ਕੰਕਰ ਮਿਲਾਏ ਹੁੰਦੇ ਹਨ। ਹੋਰ ਤਾਂ ਹੋਰ ਦਵਾਈਆਂ ਵੀ ਸ਼ੁੱਧ ਨਹੀਂ। ਕੈਪਸੂਲਾਂ ਵਿਚ ਹਲਦੀ ਭਰ ਕੇ ਮਹਿੰਗੇ ਭਾ ਵੇਚੇ ਜਾਂਦੇ ਹਨ। ਮਿਲਾਵਟ ਦਾ ਅਜਿਹਾ ਮਨੁੱਖਤਾਹੀਨ ਕੰਮ ਕਰਨ ਵਾਲੇ ਲੋਕਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਮੇਰਾ ਸੁਝਾ ਇਹ ਹੈ ਕਿ ਅਧਿਕਾਰੀਆਂ ਨੂੰ ਸਮੇਂ-ਸਮੇਂ ਦੁਕਾਨਾਂ ਤੋਂ ਚੀਜ਼ਾਂ ਦੇ ਨਮੂਨੇ ਭਰ ਕੇ ਲਿਜਾਣੇ ਚਾਹੀਦੇ ਹਨ ਤੇ ਮੁਨਾਫ਼ਾਖੋਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਾਨੂੰ ਜਿੱਥੇ ਕਿਤੇ ਵੀ ਮਿਲਾਵਟ ਦਾ ਸ਼ੱਕ ਪਵੇ, ਉਸ ਦੀ ਸੂਚਨਾ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਦੇਣੀ ਚਾਹੀਦੀ ਹੈ।
ਆਪ ਦਾ ਵਿਸ਼ਵਾਸ-ਪਾਤਰ,
ਸੁਰਜਨ ਸਿੰਘ॥
15. ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿਚ ਗਣਤੰਤਰ ਦਿਵਸ ਮਨਾਏ ਜਾਣ ਸੰਬੰਧੀ ਇਕ ਚਿੱਠੀ ਲਿਖੋ।
……………. ਸਕੂਲ,
ਹੁਸ਼ਿਆਰਪੁਰ।
28 ਜਨਵਰੀ, 20…
ਪਿਆਰੀ ਹਰਪ੍ਰੀਤ,
ਪਰਸੋਂ ਛੱਬੀ ਜਨਵਰੀ ਦਾ ਦਿਨ ਸੀ। ਤੈਨੂੰ ਪਤਾ ਹੀ ਹੈ ਇਸ ਦਿਨ 1950 ਵਿਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਇਸ ਨੂੰ ਹਰ ਸਾਲ ਦੇਸ਼ ਭਰ ਵਿਚ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਹਰ ਸਾਲ ਵਾਂਗ ਐਤਕੀ ਵੀ ਸਾਡੇ ਸਕੂਲ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰੇ ਸਾਢੇ 8 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸਦੇ ਨਾਲ ਹੀ ਰਾਸ਼ਟਰੀ ਗੀਤ ‘ਜਨ ਗਨ ਮਨ……’ ਗਾਇਆ ਗਿਆ, ਜਿਸ ਵਿਚ ਸਾਰਿਆਂ ਨੇ ਸਾਵਧਾਨ ਖੜ੍ਹੇ ਹੋ ਕੇ ਭਾਗ ਲਿਆ। ਇਸ ਪਿੱਛੋਂ ਸਾਰੇ ਅਧਿਆਪਕ ਮੁੱਖ ਮਹਿਮਾਨਾਂ ਸਮੇਤ ਕੁਰਸੀਆਂ ਉੱਤੇ ਬੈਠ ਗਏ ਤੇ ਵਿਦਿਆਰਥੀ ਸਾਹਮਣੇ ਦਰੀਆਂ ਉੱਪਰ ਦੇਸ਼ ਦੀ ਗਣਤੰਤਰਤਾ ਦਿਵਸ ਤੇ ਅਜ਼ਾਦੀ ਦੇ ਇਤਿਹਾਸ ਸੰਬੰਧੀ ਕੁੱਝ ਭਾਸ਼ਨਾਂ ਤੋਂ ਇਲਾਵਾ ਦੇਸ਼ ਦੀ ਤਰੱਕੀ ਸੰਬੰਧੀ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ। ਕੁੱਝ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ।
ਕੁੜੀਆਂ ਨੇ ਗਿੱਧਾ ਤੇ ਮੁੰਡਿਆਂ ਨੇ ਭੰਗੜਾ ਪੇਸ਼ ਕੀਤਾ। ਇਸ ਸਮੇਂ ਵੱਖ-ਵੱਖ ਵਿਸ਼ਿਆਂ, ਖੇਡਾਂ ਤੇ ਮੁਕਾਬਲਿਆਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਅੰਤ ਵਿਚ ਮੁੱਖ ਅਧਿਆਪਕ ਸਾਹਿਬ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਵਲੋਂ ਸਾਰੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਲੱਡੂ ਵੰਡੇ ਗਏ।ਇਸ ਪ੍ਰਕਾਰ ਸਾਡੇ ਸਕੂਲ ਵਿਚ ਵਿਦਿਆਰਥੀਆਂ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕੀਤੀ ਗਈ।
ਤੇਰੀ ਸਹੇਲੀ,
ਅੰਮ੍ਰਿਤਪਾਲ॥
16. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਘਰ ਵਿਚ ਜ਼ਰੂਰੀ ਕੰਮ ਲਈ ਅੱਧੇ ਦਿਨ ਦੀ ਛੁੱਟੀ ਲੈਣ ਲਈ ਇਕ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
…………. ਸਕੂਲ,
ਪਿੰਡ ………
ਜ਼ਿਲਾ………… !
ਸੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਅੱਜ ਬਿਜਲੀ ਦਾ ਬਿੱਲ ਜਮਾਂ ਕਰਵਾਉਣ ਲਈ ਜਾਣਾ ਹੈ। ਇਸ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਅੱਧੀ ਛੁੱਟੀ ਖ਼ਤਮ ਹੁੰਦਿਆਂ ਹੀ ਸਕੂਲ ਵਿਚ ਹਾਜ਼ਰ ਹੋ ਜਾਵਾਂਗਾ। ਧੰਨਵਾਦ ਸਹਿਤ।
ਆਪ ਦਾ ਆਗਿਆਕਾਰ,
………… ਸਿੰਘ,
ਰੋਲ ਨੰ:..
ਸੱਤਵੀਂ “ਏ”
ਮਿਤੀ : 23 ਜਨਵਰੀ, 20…….
17. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਘਰ ਵਿਚ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
……… ਸਕੂਲ,
ਪਿੰਡ ………
ਜ਼ਿਲਾ ……….
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰ,
……… ਸਿੰਘ,
ਰੋਲ ਨੰ: …………,
ਸੱਤਵੀਂ ‘ਏ।
ਮਿਤੀ : 23 ਜਨਵਰੀ, 20….
18. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਵੱਡੀ ਭੈਣ ਜਾਂ ਵੱਡੇ ਭਰਾ ਦੇ ਵਿਆਹ ‘ਤੇ ਚਾਰ ਦਿਨ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
…………….ਸਕੂਲ,
…………….ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੇਰੀ ਵੱਡੀ ਭੈਣ ਭਰਾ ਦਾ ਵਿਆਹ 10 ਜਨਵਰੀ 20… ਨੂੰ ਹੋਣਾ ਨਿਯਤ ਹੋਇਆ ਹੈ। ਵਿਆਹ ਦਾ ਪ੍ਰਬੰਧ ਕਰਨ ਲਈ ਮੈਨੂੰ ਘਰ ਵਿਚ ਬਹੁਤ ਕੰਮ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ 8 ਤੋਂ 11 ਜਨਵਰੀ ਤਕ ਚਾਰ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ
ਆਪ ਦਾ ਆਗਿਆਕਾਰ,
………… ਸਿੰਘ
ਰੋਲ ਨੰ……..
ਸੱਤਵੀਂ ਸੀ।
ਮਿਤੀ : 7 ਜਨਵਰੀ, 20….
19. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………….. ਸਕੂਲ,
……… ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਬਿਮਾਰ ਹਾਂ, ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰ,
…………. ਕੁਮਾਰ,
ਰੋਲ ਨੰ :……
ਸੱਤਵੀਂ ‘ਬੀ’
ਮਿਤੀ : 12 ਫ਼ਰਵਰੀ, 20…
20. ਸਕੂਲ ਛੱਡਣ ਦਾ ਸਰਟੀਫ਼ਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
……….. ਸਕੂਲ,
……….. ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਜਨਰਲ ਪੋਸਟ ਆਫ਼ਿਸ, ਜਲੰਧਰ ਵਿਚ ਕਲਰਕ ਲੱਗੇ ਹੋਏ ਹਨ। ਪਿਛਲੇ ਮਹੀਨੇ ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਸੀ। ਇਸ ਲਈ ਮੇਰਾ ਜਲੰਧਰ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਹੁਣ ਮੈਂ ਲੁਧਿਆਣੇ ਜਾ ਕੇ ਹੀ ਪੜ੍ਹ ਸਕਾਂਗਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਦਿੱਤੇ ਜਾਣ। ਮੈਂ ਆਪ ਦਾ ਬਹੁਤ ਧੰਨਵਾਦੀ. ਹੋਵਾਂਗਾ।
ਆਪ ਦਾ ਆਗਿਆਕਾਰ,
………. ਚੰਦਰ,
ਰੋਲ ਨੰ:……….,
ਸੱਤਵੀਂ ਡੀ।
ਮਿਤੀ : 5 ਦਸੰਬਰ, 20….
21. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਪੂਰੀ ਫ਼ੀਸ ਮਾਫ਼ੀ ਲਈ ਪ੍ਰਾਰਥਨਾ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
…………… ਸਕੂਲ,
………….. ਪਿੰਡ,
ਜ਼ਿ. …………. !
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ ! ਮੈਂ ਛੇਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿਚ ਸਾਰੀ ਜਮਾਤ ਵਿਚੋਂ ਅੱਵਲ ਰਿਹਾ ਹਾਂ। ਮੇਰਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੈ, ਪਰ ਮੇਰੇ ਪਿਤਾ ਜੀ ਇਕ ਕਾਰਖ਼ਾਨੇ ਵਿਚ ਚਪੜਾਸੀ ਹਨ।ਉਨ੍ਹਾਂ ਦੀ ਤਨਖ਼ਾਹ ਬਹੁਤੀ ਨਹੀਂ ਉਨ੍ਹਾਂ ਦੀ ਤਨਖ਼ਾਹ ਨਾਲ ਸਾਡੇ ਘਰ ਦੇ ਪੰਜ ਜੀਆਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ। ਇਸ ਗ਼ਰੀਬੀ ਕਰਕੇ ਮੇਰੇ ਪਿਤਾ ਜੀ ਮੇਰੀ ਸਕੂਲ ਦੀ ਫ਼ੀਸ ਨਹੀਂ ਦੇ ਸਕਦੇ। ਕਿਰਪਾ ਕਰ ਕੇ ਮੇਰੀ ਪੜ੍ਹਾਈ ਵਿਚ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ ਆਪ ਮੇਰੀ ਪੂਰੀ ਫ਼ੀਸ ਮਾਫ਼ ਕਰ ਦਿਓ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰ,
………… ਕੁਮਾਰ,
ਰੋਲ ਨੰ:…….
ਸੱਤਵੀਂ ਏ।
ਮਿਤੀ : 17 ਅਪਰੈਲ, 20…..
22. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨੇ ਦੀ ਮਾਫ਼ੀ ਲਈ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
…………ਸਕੂਲ,
…………… ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ। ਪਿਛਲੇ ਮਹੀਨੇ ਹੋਈ ਪ੍ਰੀਖਿਆ ਵਿਚ ਹਿਸਾਬ ਦਾ ਪੇਪਰ ਨਾ ਦੇ ਸਕਣ ਕਰਕੇ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ। ਅਸਲ ਵਿਚ ਮੈਂ ਉਸ ਦਿਨ ਬਹੁਤ ਬਿਮਾਰ ਸਾਂ, ਇਸ ਕਰਕੇ ਮੈਂ ਉਹ ਪੇਪਰ ਨਾ ਦੇ ਸਕਿਆ। ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ। ਉਹ ਮੇਰੀ ਪੜ੍ਹਾਈ ਦਾ ਖ਼ਰਚ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ। ਕਿਰਪਾ ਕਰਕੇ ਮੇਰਾ ਜੁਰਮਾਨਾ ਮਾਫ਼ ਕਰ ਦਿੱਤਾ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ
ਆਪ ਦਾ ਆਗਿਆਕਾਰ,
………ਸਿੰਘ,
ਰੋਲ ਨੰ:
ਸੱਤਵੀਂ ‘ਬੀ’
ਮਿਤੀ : 19 ਜਨਵਰੀ, 20…..
23. ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਆਪਣਾ ਸੈਕਸ਼ਨ ਬਦਲਣ ਲਈ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
……….ਸਕੂਲ,
ਪਿੰਡ……….
ਜ਼ਿਲ੍ਹਾ……….।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਤੇ ਮੇਰਾ ਭਰਾ ਕੁਲਬੀਰ ਸਿੰਘ ਰੋਲ ਨੰ: 87 ਆਪ ਦੇ ਸਕੂਲ ਵਿਖੇ ਸੱਤਵੀਂ ਜਮਾਤ ਵਿਚ ਪੜ੍ਹਦੇ ਹਾਂ ਪਰ ਬੀਤੇ ਹਫ਼ਤੇ ਨਵੇਂ ਬਣੇ ਸੈਕਸ਼ਨਾਂ ਵਿਚ ਮੇਰਾ ਰੋਲ ਨੰ: ‘ਏ ਸੈਕਸ਼ਨ ਵਿਚ ਸ਼ਾਮਲ ਹੋ ਗਿਆ ਹੈ ਤੇ ਮੇਰੇ ਭਰਾ ਦਾ ਰੋਲ ਨੰਬਰ ‘ਬੀ ਸੈਕਸ਼ਨ ਵਿਚ ਚਲਾ ਗਿਆ ਹੈ। ਪਰ ਸਾਡੇ ਕੋਲ ਕੁੱਝ ਕਿਤਾਬਾਂ ਸਾਂਝੀਆਂ ਹਨ, ਜਿਸ ਕਰਕੇ ਅਸੀਂ ਦੋਵੇਂ ਵੱਖ-ਵੱਖ ਸੈਕਸ਼ਨਾਂ ਵਿਚ ਨਹੀਂ ਪੜ੍ਹ ਸਕਦੇ ਤੇ ਗ਼ਰੀਬੀ ਕਾਰਨ ਸਾਡੇ ਘਰ ਦੇ ਸਾਨੂੰ ਵੱਖ-ਵੱਖ ਕਿਤਾਬਾਂ ਵੀ ਖ਼ਰੀਦ ਕੇ ਨਹੀਂ ਦੇ ਸਕਦੇ। ਇਸ ਕਰਕੇ ਬੇਨਤੀ ਹੈ ਕਿ ਆਪ ਮੈਨੂੰ ਮੇਰੇ ਭਰਾ ਵਾਲੇ ਸੈਕਸ਼ਨ ਵਿਚ ਭੇਜ ਦੇਵੋ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ
ਆਪ ਦਾ ਆਗਿਆਕਾਰੀ,
ੳ, ਅ, ੲ,
ਰੋਲ ਨੰ: 88,
ਸੱਤਵੀਂ ‘ਏ॥
ਮਿਤੀ : 16 ਅਪਰੈਲ, 20…..
24. ਆਪਣੇ ਇਲਾਕੇ ਦੇ ਡਾਕੀਏ ਦੀ ਲਾਪਰਵਾਹੀ ਵਿਰੁੱਧ ਪੋਸਟ ਮਾਸਟਰ ਨੂੰ ਸ਼ਿਕਾਇਤ ਕਰੋ।
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫਿਸ,
……….. ਸ਼ਹਿਰ।
ਸੀਮਾਨ ਜੀ,
ਮੈਂ ਆਪ ਅੱਗੇ ਇਸ ਪ੍ਰਾਰਥਨਾ-ਪੱਤਰ ਰਾਹੀਂ ਆਪਣੇ ਮੁਹੱਲੇ ਦੇ ਡਾਕੀਏ ਰਾਮ ਨਾਥ ਦੀ ਸ਼ਿਕਾਇਤ ਕਰਨੀ ਚਾਹੁੰਦਾ ਹਾਂ। ਮੈਂ ਉਸ ਨੂੰ ਮੂੰਹ ਨਾਲ ਬਹੁਤ ਵਾਰੀ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ, ਪਰ ਉਸ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਅੱਕ ਕੇ ਮੈਂ ਆਪ ਅੱਗੇ ਸ਼ਿਕਾਇਤ ਕਰ ਰਿਹਾ ਹਾਂ। ਉਹ ਸਾਡੇ ਮੁਹੱਲੇ ਵਿਚ ਕਦੇ ਵੀ ਡਾਕ ਸਮੇਂ ਸਿਰ ਨਹੀਂ ਵੰਡਦਾ ਕਈ ਵਾਰ ਤਾਂ ਦੋ-ਦੋ ਦਿਨਾਂ ਦੀ ਡਾਕ ਇਕੱਠੀ ਹੀ ਵੰਡਦਾ ਹੈ।
ਕਈ ਵਾਰ ਉਹ ਚਿੱਠੀਆਂ ਇਧਰ-ਉਧਰ ਗ਼ਲਤ ਲੋਕਾਂ ਨੂੰ ਦੇ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲ ਬਣਦੀ ਹੈ। ਪਰਸੋਂ ਮੈਨੂੰ ਨੌਕਰੀ ਲਈ ਇੰਟਰਵਿਊ ਦੀ ਇਕ ਚਿੱਠੀ ਆਈ ਸੀ, ਜੋ ਕਿ ਮੈਨੂੰ ਦੋ ਦਿਨ ਲੋਟ ਮਿਲੀ, ਜਿਸ ਕਰਕੇ ਮੈਂ ਆਪਣੀ ਇੰਟਰਵਿਊ ਨਾ ਦੇ ਸਕਿਆ। ਮੈਂ ਇਹ ਸ਼ਿਕਾਇਤ ਆਪਣੇ ਅਤੇ ਲੋਕਾਂ ਦੇ ਭਲੇ ਲਈ ਕਰ ਰਿਹਾ ਹਾਂ। ਮੇਰਾ ਇਸ ਡਾਕੀਏ ਨਾਲ ਕੋਈ ਨਿੱਜੀ ਵੈਰ ਨਹੀਂ !
ਮੈਂ ਆਸ ਕਰਦਾ ਹਾਂ ਕਿ ਆਪ ਮੇਰੇ ਇਸ ਬੇਨਤੀ-ਪੱਤਰ ਨੂੰ ਧਿਆਨ ਵਿਚ ਰੱਖ ਕੇ ਇਸ ਡਾਕੀਏ ਨੂੰ ਤਾੜਨਾ ਕਰੋਗੇ ਕਿ ਉਹ ਧਿਆਨ ਨਾਲ ਪੜੇ ਪੜ ਕੇ ਡਾਕ ਦੀ ਵੰਡ ਸਮੇਂ ਸਿਰ ਕਰਿਆ ਕਰੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਰੋਲ ਨੰ: ……….!
25. ਤੁਹਾਡਾ ਸਾਈਕਲ ਗੁਆਚ ਗਿਆ ਹੈ। ਤੁਸੀਂ ਉਸ ਦੀ ਥਾਣੇ ਵਿਚ ਰਿਪੋਰਟ ਲਿਖਾਉਣ ਲਈ ਮੁੱਖ ਥਾਣਾ ਅਫ਼ਸਰ (ਐੱਸ. ਐੱਚ. ਓ.) ਨੂੰ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਐੱਸ. ਐੱਚ. ਓ. ਸਾਹਿਬ,
ਚੌਕੀ ਨੰਬਰ 4,
……… ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਈਕਲ ਗੁੰਮ ਹੋ ਗਿਆ ਹੈ। ਉਸ ਦੀ ਭਾਲ ਕਰਨ ਵਿਚ ਆਪ ਆਪਣੇ ਕਰਮਚਾਰੀਆਂ ਦੀ ਸਹਾਇਤਾ ਦਿਓ।
ਮੈਂ ਅੱਜ ਸਵੇਰੇ 11 ਵਜੇ ਪੰਜਾਬ ਨੈਸ਼ਨਲ ਬੈਂਕ ਵਿਚ ਰੁਪਏ ਕਢਵਾਉਣ ਲਈ ਗਿਆ ਅਤੇ ਸਾਈਕਲ ਨੂੰ ਜਿੰਦਰਾ ਲਾ ਕੇ ਬਾਹਰ ਖੜ੍ਹਾ ਕਰ ਗਿਆ ਸਾਂ। ਪਰ ਜਦੋਂ 11.30 ‘ਤੇ ਬਾਹਰ ਆਇਆ, ਤਾਂ ਉੱਥੇ ਸਾਈਕਲ ਨਾ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਸਮਝ ਗਿਆ ਕਿ ਉਸ ਨੂੰ ਕੋਈ ਸਾਈਕਲ-ਚੋਰ ਚੁੱਕ ਕੇ ਲੈ ਗਿਆ ਹੈ।
ਮੇਰਾ ਸਾਈਕਲ ਰਾਬਨ-ਹੁੱਡ ਹੈ ਅਤੇ ਉਸ ਦਾ ਨੰਬਰ A-334060 ਹੈ। ਮੈਂ ਇਸ ਸਾਈਕਲ ਨੂੰ ਖ਼ਾਲਸਾ ਸਾਈਕਲ ਸਟੋਰ, ਜਲੰਧਰ ਤੋਂ ਮਾਰਚ, 2000 ਵਿਚ ਖ਼ਰੀਦਿਆ ਸੀ।ਉਸ ਦੀ ਰਸੀਦ ਮੇਰੇ ਕੋਲ ਹੈ। ਇਸ ਦੇ ਚੇਨ-ਕਵਰ ਉੱਤੇ ਮੇਰਾ ਨਾਂ ਲਿਖਿਆ ਹੋਇਆ ਹੈ। ਇਸ ਦੀ ਉੱਚਾਈ 22 ਇੰਚ ਅਤੇ ਰੰਗ ਹਰਾ ਹੈ। ਮੈਂ ਸਾਈਕਲ ਦੀ ਸੂਹ ਦੇਣ ਵਾਲੇ ਨੂੰ 200 ਰੁਪਏ ਇਨਾਮ ਦੇਣ ਲਈ ਵੀ ਤਿਆਰ ਹਾਂ। ਮੈਂ ਆਸ ਕਰਦਾ ਹਾਂ ਕਿ ਆਪ ਆਪਣੇ ਕਰਮਚਾਰੀਆਂ ਨੂੰ ਹੁਕਮ ਦੇ ਕੇ ਮੇਰਾ ਸਾਈਕਲ ਲਭਾਉਣ ਵਿਚ ਮੇਰੀ ਪੂਰੀ-ਪੂਰੀ ਮੱਦਦ ਕਰੋਗੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
……….. ਸਿੰਘ,
ਮਾਡਲ ਟਾਊਨ,
…….. ਸ਼ਹਿਰ।
ਮਿਤੀ : 10 ਦਸੰਬਰ, 20…………..
26. ਤੁਹਾਡਾ ਮੋਬਾਈਲ ਫੋਨ ਗੁੰਮ ਹੋ ਗਿਆ ਹੈ। ਇਸ ਦੀ ਰਿਪੋਰਟ ਲਿਖਾਉਣ ਲਈ ਆਪਣੇ ਥਾਣੇ ਦੇ ਐੱਸ. ਐੱਚ. ਓ. ਨੂੰ ਇਕ ਪੱਤਰ ਲਿਖੋ।
1186 ਅਮਨ ਨਗਰ,
ਜਲੰਧਰ
18 ਸਤੰਬਰ, 20…….
ਸੇਵਾ ਵਿਖੇ
ਐੱਸ.ਐੱਚ.ਓ. ਸਾਹਿਬ,
ਚੌਕੀ ਨੰ: 8,
ਜਲੰਧਰ।
ਵਿਸ਼ਾ-ਮੋਬਾਈਲ ਫੋਨ ਦੇ ਗੁਆਚ ਜਾਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰਾ ਮੋਬਾਈਲ ਫੋਨ ਸੈਮਸੰਗ ਗਲੈਕਸੀ GXS1113i, ਜਿਸ ਵਿਚ ਏਅਰਟੈੱਲ ਕੰਪਨੀ ਦਾ ਸਿਮ ਕਾਰਡ ਹੈ ਤੇ ਇਸ ਦਾ ਨੰਬਰ 9141213861 ਹੈ, ਮੇਰੀ ਜੇਬ ਵਿਚੋਂ ਕਿਧਰੇ ਡਿਗ ਪੈਣ ਕਰ ਕੇ ਗੁਆਚ ਗਿਆ ਹੈ। ਇਸ ਸੰਬੰਧੀ ਰਿਪੋਰਟ ਲਿਖ ਕੇ ਅਗਲੀ ਕਾਰਵਾਈ ਕੀਤੀ ਜਾਵੇ, ਤਾਂ ਜੋ ਮੈਨੂੰ ਕੰਪਨੀ ਤੋਂ ਇਸ ਨੰਬਰ ਦਾ ਸਿਮ ਕਾਰਡ ਜਲਦੀ ਤੋਂ ਜਲਦੀ ਮਿਲ ਸਕੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਉ. ਅ.
27. ਸਕੂਲ ਮੁਖੀ ਨੂੰ ਐਨ. ਸੀ. ਸੀ., ਸਕਾਊਟ ਜਾਂ ਗਰਲ ਗਾਈਡ ਟੀਮ ਵਿਚ ਸ਼ਾਮਿਲ ਕਰਨ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਬੁੱਲੋਵਾਲ
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਸਕੂਲ ਦੀ ਐਨ.ਸੀ.ਸੀ. /ਸਕਾਊਟ/ਗਰਲ ਗਾਈਡ ਟੀਮ ਵਿਚ ਸ਼ਾਮਿਲ ਹੋਣਾ ਚਾਹੁੰਦਾ/ਚਾਹੁੰਦੀ ਹਾਂ। ਕਿਰਪਾ ਕਰਕੇ ਮੈਨੂੰ ਇਸ ਸੰਬੰਧੀ ਆਗਿਆ ਦਿੱਤੀ ਜਾਵੇ, ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ/ ਹੋਵਾਂਗੀ।
ਆਪ ਦਾ/ਆਪ ਦੀ ਆਗਿਆਕਾਰ,
ਉ. ਅ. ਬ.
ਕਲਾਸ ਸੱਤਵੀਂ ਸੀ
ਮਿਤੀ : 10 ਸਤੰਬਰ, 20…..
28. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਸਕੂਲ ਦੀ ਲਾਇਬਰੇਰੀ ਵਿਚ ਬਾਲ-ਰਸਾਲੇ ਤੇ ਅਖ਼ਬਾਰਾਂ ਮੰਗਵਾਉਣ ਲਈ ਇਕ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
……….. ਸਕੂਲ,
……….. ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੇ ਸਕੂਲ ਦੀ ਲਾਇਬਰੇਰੀ ਵਿਚ ਨਾ ਤਾਂ ਕੋਈ ਬਾਲ ਰਸਾਲਾ ਮੰਗਵਾਇਆ ਜਾਂਦਾ ਹੈ ਨਾ ਹੀ ਪੰਜਾਬੀ ਦੀ ਕੋਈ ਅਖ਼ਬਾਰ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਇਸ ਲਾਇਬਰੇਰੀ ਵਿਚ ‘ਚੰਦਾ ਮਾਮਾ, ‘ਪੰਖੜੀਆਂ’ ਆਦਿ ਰਸਾਲੇ ਤੇ “ਅਜੀਤ’ ਅਖ਼ਬਾਰ ਜ਼ਰੂਰ ਮੰਗਵਾਓ। ਇਸ ਦਾ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ।
ਧੰਨਵਾਦ ਸਹਿਤ।
ਆਪ ਦਾ ਆਗਿਆਕਾਰੀ
………. ਸਿੰਘ,
ਮਨੀਟਰ
ਰੋਲ ਨੰਬਰ 21, ਸੱਤਵੀਂ ਜਮਾਤ।
ਮਿਤੀ : 21 ਨਵੰਬਰ, 20…..
29. ਕਿਸੇ ਕਿਤਾਬਾਂ ਦੇ ਦੁਕਾਨਦਾਰ ਨੂੰ ਚਿੱਠੀ ਲਿਖੋ, ਜਿਸ ਵਿਚ ਕੁੱਝ ਕਿਤਾਬਾਂ ਮੰਗਾਉਣ ਲਈ ਆਰਡਰ ਭੇਜੋ।
ਪ੍ਰੀਖਿਆ ਭਵਨ,
ਗੌਰਮਿੰਟ ਗਰਲਜ਼ ਹਾਈ ਸਕੂਲ,
ਜ਼ਿਲ੍ਹਾ ਰੋਪੜ।
28 ਅਪਰੈਲ, 20…….
ਸੇਵਾ ਵਿਖੇ
ਮੈਸਰਜ਼ ਮਲਹੋਤਰਾ ਬੁੱਕ ਡਿਪੋ,
ਐੱਮ. ਬੀ. ਡੀ. ਹਾਊਸ,
ਰੇਲਵੇ ਰੋਡ,
ਜਲੰਧਰ
ਸ੍ਰੀਮਾਨ ਜੀ,
ਮੈਨੂੰ ਹੇਠ ਲਿਖੀਆਂ ਕਿਤਾਬਾਂ ਜਲਦੀ ਤੋਂ ਜਲਦੀ ਵੀ. ਪੀ. ਪੀ. ਕਰ ਕੇ ਭੇਜ ਦਿਓ। ਕਿਤਾਬਾਂ ਦਾ ਐਡੀਸ਼ਨ ਨਵਾਂ ਤੇ ਉਨ੍ਹਾਂ ਦੀਆਂ ਜਿਲਦਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ। ਛਪਾਈ ਸਾਫ਼-ਸੁਥਰੀ ਹੋਵੇ ਕੀਮਤ ਵੀ ਵਾਜਬ ਹੀ ਲੱਗਣੀ ਚਾਹੀਦੀ ਹੈ ਅਤੇ ਲੋੜੀਂਦਾ ਕਮਿਸ਼ਨ ਕੱਟ ਦਿੱਤਾ ਜਾਵੇ।
ਕਿਤਾਬਾਂ ਦੀ ਸੂਚੀ
1. ਐੱਮ. ਬੀ. ਡੀ. ਪੰਜਾਬੀ ਗਾਈਡ – (ਸੱਤਵੀਂ ਸ਼੍ਰੇਣੀ) 1 ਪੁਸਤਕ
2. ਐੱਮ. ਬੀ. ਡੀ, ਗਣਿਤ
3. ਐੱਮ. ਬੀ. ਡੀ. ਇੰਗਲਿਸ਼ ਟੈਸਟ ਪੇਪਰ
4. ਐੱਮ. ਬੀ. ਡੀ. ਹਿੰਦੀ ਗਾਈਡ
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਰੋਲ ਨੰ: ……..
30. ਤੁਹਾਡੀ ਸ਼੍ਰੇਣੀ ਕੋਈ ਮੈਚ ਦੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
……….. ਸਕੂਲ,
………. ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜੀ. ਟੀ. ਰੋਡ ਦੀ ਗਰਾਊਂਡ ਵਿਚ ਸਾਡੇ ਸਕੂਲ ਤੇ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਵਿਚਕਾਰ ਹਾਕੀ ਦਾ ਮੈਚ ਹੋ ਰਿਹਾ ਹੈ। ਸਾਡੀ ਸਾਰੀ ਜਮਾਤ ਇਸ ਮੈਚ ਨੂੰ ਦੇਖਣਾ ਚਾਹੁੰਦੀ ਹੈ। ਕਿਉਂਕਿ ਇਸ ਵਿਚ ਸਾਡੀ ਜਮਾਤ ਦੇ ਦੋ ਖਿਡਾਰੀ ਖੇਡ ਰਹੇ ਹਨ। ਜੇਕਰ ਆਪ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦੋਵੋ, ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਸੱਤਵੀਂ “ਏ”
ਮਿਤੀ : 10 ਨਵੰਬਰ, 20……
31. ਤੁਹਾਡਾ ਬੈਗ ਗੁਆਚ ਗਿਆ ਹੈ। ਇਸਦੀ ਭਾਲ ਲਈ ਆਪਣੇ ਇਲਾਕੇ ਦੇ ਥਾਣਾ ਮੁਖੀ ਨੂੰ ਇਕ ਪੱਤਰ ਲਿਖੋ।
217/10, ਅਵਤਾਰ ਨਗਰ,
ਜਲੰਧਰ।
13 ਸਤੰਬਰ, 20…
ਐੱਸ. ਐੱਚ. ਓ. ਸਾਹਿਬ,
ਚੌਕੀ ਨੰਬਰ 6,
ਜਲੰਧਰ।
ਵਿਸ਼ਾ : ਗੁਆਚੇ ਬੈਗ ਦੀ ਭਾਲ।
ਸ੍ਰੀਮਾਨ ਜੀ,
ਕਲ਼ ਮੈਂ ਸਾਈਕਲ ਉੱਤੇ ਆਪਣੇ ਘਰੋਂ ਐੱਮ. ਜੀ. ਐੱਨ. ਸਕੂਲ ਆਦਰਸ਼ ਨਗਰ ਵੱਲ ਜਾ ਰਿਹਾ ਸਾਂ ਕਿ ਪਿੱਛੇ ਕੈਰੀਅਰ ਉੱਤੇ ਰੱਖਿਆ ਮੇਰਾ ਬੈਗ ਕਿਧਰੇ ਡਿਗ ਪਿਆ ਹੈ। ਇਸ ਵਿਚ ਮੇਰੀਆਂ ਕਿਤਾਬਾਂ-ਕਾਪੀਆਂ ਤੇ ਰੋਟੀ ਦਾ ਡੱਬਾ ਹੈ। ਕਿਤਾਬਾਂ-ਕਾਪੀਆਂ ਉੱਤੇ ਮੇਰਾ ਨਾਂ ਲਿਖਿਆ ਹੋਇਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਰਿਪੋਰਟ ਲਿਖ ਕੇ ਮੇਰਾ ਬੈਗ ਲੱਭਣ ਵਿਚ ਮੱਦਦ ਕਰੋ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਵਿਸ਼ਵਾਸ-ਪਾਤਰ,
ਗੁਰਪ੍ਰਤਾਪ ਸਿੰਘ॥
32. ਆਪਣੇ ਬਲਾਕ ਦੇ ਬੀ. ਡੀ. ਓ. ਨੂੰ ਚਿੱਠੀ ਲਿਖ ਕੇ ਸ਼ਕਾਇਤ ਕਰੋ ਕਿ ਤੁਹਾਡੇ ਪਿੰਡ ਵਿਚ ਸਰਕਾਰੀ ਗ੍ਰਾਂਟ ਦੀ ਕਿਸ ਤਰਾਂ ਗਲਤ ਵਰਤੋਂ ਹੋਈ ਹੈ ?
ਪਿੰਡ …………..
ਬਲਾਕ …………..
ਜ਼ਿਲ੍ਹਾ ……………।
20 ਸਤੰਬਰ, 20……
ਬੀ.ਡੀ.ਓ. ਸਾਹਿਬ,
ਬਲਾਕ ………..
ਜ਼ਿਲਾ ………….
ਵਿਸ਼ਾ : ਪਿੰਡ ਵਿਚ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਸੰਬੰਧੀ।
ਸ੍ਰੀਮਾਨ ਜੀ,
ਸਾਡੇ ਪਿੰਡ …………… ਨੂੰ ਸਰਕਾਰ ਵੱਲੋਂ 3,50,000 ਦੀ ਜਿਹੜੀ ਗਰਾਂਟ ਪਿੰਡ ਦੇ 125 ਦਲਿਤ ਘਰਾਂ ਵਿਚ ਫਲੱਸ਼ ਟਾਇਲਟ ਬਣਾਉਣ ਲਈ ਆਈ ਸੀ, ਉਸਦੀ ਦੁਰਵਰਤੋਂ ਕਰਦਿਆਂ ਸਰਪੰਚ ਸਾਹਿਬ ਨੇ ਇਕ ਪੰਚ ਨਾਲ ਮਿਲ ਕੇ ਉਸ ਦਾ ਵੱਡਾ ਹਿੱਸਾ ਆਪਣੇ ਨੇੜੇ-ਤੇੜੇ ਦੀਆਂ ਗਲੀਆਂ ਅਤੇ ਨਾਲੀਆਂ, ਪੱਕੀਆਂ ਕਰਾਉਣ ਤੇ ਲਾਈਟਾਂ ਲਗਾਉਣ ਉੱਤੇ ਖ਼ਰਚ ਕਰ ਦਿੱਤਾ ਹੈ ਤੇ ਇਸਦਾ ਠੇਕਾ ਵੀ ਆਪਣੇ ਇਕ ਚਹੇਤੇ ਨੂੰ ਦਿੱਤਾ ਹੈ। ਜਿਸ ਕਰਕੇ ਦਲਿਤ ਘਰਾਂ ਵਿਚ ਫਲੱਸ਼/ਟਾਇਲਟਾਂ ਬਣਾਉਣ ਦਾ ਕੰਮ ਵਿੱਚੇ ਰਹਿ ਗਿਆ ਹੈ। ਕਿਰਪਾ ਕਰ ਕੇ ਇਸ ਮਾਮਲੇ ਦੀ ਪੜਤਾਲ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਆਪ ਦੇ ਵਿਸ਼ਵਾਸ ਪਾਤਰ,
ਉ.ਅ.ਦ.
ਪੰਚਾਇਤ ਦਾ ਦਲਿਤ ਮੈਂਬਰ।
33. ਤੁਹਾਡੇ ਸਕੂਲ ਵਿਚ ਪੀਣ ਦੇ ਪਾਣੀ ਦਾ ਯੋਗ ਪ੍ਰਬੰਧ ਨਹੀਂ ਸ਼ਹਿਰ ਦੇ ਪਬਲਿਕ ਹੈਲਥ ਅਫ਼ਸਰ ਨੂੰ ਪ੍ਰਾਰਥਨਾ ਪੱਤਰ ਲਿਖ ਕੇ ਸਕੂਲ ਵਿਚ ਪਾਣੀ ਦਾ ਪ੍ਰਬੰਧ ਕਰਨ ਲਈ ਬੇਨਤੀ ਕਰੋ।
ਸੇਂਵਾ ਵਿਖੇ
ਹੈਲਥ ਅਫ਼ਸਰ,
ਜ਼ਿਲ੍ਹਾ ………….
…………. ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅਸੀਂ ਸਰਕਾਰੀ ਹਾਈ ਸਕੂਲ, ਪਟਿਆਲਾ ਦੇ ਵਿਦਿਆਰਥੀ ਹਾਂ। ਸਾਡੇ ਸਕੂਲ ਵਿਚ ਪੀਣ ਦੇ ਪਾਣੀ ਦਾ ਠੀਕ ਪ੍ਰਬੰਧ ਨਹੀਂ। ਸਕੂਲ ਵਿਚ ਲੱਗੇ ਨਲਕੇ ਦੇ ਨੇੜੇ ਹੀ ਇਕ-ਗੰਦੇ ਪਾਣੀ ਦਾ ਛੱਪੜ ਹੈ, ਜਿਸ ਵਿਚਲਾ ਪਾਣੀ ਸਾਫ਼ ਨਾ ਹੋਣ ਕਰਕੇ ਬੱਚੇ ਆਮ ਕਰਕੇ ਪੇਟ ਦਰਦ ਤੇ ਟੱਟੀਆਂ ਤੇ ਮਰੀਜ਼ ਬਣੇ ਰਹਿੰਦੇ ਹਨ। ਇਸ ਕਰਕੇ ਸਾਡੇ ਸਕੂਲ ਵਿਚ ਪੀਣ ਦੇ ਸਾਫ਼ ਪਾਣੀ ਦੀ ਸਖ਼ਤ ਜ਼ਰੂਰਤ ਹੈ। ਕਿਰਕਾ ਕਰ ਕੇ ਆਪ ਸਾਡੇ ਸਕੂਲ ਨੂੰ ਸਾਫ਼ ਪਾਣੀ ਸਪਲਾਈ ਕਰਨ ਦਾ ਪ੍ਰਬੰਧ ਕਰ ਦੇਵੋ। ਅਸੀਂ ਆਪ ਦੇ ਬਹੁਤ ਧੰਨਵਾਦੀ ਹੋਵਾਂਗੇ।
ਆਪ ਦੇ ਵਿਸ਼ਵਾਸ-ਪਾਤਰ
1. ਗੁਰਮੀਤ ਸਿੰਘ, ਦਸਵੀਂ ਬੀ,
2. ਅਸ਼ੋਕ ਕੁਮਾਰ, ਨੌਵੀਂ ਬੀ,
3. ਸੁਰਿੰਦਰ ਸਿੰਘ, ਅੱਠਵੀਂ ਬੀ।
34. ਆਪਣੇ ਪਿੰਡ ਦੇ ਸਰਪੰਚ ਨੂੰ ਆਪਣੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਕਰਵਾਉਣ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਸਰਪੰਚ ਸਾਹਿਬ
ਬੇਗ਼ਮਪੁਰ ਜੰਡਿਆਲਾ,
ਜ਼ਿਲ੍ਹਾ ਹੁਸ਼ਿਆਰਪੁਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਆਪ ਜਾਣਦੇ ਹੀ ਹੋ ਕਿ ਪੰਚਾਇਤ ਨੇ ਆਪ ਦੀ ਅਗਵਾਈ ਹੇਠ ਪਿਛਲੇ ਸਾਲ ਤੋਂ ਪਿੰਡ ਵਿਚ ਸਾਰੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਕਰਨ ਦਾ ਕੰਮ ਆਰੰਭਿਆ ਸੀ। ਇਸ ਸੰਬੰਧੀ ਪਿੰਡ ਵਿਚੋਂ ਪੰਚਾਇਤ ਦੀ ਸਹਾਇਤਾ ਲਈ ਮਾਇਆ ਵੀ ਇਕੱਠੀ ਕੀਤੀ ਗਈ ਸੀ। ਸਾਡੀ ਗਲੀ ਵਿਚ ਜਿੰਨੇ ਘਰ ਹਨ, ਸਾਰਿਆਂ ਨੇ ਆਪਣੇ ਜ਼ਿੰਮੇ ਲੱਗੇ ਪੈਸੇ ਪੰਚਾਇਤ ਨੂੰ ਦਿੱਤੇ ਸਨ, ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਹੋਰ ਸਾਰੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਬਣ ਚੁੱਕੀਆਂ ਹਨ, ਪਰ ਸਾਡੀ ਗਲੀ ਅਜੇ ਤਕ ਕੱਚੀ ਹੈ, ਜਿਸ ਵਿਚ ਘਰਾਂ ਦਾ ਪਾਣੀ ਜਮ੍ਹਾਂ ਹੋਣ ਕਰਕੇ ਖੋਭਾ ਤੇ ਚਿੱਕੜ ਹੋਇਆ ਰਹਿੰਦਾ ਹੈ।
ਇਸ ਵਿਚ ਕਈ ਨਿੱਕੀਆਂ-ਨਿੱਕੀਆਂ ਛੱਪੜੀਆਂ ਹੋਣ ਕਰਕੇ ਇੱਥੇ ਮੱਖੀਆਂ ਤੇ ਮੱਛਰ ਪਲ ਰਹੇ ਹਨ, ਜੋ ਕਿ ਸਾਰੇ ਪਿੰਡ ਵਾਸੀਆਂ ਦੀ ਸਿਹਤ ਲਈ ਹਾਨੀਕਾਰਕ ਹਨ। ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਪਿੰਡ ਦੀ ਇਸ ਰਹਿੰਦੀ ਕੱਚੀ ਗਲੀ ਵਿਚ ਵੀ ਇੱਟਾਂ ਦਾ ਫ਼ਰਸ਼ ਲੁਆ ਕੇ ਨਾਲ-ਨਾਲ ਪੱਕੀ ਨਾਲੀ ਬਣਵਾ ਦਿਓ, ਤਾਂ ਜੋ ਗਲੀ ਸਾਫ਼-ਸੁਥਰੀ, ਸੁੱਕੀ ਤੇ ਸੋਹਣੀ ਰਹੇ ਅਤੇ ਲੰਘਣ-ਵੜਨ ਵਾਲਿਆਂ ਨੂੰ ਤੰਗੀ ਨਾ ਹੋਵੇ।
ਆਸ ਹੈ ਕਿ ਆਪ ਸਾਡੇ ਘਰਾਂ ਦੀ ਮੁਸ਼ਕਿਲ ਵਲ ਜਲਦੀ ਧਿਆਨ ਦਿਓਗੇ ਤੇ ਸਾਡੀ ਗਲੀ ਵਿਚ ਫ਼ਰਸ਼ ਲੁਆਉਣ ਲਈ ਜਲਦੀ ਹੀ ਕੰਮ ਸ਼ੁਰੂ ਕਰ ਦਿਓਗੇ।
ਧੰਨਵਾਦ ਸਹਿਤ !
ਆਪ ਦਾ ਵਿਸ਼ਵਾਸ-ਪਾਤਰ
ਰੋਲ ਨੰਬਰ …………
ਮਿਤੀ : ਸਤੰਬਰ 30, 20…
35. ਤੁਹਾਡੀ ਸ਼ੇਣੀ ਚਿੜੀਆ-ਘਰ ਵੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ।
ਜਾਂ
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਇਕ ਦਿਨ ਦਾ ਵਿੱਦਿਅਕ ਟੂਰ ਲਿਜਾਣ ਦੀ ਆਗਿਆ ਲੈਣ ਲਈ ਇਕ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
…….. ਸਕੂਲ,
…….. ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੀ ਸ਼੍ਰੇਣੀ ਦੇ ਵਿਦਿਆਰਥੀ 22 ਨਵੰਬਰ ਨੂੰ ਛੱਤਬੀੜ ਚਿੜੀਆ-ਘਰ ਦੀ ਸੈਰ ਕਰਨਾ ਚਾਹੁੰਦੇ ਹਨ। ਇਸ ਦਿਨ ਐਤਵਾਰ ਹੋਵੇਗਾ ਆਪ ਸਾਨੂੰ ਇਸ ਦਿਨ ਇਹ ਚਿੜੀਆ-ਘਰ ਦੇਖਣ ਲਈ ਵਿੱਦਿਅਕ ਟੂਰ ਉੱਤੇ ਜਾਣ ਦੀ ਆਗਿਆ ਦੇਵੋ। ਆਪ ਦੀ ਆਗਿਆ ਮਿਲਣ ‘ਤੇ ਅਸੀਂ ਆਪਣੀ ਸ਼੍ਰੇਣੀ ਦੇ ਹਰ ਵਿਦਿਆਰਥੀ ਤੋਂ ਦੋ-ਦੋ ਸੌ ਰੁਪਏ ਇਕੱਤਰ ਕਰਾਂਗੇ ਤੇ ਇਕ ਬੱਸ ਕਿਰਾਏ ਉੱਤੇ ਲਵਾਂਗੇ।
ਇਸ ਸੰਬੰਧੀ ਆਪ ਕਿਸੇ ਅਧਿਆਪਕ ਸਾਹਿਬ ਦੀ ਡਿਊਟੀ ਲਾ ਦੇਵੋ, ਜੋ ਕਿ ਸਾਡੀ ਯੋਗ ਅਗਵਾਈ ਕਰਨ ਤੇ ਸਾਨੂੰ ਚਿੜੀਆ-ਘਰ ਦਿਖਾ ਕੇ ਲਿਆਉਣ। ਆਪ ਜੀ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਆਪ ਸਕੂਲ ਦੇ ਫੰਡ ਵਿਚੋਂ ਵੀ ਸਾਡੀ ਇਸ ਸੈਰ ਦੇ ਖ਼ਰਚ ਲਈ ਕੁੱਝ ਰਕਮ ਮਨਜ਼ੂਰ ਕਰੋ।
ਧੰਨਵਾਦ ਸਹਿਤ।
ਆਪ ਦੀ ਆਗਿਆਕਾਰੀ,
ਹਰਨੇਕ ਸਿੰਘ,
ਮਨੀਟਰ, ਸੱਤਵੀਂ ਸ਼੍ਰੇਣੀ।
ਮਿਤੀ : 12 ਨਵੰਬਰ, 20…..