Punjab State Board PSEB 6th Class Agriculture Book Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ Textbook Exercise Questions and Answers.
PSEB Solutions for Class 6 Agriculture Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ
Agriculture Guide for Class 6 PSEB ਪਾਣੀ ਦਾ ਖੇਤੀ ਵਿੱਚ ਮਹੱਤਵ Textbook Questions and Answers
ਅਭਿਆਸ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਪੌਦਿਆਂ ਵਿਚ ਪਾਣੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
90 %
ਪ੍ਰਸ਼ਨ 2.
ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦੇਣ ਦੀ ਪ੍ਰੀਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-
ਸਿੰਚਾਈ ।
ਪ੍ਰਸ਼ਨ 3.
ਪਾਣੀ ਦੀ ਸਭ ਤੋਂ ਵੱਧ ਬੱਚਤ ਕਰਨ ਦੇ ਸਮਰੱਥ ਸਿੰਚਾਈ ਦੇ ਕੋਈ ਦੋ ਤਰੀਕੇ ਲਿਖੋ ।
ਉੱਤਰ-
ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।
ਪ੍ਰਸ਼ਨ 4.
ਕਿਹੜੇ ਪਦਾਰਥ ਪਾਣੀ ਰਾਹੀਂ ਬੂਟੇ ਵਿਚ ਜ਼ਜ਼ਬ ਹੁੰਦੇ ਹਨ ?
ਉੱਤਰ-
ਖਣਿਜ ਪਦਾਰਥ ਅਤੇ ਖਾਦ ਤੱਤ ।
ਪ੍ਰਸ਼ਨ 5.
ਭਾਰਤ ਵਿਚ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿਚ ਵਰਤਿਆ ਜਾਂਦਾ
ਉੱਤਰ-
70% ।
ਪ੍ਰਸ਼ਨ 6.
ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ-
ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।
ਪ੍ਰਸ਼ਨ 7.
ਕਿਹੜੀ ਫ਼ਸਲ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ?
ਉੱਤਰ-
ਝੋਨੇ ।
ਪ੍ਰਸ਼ਨ 8.
ਪੰਜਾਬ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਟਿਉਬਵੈੱਲ ਤੇ ਨਹਿਰਾਂ ।
ਪ੍ਰਸ਼ਨ 9.
ਫ਼ਸਲ ਨੂੰ ਜ਼ਿਆਦਾ ਲੂਅ ਤੇ ਕੋਰੇ ਤੋਂ ਬਚਾਉਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ?
ਉੱਤਰ-
ਸਿੰਚਾਈ ਦਾ ।
ਪ੍ਰਸ਼ਨ 10.
ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਸਿੰਚਾਈ ਦੀ ਕਿਹੜੀ ਤਕਨੀਕ ਲਾਭਦਾਇਕ ਹੈ ?
ਉੱਤਰ-
ਤੁਪਕਾ ਸਿੰਚਾਈ ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਈ ਵਾਰ ਫ਼ਸਲਾਂ ਦੀ ਲੋੜ ਮੀਂਹ ਦੇ ਪਾਣੀ ਨਾਲ ਪੂਰੀ ਨਹੀਂ ਹੁੰਦੀ ਤੇ ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦਿੱਤਾ ਜਾਂਦਾ ਹੈ, ਇਸ ਨੂੰ ਸਿੰਚਾਈ ਕਹਿੰਦੇ ਹਨ ।
ਪ੍ਰਸ਼ਨ 2.
ਫ਼ਸਲਾਂ ਵਿਚ ਰੌਣੀ ਦਾ ਕੀ ਮਹੱਤਵ ਹੈ ?
ਉੱਤਰ-
ਬਿਜਾਈ ਸਮੇਂ ਮਿੱਟੀ ਵਿੱਚ ਠੀਕ ਮਾਤਰਾ ਵਿਚ ਨਮੀ ਹੋਣੀ ਚਾਹੀਦੀ ਹੈ, ਇਸ ਲਈ ਖੇਤ ਵਿਚ ਭਰਕੇ ਪਾਣੀ ਲਗਾਇਆ ਜਾਂਦਾ ਹੈ ਜਿਸ ਨੂੰ ਰੌਣੀ ਕਹਿੰਦੇ ਹਨ । ਇਸ ਤਰ੍ਹਾਂ ਰੌਣੀ ਦਾ ਮੰਤਵ ਫ਼ਸਲ ਉਗਣ ਵਿਚ ਸਹਾਇਤਾ ਕਰਨਾ ਹੁੰਦਾ ਹੈ ।
ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ ?
ਉੱਤਰ-
ਸਿੰਚਾਈ ਦੇ ਵੱਖ-ਵੱਖ ਸਾਧਨ ਹਨ-ਟਿਊਬਵੈੱਲ, ਖੂਹ, ਦਰਿਆ, ਟੋਭੇ, ਡੈਮ, ਨਹਿਰ ਆਦਿ ।
ਪ੍ਰਸ਼ਨ 4.
ਸਿੰਚਾਈਆਂ ਦੀ ਗਿਣਤੀ ਫ਼ਸਲਾਂ ਤੇ ਕਿਵੇਂ ਨਿਰਭਰ ਕਰਦੀ ਹੈ ?
ਉੱਤਰ-
ਕਈ ਫ਼ਸਲਾਂ ; ਜਿਵੇਂ ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਕਈਆਂ ; ਜਿਵੇਂ ਝੋਨਾ, ਮੱਕੀ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੈ । ਇਸ ਲਈ ਸਿੰਚਾਈ ਦੀ ਗਿਣਤੀ ਫ਼ਸਲ ਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 5.
ਝੋਨੇ ਵਿਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਝੋਨਾ ਬੀਜਣ ਲਈ ਖੇਤ ਵਿਚ ਪਾਣੀ ਖੜ੍ਹਾ ਕਰਕੇ ਵਾਹੀ ਕੀਤੀ ਜਾਂਦੀ ਹੈ, ਇਸ ਨੂੰ ਕੱਦੂ ਕਰਨਾ ਕਹਿੰਦੇ ਹਨ । ਇਸ ਤਰ੍ਹਾਂ ਖੇਤ ਵਿਚ ਜ਼ਿਆਦਾ ਪਾਣੀ ਖੜ੍ਹਾ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 6.
ਮਿੱਟੀ ਵਿੱਚ ਨਮੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਬੀਜ ਨੂੰ ਪੁੰਗਰ ਕੇ ਪੌਦੇ ਵਿਚ ਬਦਲਣ ਲਈ ਮਿੱਟੀ ਵਿਚ ਠੀਕ ਮਾਤਰਾ ਵਿੱਚ ਨਮੀ ਹੋਣੀ ਚਾਹੀਦੀ ਹੈ ਇਸ ਲਈ ਮਿੱਟੀ ਵਿਚ ਨਮੀ ਦਾ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 7.
ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿਚ ਘੱਟ ਸਿੰਚਾਈਆਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਰੇਤਲੀ ਮਿੱਟੀ ਵਿਚ ਪਾਣੀ ਬਹੁਤ ਜਲਦੀ ਜ਼ੀਰਦਾ ਹੈ ਜਦਕਿ ਚੀਕਣੀ ਮਿੱਟੀ ਵਿੱਚ ਹੌਲੀ-ਹੌਲੀ ਜ਼ੀਰਦਾ ਹੈ । ਇਸ ਲਈ ਰੇਤਲੀ ਮਿੱਟੀ ਵਿਚ ਸਿੰਚਾਈ ਦੀ ਵਧੇਰੇ ਲੋੜ ਹੈ ।
ਪ੍ਰਸ਼ਨ 8.
ਪੰਜਾਬ ਵਿਚ ਸੈਂਟਰੀਫਿਊਗਲ ਪੰਪਾਂ ਦੀ ਜਗਾ ਸਬਮਰਸੀਬਲ ਪੰਪਾਂ ਨੇ ਕਿਉਂ ਲੈ ਲਈ ਹੈ ?
ਉੱਤਰ-
ਜ਼ਮੀਨ ਅੰਦਰ ਪਾਣੀ ਦਾ ਪੱਧਰ ਹੇਠਾਂ ਡਿੱਗਣ ਕਾਰਨ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਪਾਣੀ ਕੱਢਣ ਵਿਚ ਫੇਲ੍ਹ ਹੋ ਗਏ ਹਨ ਤੇ ਇਸ ਲਈ ਹੁਣ ਮੱਛੀ ਮੋਟਰ ਅਰਥਾਤ ਸਬਮਰਸੀਬਲ ਪੰਪਾਂ ਦੀ ਵਰਤੋਂ ਕਰਕੇ ਪਾਣੀ ਕੱਢਿਆ ਜਾਂਦਾ ਹੈ ।
ਪ੍ਰਸ਼ਨ 9.
ਗਰਮੀ ਦੇ ਮੌਸਮ ਵਿੱਚ ਫ਼ਸਲਾਂ ਨੂੰ ਵੱਧ ਪਾਣੀ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗਰਮੀ ਦੇ ਦਿਨਾਂ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਵਾਸ਼ਪੀਕਰਨ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਗਰਮੀਆਂ ਵਿੱਚ ਵਧੇਰੇ ਫ਼ਸਲਾਂ ਨੂੰ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ।
ਪ੍ਰਸ਼ਨ 10.
ਪਾਣੀ ਚੁੱਕਣ ਵਾਲੇ ਪੰਪਾਂ ਦੀ ਊਰਜਾ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਪੰਪਾਂ ਲਈ ਊਰਜਾ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਊਰਜਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਪੌਦਿਆਂ ਦੇ ਜੀਵਨ ਵਿਚ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-
ਬੀਜ਼ਾਂ ਦੀ ਉੱਗਣ ਪ੍ਰਕਿਰਿਆ ਵਿਚ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਮਿੱਟੀ ਵਿਚ ਨਮੀ ਹੋਣਾ ਬਹੁਤ ਜ਼ਰੂਰੀ ਹੈ । ਪਾਣੀ ਪੌਦਿਆਂ ਦੇ ਵੱਧਣ-ਫੁੱਲਣ ਅਤੇ ਫੁੱਲ, ਫਲ ਅਤੇ ਬੀਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਪਾਣੀ ਦੁਆਰਾ ਮਿੱਟੀ ਵਿਚੋਂ ਖਣਿਜ ਲੂਣ ਤੇ ਖਾਦ ਪਦਾਰਥ ਪੋਦਿਆਂ ਨੂੰ ਪ੍ਰਾਪਤ ਹੁੰਦੇ ਹਨ । ਪਾਣੀ ਵਿਚ ਘੁਲ ਕੇ ਤੱਤ ਪੌਦੇ ਦੇ ਸਾਰੇ ਭਾਗਾਂ ਤਕ ਪੁੱਜ ਜਾਂਦੇ ਹਨ । ਪਾਣੀ ਲ ਅਤੇ ਕੋਰੇ ਤੋਂ ਵੀ ਪੌਦਿਆਂ ਦੀ ਰੱਖਿਆ ਕਰਦਾ ਹੈ ।
ਪ੍ਰਸ਼ਨ 2.
ਸਿੰਚਾਈਆਂ ਦੀ ਗਿਣਤੀ ਕਿਸ ਉੱਪਰ ਨਿਰਭਰ ਕਰਦੀ ਹੈ ਤੇ ਕਿਵੇਂ ?
ਉੱਤਰ-
ਸਿੰਚਾਈਆਂ ਦੀ ਗਿਣਤੀ ਫ਼ਸਲ ਦੀ ਕਿਸਮ, ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਹੈ । ਕਣਕ, ਤੇਲ ਬੀਜ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਰ ਝੋਨੇ, ਗੰਨੇ, ਮੱਕੀ ਆਦਿ ਨੂੰ ਵੱਧ ਸਿੰਚਾਈਆਂ ਦੀ ਲੋੜ ਪੈਂਦੀ ਹੈ । ਸਰਦੀਆਂ ਵਿੱਚ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਗਰਮੀ ਵਿਚ ਫ਼ਸਲਾਂ ਨੂੰ ਵੱਧ ਸਿੰਚਾਈ ਦੀ ਲੋੜ ਹੁੰਦੀ ਹੈ । ਕਿਉਂਕਿ ਗਰਮੀ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਤੇਜ਼ੀ ਨਾਲ ਤੇ ਵੱਧ ਮਾਤਰਾ ਵਿਚ ਹੁੰਦਾ ਹੈ । ਹਲਕੀ ਮਿੱਟੀ (ਰੇਤਲੀ) ਵਿੱਚ ਵੱਧ ਅਤੇ ਭਾਰੀ (ਚੀਕਣੀ) ਮਿੱਟੀ ਵਿਚ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ । ਹਲਕੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰ ਜਾਂਦਾ ਹੈ ਜਦਕਿ ਭਾਰੀਆਂ ਜ਼ਮੀਨਾਂ ਵਿਚੋਂ ਹੌਲੀ-ਹੌਲੀ ਜ਼ੀਰਦਾ ਹੈ ।
ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਤਰੀਕੇ ਕਿਹੜੇ ਹਨ ? ਫੁਹਾਰਾ ਸਿੰਚਾਈ ਬਾਰੇ ਵਿਸਥਾਰਪੂਰਵਕ ਦੱਸੋ ।
ਉੱਤਰ-
ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।
ਫੁਹਾਰਾ ਸਿੰਚਾਈ – ਇਸ ਤਰੀਕੇ ਵਿਚ ਫ਼ਸਲ ਜਾਂ ਜ਼ਮੀਨ ਤੇ ਫੁਹਾਰੇ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ । ਇਹ ਪਾਣੀ ਜ਼ਮੀਨ ਦੀ ਜ਼ੀਰਨ ਸ਼ਕਤੀ ਤੋਂ ਹਮੇਸ਼ਾਂ ਘੱਟ ਹੁੰਦਾ ਹੈ ਤੇ ਬਟਿਆਂ ਦੀ ਲੋੜ ਨੂੰ ਹੀ ਪੂਰਾ ਕਰਦਾ ਹੈ ।ਉੱਚੇ-ਨੀਵੇਂ ਇਲਾਕਿਆਂ ਵਿਚ ਇਹ ਤਕਨੀਕ ਬਹੁਤ ਕਾਰਗਰ ਸਾਬਿਤ ਹੋਈ ਹੈ । ਫ਼ਸਲ ਨੂੰ ਲੂ ਅਤੇ ਕੋਰੇ ਤੋਂ ਬਚਾਉਣ ਲਈ ਵੀ ਇਹ ਤਰੀਕਾ ਢੁੱਕਵਾਂ ਹੈ ।
ਪ੍ਰਸ਼ਨ 4.
ਤੁਪਕਾ ਸਿੰਚਾਈ ਦੁਆਰਾ ਕਿਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਪਾਣੀ ਇਕ ਕੁਦਰਤੀ ਸੋਮਾ ਹੈ, ਇਸਦੀ ਬੱਚਤ ਕਰਨ ਦੀ ਵੀ ਬਹੁਤ ਲੋੜ ਹੈ । ਖੇਤੀਬਾੜੀ ਵਿਚ ਭਾਰਤ ਦੇ ਕੁੱਲ ਪਾਣੀ ਦਾ 70% ਵਰਤਿਆ ਜਾਂਦਾ ਹੈ । ਇਸ ਲਈ ਪਾਣੀ ਦੀ ਬੱਚਤ ਕਰਨ ਲਈ ਤੁਪਕਾ ਸਿੰਚਾਈ ਦਾ ਤਰੀਕਾ ਬਹੁਤ ਕਾਰਗਰ ਸਾਬਿਤ ਹੋਇਆ ਹੈ ।
ਇਸ ਤਰੀਕੇ ਵਿਚ ਪੌਦਿਆਂ ਦੀਆਂ ਜੜਾਂ ਵਿਚ ਤੁਪਕਾ-ਤੁਪਕਾ ਕਰਕੇ ਪਾਣੀ ਪਾਇਆ ਜਾਂਦਾ ਹੈ । ਇਸ ਤਰ੍ਹਾਂ ਇਸ ਪਾਣੀ ਦੀ ਵਰਤੋਂ ਸਿਰਫ਼ ਪੌਦਿਆਂ ਦੀ ਲੋੜ ਹੀ ਪੂਰੀ ਕਰਦਾ ਹੈ ਤੇ ਮਿੱਟੀ ਵਿਚ ਜ਼ੀਰਨ ਲਈ ਬੱਚਦਾ ਹੀ ਨਹੀਂ ਹੈ ਤੇ ਬਿਲਕੁਲ ਅਜਾਈਂ ਨਹੀਂ ਗਵਾਇਆ ਜਾਂਦਾ । ਪਾਣੀ ਦੀ ਥੁੜ ਵਾਲੇ ਇਲਾਕਿਆਂ ਵਿਚ ਇਹ ਤਰੀਕਾ ਬਹੁਤ ਲਾਭਦਾਇਕ ਹੈ ।
ਪ੍ਰਸ਼ਨ 5.
ਸਤਹਿ ਸਿੰਚਾਈ ਦੀ ਵਰਤੋਂ ਵੱਖ-ਵੱਖ ਫ਼ਸਲਾਂ ਵਿਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਵਧੀਆ ਉਪਜ ਲੈਣ ਲਈ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਇਸ ਲਈ ਵੱਖ-ਵੱਖ ਤਰੀਕੇ ਨਾਲ ਸਿੰਚਾਈ ਕੀਤੀ ਜਾਂਦੀ ਹੈ ਇਹਨਾਂ ਵਿਚੋਂ ਇਕ ਤਰੀਕਾ ਹੈ ਸਤਹਿ ਸਿੰਚਾਈ ਦਾ ।
ਇਸ ਤਰੀਕੇ ਵਿਚ ਖੇਤ ਵਿਚ ਕਿਆਰੇ ਬਣਾ ਕੇ ਖਾਲਾਂ ਦੁਆਰਾ ਪਾਣੀ ਲਾਇਆ ਜਾਂਦਾ ਹੈ । ਇਸ ਢੰਗ ਨਾਲ ਕਣਕ, ਦਾਲਾਂ ਆਦਿ ਨੂੰ ਪਾਣੀ ਲਾਇਆ ਜਾਂਦਾ ਹੈ । ਫਲਦਾਰ ਬੂਟਿਆਂ ਦੇ ਆਲੇ-ਦੁਆਲੇ ਬੰਨੇ ਬਣਾ ਕੇ ਪਾਣੀ ਭਰ ਦਿੱਤਾ ਜਾਂਦਾ ਹੈ । ਕਈ ਫ਼ਸਲਾਂ ਨੂੰ ਵਟਾਂ ਤੇ ਉਗਾਇਆ ਜਾਂਦਾ ਹੈ ਤੇ ਖਾਲੀਆਂ ਦੁਆਰਾ ਪਾਣੀ ਦਿੱਤਾ ਜਾਂਦਾ ਹੈ; ਜਿਵੇਂ-ਰੀਨਾ, ਮੱਕੀ, ਆਲੂ ਆਦਿ ।
PSEB 6th Class Agriculture Guide ਪਾਣੀ ਦਾ ਖੇਤੀ ਵਿੱਚ ਮਹੱਤਵ Important Questions and Answers
ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਪੌਦਿਆਂ ਵਿਚ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ
(i) 60%
(ii) 90%
(iii) 50%
(iv) 80%.
ਉੱਤਰ-
(ii) 90% ।
ਪ੍ਰਸ਼ਨ 2.
ਘਰੇਲੂ ਲੋੜਾਂ ਲਈ ਕਿੰਨਾ ਪ੍ਰਤੀਸ਼ਤ ਪਾਣੀ ਵਰਤਿਆ ਜਾਂਦਾ ਹੈ ?
(i) 50%
(ii) 20%
(iii) 8%
(iv) 15%.
ਉੱਤਰ-
(iii) 8% ।
ਪ੍ਰਸ਼ਨ 3.
ਪਾਣੀ ਚੁੱਕਣ ਲਈ ਵਰਤੋਂ ਹੁੰਦੀ ਹੈ-
(i) ਪਸ਼ੂਆਂ ਦੀ
(ii) ਮੱਛੀ ਮੋਟਰ
(iii) ਪੱਖੇ ਵਾਲਾ ਪੰਪ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।
ਖ਼ਾਲੀ ਥਾਂ ਭਰੋ
(i) ਸਬਮਰਸੀਬਲ ਪੰਪ ਨੂੰ ………………….. ਪੰਪ ਵੀ ਕਹਿੰਦੇ ਹਨ ।
ਉੱਤਰ-
ਮੱਛੀ
(ii) ਹਲਕੀ ਮਿੱਟੀ ਵਿੱਚ …………………. ਸਿੰਚਾਈ ਦੀ ਲੋੜ ਹੈ ।
ਉੱਤਰ-
ਵੱਧ
(iii) ……………….. ਸਮੇਂ ਮਿੱਟੀ ਵਿੱਚ ਠੀਕ ਨਮੀ ਹੋਣੀ ਚਾਹੀਦੀ ਹੈ ।
ਉੱਤਰ-
ਬਿਜਾਈ
(iv) ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ …………………… ਕਹਿੰਦੇ ਹਨ ।
ਉੱਤਰ-
ਕੱਦੂ ਕਰਨਾ ।
ਠੀਕ/ਗ਼ਲਤ
(i) ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।
ਉੱਤਰ-
ਠੀਕ
(ii) ਪਾਣੀ ਫ਼ਸਲ ਨੂੰ ਲੂ ਤੋਂ ਬਚਾਉਂਦਾ ਹੈ ।
ਉੱਤਰ-
ਠੀਕ
(iii) 1980 ਵਿਚ ਟਿਊਬਵੈਲਾਂ ਦੀ ਗਿਣਤੀ 6 ਲੱਖ ਤੋਂ ਵੱਧ ਸੀ ।
ਉੱਤਰ-
ਠੀਕ
(iv) ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦੇਣ ਨੂੰ ਸਿੰਚਾਈ ਕਹਿੰਦੇ ਹਨ ।
ਉੱਤਰ-
ਠੀਕ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਕੁੱਲ ਪਾਣੀ ਦਾ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਘਰੇਲੂ ਲੋੜਾਂ ਲਈ ਵਰਤਿਆ ਜਾਂਦਾ ਹੈ ।
ਉੱਤਰ-
8% ।
ਪ੍ਰਸ਼ਨ 2.
ਝੋਨੇ ਦੀ ਬਿਜਾਈ ਲਈ ਖੇਤ ਨੂੰ ਕੀ ਕੀਤਾ ਜਾਂਦਾ ਹੈ ?
ਉੱਤਰ-
ਕੱਦੂ ।
ਪ੍ਰਸ਼ਨ 3.
ਪੰਜਾਬ ਵਿਚ ਸਿੰਚਾਈ ਦਾ ਮੁੱਖ ਸਾਧਨ ਕੀ ਹੈ ?
ਉੱਤਰ-
ਟਿਊਬਵੈੱਲ ਤੇ ਨਹਿਰਾਂ ।
ਪ੍ਰਸ਼ਨ 4.
ਹਲਕੀ ਮਿੱਟੀ ਕਿਹੜੀ ਹੈ ?
ਉੱਤਰ-
ਰੇਤਲੀ ਮਿੱਟੀ ।
ਪ੍ਰਸ਼ਨ 5.
ਭਾਰੀ ਜ਼ਮੀਨ ਕਿਹੜੀ ਹੈ ?
ਉੱਤਰ-
ਚੀਕਣੀ ਮਿੱਟੀ ।
ਪ੍ਰਸ਼ਨ 6.
ਕਿਹੜੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰਦਾ ਹੈ ?
ਉੱਤਰ-
ਰੇਤਲੀ (ਹਲਕੀ) ਜ਼ਮੀਨ ਵਿਚ ।
ਪ੍ਰਸ਼ਨ 7.
ਟੋਭਿਆਂ ਵਿਚੋਂ ਪਾਣੀ ਕੱਢਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪਸ਼ੂਆਂ ਦੀ ।
ਪ੍ਰਸ਼ਨ 8.
ਮੱਛੀ ਮੋਟਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਬਮਰਸੀਬਲ ਪੰਪ ।
ਪ੍ਰਸ਼ਨ 9.
ਡੱਲ ਝੀਲ ਤੇ ਸਬਜ਼ੀਆਂ ਉਗਾਉਣ ਲਈ ਕਿਹੜੀ ਸਿੰਚਾਈ ਦੀ ਵਰਤੋਂ ਹੁੰਦੀ ਹੈ ?
ਉੱਤਰ-
ਸਬ-ਸਤਹਿ ਸਿੰਚਾਈ ।
ਪ੍ਰਸ਼ਨ 10.
ਤੁਪਕਾ ਸਿੰਚਾਈ ਕਿਹੜੇ ਇਲਾਕਿਆਂ ਲਈ ਬਹੁਤ ਲਾਭਦਾਇਕ ਹੈ ?
ਉੱਤਰ-
ਪਾਣੀ ਦੀ ਕਮੀ ਵਾਲੇ ਇਲਾਕਿਆਂ ਲਈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਪਾਣੀ ਦੀ ਲਾਗਤ ਬਾਰੇ ਦੱਸੋ ।
ਉੱਤਰ-
ਭਾਰਤ ਵਿਚ ਕੁੱਲ ਪਾਣੀ ਦਾ 70% ਪਾਣੀ ਖੇਤੀਬਾੜੀ, 20-22% ਪਾਣੀ ਕਾਰਖ਼ਾਨਿਆਂ ਅਤੇ ਲਗਭਗ 8% ਪਾਣੀ ਘਰੇਲੂ ਲੋੜਾਂ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 2.
ਕਿਹੜੀਆਂ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਕਿਹੜੀਆਂ ਨੂੰ ਵੱਧ ਸਿੰਚਾਈ ਦੀ ਲੋੜ ਹੈ ?
ਉੱਤਰ-
ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਅਤੇ ਝੋਨਾ, ਮੱਕੀ, ਗੰਨੇ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 3.
ਹੁਣ ਪਾਣੀ ਚੁੱਕਣ ਲਈ ਕਿਸ ਤਰੀਕੇ ਦੀ ਵਰਤੋਂ ਹੁੰਦੀ ਹੈ ਤੇ ਕਿਹੋ ਜਿਹੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਹੁਣ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੱਖਾਂ ਪੰਪ, ਮੱਛੀ ਮੋਟਰ ਆਦਿ ਅਤੇ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਉਰਜਾ ਦੀ ਵਰਤੋਂ ਨਾਲ ਇਹ ਪੰਪ ਚਲਾਏ ਜਾਂਦੇ ਹਨ ।
ਪ੍ਰਸ਼ਨ 4.
ਸਬ-ਸਤਹਿ ਸਿੰਚਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਕਈ ਜਗਾ ਤੇ ਪਾਣੀ ਜ਼ਮੀਨ ਦੇ ਨੇੜੇ ਹੋਣ ਕਾਰਨ ਪੌਦੇ ਜ਼ਮੀਨ ਵਿਚੋਂ ਪਾਣੀ ਲੈ ਲੈਂਦੇ ਹਨ, ਜਿਵੇਂ ਕਿ ਕਸ਼ਮੀਰ ਵਿਚ ਡੱਲ ਝੀਲ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਸਿੰਚਾਈ ਦੇ ਸਾਧਨਾਂ ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ-
ਸਿੰਚਾਈ ਦੇ ਕਈ ਸਾਧਨ ਉਪਲੱਬਧ ਹਨ । ਇਹ ਹਨ ਖੂਹ, ਟਿਉਬਵੈੱਲ, ਟੋਭੇ, ਡੈਮ, ਨਹਿਰ, ਦਰਿਆ ਆਦਿ । ਪੁਰਾਤਨ ਸਮਿਆਂ ਵਿਚ ਖੂਹਾਂ, ਟੋਭਿਆਂ ਵਿਚੋਂ ਪਾਣੀ ਕੱਢਣ ਲਈ ਪਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਕੰਮ ਵੱਧ ਸਮਾਂ ਲੈਣ ਵਾਲਾ ਅਤੇ ਵਧੀਆ ਤਰੀਕਾ ਨਹੀਂ ਹੈ ।
ਅੱਜ-ਕਲ੍ਹ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਹੁੰਦੀ ਹੈ । ਇਹ ਪੰਪ ਬਿਜਲੀ, ਬਾਇਓਗੈਸ, ਡੀਜ਼ਲ ਅਤੇ ਸੂਰਜੀ ਊਰਜਾ ਆਦਿ ਨਾਲ ਚੱਲਦੇ ਹਨ । ਪੰਜਾਬ ਵਿਚ ਸਿੰਚਾਈ ਲਈ ਮੁੱਖ ਤੌਰ ਤੇ ਨਹਿਰਾਂ ਤੇ ਟਿਊਬਵੈੱਲ ਦਾ ਪ੍ਰਯੋਗ ਹੁੰਦਾ ਹੈ । ਪੰਜਾਬ ਵਿਚ ਲਗਭਗ 13 ਲੱਖ ਟਿਊਬਵੈੱਲ ਹਨ | ਪਾਣੀ ਦੀ ਵੱਧ ਵਰਤੋਂ ਕਾਰਨ ਧਰਤੀ ਹੇਠਾਂ ਪਾਣੀ ਦਾ ਪੱਧਰ ਥੱਲੇ ਡਿਗ ਗਿਆ ਹੈ । ਇਸ ਲਈ ਪਾਣੀ ਕੱਢਣ ਲਈ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਫੇਲ ਹੋ ਗਏ ਹਨ ਤੇ ਹੁਣ ਪਾਣੀ ਕੱਢਣ ਲਈ ਸਬਮਰਸੀਬਲ ਪੰਪ (ਮੱਛੀ ਪੰਪਾਂ) ਦੀ ਵਰਤੋਂ ਹੋ ਰਹੀ ਹੈ । ਪਰ ਇਹਨਾਂ ਦੀ ਵਰਤੋਂ ਨਾਲ ਬਿਜਲੀ ਦੀ ਖਪਤ ਵੀ ਵਧ ਗਈ ਹੈ ।
ਪਾਣੀ ਦਾ ਖੇਤੀ ਵਿੱਚ ਮਹੱਤਵ PSEB 6th Class Agriculture Notes
- ਪਾਣੀ ਬਿਨਾਂ ਕੋਈ ਵੀ ਪਾਣੀ ਜੀਵਿਤ ਨਹੀਂ ਰਹਿ ਸਕਦਾ ।
- ਭਾਰਤ ਵਿੱਚ ਕੁੱਲ ਪਾਣੀ ਦਾ ਲਗਪਗ 70% ਖੇਤੀਬਾੜੀ ਵਿਚ, 20-22% ਕਾਰਖ਼ਾਨਿਆਂ ਵਿੱਚ ਅਤੇ ਲਗਪਗ 8% ਪਾਣੀ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ ।
- ਪੌਦਿਆਂ ਵਿਚ ਲਗਪਗ 90% ਪਾਣੀ ਹੁੰਦਾ ਹੈ ।
- ਪਾਣੀ ਫ਼ਸਲ ਨੂੰ ਲੁਅ ਅਤੇ ਕੋਰੇ ਦੋਵਾਂ ਤੋਂ ਬਚਾਉਂਦਾ ਹੈ ।
- ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦੇਣ ਨੂੰ ਸਿੰਚਾਈ ਕਹਿੰਦੇ ਹਨ ।
- ਹਲਕੀ (ਰੇਤਲੀ) ਮਿੱਟੀ ਵਿੱਚ ਵੱਧ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈ ਦੀ ਲੋੜ ਪੈਂਦੀ ਹੈ ।
- ਖੇਤ ਵਿਚ ਭਰ ਕੇ ਪਾਣੀ ਲਗਾਇਆ ਜਾਂਦਾ ਹੈ, ਜਿਸ ਨੂੰ ਰੌਣੀ ਕਹਿੰਦੇ ਹਨ ।
- ਝੋਨੇ ਤੋਂ ਇਲਾਵਾ ਸਾਰੀਆਂ ਫ਼ਸਲਾਂ ਨੂੰ ਰੌਣੀ ਕਰਕੇ ਬੀਜਿਆ ਜਾਂਦਾ ਹੈ ।
- ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ । ਇਸ ਲਈ ਇਸ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ।
- ਸਿੰਚਾਈ ਦੇ ਸਾਧਨ ਹਨ-ਖੂਹ, ਟਿਊਬਵੈੱਲ, ਟੋਭੇ, ਦਰਿਆ, ਡੈਮ, ਨਹਿਰ ਆਦਿ ।
- ਟਿਊਬਵੈੱਲਾਂ ਦੀ ਗਿਣਤੀ 1980 ਵਿਚ 6 ਲੱਖ ਤੋਂ ਵੱਧ ਕੇ ਹੁਣ 13 ਲੱਖ ਤੋਂ ਵੀ ਵੱਧ ਹੋ ਗਈ ਹੈ ।
- ਸਿੰਚਾਈ ਦੇ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।