Punjab State Board PSEB 11th Class Sociology Important Questions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Important Questions and Answers.
PSEB 11th Class Sociology Important Questions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ
ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :
ਪ੍ਰਸ਼ਨ 1.
ਕਿਤਾਬ Das Capital ਦਾ ਲੇਖਕ ਕੌਣ ਹੈ ?
(a) ਵੈਬਰ
(b) ਦੁਰਖੀਮ
(c) ਮਾਰਕਸ
d) ਸਪੈਂਸਰ ।
ਉੱਤਰ-
(c) ਮਾਰਕਸ ।
ਪ੍ਰਸ਼ਨ 2.
ਇਹਨਾਂ ਵਿੱਚੋਂ ਕਿਸੇ ਨਾਲ ਅਰਥਵਿਗਿਆਨ ਦਾ ਸਿੱਧਾ ਸੰਬੰਧ ਨਹੀਂ ਹੈ ?
(a) ਉਪਭੋਗ
(b) ਧਾਰਮਿਕ ਕ੍ਰਿਆਵਾਂ
(c) ਉਤਪਾਦਨ
(d) ਵੰਡ ।
ਉੱਤਰ-
(b) ਧਾਰਮਿਕ ਕ੍ਰਿਆਵਾਂ ।
ਪ੍ਰਸ਼ਨ 3.
ਸਮਾਜ ਸ਼ਾਸਤਰ ਦਾ ਇਤਿਹਾਸ ਨੂੰ ਕੀ ਯੋਗਦਾਨ ਹੈ ?
(a) ਇਤਿਹਾਸ ਸਮਾਜ ਸ਼ਾਸਤਰ ਦੀ ਸਮੱਗਰੀ ਦਾ ਪ੍ਰਯੋਗ ਕਰਦਾ ਹੈ
(b) ਇਤਿਹਾਸ ਨੇ ਸਮਾਜ ਸ਼ਾਸਤਰ ਦੇ ਕਈ ਸੰਕਲਪਾਂ ਨੂੰ ਆਪਣੇ ਖੇਤਰ ਵਿੱਚ ਸ਼ਾਮਲ ਕੀਤਾ ਹੈ
(c) ਸਮਾਜਿਕ ਇਤਿਹਾਸ ਕਿਸੇ ਸੰਸਥਾ ਦੇ ਮਿਕ ਵਿਕਾਸ ਅਤੇ ਪਰਿਵਰਤਨਾਂ ਦਾ ਅਧਿਐਨ ਕਰਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 4.
ਇਹ ਸ਼ਬਦ ਕਿਸਦੇ ਹਨ ? ‘‘ਸਮਾਜ ਵਿਅਕਤੀ ਦਾ ਵਿਸਤ੍ਰਿਤ ਰੂਪ ਹੈ ।”
(a) ਮੈਕਾਈਵਰ
(b) ਅਰਸਤੂ
(c) ਵੈਬਰ
(d) ਦੁਰਖੀਮ ।
ਉੱਤਰ-
(b) ਅਰਸਤੂ ।
ਪ੍ਰਸ਼ਨ 5.
ਮਨੁੱਖਾਂ ਦੇ ਸਮਾਜ ਦੀ ਜੈਵਿਕ ਵਿਸ਼ੇਸ਼ਤਾ ਕੀ ਹੈ ?
(a) ਖੜੇ ਹੋਣ ਦੀ ਸ਼ਕਤੀ
(b) ਵਿਕਸਿਤ ਦਿਮਾਗ਼
(c) ਬੋਲਣ ਦੀ ਸ਼ਕਤੀ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 6.
ਸਮਾਜ ਸ਼ਾਸਤਰ ਅਤੇ ਅਰਥਸ਼ਾਸਤਰ ਵਿੱਚ ਕੀ ਅੰਤਰ ਹੈ ?
(a) ਸਮਾਜ ਸ਼ਾਸਤਰ ਦਾ ਅਧਿਐਨ ਖੇਤਰ ਸੰਪੂਰਣ ਸਮਾਜ ਹੈ ਪਰ ਅਰਥਸ਼ਾਸਤਰ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਤੱਕ ਹੀ ਸੀਮਿਤ ਹੈ
(b) ਸਮਾਜ ਸ਼ਾਸਤਰ ਦਾ ਦ੍ਰਿਸ਼ਟੀਕੋਣ ਸਮਾਜਿਕ ਹੈ ਅਤੇ ਅਰਥ ਸ਼ਾਸਤਰ ਦਾ ਦ੍ਰਿਸ਼ਟੀਕੋਣ ਆਰਥਿਕ ਹੁੰਦਾ ਹੈ
(c) ਸਮਾਜ ਸ਼ਾਸਤਰ ਦੀ ਇਕਾਈ ਸਮੂਹ ਹੈ ਪਰ ਅਰਥ ਸ਼ਾਸਤਰ ਦੀ ਇਕਾਈ ਇੱਕ ਵਿਅਕਤੀ ਹੈ
(d) ਉਪਰੋਕਤ ਸਾਰੇ ।
ਉੱਤਰ-
ਉਪਰੋਕਤ ਸਾਰੇ ।
ਪ੍ਰਸ਼ਨ 7.
ਕਾਮਤੇ ਨੇ ਆਪਣੀ ਫਿਲਾਸਫੀ ਨੂੰ ਕੀ ਨਾਮ ਦਿੱਤਾ ਸੀ ?
(a) ਆਦਰਸ਼ਵਾਦ
(b) ਸਕਾਰਾਤਮਕਵਾਦ
(c) ਨਿਰੀਖਣਵਾਦ
(d) ਕੋਈ ਨਹੀਂ ।
ਉੱਤਰ-
(b) ਸਕਾਰਾਤਮਕਵਾਦ ।
ਪ੍ਰਸ਼ਨ 8.
ਮਨੋਵਿਗਿਆਨ ਦੀ ਕਿਹੜੀ ਸ਼ਾਖਾ ਸਮਾਜ ਸ਼ਾਸਤਰ ਨਾਲ ਸੰਬੰਧਿਤ ਹੈ ?
(a) ਸਮਾਜਿਕ ਮਨੋਵਿਗਿਆਨ
(b) ਆਰਥਿਕ ਮਨੋਵਿਗਿਆਨ
(c) ਸੰਰਚਨਾਤਮਕ ਵਿਗਿਆਨ
(d) ਸੰਸਕ੍ਰਿਤਿਕ ਵਿਗਿਆਨ ।
ਉੱਤਰ-
(a) ਸਮਾਜਿਕ ਮਨੋਵਿਗਿਆਨ ।
ਪ੍ਰਸ਼ਨ 9.
ਸਮਾਜ ਸ਼ਾਸਤਰ ਇਤਿਹਾਸਿਕ ਤੱਥਾਂ ਦੀ ਵਿਆਖਿਆ ਲਈ ਕਿਸ ਦਾ ਰਿਣੀ ਹੈ ?
(a) ਅਰਥਸ਼ਾਸਤਰ
(b) ਇਤਿਹਾਸ
(c) ਰਾਜਨੀਤੀ ਸ਼ਾਸਤਰ
(d) ਮਾਨਵ ਵਿਗਿਆਨ ।
ਉੱਤਰ-
(b) ਇਤਿਹਾਸ ।
ਪ੍ਰਸ਼ਨ 10.
ਮਨੋਵਿਗਿਆਨ ਵਿੱਚ ਕਿਸ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
(a) ਇਤਿਹਾਸਿਕ ਵਿਧੀ
(b) ਤੁਲਨਾਤਮਕ ਵਿਧੀ
(c) ਪ੍ਰਯੋਗਾਤਮਕ ਵਿਧੀ
(d) ਸੰਰਚਨਾਤਮਕ ਵਿਧੀ ।
ਉੱਤਰ-
(c) ਪ੍ਰਯੋਗਾਤਮਕ ਵਿਧੀ ।
II. ਖ਼ਾਲੀ ਥਾਂਵਾਂ ਭਰੋ Fill in the blanks :
1. ………………………. ਨੇ ਸਮਾਜ ਸ਼ਾਸਤਰ ਅਤੇ ਮਾਨਵਵਿਗਿਆਨ ਨੂੰ ਜੁੜਵੀਆਂ ਭੈਣਾਂ ਕਿਹਾ ਹੈ ।
ਉੱਤਰ-
ਕਰੋਬਰ
2. ਮਾਨਵਵਿਗਿਆਨ ਦੇ ਅਧਿਐਨ ਦੇ …………………………… ਖੇਤਰ ਹਨ ।
ਉੱਤਰ-
ਦੋ
3. ……………………… ਮਨੁੱਖ ਦੇ ਵਿਕਾਸ ਨਾਲ ਸੰਬੰਧ ਰੱਖਦਾ ਹੈ ।
ਉੱਤਰ-
ਮਾਨਵ-ਵਿਗਿਆਨ
4. ………………………. ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ।
ਉੱਤਰ-
ਇਤਿਹਾਸ
5. ਸਮਾਜ …………………………. ਨਾਲ ਬਣਦਾ ਹੈ ।
ਉੱਤਰ-
ਵਿਅਕਤੀਆਂ
6. …………………….. ਉਤਪਾਦਨ, ਉਪਭੋਗ ਅਤੇ ਵੰਡ ਨਾਲ ਸੰਬੰਧਿਤ ਹੈ ।
ਉੱਤਰ-
ਅਰਥ ਸ਼ਾਸਤਰ
7. ਰਾਜ ਅਤੇ ਸਰਕਾਰ ਦੇ ਕੰਮਾਂ ਦਾ ਅਧਿਐਨ ……………………….. ਕਰਦਾ ਹੈ ।
ਉੱਤਰ-
ਰਾਜਨੀਤੀ ਵਿਗਿਆਨ
III. ਸਹੀ/ਗਲਤ True/False :
1. ਤਾਰਾ ਵਿਗਿਆਨ ਪ੍ਰਾਕ੍ਰਿਤਿਕ ਵਿਗਿਆਨ ਹੈ ।
ਉੱਤਰ-
ਸਹੀ
2. ਅਰਥਸ਼ਾਸਤਰ ਸਮਾਜਿਕ ਸਮੱਸਿਆਵਾਂ ਨੂੰ ਸਮਝਣ ਲਈ ਸਮਾਜ ਸ਼ਾਸਤਰ ਦੀ ਮਦਦ ਲੈਂਦਾ ਹੈ ।
ਉੱਤਰ-
ਸਹੀ
3. ਅਰਸਤੂ ਨੂੰ ਰਾਜਨੀਤੀ ਵਿਗਿਆਨ ਦਾ ਜਨਮਦਾਤਾ ਮੰਨਿਆ ਜਾਂਦਾ ਹੈ ।
ਉੱਤਰ-
ਸਹੀ
4. ਵਿਗਿਆਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
ਉੱਤਰ-
ਗਲਤ
5. ਰਾਜਨੀਤੀ ਵਿਗਿਆਨ ਦਾ ਦ੍ਰਿਸ਼ਟੀਕੋਣ ਸਮਾਜਿਕ ਹੁੰਦਾ ਹੈ ।
ਉੱਤਰ-
ਗਲਤ
6. ਅਰਥਸ਼ਾਸਤਰ ਵਿੱਚ ਆਗਮਨ ਅਤੇ ਨਿਗਮਨ ਵਿਧੀਆਂ ਦਾ ਪ੍ਰਯੋਗ ਹੁੰਦਾ ਹੈ ।
ਉੱਤਰ-
ਸਹੀ
7. ਅਰਥਸ਼ਾਸਤਰ ਉਤਪਾਦਨ, ਉਪਭੋਗ ਅਤੇ ਵੰਡ ਨਾਲ ਸੰਬੰਧਿਤ ਹੁੰਦਾ ਹੈ ।
ਉੱਤਰ-
ਸਹੀ
IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :
ਪ੍ਰਸ਼ਨ 1.
ਮਾਨਵ-ਵਿਗਿਆਨ ਕਿਸ ਨਾਲ ਸੰਬੰਧ ਰੱਖਦਾ ਹੈ ?
ਉੱਤਰ-
ਮਾਨਵ-ਵਿਗਿਆਨ ਮਨੁੱਖ ਦੇ ਵਿਕਾਸ ਨਾਲ ਸੰਬੰਧ ਰੱਖਦਾ ਹੈ ।
ਪ੍ਰਸ਼ਨ 2.
ਮਾਨਵ-ਵਿਗਿਆਨ ਦਾ ਕਿਹੜਾ ਹਿੱਸਾ ਸਮਾਜ-ਸ਼ਾਸਤਰ ਨਾਲ ਸੰਬੰਧਿਤ ਹੈ ?
ਉੱਤਰ-
ਮਾਨਵ-ਵਿਗਿਆਨ ਦਾ ਇੱਕ ਹਿੱਸਾ, ਸਮਾਜਿਕ ਅਤੇ ਸੰਸਕ੍ਰਿਤਕ ਮਾਨਵ-ਵਿਗਿਆਨ, ਸਮਾਜ-ਸ਼ਾਸਤਰ ਨਾਲ ਸੰਬੰਧਿਤ ਹੈ ।
ਪ੍ਰਸ਼ਨ 3.
ਇਤਿਹਾਸ ਕਿਸਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ?
ਉੱਤਰ-
ਇਤਿਹਾਸ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ।
ਪ੍ਰਸ਼ਨ 4.
ਸਮਾਜ ਕਿਸ ਨਾਲ ਬਣਦਾ ਹੈ ?
ਉੱਤਰ-
ਸਮਾਜ ਵਿਅਕਤੀਆਂ ਨਾਲ ਬਣਦਾ ਹੈ ।
ਪ੍ਰਸ਼ਨ 5.
ਪ੍ਰਾਕ੍ਰਿਤਕ ਵਿਗਿਆਨ ਦੀ ਕੋਈ ਉਦਾਹਰਣ ਦਿਉ ।
ਉੱਤਰ-
ਰਸਾਇਣ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਪੌਦਾ ਵਿਗਿਆਨ ਆਦਿ ।
ਪ੍ਰਸ਼ਨ 6.
ਸਮਾਜ-ਸ਼ਾਸਤਰ ਨੂੰ ਕੀ ਸਮਝਣ ਲਈ ਇਤਿਹਾਸ ਉੱਤੇ ਨਿਰਭਰ ਰਹਿਣਾ ਪੈਂਦਾ ਹੈ ?
ਉੱਤਰ-
ਸਮਾਜ-ਸ਼ਾਸਤਰ ਨੂੰ ਆਧੁਨਿਕ ਸਮਾਜ ਨੂੰ ਸਮਝਣ ਦੇ ਲਈ ਇਤਿਹਾਸ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।
ਪ੍ਰਸ਼ਨ 7.
ਇਤਿਹਾਸ ਕਿਸ ਪ੍ਰਕਾਰ ਦਾ ਵਿਗਿਆਨ ਹੈ ?
ਉੱਤਰ-
ਇਤਿਹਾਸ ਇੱਕ ਮੁਰਤ ਵਿਗਿਆਨ ਹੈ ।
ਪ੍ਰਸ਼ਨ 8.
ਅਰਥ-ਸ਼ਾਸਤਰ ਕਿਸ ਨਾਲ ਸੰਬੰਧਿਤ ਹੈ ?
ਉੱਤਰ-
ਅਰਥ-ਸ਼ਾਸਤਰ ਉਤਪਾਦਨ, ਉਪਭੋਗ ਅਤੇ ਵੰਡ ਨਾਲ ਸੰਬੰਧਿਤ ਹੈ ।
ਪ੍ਰਸ਼ਨ 9.
ਅਰਥ-ਸ਼ਾਸਤਰ ਕਿਸ ਚੀਜ਼ ਨੂੰ ਸਮਝਣ ਦੇ ਲਈ ਸਮਾਜ-ਸ਼ਾਸਤਰ ਦੀ ਮੱਦਦ ਲੈਂਦਾ ਹੈ ?
ਉੱਤਰ-
ਅਰਥ-ਸ਼ਾਸਤਰ ਸਮਾਜਿਕ ਸਮੱਸਿਆਵਾਂ ਨੂੰ ਸਮਝਣ ਦੇ ਲਈ ਸਮਾਜ-ਸ਼ਾਸਤਰ ਦੀ ਮੱਦਦ ਲੈਂਦਾ ਹੈ ।
ਪ੍ਰਸ਼ਨ 10.
ਇਤਿਹਾਸ ਕਿਸ ਵਿਧੀ ਦਾ ਪ੍ਰਯੋਗ ਕਰਦਾ ਹੈ ?
ਉੱਤਰ-
ਇਤਿਹਾਸ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ ।
ਪ੍ਰਸ਼ਨ 11.
ਸਾਰੇ ਸਮਾਜਿਕ ਵਿਗਿਆਨ ਇੱਕ-ਦੂਜੇ ਦੇ ਕੀ ਹੁੰਦੇ ਹਨ ?
ਉੱਤਰ-
ਸਾਰੇ ਸਮਾਜਿਕ ਵਿਗਿਆਨ ਇੱਕ-ਦੂਜੇ ਦੇ ਅਨੁਪੂਰਕ ਅਤੇ ਪ੍ਰਤੀਪੂਰਕ ਹੁੰਦੇ ਹਨ ।
ਪ੍ਰਸ਼ਨ 12.
ਰਾਜਨੀਤੀ ਵਿਗਿਆਨ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਰਾਜਨੀਤੀ ਵਿਗਿਆਨ ਦਾ ਜਨਮਦਾਤਾ ਅਰਸਤੂ ਨੂੰ ਮੰਨਿਆ ਜਾਂਦਾ ਹੈ ।
ਪ੍ਰਸ਼ਨ 13.
ਕਿਤਾਬ ‘ਅਰਥ-ਸ਼ਾਸਤਰ’ ਕਿਸਨੇ ਲਿਖੀ ਸੀ ?
ਉੱਤਰ-
ਕਿਤਾਬ ‘ਅਰਥ-ਸ਼ਾਸਤਰ’ ਕੌਟਿਲਯ ਨੇ ਲਿਖੀ ਸੀ ।
ਪ੍ਰਸ਼ਨ 14.
ਵਿਗਿਆਨ ਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਵਿਗਿਆਨ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ-ਪਾਕ੍ਰਿਤਕ ਵਿਗਿਆਨ ਅਤੇ ਸਮਾਜਿਕ ਵਿਗਿਆਨ ।
ਪ੍ਰਸ਼ਨ 15.
ਸਮਾਜ-ਸ਼ਾਸਤਰ ਵਿਚ ਇਤਿਹਾਸ ਨਾਲ ਸੰਬੰਧਿਤ ਕਿਹੜੀ ਨਵੀਂ ਸ਼ਾਖਾ ਵਿਕਸਿਤ ਹੋਈ ਹੈ ?
ਉੱਤਰ-
ਸਮਾਜ-ਸ਼ਾਸਤਰ ਵਿਚ ਇਤਿਹਾਸ ਨਾਲ ਸੰਬੰਧਿਤ ਨਵੀਂ ਸ਼ਾਖਾ ਇਤਿਹਾਸਿਕ ਸਮਾਜ-ਸ਼ਾਸਤਰ ਦਾ ਵਿਕਾਸ ਹੋਇਆ ਹੈ ।
ਪ੍ਰਸ਼ਨ 16.
ਅਰਥ-ਸ਼ਾਸਤਰ ਵਿੱਚ ਕਿਹੜੀਆਂ ਵਿਧੀਆਂ ਦਾ ਪ੍ਰਯੋਗ ਹੁੰਦਾ ਹੈ ?
ਉੱਤਰ-
ਅਰਥ-ਸ਼ਾਸਤਰ ਵਿੱਚ ਆਗਮਨ ਅਤੇ ਨਿਗਮਨ ਵਿਧੀ ਦਾ ਪ੍ਰਯੋਗ ਹੁੰਦਾ ਹੈ ।
ਪ੍ਰਸ਼ਨ 17.
ਅਰਥ-ਸ਼ਾਸਤਰ ਦਾ ਦ੍ਰਿਸ਼ਟੀਕੋਣ ਕੀ ਹੁੰਦਾ ਹੈ ?
ਉੱਤਰ-
ਅਰਥ-ਸ਼ਾਸਤਰ ਦਾ ਦ੍ਰਿਸ਼ਟੀਕੋਣ ਆਰਥਿਕ ਹੁੰਦਾ ਹੈ ।
ਪ੍ਰਸ਼ਨ 18.
ਸਮਾਜ-ਸ਼ਾਸਤਰ ਕਿਸ ਪ੍ਰਕਾਰ ਦਾ ਵਿਗਿਆਨ ਹੈ ?
ਉੱਤਰ-
ਸਮਾਜ-ਸ਼ਾਸਤਰ ਇਕ ਸਕਾਰਾਤਮਕ ਅਤੇ ਸਾਧਾਰਣ ਵਿਗਿਆਨ ਹੈ ।
ਪ੍ਰਸ਼ਨ 19.
ਰਾਜਨੀਤੀ ਵਿਗਿਆਨ ਕੀ ਹੁੰਦਾ ਹੈ ?
ਉੱਤਰ-
ਰਾਜਨੀਤੀ ਵਿਗਿਆਨ ਵਿਚ ਰਾਜ ਦੀ ਉਤਪੱਤੀ, ਵਿਕਾਸ, ਰਾਜ ਦੇ ਸੰਗਠਨ, ਸਰਕਾਰ ਦੇ ਸ਼ਾਸਨ ਪ੍ਰਬੰਧ ਦੀ ਪ੍ਰਣਾਲੀ ਤੇ ਇਸ ਨਾਲ ਸੰਬੰਧਿਤ ਸੰਸਥਾਵਾਂ ਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਹੁੰਦਾ ਹੈ ।
ਪ੍ਰਸ਼ਨ 20.
ਰਾਜਨੀਤੀ ਵਿਗਿਆਨ ਕਿਸ ਪ੍ਰਕਾਰ ਦੀਆਂ ਘਟਨਾਵਾਂ ਦਾ ਅਧਿਐਨ ਕਰਦਾ ਹੈ ?
ਉੱਤਰ-
ਰਾਜਨੀਤੀ ਵਿਗਿਆਨ ਸਿਰਫ਼ ਰਾਜਨੀਤਿਕ ਘਟਨਾਵਾਂ ਦਾ ਅਧਿਐਨ ਕਰਦਾ ਹੈ ।
ਪ੍ਰਸ਼ਨ 21.
ਰਾਜਨੀਤੀ ਵਿਗਿਆਨ ਵਿਅਕਤੀ ਨੂੰ ਕੀ ਮੰਨ ਕੇ ਅਧਿਐਨ ਕਰਦਾ ਹੈ ?
ਉੱਤਰ-
ਰਾਜਨੀਤੀ ਵਿਗਿਆਨ ਵਿਅਕਤੀ ਨੂੰ ਇੱਕ ਰਾਜਨੀਤਿਕ ਪ੍ਰਣਾਲੀ ਮੰਨ ਕੇ ਅਧਿਐਨ ਕਰਦਾ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਵਿਗਿਆਨ ਦੀ ਵੰਡ ।
ਉੱਤਰ-
ਵਿਗਿਆਨ ਦੇ ਵਿੱਚ ਅਸੀਂ ਸਿਧਾਂਤਾਂ ਤੇ ਵਿਧੀਆਂ ਦੀ ਖੋਜ ਕਰਦੇ ਹਾਂ । ਇਸਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਅਤੇ ਉਹ ਦੋ ਭਾਗ ਹਨ :
- ਪ੍ਰਾਕ੍ਰਿਤਕ ਵਿਗਿਆਨ
- ਸਮਾਜਿਕ ਵਿਗਿਆਨ ।
ਪ੍ਰਸ਼ਨ 2.
ਪ੍ਰਾਕ੍ਰਿਤਕ ਵਿਗਿਆਨ ।
ਉੱਤਰ-
ਪ੍ਰਾਕ੍ਰਿਤਕ ਵਿਗਿਆਨ ਉਹ ਵਿਗਿਆਨ ਹੁੰਦਾ ਹੈ ਜਿਸ ਦਾ ਸੰਬੰਧ ਪ੍ਰਾਕ੍ਰਿਤਿਕ ਅਤੇ ਜੀਵ-ਵਿਗਿਆਨ ਘਟਨਾਵਾਂ ਨਾਲ ਹੁੰਦਾ ਹੈ ਜਿਨ੍ਹਾਂ ਨਾਲ ਇਹ ਸੰਬੰਧਿਤ ਤੱਥਾਂ, ਸਿਧਾਂਤਾਂ ਆਦਿ ਦੀ ਖੋਜ ਕਰਨ ਦਾ ਯਤਨ ਕਰਦੇ ਹਨ , ਜਿਵੇਂ-ਭੌਤਿਕ ਵਿਗਿਆਨ, ਰਸਾਇਣ ਵਿਗਿਆਨ ।
ਪ੍ਰਸ਼ਨ 3.
ਸਮਾਜਿਕ ਵਿਗਿਆਨ ।
ਉੱਤਰ-
ਇਹ ਉਹ ਵਿਗਿਆਨ ਹੁੰਦੇ ਹਨ ਜੋ ਮਨੁੱਖੀ ਸਮਾਜ ਨਾਲ ਸੰਬੰਧਿਤ ਤੱਥਾਂ, ਸਿਧਾਂਤਾਂ ਆਦਿ ਦੀ ਖੋਜ ਕਰਦੇ ਹਨ । ਇਸ ਵਿੱਚ ਸਮਾਜਿਕ ਜੀਵਨ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ , ਜਿਵੇਂ-ਅਰਥ ਸ਼ਾਸਤਰ, ਰਾਜਨੀਤੀ ਵਿਗਿਆਨ, ਮਾਨਵ ਵਿਗਿਆਨ ਆਦਿ ।
ਪ੍ਰਸ਼ਨ 4.
ਇਤਿਹਾਸ ।
ਉੱਤਰ-
ਇਤਿਹਾਸ ਮਨੁੱਖੀ ਸਮਾਜ ਦੇ ਬੀਤੇ ਹੋਏ ਸਮੇਂ ਦਾ ਅਧਿਐਨ ਕਰਦਾ ਹੈ । ਇਹ ਬੀਤੇ ਹੋਏ ਸਮੇਂ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਆਧਾਰ ਉੱਤੇ ਹੀ ਸਮਾਜਿਕ ਜੀਵਨ ਦੀ ਵਿਚਾਰਧਾਰਾ ਨੂੰ ਸਮਝਣ ਅਤੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ।
ਪ੍ਰਸ਼ਨ 5.
ਆਰਥਿਕ ਸੰਸਥਾਵਾਂ ।
ਉੱਤਰ-
ਆਰਥਿਕ ਸੰਸਥਾਵਾਂ ਮਨੁੱਖ ਦੇ ਆਰਥਿਕ ਖੇਤਰ ਦਾ ਅਧਿਐਨ ਕਰਦੀਆਂ ਹਨ । ਇਸਦੇ ਵਿੱਚ ਧਨ ਦਾ ਉਤਪਾਦਨ, ਵਿਤਰਣ ਅਤੇ ਉਪਭੋਗ ਕਿਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ, ਇਹਨਾਂ ਸਭ ਦਾ ਅਧਿਐਨ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਸਮਾਜ ਸ਼ਾਸਤਰ ਦਾ ਸ਼ਾਬਦਿਕ ਅਰਥ ।
ਉੱਤਰ-
ਸੋਸ਼ਿਆਲੋਜੀ ਸ਼ਬਦ, ਲਾਤੀਨੀ ਭਾਸ਼ਾ ਦੇ ਸ਼ਬਦ ਸੋਸ਼ਿਉ (Socio) ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਲੋਸ (Logos) ਤੋਂ ਮਿਲ ਕੇ ਬਣਿਆ ਹੈ । Socio ਦਾ ਅਰਥ ਹੈ ਸਮਾਜ ਅਤੇ Logos ਦਾ ਅਰਥ ਹੈ ਵਿਗਿਆਨ ਅਤੇ ਪੂਰੀ ਤਰ੍ਹਾਂ ਇਹ ਸਮਾਜ ਦਾ ਵਿਗਿਆਨ ਹੈ ।
ਪ੍ਰਸ਼ਨ 7.
ਰਾਜਨੀਤੀ ਵਿਗਿਆਨ ।
ਉੱਤਰ-
ਰਾਜਨੀਤੀ ਵਿਗਿਆਨ, ਰਾਜ ਦੀ ਉਤਪੱਤੀ, ਵਿਕਾਸ, ਵਿਸ਼ੇਸ਼ਤਾਵਾਂ ਆਦਿ ਤੋਂ ਲੈ ਕੇ ਰਾਜ ਦੇ ਸੰਗਠਨ, ਸਰਕਾਰ ਦੀ ਸ਼ਾਸਕ ਪ੍ਰਣਾਲੀ ਆਦਿ ਨਾਲ ਸੰਬੰਧਿਤ ਸਭਾਵਾਂ, ਸੰਸਥਾਵਾਂ ਅਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਕਰਦਾ ਹੈ ।
ਪ੍ਰਸ਼ਨ 8.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਪ੍ਰਯੋਗ ਹੋਣ ਵਾਲੀਆਂ ਵਿਧੀਆਂ ।
ਉੱਤਰ-
ਸਮਾਜ ਸ਼ਾਸਤਰ ਵਿੱਚ ਇਤਿਹਾਸ ਵਿਧੀ (Historical Method) ਤੁਲਨਾਤਮਕ ਵਿਧੀ (Comparative Method) ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ । ਅਰਥ ਸ਼ਾਸਤਰ ਵਿੱਚ ਨਿਗਮਨ ਵਿਧੀ (Deductive Method) ਅਤੇ ਆਗਮਨ ਵਿਧੀ (Inductive Method) ਦਾ ਪ੍ਰਯੋਗ ਕੀਤਾ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਪ੍ਰਕ੍ਰਿਤਕ ਵਿਗਿਆਨ ।
ਉੱਤਰ-
ਪ੍ਰਕ੍ਰਿਤਕ ਵਿਗਿਆਨ ਉਹ ਵਿਗਿਆਨ ਹੁੰਦਾ ਹੈ ਜਿਨ੍ਹਾਂ ਦਾ ਵਾਸਤਾ ਕੁਦਰਤ ਅਤੇ ਜੀਵ-ਵਿਗਿਆਨਿਕ ਘਟਨਾਵਾਂ ਨਾਲ ਹੁੰਦਾ ਹੈ ਜਿਨ੍ਹਾਂ ਨਾਲ ਇਹ ਸੰਬੰਧਿਤ ਤੱਥਾਂ, ਸਿਧਾਂਤਾਂ ਆਦਿ ਦੀ ਖੋਜ ਕਰਨ ਦਾ ਯਤਨ ਕਰਦੇ ਹਨ ; ਜਿਵੇਂ-ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਤਾਰਾ ਵਿਗਿਆਨ, ਜੀਵ ਵਿਗਿਆਨ ਆਦਿ ।
ਪ੍ਰਸ਼ਨ 2.
ਸਮਾਜਿਕ ਵਿਗਿਆਨਾਂ ਦਾ ਅਰਥ ।
ਉੱਤਰ-
ਸਮਾਜਿਕ ਵਿਗਿਆਨ ਉਹ ਵਿਗਿਆਨ ਹੁੰਦੇ ਹਨ ਜੋ ਮਨੁੱਖੀ ਸਮਾਜ ਨਾਲ ਸੰਬੰਧਿਤ ਤੱਥਾਂ, ਸਿਧਾਂਤਾਂ ਆਦਿ ਦੀ ਖੋਜ ਕਰਦੇ ਹਨ । ਇਸ ਵਿਚ ਸਮਾਜਿਕ ਜੀਵਨ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ , ਜਿਵੇਂ ਅਰਥ ਵਿਗਿਆਨ, ਰਾਜਨੀਤੀ ਵਿਗਿਆਨ, ਮਾਨਵ-ਵਿਗਿਆਨ, ਸਮਾਜ ਵਿਗਿਆਨ ਆਦਿ ।
ਪ੍ਰਸ਼ਨ 3.
ਸਮਾਜ ਵਿਗਿਆਨ ਬਾਕੀ ਸਮਾਜਿਕ ਵਿਗਿਆਨਾਂ ਨਾਲ ਸੰਬੰਧਿਤ ਹੈ ।
ਉੱਤਰ-
ਸਾਰੇ ਸਮਾਜਿਕ ਵਿਗਿਆਨ ਦੇ ਵਿਚ ਵਿਸ਼ੇ-ਖੇਤਰ ਦੀ ਭਿੰਨਤਾ ਨਹੀਂ ਬਲਕਿ ਦ੍ਰਿਸ਼ਟੀਕੋਣ ਵਿਚ ਹੀ ਕੇਵਲ ਭਿੰਨਤਾ ਹੁੰਦੀ ਹੈ ਪਰੰਤੂ ਸਾਰੇ ਹੀ ਸਮਾਜਿਕ ਵਿਗਿਆਨ ਕੇਵਲ ਮਨੁੱਖੀ ਸਮਾਜ ਦਾ ਹੀ ਅਧਿਐਨ ਕਰਦੇ ਹਨ ਜਿਸ ਕਰਕੇ ਅਸੀਂ ਸਮਾਜ ਵਿਗਿਆਨ ਨੂੰ ਇਨ੍ਹਾਂ ਬਾਕੀ ਸਮਾਜਿਕ ਵਿਗਿਆਨਾਂ ਤੋਂ ਵੱਖ ਨਹੀਂ ਕਰ ਸਕਦੇ ਜਿਵੇਂ ਅਰਥ ਵਿਗਿਆਨ ਆਰਥਿਕ ਸਮੱਸਿਆਵਾਂ ਨਾਲ ਭਾਵੇਂ ਸੰਬੰਧਿਤ ਹੈ ਪਰੰਤੂ ਇਹ ਸਮੱਸਿਆਵਾਂ ਸਮਾਜ ਦਾ ਹੀ ਇਕ ਹਿੱਸਾ ਹਨ । ਕਿਸੇ ਵੀ ਸਮੱਸਿਆ ਦਾ ਹੱਲ ਲੱਭਣ ਲਈ ਬਾਕੀ ਵਿਗਿਆਨਾਂ ਦਾ ਵੀ ਸਹਾਰਾ ਲੈਣਾ ਪੈਂਦਾ ਹੈ ।
ਪ੍ਰਸ਼ਨ 4.
ਇਤਿਹਾਸ ।
ਉੱਤਰ-
ਇਤਿਹਾਸ ਮਨੁੱਖੀ ਸਮਾਜ ਦੇ ਬੀਤੇ ਹੋਏ ਸਮੇਂ ਦਾ ਅਧਿਐਨ ਕਰਦਾ ਹੈ । ਇਹ ਬੀਤੇ ਹੋਏ ਸਮੇਂ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਆਧਾਰ ‘ਤੇ ਹੀ ਸਮਾਜਿਕ ਜ਼ਿੰਦਗੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰਦਾ ਹੈ । ਇਸ ਪ੍ਰਕਾਰ ਇਹ ‘ਕੀ ਸੀ’ ਅਤੇ ‘ਕਿਸ ਤਰ੍ਹਾਂ ਨਾਲ ਹੋਇਆ’ ਦੋਨੋਂ ਅਵਸਥਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ । ਇਸ ਪ੍ਰਕਾਰ ਇਤਿਹਾਸ ਦੁਆਰਾ ਸਾਨੂੰ ਮਨੁੱਖੀ ਇਤਿਹਾਸ ਦੇ ਸਮਾਜਿਕ ਸੰਗਠਨ, ਰੀਤੀ-ਰਿਵਾਜਾਂ, ਪਰੰਪਰਾਵਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 5.
ਸਮਾਜ ਸ਼ਾਸਤਰ ਅਤੇ ਇਤਿਹਾਸ ਕਿਵੇਂ ਇਕ ਦੂਸਰੇ ਤੋਂ ਵੱਖ ਹਨ ?
ਉੱਤਰ-
ਇਹ ਦੋਨੋਂ ਸਮਾਜਿਕ ਵਿਗਿਆਨ ਇਕੋ ਹੀ ਵਿਸ਼ਾ ਸਮੱਗਰੀ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਦੇ ਹਨ । ਇਤਿਹਾਸ ਕੁਝ ਵਿਸ਼ੇਸ਼ ਘਟਨਾਵਾਂ ਦਾ ਅਧਿਐਨ ਕਰਦਾ ਹੈ ਜਦੋਂ ਕਿ ਸਮਾਜ-ਸ਼ਾਸਤਰ ਸਾਧਾਰਨ ਘਟਨਾਵਾਂ ਵਿਚ ਨਿਯਮਾਂ ਦੀ ਖੋਜ ਕਰਦਾ ਹੈ ਅਤੇ ਇਨ੍ਹਾਂ ਦੇ ਅੰਤਰ-ਸੰਬੰਧਾਂ ਦਾ ਵਰਣਨ ਕਰਦਾ ਹੈ । ਸਮਾਜ ਵਿਗਿਆਨ ਵਿਚ ਤੁਲਨਾਤਮਕ ਵਿਧੀ ਅਤੇ ਇਤਿਹਾਸ ਵਿਚ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ । ਸਮਾਜ ਵਿਗਿਆਨ ਮਨੁੱਖੀ ਸਮੂਹ ਦਾ ਵਿਸ਼ਲੇਸ਼ਣ ਕਰਦਾ ਹੈ । ਪਰੰਤੂ ਇਤਿਹਾਸ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਤੇ ਜ਼ੋਰ ਦਿੰਦਾ ਹੈ । ਇਤਿਹਾਸ ਦਾ ਸੰਬੰਧ ਭੂਤਕਾਲ ਦੀਆਂ ਘਟਨਾਵਾਂ ਨਾਲ ਹੈ ਜਦੋਂ ਕਿ ਸਮਾਜ-ਸ਼ਾਸਤਰ ਸਮਾਜ ਨਾਲ ਹੀ ਆਪਣਾ ਸੰਬੰਧ ਰੱਖਦਾ ਹੈ ।
ਪ੍ਰਸ਼ਨ 6.
ਸਮਾਜ ਸ਼ਾਸਤਰ ਇਤਿਹਾਸ ਉੱਪਰ ਕਿਵੇਂ ਆਧਾਰਿਤ ਹੁੰਦਾ ਹੈ ?
ਉੱਤਰ-
ਸਮਾਜ ਸ਼ਾਸਤਰ ਨੂੰ ਆਧੁਨਿਕ ਸਮਾਜ ਨੂੰ ਸਮਝਣ ਦੇ ਲਈ ਪ੍ਰਾਚੀਨ ਸਮਾਜ ਦਾ ਸਹਾਰਾ ਲੈਣਾ ਪੈਂਦਾ ਹੈ । ਇਤਿਹਾਸ ਤੋਂ ਹੀ ਇਸਨੂੰ ਪ੍ਰਾਚੀਨ ਸਮਾਜ ਦੇ ਸਮਾਜਿਕ ਤੱਤ ਪ੍ਰਾਪਤ ਹੁੰਦੇ ਹਨ । ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਨ ਲਈ ਵੀ ਇਤਿਹਾਸ ਤੋਂ ਪ੍ਰਾਪਤ ਸਮੱਗਰੀ ਦੀ ਲੋੜ ਪੈਂਦੀ ਹੈ ਜਿਸ ਕਰਕੇ ਸਮਾਜ ਸ਼ਾਸਤਰ ਨੂੰ ਇਸ ਉੱਤੇ ਆਧਾਰਿਤ ਹੋਣਾ ਪੈਂਦਾ ਹੈ । ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਜਿਨ੍ਹਾਂ ਵਿਚ ਇਕ ਦੂਸਰੇ ਦੇ ਪ੍ਰਭਾਵ ਕਾਰਨ ਪਰਿਵਰਤਨ ਹੁੰਦਾ ਹੈ ਤਾਂ ਇਸ ਪਰਿਵਰਤਨ ਨੂੰ ਸਮਝਣ ਦੇ ਲਈ ਇਤਿਹਾਸਕ ਸਮੱਗਰੀ ਹੀ ਸਾਡੀ ਮਦਦ ਕਰਦੀ ਹੈ । ਇਤਿਹਾਸਕ ਸਮਾਜ ਸ਼ਾਸਤਰ, ਸਮਾਜ ਸ਼ਾਸਤਰ ਦੀ ਇਕ ਅਜਿਹੀ ਸ਼ਾਖਾ ਹੈ ਜਿਸ ਦੇ ਦੁਆਰਾ ਸਮਾਜਿਕ ਪਰਿਸਥਿਤੀਆਂ ਨੂੰ ਸਮਝਿਆ ਜਾ ਸਕਦਾ ਹੈ ।
ਪ੍ਰਸ਼ਨ 7.
ਮਾਨਵ-ਵਿਗਿਆਨ ।
ਉੱਤਰ-
ਮਾਨਵ ਵਿਗਿਆਨ ਦਾ ਅੰਗਰੇਜ਼ੀ ਰੂਪਾਂਤਰ ਦੋ ਯੂਨਾਨੀ ਸ਼ਬਦਾਂ (Two Greek words) ਤੋਂ ਮਿਲ ਕੇ ਬਣਿਆ ਹੈ । Anthropo ਦਾ ਅਰਥ ਹੈ ਮਨੁੱਖ ਅਤੇ logy ਦਾ ਅਰਥ ਹੈ ਵਿਗਿਆਨ ਭਾਵ ਮਨੁੱਖ ਦਾ ਵਿਗਿਆਨ ।ਇਸ ਵਿਗਿਆਨ ਦਾ ਵਿਸ਼ਾ ਬਹੁਤ ਵਿਸ਼ਾਲ ਹੈ ਜਿਸ ਕਰਕੇ ਅਸੀਂ ਇਸ ਨੂੰ ਤਿੰਨ ਭਾਗਾਂ ਵਿਚ ਵੰਡਦੇ ਹਾਂ-
- ਸਰੀਰਕ ਮਾਨਵ ਵਿਗਿਆਨ (Physical Anthropology) – ਇਸ ਵਿਚ ਮਨੁੱਖ ਦੇ ਸਰੀਰਕ ਲੱਛਣਾਂ ਦਾ ਅਧਿਐਨ ਕੀਤਾ ਜਾਂਦਾ ਹੈ, ਜਿਸ ਤੋਂ ਮਨੁੱਖ ਦੀ ਉਤਪੱਤੀ, ਵਿਕਾਸ ਅਤੇ ਨਸਲਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
- ਪੂਰਵ ਇਤਿਹਾਸਕ ਪੁਰਾਤੱਤਵ-ਵਿਗਿਆਨ (Pre-historic-Archaeology) – ਇਸ ਸ਼ਾਖਾ ਵਿਚ ਮਨੁੱਖ ਦੇ ਮੁੱਢਲੇ ਇਤਿਹਾਸ ਦੀ ਖੋਜ ਕੀਤੀ ਜਾਂਦੀ ਹੈ ਜਿਸ ਲਈ ਸਾਨੂੰ ਕੋਈ ਲਿਖਤੀ ਪ੍ਰਮਾਣ ਨਹੀਂ ਮਿਲਦਾ ਜਿਵੇਂ ਖੰਡਰਾਂ ਦੀ ਖੁਦਾਈ ਆਦਿ ਕਰਕੇ ।
- ਸਮਾਜਿਕ ਅਤੇ ਸੰਸਕ੍ਰਿਤਕ ਮਾਨਵ ਵਿਗਿਆਨ (Social and Cultural Anthropology) – ਇਸ ਵਿਚ ਸੰਪੂਰਨ ਮਨੁੱਖੀ ਸਮਾਜ ਦਾ ਪੂਰਾ ਅਧਿਐਨ ਕੀਤਾ ਜਾਂਦਾ ਹੈ । ਇਸ ਵਿਚ ਇਕ ਸਮਾਜ ਦੀ ਆਰਥਿਕ ਵਿਵਸਥਾ, ਰਾਜਨੀਤਿਕ, ਧਰਮ, ਕਲਾ ਆਦਿ ਹਰ ਵਸਤੂ ਦਾ ਅਧਿਐਨ ਕੀਤਾ ਜਾਂਦਾ ਹੈ । ਸਮਾਜਿਕ ਮਾਨਵ ਵਿਗਿਆਨ ਵਿਚ ਆਦਿਮ (Primitive) ਸਮਾਜਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਵੇਂ ਕਿ ਪਿੰਡ, ਕਬੀਲੇ, ਟਪਰੀਵਾਸ ਸਮੂਹ ਆਦਿ ।
ਪ੍ਰਸ਼ਨ 8.
ਆਰਥਿਕ ਸੰਸਥਾਵਾਂ ।
ਉੱਤਰ-
ਆਰਥਿਕ ਸੰਸਥਾਵਾਂ ਨੂੰ ਸਮਾਜਿਕ ਸੰਸਥਾਵਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਆਰਥਿਕ ਸੰਸਥਾਵਾਂ ਮਨੁੱਖ ਦੇ ਆਰਥਿਕ ਖੇਤਰ ਦਾ ਅਧਿਐਨ ਕਰਦੀਆਂ ਹਨ । ਇਸ ਦੇ ਵਿਚ ਧਨ ਦਾ ਉਤਪਾਦਨ, ਵਿਤਰਣ ਅਤੇ ਉਪਭੋਗ ਕਿਸ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਇਸ ਦਾ ਵਰਣਨ ਕੀਤਾ ਜਾਂਦਾ ਹੈ । ਅਰਥ ਵਿਗਿਆਨ, ਆਰਥਿਕ ਸੰਬੰਧਾਂ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਸੰਗਠਨਾਂ, ਸੰਸਥਾਵਾਂ ਅਤੇ ਸਮੂਹਾਂ ਦਾ ਅਧਿਐਨ ਕਰਦਾ ਹੈ । ਆਰਥਿਕ ਘਟਨਾਵਾਂ ਸਮਾਜਿਕ ਲੋੜਾਂ ਦੁਆਰਾ ਹੀ ਨਿਰਧਾਰਿਤ ਹੁੰਦੀਆਂ ਹਨ ।
ਪ੍ਰਸ਼ਨ 9.
ਮਨੋਵਿਗਿਆਨ । ਉੱਤਰ-ਮਨੋਵਿਗਿਆਨ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ ਅਤੇ ਇਹ ਵਿਅਕਤੀ ਦੀਆਂ ਮਾਨਸਿਕ ਕਿਰਿਆਵਾਂ ਅਤੇ ਵਿਵਹਾਰ ਨੂੰ ਸਮਝਣ ਦੇ ਲਈ ਤੰਤੂ ਗੰਥੀ ਪ੍ਰਣਾਲੀ (Neuro glandular system) ਦਾ ਪ੍ਰਯੋਗ ਹੀ ਕਰਦਾ ਹੈ । ਇਸ ਵਿਚ ਯਾਦਾਸ਼ਤ, ਬੁੱਧੀ, ਯੋਗਤਾਵਾਂ, ਹਮਦਰਦੀ ਆਦਿ (Memory, Intelligence, attitudes, sympathy etc.) ਨਾਲ ਸੰਬੰਧਿਤ ਤੱਤਾਂ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਦੇ ਅਧਿਐਨ ਦਾ ਕੇਂਦਰ ਬਿੰਦੂ ਵਿਅਕਤੀ ਹੁੰਦਾ ਹੈ । ਇਸੇ ਕਰਕੇ ਹੀ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ।
ਵੱਡੇ ਉੱਤਰਾਂ ਵਾਲੇ (Long Answer Type Questions)
ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਅਰਥ-ਸ਼ਾਸਤਰ ਦਾ ਕੀ ਸੰਬੰਧ ਹੈ ? ਸਪੱਸ਼ਟ ਕਰੋ ।
ਉੱਤਰ-
ਅਰਥ-ਸ਼ਾਸਤਰ ਅਤੇ ਸਮਾਜ ਸ਼ਾਸਤਰ ਦੋਵੇਂ ਇਕ-ਦੂਜੇ ਨਾਲ ਅੰਤਰ ਸੰਬੰਧਿਤ ਵੀ ਹਨ ਅਤੇ ਵੱਖ ਵੀ ਹਨ । ਇਸ ਲਈ ਦੋਹਾਂ ਵਿਗਿਆਨਾਂ ਦੇ ਸੰਬੰਧ ਤੇ ਭਿੰਨਤਾ ਨੂੰ ਜਾਨਣ ਤੋਂ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਅਰਥਸ਼ਾਸਤਰ ਤੇ ਸਮਾਜ ਸ਼ਾਸਤਰ ਦੇ ਕੀ ਅਰਥ ਹਨ ।
ਆਮ ਸ਼ਬਦਾਂ ਵਿਚ ਵਿਅਕਤੀ ਜੋ ਵੀ ਆਰਥਿਕ ਕ੍ਰਿਆਵਾਂ ਕਰਦਾ ਹੈ, ਉਹਨਾਂ ਦਾ ਅਧਿਐਨ ਅਰਥ ਵਿਗਿਆਨ ਕਰਦਾ ਹੈ । ਅਰਥ ਵਿਗਿਆਨ ਇਹ ਦੱਸਦਾ ਹੈ ਕਿ ਵਿਅਕਤੀ ਆਪਣੀਆਂ ਖਤਮ ਨਾ ਹੋਣ ਵਾਲੀਆਂ ਇੱਛਾਵਾਂ ਨੂੰ ਆਪਣੇ ਸੀਮਿਤ ਸਰੋਤਾਂ ਨਾਲ ਕਿਵੇਂ ਪੂਰਾ ਕਰਦਾ ਹੈ । ਵਿਅਕਤੀ ਦੀਆਂ ਆਰਥਿਕ ਇੱਛਾਵਾਂ ਦੀ ਪੂਰਤੀ ਪੈਸੇ ਜਾਂ ਪੁੰਜੀ ਦੁਆਰਾ ਹੁੰਦੀ ਹੈ । ਇਸ ਕਰਕੇ ਹੀ ਪੂੰਜੀ ਦੇ ਉਤਪਾਦਨ, ਵਿਤਰਣ ਤੇ ਉਪਭੋਗ ਸੰਬੰਧੀ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਅਰਥ-ਸ਼ਾਸਤਰ ਹੀ ਕਰਦਾ ਹੈ । ਚਾਹੇ ਇਸ ਵਿਆਖਿਆ ਵਿਚ ਪੂੰਜੀ ਨੂੰ ਵੱਧ ਮਹੱਤਵ ਦਿੱਤਾ ਗਿਆ ਹੈ ਪਰ ਆਧੁਨਿਕ ਅਰਥ ਸ਼ਾਸਤਰੀ ਪੈਸੇ ਦੀ ਥਾਂ ਵਿਅਕਤੀ ਨੂੰ ਮਹੱਤਵ ਦਿੰਦੇ ਹਨ ।
ਸਮਾਜ ਸ਼ਾਸਤਰ ਵਿਅਕਤੀਆਂ ਦੇ ਸਮੂਹਾਂ, ਸੰਸਥਾਵਾਂ, ਰੀਤੀ-ਰਿਵਾਜਾਂ, ਪਰੰਪਰਾਵਾਂ, ਆਪਸੀ ਸੰਬੰਧਾਂ, ਕੀਮਤਾਂ, ਸੰਬੰਧਾਂ ਦੀ ਵਿਵਸਥਾ, ਵਿਚਾਰਧਾਰਾ ਅਤੇ ਉਹਨਾਂ ਵਿਚ ਹੋਣ ਵਾਲੇ ਪਰਿਵਰਤਨਾਂ ਤੇ ਨਤੀਜਿਆਂ ਦਾ ਅਧਿਐਨ ਕਰਦਾ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ਤੇ ਸਮਾਜ ਸ਼ਾਸਤਰ ਸਮਾਜ ਦਾ ਅਧਿਐਨ ਕਰਦਾ ਹੈ ।
ਵਿਅਕਤੀ ਦੀ ਹਰੇਕ ਆਰਥਿਕ ਕ੍ਰਿਆ ਵੱਖ-ਵੱਖ ਵਿਅਕਤੀਆਂ ਦੀਆਂ ਅੰਤਰ-ਕ੍ਰਿਆਵਾਂ ਕਰਕੇ ਹੀ ਹੁੰਦੀ ਹੈ । ਆਰਥਿਕ ਕ੍ਰਿਆਵਾਂ ਸਮਾਜਿਕ ਵਿਵਸਥਾ ਅਤੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ । ਇਸ ਕਰਕੇ ਜੇਕਰ ਅਸੀਂ ਸਮਾਜਿਕ ਵਿਵਸਥਾ ਬਾਰੇ ਜਾਣਨਾ ਹੈ ਤਾਂ ਸਾਨੂੰ ਆਰਥਿਕ ਸੰਸਥਾਵਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ ਅਤੇ ਆਰਥਿਕ ਕ੍ਰਿਆਵਾਂ ਦਾ ਪਤਾ ਕਰਨ ਲਈ ਸਮਾਜਿਕ ਸ਼ਾਸਤਰ ਅੰਤਰ-ਕ੍ਰਿਆਵਾਂ ਬਾਰੇ ਪਤਾ ਹੋਣਾ ਲਾਜ਼ਮੀ ਹੈ ।
ਸਮਾਜ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਦੇਣ (Contribution of Sociology to Economics) – ਅਰਥ- ਸ਼ਾਸਤਰ ਨੂੰ ਵੀ ਸਮਾਜ ਸ਼ਾਸਤਰ ਦੀ ਜ਼ਰੂਰਤ ਪੈਂਦੀ ਹੈ । ਅਰਥ-ਸ਼ਾਸਤਰ ਮਨੁੱਖ ਨੂੰ ਘੱਟ ਸਰੋਤਾਂ ਤੋਂ ਜ਼ਿਆਦਾ ਇੱਛਾਵਾਂ ਦੀ ਪੂਰਤੀ ਕਰਨ ਬਾਰੇ ਦੱਸਦਾ ਹੈ । ਅਰਥ-ਸ਼ਾਸਤਰ ਮਨੁੱਖਾਂ ਦੀ ਭਲਾਈ ਤਾਂ ਹੀ ਕਰ ਸਕਦਾ ਹੈ ਜੇਕਰ ਉਸਨੂੰ ਲੋਕਾਂ ਦੇ ਸਮਾਜਿਕ ਹਾਲਾਤਾਂ ਦਾ ਪਤਾ ਹੋਵੇ ਅਤੇ ਸਮਾਜਿਕ ਹਾਲਾਤਾਂ ਦਾ ਪਤਾ ਕਰਨ ਲਈ ਉਸ ਨੂੰ ਸਮਾਜ ਸ਼ਾਸਤਰ ਦੀ ਮਦਦ ਲੈਣੀ ਪੈਂਦੀ ਹੈ । ਅਰਥ ਸ਼ਾਸਤਰੀ ਨੂੰ ਕਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਮਾਜ ਸ਼ਾਸਤਰ ਦੀ ਮਦਦ ਲੈਣੀ ਹੀ ਪੈਂਦੀ ਹੈ । ਗ਼ਰੀਬੀ ਦੂਰ ਕਰਨ ਲਈ ਸਾਨੂੰ ਪੁਰਾਣੇ ਸਮਾਜਿਕ ਹਾਲਾਤ ਬਦਲਣੇ ਪੈਣਗੇ, ਪੁਰਾਣੇ ਸਮਾਜਿਕ ਆਦਰਸ਼ਾਂ ਦੀ ਥਾਂ ਉੱਤੇ ਨਵੇਂ ਸਮਾਜਿਕ ਆਦਰਸ਼ ਬਣਾਉਣੇ ਪੈਣਗੇ ।
ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਅਰਥ ਸ਼ਾਸਤਰੀ ਨੂੰ ਹਰੇਕ ਥਾਂ ਉੱਤੇ ਸਮਾਜ ਸ਼ਾਸਤਰ ਦੀ ਲੋੜ ਪੈਂਦੀ ਹੈ । ਇਸ ਦੀ ਮਦਦ ਤੋਂ ਬਿਨਾਂ ਅਰਥ ਸ਼ਾਸਤਰੀ ਨਾ ਤਾਂ ਸਮਾਜ ਨੂੰ ਉੱਨਤ ਕਰ ਸਕਦਾ ਹੈ ਤੇ ਨਾ ਹੀ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦਾ ਹੈ । ਇਸ ਲਈ ਆਪਣੇ ਅਧਿਐਨ ਲਈ ਅਰਥ ਵਿਗਿਆਨੀ ਸਮਾਜ ਵਿਗਿਆਨੀ ਉੱਤੇ ਨਿਰਭਰ ਹੈ । ਮਨੁੱਖ ਦੀ ਹਰੇਕ ਆਰਥਿਕ ਕ੍ਰਿਆ ਸਮਾਜਿਕ ਅੰਤਰਕ੍ਰਿਆ ਕਰਦੇ ਹੀ ਹੁੰਦੀ ਹੈ ਤੇ ਵਿਅਕਤੀ ਦੀ ਹਰੇਕ ਆਰਥਿਕ ਕ੍ਰਿਆ ਨੂੰ ਸਮਾਜਿਕ ਸੰਦਰਭ ਵਿਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ । ਸਮਾਜ ਦੇ ਆਰਥਿਕ ਵਿਕਾਸ ਲਈ ਯੋਜਨਾ ਬਣਾਉਣ ਦੀ ਲੋੜ ਪੈਂਦੀ ਹੈ ਅਤੇ ਇਸ ਲਈ ਅਰਥ ਸ਼ਾਸਤਰੀ ਨੂੰ ਸਮਾਜਿਕ ਪੱਖ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ । ਇਸ ਤਰੀਕੇ ਨਾਲ ਅਰਥ-ਸ਼ਾਸਤਰ ਸਮਾਜ ਸ਼ਾਸਤਰ ਉੱਤੇ ਨਿਰਭਰ ਕਰਦਾ ਹੈ ।
ਅਰਥ ਸ਼ਾਸਤਰ ਦੀ ਸਮਾਜ ਸ਼ਾਸਤਰ ਨੂੰ ਦੇਣ (Contribution of Economics to Sociology) – ਸਮਾਜ ਸ਼ਾਸਤਰ ਨੂੰ ਵੀ ਅਰਥ-ਸ਼ਾਸਤਰ ਦੀ ਬਹੁਤ ਜ਼ਰੂਰਤ ਪੈਂਦੀ ਹੈ । ਅੱਜ ਕਲ੍ਹ ਦੇ ਸਮਾਜਾਂ ਵਿਚ ਆਰਥਿਕ ਕ੍ਰਿਆਵਾਂ ਨੇ ਸਮਾਜ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕੀਤਾ ਹੈ । ਵੈਬਰ, ਮਾਰਕਸ, ਦੁਰਖੀਮ, ਸੋਰੋਕਿਨ ਆਦਿ ਬਹੁਤ ਪ੍ਰਸਿੱਧ ਸਮਾਜ ਸ਼ਾਸਤਰੀ ਹੋਏ ਹਨ ਜਿਨ੍ਹਾਂ ਨੇ ਸਮਾਜਿਕ ਖੇਤਰ ਦੇ ਅਧਿਐਨ ਤੋਂ ਪਹਿਲਾਂ ਆਰਥਿਕ ਖੇਤਰ ਦਾ ਅਧਿਐਨ ਕੀਤਾ ਸੀ । ਜਦੋਂ ਵੀ ਸਮਾਜ ਵਿਚ ਆਰਥਿਕ ਕਾਰਨਾਂ ਵਿਚ ਬਦਲਾਓ ਆਇਆ ਹੈ ਤਾਂ ਉਹਨਾਂ ਨੇ ਸਮਾਜ ਨੂੰ ਵੀ ਪ੍ਰਭਾਵਿਤ ਕੀਤਾ ਹੈ । ਜਦੋਂ ਵੀ ਸਮਾਜ ਸ਼ਾਸਤਰੀ ਨੇ ਇਹ ਅਧਿਐਨ ਕਰਨਾ ਹੁੰਦਾ ਹੈ ਕਿ ਸਾਡੇ ਸਮਾਜ ਵਿਚ ਸਮਾਜਿਕ ਸੰਬੰਧ ਕਿਉਂ ਟੁੱਟ ਰਹੇ ਹਨ ਤੇ ਵਿਅਕਤੀ ਵਿਚ ਵਿਅਕਤੀਵਾਦੀ ਦ੍ਰਿਸ਼ਟੀਕੋਣ ਕਿਉਂ ਵੱਧ ਰਿਹਾ ਹੈ ਤਾਂ ਸਮਾਜ ਸ਼ਾਸਤਰੀ ਨੂੰ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਵੱਲ ਦੇਖਣਾ ਪੈਂਦਾ ਹੈ । ਇਸ ਤੋਂ ਪਤਾ ਚਲਦਾ ਹੈ ਕਿ ਪੈਸੇ ਦੀ ਜ਼ਰੂਰਤ ਦੇ ਵੱਧਣ ਦੇ ਨਾਲ-ਨਾਲ ਵਿਅਕਤੀ ਜ਼ਿਆਦਾ ਸਹੂਲਤਾਂ ਵਾਲੀਆਂ ਚੀਜ਼ਾਂ ਪ੍ਰਾਪਤ ਕਰਨ ਵੱਲ ਭੱਜ ਰਹੇ ਹਨ । ਸਮਾਜ ਵੀ ਪੂੰਜੀਪਤੀ ਸਮਾਜ ਵਿਚ ਬਦਲ ਰਹੇ ਹਨ । ਇਸੇ ਕਰਕੇ ਵਿਅਕਤੀ ਵਿਚ ਵਿਅਕਤੀਵਾਦੀ ਦ੍ਰਿਸ਼ਟੀਕੋਣ ਵੱਧ ਰਿਹਾ ਹੈ ਅਤੇ ਸੰਯੁਕਤ ਪਰਿਵਾਰ ਟੁੱਟ ਰਹੇ ਹਨ ।
ਇਸ ਦੇ ਨਾਲ-ਨਾਲ ਸਮਾਜ ਸ਼ਾਸਤਰ ਨੂੰ ਕਈ ਪ੍ਰਕਾਰ ਦੀਆਂ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਨ ਲਈ ਅਰਥਸ਼ਾਸਤਰ ਦੀ ਮਦਦ ਲੈਣੀ ਪੈਂਦੀ ਹੈ; ਜਿਵੇਂ ਨਸ਼ਾ ਕਰਨ ਦੀ ਸਮਾਜਿਕ ਸਮੱਸਿਆ । ਇਸ ਸਮੱਸਿਆ ਨੇ ਜਵਾਨ ਪੀੜੀ ਨੂੰ ਖੋਖਲਾ ਕਰ ਦਿੱਤਾ ਹੈ । ਇਸ ਦਾ ਮੁੱਖ ਕਾਰਨ ਹੀ ਆਰਥਿਕ ਹੈ । ਲੋਕ ਗਲਤ ਤਰੀਕਿਆਂ ਨਾਲ ਪੈਸਾ ਕਮਾ ਰਹੇ ਹਨ ਤੇ ਪੈਸੇ ਦਾ ਇਸ ਤਰ੍ਹਾਂ ਦੁਰਉਪਯੋਗ ਕਰ ਰਹੇ ਹਨ । ਇਸ ਤਰ੍ਹਾਂ ਨਸ਼ਿਆਂ ਵਰਗੀ ਸਮਾਜਿਕ ਸਮੱਸਿਆ ਤੋਂ ਬਚਣ ਲਈ ਸਰਕਾਰ ਨੂੰ ਗ਼ਲਤ ਤਰੀਕਿਆਂ ਤੋਂ ਪੈਸਾ ਕਮਾਉਣ ਵਾਲਿਆਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ । ਇਸੇ ਤਰ੍ਹਾਂ ਦਹੇਜ ਵਰਗੀ ਸਮਾਜਿਕ ਸਮੱਸਿਆ ਦੇ ਕਾਰਨ ਆਰਥਿਕ ਹਨ । ਇਸ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਸਮਾਜ ਸ਼ਾਸਤਰ ਅਰਥਸ਼ਾਸਤਰ ਉੱਤੇ ਨਿਰਭਰ ਹੈ । ਅੱਜ-ਕਲ੍ਹ ਬਹੁਤ ਸਾਰੇ ਨੀਵੇਂ, ਮੱਧ ਅਤੇ ਉੱਚ ਵਰਗ ਸਾਡੇ ਸਾਹਮਣੇ ਆ ਰਹੇ ਹਨ ਤੇ ਇਹਨਾਂ ਦੇ ਸੰਬੰਧਾਂ ਨੂੰ ਸਮਝਣ ਲਈ ਸਮਾਜ ਸ਼ਾਸਤਰ ਨੂੰ ਉਹਨਾਂ ਵਰਗਾਂ ਦੇ ਆਰਥਿਕ ਸੰਬੰਧਾਂ ਨੂੰ ਸਮਝਣਾ ਪੈਂਦਾ ਹੈ ਜੋ ਕਿ ਅਰਥਸ਼ਾਸਤਰ ਦੀ ਮਦਦ ਨਾਲ ਹੋ ਸਕਦਾ ਹੈ ।
ਸਮਾਜ ਸ਼ਾਸਤਰ ਤੇ ਅਰਥ ਵਿਗਿਆਨ ਵਿਚ ਅੰਤਰ (Difference between Sociology and Economics)-
- ਸਾਧਾਰਨ ਅਤੇ ਵਿਸ਼ੇਸ਼ (General and special) – ਸਮਾਜ ਸ਼ਾਸਤਰ ਨੂੰ ਇਕ ਸਾਧਾਰਨ ਵਿਗਿਆਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਰੇਕ ਪ੍ਰਕਾਰ ਦੇ ਸਮਾਜਿਕ ਪ੍ਰਕਟਨਾਂ ਦਾ ਅਧਿਐਨ ਕਰਦਾ ਹੈ ਜਿਹੜੇ ਸਮਾਜ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਬਲਕਿ ਪੂਰਨ ਸਮਾਜ ਨਾਲ ਸੰਬੰਧਿਤ ਹੁੰਦੇ ਹਨ । ਪਰੰਤੁ ਅਰਥ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਿਰਫ਼ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ।
- ਵਿਸ਼ੇ-ਖੇਤਰ ਦਾ ਅੰਤਰ (Difference of Subject Matter) – ਸਮਾਜ ਸ਼ਾਸਤਰ ਅਤੇ ਅਰਥ-ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਅੰਤਰ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਕੇ ਸਮਾਜ ਦੀ ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ । ਇਸੇ ਵਜ੍ਹਾ ਕਰਕੇ ਸਮਾਜ ਸ਼ਾਸਤਰ ਦਾ ਘੇਰਾ ਕਾਫ਼ੀ ਵਿਸ਼ਾਲ ਹੈ । ਪਰ ਅਰਥ-ਸ਼ਾਸਤਰ ਸਮਾਜ ਦੇ ਸਿਰਫ਼ ਆਰਥਿਕ ਹਿੱਸੇ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਵਿਸ਼ਾ ਖੇਤਰ ਕਾਫ਼ੀ ਸੀਮਿਤ ਹੈ ।
- ਇਕਾਈ ਵਿਚ ਅੰਤਰ (Difference in Unit) – ਸਮਾਜ ਵਿਗਿਆਨ ਦੇ ਅਧਿਐਨ ਦੀ ਇਕਾਈ ਸਮੂਹ ਹੈ । ਉਹ ਸਮੂਹ ਵਿਚ ਰਹਿੰਦੇ ਵਿਅਕਤੀਆਂ ਦਾ ਅਧਿਐਨ ਕਰਦਾ ਹੈ । ਪਰ ਅਰਥ ਵਿਗਿਆਨੀ ਵਿਅਕਤੀ ਦੇ ਸਿਰਫ਼ ਆਰਥਿਕ ਪੱਖ ਨਾਲ ਹੀ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦੀ ਇਕਾਈ ਵਿਅਕਤੀ ਹੁੰਦਾ ਹੈ ।
- ਦ੍ਰਿਸ਼ਟੀਕੋਣ ਵਿਚ ਅੰਤਰ (Difference in Point of view) – ਸਮਾਜ ਸ਼ਾਸਤਰ ਸਮਾਜ ਵਿਚ ਮਿਲਣ ਵਾਲੀਆਂ ਸਮਾਜਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਅਤੇ ਇਹ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਸਮਾਜ ਸ਼ਾਸਤਰ ਹੈ । ਅਰਥ ਸ਼ਾਸਤਰ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ; ਜਿਵੇਂ ਪੈਸਾ ਕਿਵੇਂ ਕਮਾਉਣਾ ਹੈ, ਕਿਵੇਂ ਵੰਡ ਕਰਨੀ ਹੈ, ਕਿਵੇਂ ਪ੍ਰਯੋਗ ਕਰਨਾ ਹੈ । ਇਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਆਰਥਿਕ ਹੈ ।
- ਵਿਧੀਆਂ ਵਿਚ ਅੰਤਰ (Difference in methods) – ਆਪਣੇ-ਆਪਣੇ ਅਧਿਐਨ ਲਈ ਦੋਵੇਂ ਵਿਗਿਆਨ ਵੱਖ-ਵੱਖ ਵਿਧੀਆਂ ਦਾ ਪ੍ਰਯੋਗ ਕਰਦੇ ਹਨ । ਸਮਾਜ ਸ਼ਾਸਤਰ ਇਤਿਹਾਸਿਕ ਵਿਧੀ, ਤੁਲਨਾਤਮਕ ਵਿਧੀ, ਸੋਸ਼ੋਮਿਟਰੀ ਵਿਧੀ ਆਦਿ ਦਾ ਪ੍ਰਯੋਗ ਕਰਦਾ ਹੈ ਜਦਕਿ ਅਰਥ ਸ਼ਾਸਤਰ ਆਗਮਨ ਵਿਧੀ ਅਤੇ ਨਿਗਮਨ ਵਿਧੀ ਦਾ ਪ੍ਰਯੋਗ ਕਰਦਾ ਹੈ ।
ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਦੇ ਰਿਸ਼ਤੇ ਦੀ ਚਰਚਾ ਕਰੋ ।
ਜਾਂ
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵੱਖ ਹੁੰਦੇ ਹੋਏ ਵੀ ਇੱਕ ਦੂਜੇ ਦੇ ਪੂਰਕ ਹਨ । ਸਪੱਸ਼ਟ ਕਰੋ ।
ਉੱਤਰ-
ਸਮਾਜ ਸ਼ਾਸਤਰ ਦੀ ਉਤਪੱਤੀ ਦਾ ਸਰੋਤ ਇਤਿਹਾਸ ਹੈ ਜਦਕਿ ਮਾਨਵ ਵਿਗਿਆਨ ਦੀ ਉਤਪੱਤੀ ਦਾ ਸਰੋਤ ਜੀਵ-ਵਿਗਿਆਨ (Biology) ਹੈ । ਜੇ ਇਨ੍ਹਾਂ ਦੋਹਾਂ ਦੀਆਂ ਵਿਧੀਆਂ, ਵਿਸ਼ਾ-ਖੇਤਰ ਨੂੰ ਵੇਖੀਏ ਤਾਂ ਇਹ ਅਲੱਗ-ਅਲੱਗ ਹਨ ਪਰ ਇਨ੍ਹਾਂ ਦੋਹਾਂ ਦਾ ਸੰਬੰਧ ਬਹੁਤ ਡੂੰਘਾ ਹੈ। ਇਨ੍ਹਾਂ ਦੋਹਾਂ ਨੂੰ ਇੱਕ-ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ । ਇਹ ਆਪਣੀ ਹੋਂਦ ਲਈ ਇੱਕ-ਦੂਜੇ ਤੋਂ ਮਦਦ ਲੈਂਦੇ ਰਹਿੰਦੇ ਹਨ । ਇਨ੍ਹਾਂ ਦੋਹਾਂ ਨੂੰ ਸਮਝਣ ਲਈ ਇਨ੍ਹਾਂ ਦੋਹਾਂ ਦੀ ਵਿਸ਼ੇ-ਸਮੱਗਰੀ ਵੱਲ ਇੱਕ ਝਾਤ ਮਾਰ ਲਈ ਜਾਵੇ ਤਾਂ ਜੋ ਇਨ੍ਹਾਂ ਦੇ ਰਿਸ਼ਤੇ ਨੂੰ ਸਮਝਣ ਵਿੱਚ ਆਸਾਨੀ ਰਹੇ ।
ਸਮਾਜ ਸ਼ਾਸਤਰ ਆਧੁਨਿਕ ਸਮਾਜ ਦਾ ਅਧਿਐਨ ਹੈ । ਸਮਾਜ ਸ਼ਾਸਤਰ ਵਿਚ ਸਮਾਜਿਕ ਸੰਬੰਧਾਂ, ਸਮਾਜਿਕ ਸੰਸਥਾਵਾਂ, ਸਮਾਜਿਕ ਸਮੂਹਾਂ ਅਤੇ ਉਨ੍ਹਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਦੇ ਨਾਲ-ਨਾਲ ਸਮਾਜ ਵਿਗਿਆਨ ਵਿੱਚ ਸੰਸਕ੍ਰਿਤੀ ਦੇ ਵੱਖ-ਵੱਖ ਭਾਗਾਂ, ਸਮਾਜ ਵਿਚ ਮਿਲਣ ਵਾਲੀਆਂ ਕਈ ਪ੍ਰਕਾਰ ਦੀਆਂ ਸੰਸਥਾਵਾਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ ।
ਮਾਨਵ ਵਿਗਿਆਨ (Anthropology) ਦੋ ਯੂਨਾਨੀ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ । Anthropos, ਜਿਸਦਾ ਅਰਥ ਹੈ, ‘ਮਨੁੱਖ’ ਅਤੇ ‘Logia’ ਜਿਸ ਦਾ ਅਰਥ ਹੈ ‘ਵਿਗਿਆਨ । ਇਸ ਤਰ੍ਹਾਂ ਇਸਦਾ ਸ਼ਾਬਦਿਕ ਅਰਥ ਹੈ ਮਾਨਵ ਵਿਗਿਆਨ ।ਮਾਨਵ ਵਿਗਿਆਨ ਮਨੁੱਖ ਦਾ ਵਿਗਿਆਨ ਹੈ । ਮਾਨਵ ਵਿਗਿਆਨ ਮਨੁੱਖ ਦੀ ਉਤਪੱਤੀ ਅਤੇ ਵਿਕਾਸ ਦਾ ਭੌਤਿਕ, ਸੰਸਕ੍ਰਿਤਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਅਧਿਐਨ ਹੈ ।
ਮਾਨਵ ਵਿਗਿਆਨ ਦਾ ਵਿਸ਼ਾ ਅਤੇ ਖੇਤਰ ਕਾਫ਼ੀ ਵਿਸ਼ਾਲ ਹੈ । ਇਸ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।
- ਭੌਤਿਕ ਮਾਨਵ ਵਿਗਿਆਨ (Physical Anthropology) – ਮਾਨਵ ਵਿਗਿਆਨ ਦੀ ਇਹ ਸ਼ਾਖਾ ਮਨੁੱਖ ਦੇ ਸਰੀਰਕ ਲੱਛਣਾਂ ਦਾ ਅਧਿਐਨ ਕਰਦੀ ਹੈ ਜਿਨ੍ਹਾਂ ਨਾਲ ਮਨੁੱਖ ਦੀ ਉਤਪੱਤੀ ਅਤੇ ਵਿਕਾਸ ਹੋਇਆ ।
- ਪੂਰਵ-ਇਤਿਹਾਸਕ ਪੁਸਰੀ ਵਿਗਿਆਨ (Pre-Historical Archeology) – ਇਸ ਵਿਚ ਮਨੁੱਖ ਦੇ ਇਤਿਹਾਸ ਦੀ ਖੋਜ ਕਰਨਾ ਹੈ ਜਿਨ੍ਹਾਂ ਦਾ ਕੋਈ ਲਿਖਤ ਪ੍ਰਮਾਣ ਨਹੀਂ ਮਿਲਦਾ ਹੈ । ਪੁਰਾਣੇ ਖੰਡਰਾਂ ਦੀ ਖੁਦਾਈ ਕਰਕੇ ਪਿੰਜਰਾਂ, ਪੁਰਾਣੀਆਂ ਵਸਤੂਆਂ ਤੋਂ ਉਸ ਸਮੇਂ ਦੇ ਬਾਰੇ ਵਿੱਚ ਪਤਾ ਲਾਇਆ ਜਾਂਦਾ ਹੈ । ਇਨ੍ਹਾਂ ਭੌਤਿਕ ਸਬੂਤਾਂ ਦੇ ਅਧਾਰ ਉੱਤੇ ਮਨੁੱਖ ਦੀ ਉਤਪੱਤੀ, ਉਸਦੇ ਵਿਕਾਸ, ਸੰਸਕ੍ਰਿਤੀ ਆਦਿ ਉੱਪਰ ਚਾਨਣਾ ਪਾਇਆ ਜਾਂਦਾ ਹੈ । ਇਸ ਤਰ੍ਹਾਂ ਇਹ ਪੁਰਾਣੇ ਸਮੇਂ ਦੇ ਮਨੁੱਖ ਦੀ ਸੰਸਕ੍ਰਿਤੀ ਦੀ ਪੜਤਾਲ ਕਰਦਾ ਹੈ ।
- ਸਮਾਜਿਕ ਅਤੇ ਸੰਸਕ੍ਰਿਤਕ ਮਾਨਵ ਵਿਗਿਆਨ (Social and Cultural Anthropology) – ਇਹ ਮਨੁੱਖੀ ਸਮਾਜ ਦਾ ਪੂਰਨਤਾ ਨਾਲ ਅਧਿਐਨ ਕਰਦੀ ਹੈ । ਇਹ ਇੱਕ ਸਮਾਜ ਦੀ ਆਰਥਿਕ, ਰਾਜਨੀਤਿਕ, ਪਰਿਵਾਰਿਕ ਵਿਵਸਥਾ, ਧਰਮ, ਕਲਾ, ਵਿਸ਼ਵਾਸਾਂ ਆਦਿ ਹਰ ਚੀਜ਼ ਦਾ ਅਧਿਐਨ ਕਰਦੀ ਹੈ । ਇਸ ਵਿੱਚ ਪ੍ਰਾਚੀਨ ਅਤੇ ਆਧੁਨਿਕ ਸਮਾਜ ਵਿਚ ਉਨ੍ਹਾਂ ਦੇ ਸਮਕਾਲੀ ਢਾਂਚਿਆਂ, ਸੰਸਥਾਵਾਂ ਅਤੇ ਵਿਵਹਾਰਾਂ ਦਾ ਵਿਸ਼ਲੇਸ਼ਣਾਤਮਕ ਅਤੇ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ ।
ਸਮਾਜਿਕ ਮਾਨਵ ਵਿਗਿਆਨ ਵਾਲੀ ਮਾਨਵ ਵਿਗਿਆਨ ਦੀ ਸ਼ਾਖਾ ਸਮਾਜ ਸ਼ਾਸਤਰ ਦੇ ਨਾਲ ਕਾਫ਼ੀ ਸੰਬੰਧਿਤ ਹੈ । ਜਿੱਥੇ ਸਮਾਜ ਸ਼ਾਸਤਰ ਵਿੱਚ ਸਮਾਜਿਕ ਸੰਬੰਧਾਂ, ਉਨ੍ਹਾਂ ਦੇ ਸਰੂਪਾਂ, ਸੰਸਥਾਵਾਂ, ਸਮੂਹਾਂ ਅਤੇ ਪ੍ਰਕ੍ਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉੱਥੇ ਮਾਨਵ ਵਿਗਿਆਨ ਵਿੱਚ ਪ੍ਰਾਚੀਨ ਮਨੁੱਖ ਦੀ ਉਤਪੱਤੀ, ਵਿਕਾਸ, ਸੰਸਕ੍ਰਿਤੀ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਨ੍ਹਾਂ ਦੋਨੋਂ ਵਿਗਿਆਨਾਂ ਦੇ ਉਦੇਸ਼ ਇੱਕ-ਦੂਜੇ ਨਾਲ ਕਾਫ਼ੀ ਮਿਲਦੇ-ਜੁਲਦੇ ਹਨ । ਇਸੇ ਕਰਕੇ ਇਹ ਦੋਨੋਂ ਵਿਗਿਆਨ ਇੱਕਦੂਜੇ ਨਾਲ ਸੰਬੰਧਿਤ ਹਨ ।
ਉੱਪਰ ਲਿਖੇ ਤੋਂ ਸਪੱਸ਼ਟ ਹੈ ਕਿ ਮਾਨਵ ਵਿਗਿਆਨ ਵਿੱਚ ਆਦਿਮ ਸਮਾਜ ਦਾ ਅਧਿਐਨ ਕੀਤਾ ਜਾਂਦਾ ਹੈ । ਆਮ ਸਮਾਜ ਦਾ ਮਤਲਬ ਉਨ੍ਹਾਂ ਸਮੂਹਾਂ ਤੋਂ ਹੈ ਜਿਹੜੇ ਛੋਟੇ ਜਿਹੇ ਭੂਗੋਲਿਕ ਖੇਤਰ ਵਿੱਚ, ਘੱਟ ਗਿਣਤੀ ਵਿਚ ਰਹਿੰਦੇ ਸੀ ਅਤੇ ਜਿਨ੍ਹਾਂ ਦਾ ਬਾਹਰੀ ਦੁਨੀਆਂ ਨਾਲ ਘੱਟ ਸੰਬੰਧ ਸੀ ਅਤੇ ਜੋ ਆਮ ਤਕਨੀਕ ਦਾ ਪ੍ਰਯੋਗ ਕਰਦੇ ਸਨ । ਸੰਖੇਪ ਵਿੱਚ ਸਮਾਜਿਕ ਮਾਨਵ ਵਿਗਿਆਨ ਸੰਪੂਰਨ ਸਮਾਜ ਦਾ ਪੂਰਨਤਾ ਨਾਲ ਅਧਿਐਨ ਕਰਦਾ ਹੈ ।
ਮਾਨਵ ਵਿਗਿਆਨ ਦੀ ਸਮਾਜ ਸ਼ਾਸਤਰ ਨੂੰ ਦੇਣ (Contribution of Anthropology of Sociology) – ਸਮਾਜ ਵਿਗਿਆਨ ਮਾਨਵ ਵਿਗਿਆਨ ਦੇ ਅਧਿਐਨ ਦਾ ਕਾਫ਼ੀ ਲਾਭ ਚੁੱਕਦਾ ਹੈ । ਭੌਤਿਕ ਮਾਨਵ ਵਿਗਿਆਨ ਜੋ ਸਮੂਹਾਂ ਅਤੇ ਨਸਲਾਂ ਦਾ ਗਿਆਨ ਉਪਲੱਬਧ ਕਰਵਾਉਂਦਾ ਹੈ ਉਹ ਸਮਾਜ ਵਿਗਿਆਨੀ ਵੱਖ-ਵੱਖ ਸੰਸਥਾਵਾਂ ਅਤੇ ਵਿਵਸਥਾਵਾਂ ਨੂੰ ਸਮਝਣ ਲਈ ਪ੍ਰਯੋਗ ਕਰਦੇ ਹਨ । ਇਸ ਤੋਂ ਇਲਾਵਾ ਸਮਾਜ ਵਿਗਿਆਨੀਆਂ ਨੇ ਸਮਾਜਿਕ ਸਤਰੀਕਰਣ ਨੂੰ ਨਸਲੀ ਅਧਾਰ ਉੱਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਇਲਾਵਾ ਮਾਨਵ ਵਿਗਿਆਨ ਇਹ ਵੀ ਦੱਸਦਾ ਹੈ ਕਿ ਆਦਿਮ ਸਮਾਜ ਦੀਆਂ ਸੰਸਥਾਵਾਂ, ਵਿਵਸਥਾ ਅਤੇ ਸੰਗਠਨ ਬਹੁਤ ਸਰਲ ਸਨ ਜਿਸ ਦੀ ਮਦਦ ਨਾਲ ਸਮਾਜ ਵਿਗਿਆਨ ਅੱਜ ਦੇ ਸਮਾਜ ਨੂੰ ਸਮਝ ਸਕਿਆ ਹੈ ।
ਮਾਨਵ ਵਿਗਿਆਨ ਨੇ ਧਰਮ ਦੀ ਉਤਪੱਤੀ ਦੀ ਸਮੱਗਰੀ ਸਮਾਜ ਸ਼ਾਸਤਰ ਨੂੰ ਦਿੱਤੀ ਹੈ । ਇਸ ਤਰ੍ਹਾਂ ਆਦਿਮ ਸਮਾਜ ਦਾ ਅਧਿਐਨ ਜੋ ਕਿ ਮਾਨਵ ਵਿਗਿਆਨ ਦਾ ਵਿਸ਼ਾ-ਵਸਤੂ ਹੈ ਉਸ ਵਿਚ ਸਮਾਜ ਸ਼ਾਸਤਰ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ । ਅਸਲ ਵਿਚ ਸਮਾਜ ਸ਼ਾਸਤਰ ਦੀ ਪ੍ਰਮੁੱਖ ਸ਼ਾਖਾ ਸਮਾਜਿਕ ਉਤਪੱਤੀ ਹੋਰ ਕੁਝ ਨਹੀਂ ਬਲਕਿ ਸਮਾਜਿਕ ਮਾਨਵ ਵਿਗਿਆਨ ਹੈ । ਸਮਾਜ ਸ਼ਾਸਤਰ ਨੇ ਤਾਂ ਕੁਝ ਸੰਕਲਪ ਜਿਵੇਂ -ਸੱਭਿਆਚਾਰਕ ਖੇਤਰ, ਸੱਭਿਆਚਾਰਕ ਗੁਣ, ਸੱਭਿਆਚਾਰਕ ਜਟਿਲਤਾ, ਸੱਭਿਆਚਾਰਕ ਅੰਤਰ ਆਦਿ ਮਾਨਵ ਵਿਗਿਆਨ ਤੋਂ ਉਧਾਰੇ ਲਏ ਹਨ ਅਤੇ ਇਨ੍ਹਾਂ ਦਾ ਪ੍ਰਯੋਗ ਸਮਾਜ ਵਿਗਿਆਨੀਆਂ ਲਈ ਕਾਫ਼ੀ ਲਾਭਦਾਇਕ ਸਿੱਧ ਹੋਇਆ ਹੈ ਤਾਂ ਹੀ ਸਮਾਜ ਸ਼ਾਸਤਰ ਵਿੱਚ ਇਕ ਨਵੀਂ ਸ਼ਾਖਾ ਸੰਸਕ੍ਰਿਤਕ ਸਮਾਜ ਸ਼ਾਸਤਰ (Cultural Sociology) ਦਾ ਵਿਕਾਸ ਹੋਇਆ ਹੈ ।
ਸਮਾਜ ਸ਼ਾਸਤਰ ਦੀ ਮਾਨਵ ਵਿਗਿਆਨ ਨੂੰ ਦੇਣ (Contribution of Sociology to Anthropology) – ਸਿਰਫ਼ ਸਮਾਜ ਸ਼ਾਸਤਰ ਹੀ ਨਹੀਂ ਬਲਕਿ ਮਾਨਵ ਵਿਗਿਆਨ ਵੀ ਸਮਾਜ ਸ਼ਾਸਤਰ ਦੀ ਮਦਦ ਲੈਂਦਾ ਹੈ । ਮਾਨਵ ਵਿਗਿਆਨ ਨੂੰ ਸੰਸਕ੍ਰਿਤੀ ਦੀ ਉਤਪੱਤੀ ਅਤੇ ਵਿਕਾਸ ਦੇ ਲਈ ਸਮਾਜਿਕ ਅੰਤਰ-ਕ੍ਰਿਆਵਾਂ ਅਤੇ ਸੰਬੰਧਾਂ ਨੂੰ ਸਮਝਣਾ ਪੈਂਦਾ ਹੈ ਜੋ ਸਮਾਜ ਸ਼ਾਸਤਰ ਦੇ ਖੇਤਰ ਵਿਚ ਆਉਂਦੇ ਹਨ । ਸੰਸਕ੍ਰਿਤੀ ਤੋਂ ਬਿਨਾਂ ਕੋਈ ਸਮਾਜ ਨਹੀਂ ਹੋ ਸਕਦਾ ਅਤੇ ਇਸਦੀ ਉਤਪੱਤੀ ਅੰਤਰਕ੍ਰਿਆਵਾਂ ਅਤੇ ਸੰਬੰਧਾਂ ਉੱਪਰ ਨਿਰਭਰ ਕਰਦੀ ਹੈ ।
ਸਮਾਜ ਸ਼ਾਸਤਰ ਦੀ ਇੱਕ ਹੋਰ ਦੇਣ ਮਾਨਵ ਵਿਗਿਆਨ ਨੂੰ ਇਹ ਹੈ ਕਿ ਮਾਨਵ ਵਿਗਿਆਨ ਨੇ ਆਧੁਨਿਕ ਸਮਾਜ ਦੇ ਗਿਆਨ ਦੇ ਅਧਾਰ ਉੱਤੇ ਕਈ ਪਰਿਕਲਪਨਾਵਾਂ ਦਾ ਨਿਰਮਾਣ ਕਰਕੇ ਆਦਿਮ ਸਮਾਜ ਦਾ ਅਧਿਐਨ ਕੀਤਾ ਹੈ ਜਿਨ੍ਹਾਂ ਨਾਲ ਮਾਨਵ ਵਿਗਿਆਨ ਨੂੰ ਆਪਣੇ ਵਿਸ਼ੇ-ਸਮੱਗਰੀ ਨੂੰ ਸਮਝਣ ਵਿਚ ਕਾਫ਼ੀ ਮਦਦ ਮਿਲੀ ਹੈ ।
ਮਾਨਵ ਵਿਗਿਆਨ ਨੇ ਸਮਾਜ ਸ਼ਾਸਤਰ ਦੇ ਕੁਝ ਵਿਸ਼ਿਆਂ, ਸੰਕਲਪਾਂ ਅਤੇ ਵਿਧੀਆਂ ਨੂੰ ਆਪਣੇ ਖੇਤਰ ਵਿਚ ਸ਼ਾਮਲ ਕਰਕੇ ਆਪਣੀ ਵਿਸ਼ੇ-ਸਮੱਗਰੀ ਨੂੰ ਸੰਬੋਧਿਤ ਕੀਤਾ ਹੈ । ਮਾਨਵ ਵਿਗਿਆਨ ਨੇ ਸਮੂਹਿਕ ਏਕਤਾ (Social Solidarity) ਨੂੰ ਪੈਦਾ ਕਰਨ ਵਾਲੇ ਸੰਸਕ੍ਰਿਤਕ ਅਤੇ ਸਮਾਜਿਕ ਤੱਥਾਂ ਦੇ ਨਾਲ-ਨਾਲ ਹੋਰ ਤੱਥਾਂ ਦਾ ਵੀ ਅਧਿਐਨ ਕੀਤਾ ਹੈ ਜਿਨ੍ਹਾਂ ਨਾਲ ਸੰਘਰਸ਼ ਦੀ ਆਦਤ ਮਨੁੱਖਾਂ ਵਿਚ ਆਈ ।
ਇਸ ਤਰ੍ਹਾਂ ਉੱਪਰ ਦਿੱਤੀ ਹੋਈ ਵਿਵੇਚਨਾ ਦੇ ਅਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਇੱਕ-ਦੂਜੇ ਨਾਲ ਗੂੜੇ ਰੂਪ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਨੂੰ ਵੱਖ ਕਰਨਾ ਔਖਾ ਹੈ ਪਰ ਫਿਰ ਵੀ ਇਨ੍ਹਾਂ ਵਿੱਚ ਕਈ ਅੰਤਰ ਹਨ ਜਿਹੜੇ ਹੇਠ ਲਿਖੇ ਹਨ ।
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਅੰਤਰ (Difference between Sociology and Anthropology)-
1. ਵਿਸ਼ੇ-ਵਸਤੂ ਦਾ ਅੰਤਰ (Difference of Subject Matter) – ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਦੇ ਵਿਸ਼ੇ-ਵਸਤੂ ਵਿੱਚ ਵੀ ਅੰਤਰ ਪਾਇਆ ਗਿਆ ਹੈ । ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ, ਸੰਗਠਨ, ਬਣਤਰ, ਸਮਾਜਿਕ ਵਿਵਸਥਾ ਆਦਿ ਦਾ ਅਧਿਐਨ ਕਰਦਾ ਹੈ ਅਤੇ ਮਾਨਵ ਵਿਗਿਆਨ ਸੰਪੁਰਨ ਸਮਾਜ ਦੇ ਅਧਿਐਨ ਨਾਲ ਆਪਣੇ ਆਪ ਨੂੰ ਸੰਬੰਧਿਤ ਰੱਖਦਾ ਹੈ । ਇਸ ਵਿੱਚ ਇਹ ਸਮਾਜ ਦੀ ਧਾਰਮਿਕ, ਰਾਜਨੀਤਿਕ, ਆਰਥਿਕ ਆਦਿ ਹਰ ਪੱਖ ਦਾ ਅਧਿਐਨ ਕਰਦਾ ਹੈ । ਇਸੇ ਕਰਕੇ ਇਸ ਨੂੰ ਸਮਾਜਿਕ ਵਿਰਾਸਤ ਦਾ ਵਿਗਿਆਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਦੁਆਰਾ ਹੀ ਸੰਸਕ੍ਰਿਤੀ ਸੰਭਾਲੀ ਜਾਂਦੀ ਹੈ ।
2. ਸੰਸਕ੍ਰਿਤੀਆਂ ਦਾ ਅੰਤਰ (Difference of Culture) – ਮਾਨਵ ਵਿਗਿਆਨ ਉਨ੍ਹਾਂ ਸੰਸਕ੍ਰਿਤੀਆਂ ਦਾ ਅਧਿਐਨ ਕਰਦਾ ਹੈ, ਜਿਹੜੀਆਂ ਛੋਟੀਆਂ ਅਤੇ ਸਥਿਰ ਹੁੰਦੀਆਂ ਹਨ | ਪਰੰਤੂ ਸਮਾਜ ਸ਼ਾਸਤਰ ਉਨ੍ਹਾਂ ਸੱਭਿਆਚਾਰਾਂ ਦਾ ਅਧਿਐਨ ਕਰਦਾ ਹੈ ਜਿਹੜੇ ਵਿਸ਼ਾਲ ਤੇ ਪਰਿਵਰਤਨਸ਼ੀਲ ਹੁੰਦੇ ਹਨ । ਇਸੇ ਆਧਾਰ ਤੇ ਅਸੀਂ ਵੇਖਦੇ ਹਾਂ ਕਿ ਮਾਨਵ ਵਿਗਿਆਨ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ ਅਤੇ ਸਮਾਜ ਸ਼ਾਸਤਰ ਤੋਂ ਵਧੀਆ ਸਮਝਿਆ ਜਾਂਦਾ ਹੈ ।
3. ਦਿਸ਼ਟੀਕੋਣ ਦਾ ਅੰਤਰ (Difference of Point of View) – ਮਾਨਵ ਵਿਗਿਆਨ ਅਤੇ ਸਮਾਜ ਸ਼ਾਸਤਰ ਦੋਵੇਂ ਅਲੱਗ-ਅਲੱਗ ਵਿਗਿਆਨ ਹਨ । ਮਾਨਵ ਵਿਗਿਆਨ ਪ੍ਰਾਚੀਨ ਸਮੇਂ ਵਿੱਚ ਪਾਏ ਗਏ ਮਨੁੱਖ ਅਤੇ ਉਸਦੀ ਸੰਸਕ੍ਰਿਤੀ ਦਾ ਅਧਿਐਨ ਕਰਦਾ ਹੈ ਪਰੰਤੂ ਸਮਾਜ ਸ਼ਾਸਤਰ ਇਸੇ ਵਿਸ਼ੇ-ਵਸਤੂ ਨੂੰ ਆਧੁਨਿਕ ਵਿਵਸਥਾ ਨਾਲ ਸੰਬੰਧਿਤ ਰੱਖ ਕੇ ਅਧਿਐਨ ਕਰਦਾ ਹੈ ।
ਪ੍ਰਸ਼ਨ 3.
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਸੰਬੰਧਾਂ ਦੀ ਚਰਚਾ ਕਰੋ ।
ਜਾਂ
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਕੀ ਸੰਬੰਧ ਹੈ ? ਭੇਦਾਂ ਸਹਿਤ ਸਪੱਸ਼ਟ ਕਰੋ ।
ਉੱਤਰ-
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਬਹੁਤ ਗੂੜ੍ਹਾ ਸੰਬੰਧ ਹੈ । ਦੋਵੇਂ ਹੀ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ । ਪਲੈਟੋ ਅਤੇ ਅਰਸਤੂ ਨੇ ਤਾਂ ਇਹ ਕਿਹਾ ਸੀ ਕਿ ਰਾਜ ਅਤੇ ਸਮਾਜ ਦਾ ਅਰਥ ਇਕੋ ਹੀ ਹੈ । ਚਾਹੇ ਬਾਦ ਵਿਚ ਇਹਨਾਂ ਦੇ ਅਰਥ ਵੱਖ ਕਰ ਦਿੱਤੇ ਗਏ ਅਤੇ ਰਾਜਨੀਤੀ ਵਿਗਿਆਨ ਨੂੰ ਸਿਰਫ਼ ਰਾਜ ਦੇ ਕੰਮਾਂ ਨਾਲ ਹੀ ਸੰਬੰਧਿਤ ਤੇ ਸੀਮਿਤ ਕਰ ਦਿੱਤਾ ਗਿਆ । 1850 ਈ: ਤੋਂ ਬਾਅਦ ਸਮਾਜ ਸ਼ਾਸਤਰ ਨੇ ਵੀ ਆਪਣਾ ਖੇਤਰ ਵੱਖ ਕਰਕੇ ਵੱਖਰਾ ਵਿਸ਼ਾ ਬਣਾ ਲਿਆ ਤੇ ਰਾਜਨੀਤੀ ਵਿਗਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ।
ਰਾਜਨੀਤੀ ਵਿਗਿਆਨ ਵਿਚ ਰਾਜ ਦੀ ਉਤਪੱਤੀ, ਵਿਕਾਸ, ਸੰਗਠਨ, ਸਰਕਾਰ ਦੀ ਸ਼ਾਸਕੀ, ਪ੍ਰਬੰਧਕੀ ਪ੍ਰਣਾਲੀ, ਇਸ ਨਾਲ ਸੰਬੰਧਿਤ ਸੰਸਥਾਵਾਂ ਅਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਹੁੰਦਾ ਹੈ । ਇਹ ਸਿਰਫ਼ ਸੰਗਠਿਤ ਸੰਬੰਧਾਂ ਦਾ ਅਧਿਐਨ ਕਰਦਾ ਹੈ ਜਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨ ਸਿਰਫ਼ ਰਾਜਨੀਤਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ ।
ਸਮਾਜ ਸ਼ਾਸਤਰ ਵਿਚ ਸਮੂਹਾਂ, ਪ੍ਰਤੀਮਾਨਾਂ, ਪ੍ਰਥਾਵਾਂ, ਸੰਰਚਨਾਵਾਂ, ਸਮਾਜਿਕ ਸੰਬੰਧਾਂ, ਸੰਬੰਧਾਂ ਦੇ ਵੱਖ-ਵੱਖ ਸਰੂਪਾਂ, ਸੰਸਥਾਵਾਂ ਅਤੇ ਉਹਨਾਂ ਦੇ ਅੰਤਰ ਸੰਬੰਧਾਂ, ਪਰੰਪਰਾਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਕ ਪਾਸੇ ਰਾਜਨੀਤੀ ਵਿਗਿਆਨ ਹੈ ਜੋ ਰਾਜਨੀਤੀ ਅਰਥਾਤ ਰਾਜ ਜਾਂ ਸਰਕਾਰ ਦਾ ਅਧਿਐਨ ਕਰਦਾ ਹੈ ਪਰ ਸਮਾਜ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦਾ ਵੀ ਅਧਿਐਨ ਕਰਦਾ ਹੈ ਜੋ ਕਿ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਸਾਧਨ ਹੈ । ਸਮਾਜ ਸ਼ਾਸਤਰ ਵਿਚ ਰਾਜ ਨੂੰ ਇਕ ਰਾਜਨੀਤਿਕ ਸੰਸਥਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਰਾਜਨੀਤੀ ਵਿਗਿਆਨ ਉਸੇ ਰਾਜ ਦੇ ਸੰਗਠਨ ਤੇ ਕਾਨੂੰਨ ਦੇ ਰੂਪ ਵਿਚ ਵੇਖਦਾ ਹੈ । ਮੈਕਾਈਵਰ ਤੇ ਪੇਜ (MacIver and Page) ਦੇ ਅਨੁਸਾਰ, “ਸਮਾਜ ਤੇ ਰਾਜ ਦਾ ਦਾਇਰਾ ਇਕ ਨਹੀਂ ਤੇ ਨਾ ਹੀ ਦੋਨਾਂ ਦਾ ਵਿਸਤਾਰ ਨਾਲ-ਨਾਲ ਹੋਇਆ ਹੈ ਬਲਕਿ ਰਾਜ ਦੀ ਸਥਾਪਨਾ ਸਮਾਜ ਅੰਦਰ ਕੁਝ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਕਰਨ ਲਈ ਹੋਈ ਹੈ ।”
ਰੌਸ (Ross) ਦੇ ਅਨੁਸਾਰ, “ਰਾਜ ਆਪਣੀ ਮੁੱਢਲੀ ਅਵਸਥਾ ਵਿਚ ਰਾਜਨੀਤਿਕ ਸੰਸਥਾ ਨਾਲੋਂ ਜ਼ਿਆਦਾ ਸਮਾਜਿਕ ਸੰਸਥਾ ਸੀ । ਇਹ ਸੱਚ ਹੈ ਕਿ ਰਾਜਨੀਤਿਕ ਤੱਥਾਂ ਦਾ ਆਧਾਰ ਸਮਾਜਿਕ ਤੱਥਾਂ ਵਿਚ ਹੀ ਹੈ । ਇਹਨਾਂ ਦੋਹਾਂ ਵਿਗਿਆਨਾਂ ਵਿਚ ਅੰਤਰ ਸਿਰਫ਼ ਇਸ ਲਈ ਹੈ ਕਿ ਇਹਨਾਂ ਦੋਹਾਂ ਵਿਗਿਆਨਾਂ ਦੇ ਖੇਤਰ ਦੀ ਵਿਸ਼ਾਲਤਾ ਦੇ ਅਧਿਐਨ ਲਈ ਵਿਸ਼ੇਸ਼ਗਾਂ ਦੀ ਲੋੜ ਹੁੰਦੀ ਹੈ, ਸਗੋਂ ਇਸ ਲਈ ਨਹੀਂ ਹੈ ਕਿ ਇਹਨਾਂ ਵਿਚ ਕੋਈ ਸਪੱਸ਼ਟ ਵਿਭਾਜਨ ਰੇਖਾ ਹੈ ।”
ਉੱਪਰ ਦਿੱਤੀ ਵਿਆਖਿਆ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਵਿਗਿਆਨ ਸਮਾਜ ਵਿਚ ਮਿਲਣ ਵਾਲੀਆਂ ਸੰਸਥਾਵਾਂ, ਸਰਕਾਰ ਤੇ ਸੰਗਠਨ ਦੇ ਅਧਿਐਨ ਨਾਲ ਸੰਬੰਧਿਤ ਹੈ ਪਰੰਤੂ ਸਮਾਜ ਸ਼ਾਸਤਰ ਸਮਾਜ ਦੇ ਅਧਿਐਨ ਕਰਨ ਨਾਲ ਸੰਬੰਧਿਤ ਹੈ | ਪਰ ਰਾਜਨੀਤੀ ਵਿਗਿਆਨ ਦਾ ਵਿਸ਼ਾ ਖੇਤਰ ਪੂਰੇ ਸਮਾਜ ਦਾ ਇਕ ਹਿੱਸਾ ਹੈ ਜਿਸ ਦਾ ਅਧਿਐਨ ਸਮਾਜ ਸ਼ਾਸਤਰ ਕਰਦਾ ਹੈ । ਇਹਨਾਂ ਦੋਹਾਂ ਵਿਚਕਾਰ ਅੰਤਰ ਨਿਰਭਰਤਾ ਵੀ ਹੁੰਦੀ ਹੈ ।
ਸਮਾਜ ਸ਼ਾਸਤਰ ਦੀ ਰਾਜਨੀਤੀ ਵਿਗਿਆਨ ਨੂੰ ਦੇਣ (Contribution of Sociology to Political Science) – ਰਾਜਨੀਤੀ ਵਿਗਿਆਨ ਵਿਚ ਵਿਅਕਤੀ ਨੂੰ ਰਾਜਨੀਤਿਕ ਪਾਣੀ ਕਿਹਾ ਜਾਂਦਾ ਹੈ ਪਰ ਇਸ ਬਾਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਅਤੇ ਕਦੋਂ ਰਾਜਨੀਤਿਕ ਵਿਅਕਤੀ ਬਣਿਆ । ਇਸ ਲਈ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਤੋਂ ਮਦਦ ਲੈਂਦਾ ਹੈ । ਜੇਕਰ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਲਵੇ ਤਾਂ ਵਿਅਕਤੀ ਨਾਲ ਸੰਬੰਧਿਤ ਉਸਦੇ ਅਧਿਐਨਾਂ ਨੂੰ ਬਹੁਤ ਆਸਾਨ ਬਣਾਇਆ ਜਾ ਸਕਦਾ ਹੈ । ਰਾਜਨੀਤੀ ਵਿਗਿਆਨ ਨੂੰ ਆਪਣੀਆਂ ਨੀਤੀਆਂ ਬਣਾਉਂਦੇ ਸਮੇਂ ਸਮਾਜਿਕ ਕੀਮਤਾਂ ਤੇ ਆਦਰਸ਼ਾਂ ਨੂੰ ਅੱਗੇ ਰੱਖਣਾ ਹੀ ਪੈਂਦਾ ਹੈ ।
ਜਦੋਂ ਵੀ ਰਾਜਨੀਤੀ ਵਿਗਿਆਨ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ । ਸਾਡੇ ਸਮਾਜ ਦੀਆਂ ਪਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀ ਆਦਿ ਨੂੰ ਸਮਾਜ ਨੂੰ ਸੰਗਠਿਤ ਤਰੀਕੇ ਨਾਲ ਚਲਾਉਣ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣ ਲਈ ਬਣਾਇਆ ਜਾਂਦਾ ਹੈ, ਪਰ ਜਦੋਂ ਇਹ ਪਰੰਪਰਾਵਾਂ, ਪ੍ਰਥਾਵਾਂ ਨੂੰ ਸਰਕਾਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਕਾਨੂੰਨ ਬਣ ਜਾਂਦੇ ਹਨ ।
ਜੇਕਰ ਸਰਕਾਰ ਸਮਾਜ ਦੁਆਰਾ ਬਣਾਈਆਂ ਪਰੰਪਰਾਵਾਂ, ਪ੍ਰਥਾਵਾਂ ਨੂੰ ਅੱਖੋਂ ਉਹਲੇ ਕਰ ਲੈਂਦੀ ਹੈ ਤਾਂ ਇਸ ਸਥਿਤੀ ਵਿਚ ਸਮਾਜਿਕ ਵਿਘਟਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਸਮਾਜਿਕ ਵਿਕਾਸ ਵੀ ਰੁਕ ਜਾਂਦਾ ਹੈ । ਸਮਾਜਿਕ ਪ੍ਰਥਾਵਾਂ, ਪਰੰਪਰਾਵਾਂ, ਆਦਰਸ਼ਾਂ, ਕੀਮਤਾਂ ਆਦਿ ਦੀ ਜਾਣਕਾਰੀ ਲਈ ਰਾਜਨੀਤੀ ਵਿਗਿਆਨ ਨੂੰ ਸਮਾਜ ਸ਼ਾਸਤਰ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਾਨੂੰਨ ਦੀ ਮਦਦ ਨਾਲ ਲੱਭਿਆ ਜਾ ਸਕਦਾ ਹੈ ।
ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਰਾਜਨੀਤੀ ਵਿਗਿਆਨ ਨੂੰ ਆਪਣੇ ਵਿਸ਼ੇ-ਸਮੱਗਰੀ ਦੇ ਅਧਿਐਨ ਲਈ ਸਮਾਜ ਸ਼ਾਸਤਰ ਦੀ ਮਦਦ ਲੈਣੀ ਪੈਂਦੀ ਹੈ । ਇਸ ਨਾਲ ਸਮਾਜਿਕ ਤਰੱਕੀ ਵੀ ਹੁੰਦੀ ਹੈ ਅਤੇ ਸਮਾਜਿਕ ਸੰਗਠਨ ਵੀ ਬਣਿਆ ਰਹਿੰਦਾ ਹੈ । ਇਸ ਤਰ੍ਹਾਂ ਰਾਜਨੀਤੀ ਵਿਗਿਆਨ ਨੂੰ ਸਮਾਜ ਸ਼ਾਸਤਰ ਦੀ ਬਹੁਤ ਜ਼ਰੂਰਤ ਪੈਂਦੀ ਹੈ ।
ਰਾਜਨੀਤੀ ਵਿਗਿਆਨ ਦੀ ਸਮਾਜ ਸ਼ਾਸਤਰ ਨੂੰ ਦੇਣ (Contribution of Political Science to Sociology) – ਜੇਕਰ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੀ ਮਦਦ ਲੈਂਦਾ ਹੈ ਤਾਂ ਇਹ ਉਸ ਨੂੰ ਬਹੁਤ ਸਾਰੀ ਮਦਦ ਦਿੰਦਾ ਹੈ । ਜੇਕਰ ਅਸੀਂ ਗੌਰ ਨਾਲ ਦੇਖੀਏ ਤਾਂ ਪਤਾ ਚੱਲੇਗਾ ਕਿ ਸਮਾਜ ਜਾਂ ਸਮਾਜਿਕ ਜੀਵਨ ਨੂੰ ਰਾਜਨੀਤੀ ਵਿਗਿਆਨ ਤੋਂ ਹੀ ਅਸਲੀ ਜ਼ਿੰਦਗੀ ਪ੍ਰਾਪਤ ਹੋਈ ਹੈ । ਸਮਾਜ ਦਾ ਸੰਗਠਨ, ਪ੍ਰਗਤੀ, ਸੰਸਥਾਵਾਂ, ਪਰੰਪਰਾਵਾਂ, ਪ੍ਰਕ੍ਰਿਆਵਾਂ, ਸੰਸਥਾਵਾਂ, ਸੰਬੰਧ ਆਦਿ ਸਭ ਇਸ ਉੱਤੇ ਆਧਾਰਿਤ ਹਨ । ਪ੍ਰਾਚੀਨ ਸਮੇਂ ਵਿਚ ਜਦੋਂ ਰਾਜਨੀਤਿਕ ਜੀਵਨ ਦੀ ਸ਼ੁਰੁਆਤ ਨਹੀਂ ਹੋਈ ਸੀ ਉਸ ਸਮੇਂ ਵਿਅਕਤੀ ਦਾ ਜੀਵਨ ਬਹੁਤ ਸਰਲ ਸੀ ਤੇ ਉਸ ਦੇ ਜੀਵਨ ਉੱਤੇ ਨਿਯੰਤਰਣ ਗ਼ੈਰ ਰਸਮੀ ਤਰੀਕੇ ਨਾਲ ਹੁੰਦਾ ਸੀ । ਸਮੇਂ ਦੇ ਨਾਲ-ਨਾਲ ਸਮਾਜ ਦਾ ਵਿਕਾਸ ਹੋਇਆ ਅਤੇ ਸਾਨੂੰ ਕਾਨੂੰਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ । ਜਿਵੇਂ ਜਿਸ ਸਮੇਂ ਭਾਰਤ ਵਿਚ ਜਾਤ ਪ੍ਰਥਾ ਵਿਕਸਿਤ ਹੋਈ ਉਸ ਸਮੇਂ ਕੁਝ ਜਾਤਾਂ ਦੇ ਲੋਕਾਂ ਦਾ ਜੀਵਨ ਵਧੀਆ ਸੀ । ਉਹਨਾਂ ਦੀ ਸਮਾਜਿਕ ਸਥਿਤੀ ਚੰਗੀ ਸੀ ਅਤੇ ਉਹ ਸਮਾਜ ਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਸਨ । ਜਿਹੜੇ ਲੋਕਾਂ ਦੀ ਸਥਿਤੀ ਨੀਵੀਂ ਸੀ ਉਹ ਸਮਾਜਿਕ ਨਿਯਮਾਂ ਤੋਂ ਬਹੁਤ ਤੰਗ ਸਨ । ਜਾਤ ਪ੍ਰਥਾ ਸਮਾਜਿਕ ਸੰਤੁਲਨ ਨੂੰ ਕਾਇਮ ਕਰਦੀ ਸੀ । ਜਦੋਂ ਰਾਜਨੀਤੀ ਵਿਗਿਆਨ ਸਾਹਮਣੇ ਆਇਆ ਤਾਂ ਉਸ ਨੇ ਲੋਕਾਂ ਨੂੰ ਕਾਨੂੰਨ ਦੀ ਮਦਦ ਨਾਲ ਨਿਯੰਤਰਣ ਕਰਨਾ ਸ਼ੁਰੂ ਕਰ ਦਿੱਤਾ ।
ਜਿਨ੍ਹਾਂ ਪ੍ਰਥਾਵਾਂ ਨੂੰ ਸਮਾਜ ਲਈ ਬੁਰਾ ਸਮਝਿਆ ਗਿਆ ਅਤੇ ਲੋਕ ਵੀ ਜਿਨ੍ਹਾਂ ਦੇ ਵਿਰੁੱਧ ਸਨ, ਕਾਨੂੰਨ ਨੇ ਆਪਣੇ ਪ੍ਰਭਾਵ ਨਾਲ ਉਹਨਾਂ ਨੂੰ ਖ਼ਤਮ ਕੀਤਾ । ਕਾਨੂੰਨ ਦੇ ਸਾਹਮਣੇ ਸਾਰੇ ਲੋਕ ਬਰਾਬਰ ਹਨ ਜਿਸ ਕਰਕੇ ਲੋਕ ਇਸ ਦਾ ਆਦਰ ਕਰਨ ਲੱਗ ਗਏ । ਸਾਡੇ ਸਮਾਜ ਵਿਚ ਵਹਿਮਾਂ-ਭਰਮਾਂ ਦੇ ਆਧਾਰ ਉੱਤੇ ਕਈ ਪ੍ਰਕਾਰ ਦੀਆਂ ਗ਼ਲਤ ਥਾਵਾਂ ਚਲ ਰਹੀਆਂ ਸਨ ਜਿਨ੍ਹਾਂ ਨੇ ਸਮਾਜ ਨੂੰ ਖੋਖਲਾ ਕਰ ਦਿੱਤਾ ਸੀ ਜਿਵੇਂ ਕਿ ਸਤੀ ਪ੍ਰਥਾ । ਇਹ ਪ੍ਰਥਾਵਾਂ ਸਮਾਜ ਵਿਚੋਂ ਸਮਾਜ ਸ਼ਾਸਤਰ ਖ਼ਤਮ ਨਹੀਂ ਕਰ ਸਕਦਾ ਸੀ ਤਾਂ ਇਹਨਾਂ ਨੂੰ ਖ਼ਤਮ ਕਰਨ ਲਈ ਸਮਾਜ ਸ਼ਾਸਤਰ ਨੇ ਰਾਜਨੀਤੀ ਵਿਗਿਆਨ ਦੀ ਮਦਦ ਲਈ । ਕਾਨੂੰਨ ਨੇ ਸਮਾਜਿਕ ਕਲਿਆਣ ਦੇ ਬਹੁਤ ਕੰਮ ਕੀਤੇ । ਸਾਡੇ ਸਮਾਜ ਵਿਚ ਬਹੁਤ ਸਾਰੀਆਂ ਲਤ ਪ੍ਰਥਾਵਾਂ ਚਲੀਆਂ ਆ ਰਹੀਆਂ ਸਨ ਜਿਨ੍ਹਾਂ ਨੂੰ ਕਾਨੂੰਨ ਦੀ ਮਦਦ ਨਾਲ ਅਪਰਾਧ ਕਰਾਰ ਦਿੱਤਾ ਗਿਆ ।
ਉੱਪਰ ਦਿੱਤੀ ਵਿਆਖਿਆ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮੱਸਿਆ ਚਾਹੇ ਸਮਾਜਿਕ ਹੋਵੇ ਜਾਂ ਰਾਜਨੀਤਿਕ ਸਾਨੂੰ ਦੋਹਾਂ ਦੀ ਮਦਦ ਲੈਣੀ ਪੈਂਦੀ ਹੈ । ਚਾਹੇ ਅਧਿਐਨ ਕਰਦੇ ਸਮੇਂ ਦੋਹਾਂ ਸਮਾਜਿਕ ਸ਼ਾਸਤਰਾਂ ਵਿਚ ਦ੍ਰਿਸ਼ਟੀਕੋਣ ਵੱਖ-ਵੱਖ ਹਨ ਪਰ ਇਹਨਾਂ ਦੀਆਂ ਸਮੱਸਿਆਵਾਂ ਸਮਾਜਿਕ ਹਨ ਜਿਸ ਕਰਕੇ ਦੋਹਾਂ ਵਿਚ ਕਾਫ਼ੀ ਅੰਤਰ-ਨਿਰਭਰਤਾ ਪਾਈ ਜਾਂਦੀ ਹੈ ।
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਅੰਤਰ (Difference between Sociology and Political Science)-
1. ਸਾਧਾਰਨ ਅਤੇ ਵਿਸ਼ੇਸ਼ (General and Special) – ਸਮਾਜ ਸ਼ਾਸਤਰ ਨੂੰ ਇਕ ਸਾਧਾਰਨ ਵਿਗਿਆਨ ਕਿਹਾ ਜਾਂਦਾ ਹੈ ਕਿਉਂਕਿ ਇਹ ਸਮਾਜ ਵਿਚ ਰਹਿਣ ਵਾਲੇ ਹਰੇਕ ਵਿਅਕਤੀ ਦੇ ਹਰੇਕ ਪੱਖ ਦਾ ਅਧਿਐਨ ਕਰਦਾ ਹੈ । ਇਸ ਵਿਚ ਸਾਰੀਆਂ ਸਮਾਜਿਕ ਪਰੰਪਰਾਵਾਂ, ਪ੍ਰਕ੍ਰਿਆਵਾਂ, ਸਮਾਜਿਕ ਨਿਯੰਤਰਣ ਆਦਿ ਆ ਜਾਂਦੇ ਹਨ । ਸਮਾਜ ਸ਼ਾਸਤਰ ਉਹਨਾਂ ਸਾਰੇ ਪੰਚਾਂ ਦਾ ਅਧਿਐਨ ਕਰਦਾ ਹੈ ਜੋ ਹਰੇਕ ਪ੍ਰਕਾਰ ਦੀਆਂ ਮਨੁੱਖੀ ਕ੍ਰਿਆਵਾਂ ਨਾਲ ਸੰਬੰਧਿਤ ਹਨ । ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ । ਦੂਜੇ ਪਾਸੇ ਰਾਜਨੀਤੀ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਵਿਅਕਤੀ ਦੇ ਜੀਵਨ ਦੇ ਰਾਜਨੀਤਿਕ ਪੱਖ ਦਾ ਹੀ ਅਧਿਐਨ ਕਰਦਾ ਹੈ । ਇਹ ਉਹਨਾਂ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ ਜੋ ਮਨੁੱਖ, ਰਾਜ, ਸਰਕਾਰ ਜਾਂ ਕਾਨੂੰਨ ਨਾਲ ਸੰਬੰਧਿਤ ਹਨ । ਇਸ ਕਰਕੇ ਇਸ ਨੂੰ ਵਿਸ਼ੇਸ਼ ਵਿਗਿਆਨ ਕਿਹਾ ਜਾਂਦਾ ਹੈ ।
2. ਸਕਾਰਾਤਮਕ ਅਤੇ ਆਦਰਸ਼ਵਾਦੀ (Positive and Idealistic) – ਸਮਾਜ ਸ਼ਾਸਤਰ ਇਕ ਸਕਾਰਾਤਮਕ ਵਿਗਿਆਨ ਹੈ ਕਿਉਂਕਿ ਇਹ ਸੁਤੰਤਰ ਰੂਪ ਨਾਲ ਅਧਿਐਨ ਕਰਦਾ ਹੈ ਅਰਥਾਤ ਇਸ ਦੀ ਦਿਸ਼ਟੀ ਨਿਰਪੱਖਤਾ ਵਾਲੀ ਹੁੰਦੀ ਹੈ । ਪਰ ਰਾਜਨੀਤੀ ਵਿਗਿਆਨ ਇਕ ਆਦਰਸ਼ਵਾਦੀ ਵਿਗਿਆਨ ਹੈ ਕਿਉਂਕਿ ਰਾਜਨੀਤੀ ਵਿਗਿਆਨ ਰਾਜ ਦੇ ਸਰੂਪ ਨਾਲ ਵੀ ਸੰਬੰਧਿਤ ਹੁੰਦਾ ਹੈ ਅਤੇ ਇਸ ਵਿਚ ਸਮਾਜ ਵਲੋਂ ਪ੍ਰਵਾਨਿਤ ਨਿਯਮਾਂ ਨੂੰ ਸਵੀਕਾਰਿਆ ਜਾਂਦਾ ਹੈ ।
3. ਵਿਸ਼ੇ-ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿਸ਼ੇ ਖੇਤਰ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਸਮਾਜ ਸ਼ਾਸਤਰ ਧਾਰਮਿਕ, ਸਮਾਜਿਕ, ਆਰਥਿਕ, ਮਨੋਵਿਗਿਆਨਿਕ, ਇਤਿਹਾਸਿਕ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਦੇ ਸੰਬੰਧਾਂ ਦਾ ਅਧਿਐਨ ਕਰਕੇ ਵਿਅਕਤੀਗਤ ਜੀਵਨ ਬਾਰੇ ਦੱਸਦਾ ਹੈ । ਪਰ ਰਾਜਨੀਤੀ ਵਿਗਿਆਨ ਸਿਰਫ਼ ਰਾਜ ਅਤੇ ਉਸ ਦੇ ਅੰਗਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਿਰਫ਼ ਰਾਜ ਤੇ ਰਾਜ ਸਰਕਾਰ ਨਾਲ ਸੰਬੰਧਿਤ ਹੁੰਦਾ ਹੈ । ਸਮਾਜ ਵਿਗਿਆਨ ਹਰੇਕ ਪ੍ਰਕਾਰ ਦੀ ਸਮਾਜਿਕ ਸੰਸਥਾ ਵਿਚ ਪਾਏ ਗਏ ਸੰਬੰਧਾਂ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਖੇਤਰ ਕਾਫ਼ੀ ਵਿਸ਼ਾਲ ਹੈ ।
4. ਚੇਤਨ ਅਤੇ ਅਚੇਤਨ (Conscious and Unconscious) – ਸਮਾਜ ਸ਼ਾਸਤਰ ਅਚੇਤਨ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਵਿਗਿਆਨ ਦਾ ਸੰਬੰਧ ਮਨੁੱਖ ਦੀਆਂ ਸਿਰਫ਼ ਚੇਤਨ ਕ੍ਰਿਆਵਾਂ ਨਾਲ ਹੁੰਦਾ ਹੈ । ਇਸੇ ਵਜ੍ਹਾ ਕਰਕੇ ਹੀ ਇਹ ਸਿਰਫ਼ ਸੰਗਠਿਤ ਸਮੁਦਾਵਾਂ ਨਾਲ ਹੀ ਸੰਬੰਧ ਰੱਖਦਾ ਹੈ ।
ਪ੍ਰਸ਼ਨ 4.
ਸਮਾਜ ਸ਼ਾਸਤਰ ਅਤੇ ਮਨੋ-ਵਿਗਿਆਨ ਦੇ ਸੰਬੰਧਾਂ ਉੱਪਰ ਚਰਚਾ ਕਰੋ ।
ਜਾਂ
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਕੀ ਸੰਬੰਧ ਹੈ ? ਭੇਦਾਂ ਸਹਿਤ ਸਪੱਸ਼ਟ ਕਰੋ ।
ਉੱਤਰ-
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਦੋਨਾਂ ਦਾ ਆਪਸ ਵਿੱਚ ਗਹਿਰਾ ਸੰਬੰਧ ਹੁੰਦਾ ਹੈ । ਇਹ ਦੋਵੇਂ ਹੀ ਵਿਗਿਆਨ ਮਨੁੱਖ ਦੇ ਵਿਵਹਾਰ ਦਾ ਅਧਿਐਨ ਕਰਦੇ ਹਨ | ਕਰੈਚ ਐੱਡ ਕਰੈਚਫੀਲਡ ਨੇ ਆਪਣੀ ਪੁਸਤਕ “ਸੋਸ਼ਲ ਸਾਇਕੋਲੋਜ਼ੀ ਵਿੱਚ ਦੱਸਿਆ, “ਸਮਾਜਿਕ ਮਨੋਵਿਗਿਆਨ ਸਮਾਜ ਵਿੱਚ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ । ਸੰਖੇਪ ਵਿੱਚ ਅਸੀਂ ਵੇਖਦੇ ਹਾਂ ਕਿ ਸਮਾਜ ਸ਼ਾਸਤਰ ਦਾ ਅਰਥ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨਾ ਹੈ ਅਤੇ ਮਨੋਵਿਗਿਆਨ ਵਿਅਕਤੀ ਦੇ ਮਾਨਸਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ ।
ਸਮਾਜਿਕ ਮਨੋਵਿਗਿਆਨ ਦਾ ਅਰਥ (Meaning of Social Psychology) – ਸਭ ਤੋਂ ਪਹਿਲੀ ਗੱਲ ਤਾਂ ਇਸ ਸੰਬੰਧ ਵਿੱਚ ਇਹ ਕਹੀ ਜਾਂਦੀ ਹੈ ਕਿ ਇਹ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ । ਸਮਾਜ ਦਾ ਜੋ ਪ੍ਰਭਾਵ ਉਸ ਦੇ ਮਾਨਸਿਕ ਹਿੱਸੇ ਤੇ ਪੈਂਦਾ ਹੈ ਉਸ ਦਾ ਅਧਿਐਨ ਕੀਤਾ ਜਾਂਦਾ ਹੈ । ਵਿਅਕਤੀਗਤ ਵਿਵਹਾਰ ਦੇ ਅਧਿਐਨ ਨੂੰ ਸਮਝਣ ਦੇ ਲਈ ਉਹ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਨੂੰ ਨਹੀਂ ਵੇਖਦਾ ਬਲਕਿ ਤੰਤੂ ਗੰਥੀ ਪ੍ਰਣਾਲੀ ਦੇ ਆਧਾਰ ਤੇ ਕਰਦਾ ਹੈ । ਮਾਨਸਿਕ ਕ੍ਰਿਆਵਾਂ ਜਿਨ੍ਹਾਂ ਦਾ ਅਧਿਐਨ ਸਮਾਜਿਕ ਮਨੋਵਿਗਿਆਨ ਕਰਦਾ ਹੈ ਇਹ ਹਨ ਮਨ, ਪ੍ਰਤੀਕਿਰਿਆ, ਸਿੱਖਿਆ, ਪਿਆਰ, ਨਫ਼ਰਤ, ਭਾਵਨਾਵਾਂ ਆਦਿ ਹਨ | ਮਨੋਵਿਗਿਆਨ ਇਨ੍ਹਾਂ ਸਮਾਜਿਕ ਕ੍ਰਿਆਵਾਂ ਦਾ ਵਿਗਿਆਨਕ ਅਧਿਐਨ ਕਰਦਾ ਹੈ ।
ਇਹ ਦੋਨੋਂ ਵਿਗਿਆਨ ਆਪਸ ਵਿਚ ਕਾਫ਼ੀ ਸੰਬੰਧਿਤ ਹਨ । ਮੈਕਾਈਵਰ ਨੇ ਇਨ੍ਹਾਂ ਦੋਨੋਂ ਵਿਗਿਆਨਾਂ ਦੇ ਸੰਬੰਧਾਂ ਬਾਰੇ ਆਪਣੀ ਕਿਤਾਬ ‘ਕਮਿਊਨਿਟੀ’ ਵਿੱਚ ਲਿਖਿਆ ਹੈ, “ਸਮਾਜ ਵਿਗਿਆਨ ਵਿਸ਼ੇਸ਼ ਰੂਪ ਵਿੱਚ ਮਨੋਵਿਗਿਆਨ ਨੂੰ ਸਹਾਇਤਾ ਦਿੰਦਾ ਹੈ, ਜਿਵੇਂ ਮਨੋਵਿਗਿਆਨ ਸਮਾਜ ਵਿਗਿਆਨ ਨੂੰ ਵਿਸ਼ੇਸ਼ ਸਹਾਇਤਾ ਦਿੰਦਾ ਹੈ ।”
ਸ਼ੈਰਿਫ ਐਂਡ ਸ਼ੈਰਿਫ ਦੇ ਅਨੁਸਾਰ, “ਸਮਾਜਿਕ ਮਨੋਵਿਗਿਆਨ ਵਿਅਕਤੀ ਦੇ ਸਮਾਜਿਕ ਆਕਰਸ਼ਨ ਦੀ ਸਥਿਤੀ ਵਿੱਚ ਪਾਏ ਗਏ ਸੰਬੰਧਾਂ ਦਾ ਵਿਗਿਆਨਕ ਅਧਿਐਨ ਕਰਦਾ ਹੈ ।”
ਅਲਪੋਰਟ (Allport) ਦੇ ਅਨੁਸਾਰ, “ਸਮਾਜਿਕ ਮਨੋਵਿਗਿਆਨ ਵਿਅਕਤੀਆਂ ਦੇ ਦੂਜੇ ਵਿਅਕਤੀਆਂ ਨਾਲ ਪਾਏ ਗਏ ਆਕਰਸ਼ਨ ਦੇ ਵਿਵਹਾਰ ਦਾ ਅਧਿਐਨ ਅਤੇ ਉਸ ਵਿਵਹਾਰ ਦਾ ਜਿਸ ਦੁਆਰਾ ਵਿਅਕਤੀ ਕੁਝ ਹਾਲਤਾਂ ਵਿੱਚ ਇਕ-ਦੂਸਰੇ ਪ੍ਰਤੀ ਖਿੱਚੇ ਜਾਂਦੇ ਹਨ ।”
ਇਨ੍ਹਾਂ ਉੱਪਰ ਲਿਖੇ ਵਿਗਿਆਨੀਆਂ ਦੀਆਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਕਟਨ ਦੇ ਵਿਗਿਆਨਕ ਅਧਿਐਨ ਦਾ ਆਧਾਰ ਮਨੋਵਿਗਿਆਨ ਹੈ ਅਤੇ ਇਨ੍ਹਾਂ ਦਾ ਅਸੀਂ ਸਿੱਧੇ ਤੌਰ ਤੇ ਹੀ ਨਿਰੀਖਣ ਕਰ ਸਕਦੇ ਹਾਂ । ਸੋ ਇਸ ਤਰ੍ਹਾਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਹਾਂ ਕਿ ਇਹ ਦੋਨੋਂ ਵਿਗਿਆਨ ਇੱਕ-ਦੂਜੇ ਨਾਲ ਸੰਬੰਧਿਤ ਹਨ ।
ਮਨੋਵਿਗਿਆਨ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of Psychology to Sociology) – ਸਮਾਜ ਸ਼ਾਸਤਰ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ | ਸਮਾਜਿਕ ਸੰਬੰਧਾਂ ਨੂੰ ਸਮਝਣ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਦੂਜੇ ਵਿਅਕਤੀ ਦੇ ਨਾਲ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ ।
ਮਨੋਵਿਗਿਆਨ ਮਨੁੱਖ ਦੀਆਂ ਇਨ੍ਹਾਂ ਮਾਨਸਿਕ ਕ੍ਰਿਆਵਾਂ, ਵਿਚਾਰਾਂ, ਮਨੋਭਾਵਾਂ ਆਦਿ ਦਾ ਸੂਖਮ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਨੂੰ ਵਿਅਕਤੀ ਨੂੰ ਜਾਂ ਸਮਾਜ ਦੇ ਵਿਵਹਾਰਾਂ ਨੂੰ ਸਮਝਣ ਦੇ ਲਈ ਮਨੋਵਿਗਿਆਨ ਦੀ ਮਦਦ ਦੀ ਲੋੜ ਜ਼ਰੂਰੀ ਪੈਂਦੀ ਹੈ । ਅਜਿਹਾ ਕਰਨ ਦੇ ਲਈ ਮਨੋਵਿਗਿਆਨ ਦੀ ਸ਼ਾਖਾ ਸਮਾਜਿਕ ਮਨੋਵਿਗਿਆਨ ਸਹਾਇਕ ਹੁੰਦੀ ਹੈ ਜੋ ਮਨੁੱਖ ਨੂੰ ਸਮਾਜਿਕ ਹਾਲਾਤਾਂ ਵਿੱਚ ਰੱਖ ਕੇ ਉਨ੍ਹਾਂ ਦੇ ਅਨੁਭਵਾਂ, ਵਿਵਹਾਰਾਂ ਅਤੇ ਉਨ੍ਹਾਂ ਦੇ ਵਿਅਕਤਿੱਤਵ ਦਾ ਅਧਿਐਨ ਕਰਦੀ ਹੈ ।
ਸਮਾਜ ਸ਼ਾਸਤਰੀ ਇਹ ਵੀ ਕਹਿੰਦੇ ਹਨ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਕ ਆਧਾਰ ਬਹੁਤ ਮਹੱਤਵਪੂਰਨ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਨੂੰ ਸਮਝਣ ਦੇ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਕੰਮ ਮਨੋਵਿਗਿਆਨ ਦਾ ਹੈ ।
ਸਮਾਜ ਸ਼ਾਸਤਰ ਦਾ ਮਨੋਵਿਗਿਆਨ ਨੂੰ ਯੋਗਦਾਨ (Contribution of Sociology to Psychology) – ਮਨੋਵਿਗਿਆਨ ਨੂੰ ਮਨੁੱਖ ਦੇ ਵਿਵਹਾਰ ਨੂੰ ਸਮਝਣ ਦੇ ਲਈ ਸਮਾਜ ਸ਼ਾਸਤਰ ਉੱਤੇ ਨਿਰਭਰ ਰਹਿਣਾ ਪੈਂਦਾ ਹੈ ਕਿਉਂਕਿ ਮਨੁੱਖ ਦੇ ਵਿਵਹਾਰ ਨੂੰ ਸਮਾਜ ਦੀ ਸੰਸਕ੍ਰਿਤੀ ਪ੍ਰਭਾਵਿਤ ਕਰਦੀ ਹੈ ਅਤੇ ਸੰਸਕ੍ਰਿਤੀ ਦੇ ਬਾਰੇ ਵਿਚ ਜ਼ਰੂਰੀ ਜਾਣਕਾਰੀ ਸਮਾਜ ਸ਼ਾਸਤਰ ਦਿੰਦਾ ਹੈ ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਪਸ਼ੂਆਂ ਦੀ ਥਾਂ ਮਨੁੱਖ ਆਪਣੇ ਮਾਂ-ਬਾਪ ਅਤੇ ਸਮਾਜ ਉੱਤੇ ਜ਼ਿਆਦਾ ਨਿਰਭਰ ਕਰਦਾ ਹੈ । ਸਮਾਜ ਵਿੱਚ ਰਹਿੰਦੇ ਹੋਏ ਉਸ ਵਿੱਚ ਸਮਾਜੀਕਰਨ ਦੀ ਪ੍ਰਕਿਆ ਕਾਰਨ ਕਈ ਗੁਣਾਂ ਦਾ ਵਿਕਾਸ ਹੁੰਦਾ ਹੈ । ਹਰ ਸਮਾਜ . ਵਿੱਚ ਰਹਿਣ ਦੇ ਕੁਝ ਨਿਯਮ ਹੁੰਦੇ ਹਨ । ਇਹ ਨਿਯਮ ਵਿਅਕਤੀ ਸਮਾਜ ਵਿੱਚ ਰਹਿ ਕੇ ਹੀ ਸਿੱਖ ਸਕਦਾ ਹੈ ਅਤੇ ਇਨ੍ਹਾਂ ਨਿਯਮਾਂ ਦਾ ਪੀੜੀ ਦਰ ਪੀੜੀ ਵਿਕਾਸ ਅਤੇ ਪਰਿਵਰਤਨ ਹੁੰਦਾ ਰਹਿੰਦਾ ਹੈ । ਹਰ ਸੰਸਕ੍ਰਿਤੀ ਇੱਕ ਵਿਅਕਤਿੱਤਵ ਬਣਾਉਂਦੀ ਹੈ ਅਤੇ ਇਹ ਵਿਅਕਤਿੱਤਵ ਬਚਪਨ ਦੇ ਸੰਸਕ੍ਰਿਤਕ ਅਨੁਭਵਾਂ ਦਾ ਨਤੀਜਾ ਹੁੰਦਾ ਹੈ । ਮਨੋਵਿਗਿਆਨ ਦੇ ਲਈ ਮਨੁੱਖ ਦੇ ਵਿਵਹਾਰ ਅਤੇ ਮਾਨਸਿਕ ਕਿਰਿਆਵਾਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਦਾ ਸਮਾਜਿਕ ਵਾਤਾਵਰਨ ਵਿੱਚ ਗਿਆਨ ਪ੍ਰਾਪਤ ਕਰੇ ਜਿਸ ਵਿੱਚ ਵਿਅਕਤੀ ਦਾ ਵਿਅਕਤਿੱਤਵ ਬਣਦਾ ਹੈ । ਇਹ ਸਾਰੇ ਵਿਸ਼ੇ ਸਮਾਜ ਸ਼ਾਸਤਰ ਦੇ ਖੇਤਰ ਵਿੱਚ ਆਉਂਦੇ ਹਨ । ਇਸ ਲਈ ਇਸ ਤਰ੍ਹਾਂ ਦੇ ਗਿਆਨ ਦੇ ਲਈ ਮਨੋਵਿਗਿਆਨ ਨੂੰ ਸਮਾਜ ਸ਼ਾਸਤਰ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਅੰਤਰ (Differences between Sociology and Psychology)-
- ਦ੍ਰਿਸ਼ਟੀਕੋਣ ਵਿੱਚ ਅੰਤਰ (Difference in Outlook) – ਮਨੋਵਿਗਿਆਨ ਦੇ ਅਨੁਸਾਰ ਮਨੁੱਖ ਦੇ ਵਿਵਹਾਰ ਦਾ ਆਧਾਰ ਮਨ ਅਤੇ ਚੇਤਨਾ ਹੈ ਜਦਕਿ ਸਮਾਜ ਸ਼ਾਸਤਰ ਦੇ ਅਨੁਸਾਰ ਸਮਾਜਿਕ ਅਧਾਰ ਮਨੁੱਖ ਦਾ ਸਮੂਹ ਵਿਚ ਰਹਿਣ ਦਾ ਸੁਭਾਅ ਹੈ । ਇਸ ਤਰ੍ਹਾਂ ਮਨੋਵਿਗਿਆਨ ਦਾ ਵਿਸ਼ਟੀਕੋਣ ਵਿਅਕਤੀਗਤ ਅਤੇ ਸਮਾਜ ਸ਼ਾਸਤਰ ਦਾ ਦ੍ਰਿਸ਼ਟੀਕੋਣ ਸਮਾਜਿਕ ਹੈ ।
- ਅਧਿਐਨ ਵਿਧੀਆਂ ਵਿੱਚ ਅੰਤਰ (Difference in methods) – ਮਨੋਵਿਗਿਆਨ ਵਿੱਚ ਜ਼ਿਆਦਾਤਰ ਪ੍ਰਯੋਗਾਤਮਕ ਵਿਧੀ (Experimental method) ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦਾ ਕਿ ਸਮਾਜ ਸ਼ਾਸਤਰ ਵਿੱਚ ਕਾਫ਼ੀ ਘੱਟ ਪ੍ਰਯੋਗ ਹੁੰਦਾ ਹੈ । ਸਮਾਜ ਸ਼ਾਸਤਰ ਵਿੱਚ ਇਤਿਹਾਸਿਕ ਵਿਧੀ, ਤੁਲਨਾਤਮਕ ਵਿਧੀ, ਸੰਗਠਨਾਤਮਕ-ਕਾਰਜਾਤਮਕ ਵਿਧੀ ਆਦਿ ਦਾ ਜ਼ਿਆਦਾਤਰ ਪ੍ਰਯੋਗ ਹੁੰਦਾ ਹੈ ।
- ਵਿਸ਼ੇ-ਸਮੱਗਰੀ ਵਿੱਚ ਅੰਤਰ (Difference in Subject Matter) – ਮਨੋਵਿਗਿਆਨ ਇੱਕ ਹੀ ਵਿਅਕਤੀ ਦੀਆਂ ਅਲੱਗ-ਅਲੱਗ ਕਿਰਿਆਵਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕਰਦਾ ਹੈ ਜਦਕਿ ਸਮਾਜ ਸ਼ਾਸਤਰ ਅਨੇਕਾਂ ਵਿਅਕਤੀਆਂ ਵਿੱਚ ਹੋਣ ਵਾਲੇ ਸੰਬੰਧਾਂ ਦਾ ਅਧਿਐਨ ਕਰਦਾ ਹੈ ।
- ਇਕਾਈ ਵਿੱਚ ਅੰਤਰ (Difference in Unit) – ਮਨੋਵਿਗਿਆਨ ਵਿੱਚ ਹਮੇਸ਼ਾ ਇੱਕ ਵਿਅਕਤੀ ਦਾ ਅਧਿਐਨ ਕੀਤਾ ਜਾਂਦਾ ਹੈ ਜਦਕਿ ਸਮਾਜ ਸ਼ਾਸਤਰ ਵਿੱਚ ਘੱਟੋ-ਘੱਟ ਦੋ ਵਿਅਕਤੀਆਂ ਦਾ ਅਧਿਐਨ ਕੀਤਾ ਜਾਂਦਾ ਹੈ ।